ਪੈਸੇ ਬਗ਼ੈਰ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾ ਪਰ ਪੈਸਾ ਦਿਮਾਗ਼ ਨੂੰ ਚੜ੍ਹ ਜਾਵੇ ਤਾਂ ਨਤੀਜੇ ਖ਼ਤਰਨਾਕ ਨਿਕਲਦੇ ਹਨ। ਰਿਸ਼ਤੇ ਪੈਸੇ ਨਾਲੋਂ ਵਧੇਰੇ ਕੀਮਤੀ ਹੁੰਦੇ ਹਨ,ਉਨ੍ਹਾਂ ਨੂੰ ਪੈਸੇ ਖ਼ਾਤਰ ਲੀਰ ਲੀਰ ਕਰਨਾ ਗ਼ਲਤ ਹੈ। ਪੈਸੇ ਦੀ ਘਾਟ ਵਿਚ ਵੀ ਲੋਕ ਖ਼ੁਸ਼ ਵੇਖੇ ਨੇ ਅਤੇ ਬਹੁਤ ਪੈਸੇ ਵਾਲੇ ਬੇਹੱਦ ਦੁੱਖੀ ਵੀ ਵੇਖੇ ਨੇ। ਜੇਕਰ ਪੇਟ ਭਰ ਰੋਟੀ ਮਿਲ ਰਹੀ ਹੈ, ਸਿਰ ’ਤੇ ਛੱਤ ਹੈ ਅਤੇ ਸਰੀਰ ਢਕਣ ਨੂੰ ਕੱਪੜੇ ਹਨ ਤਾਂ ਖ਼ੁਸ਼ ਰਹਿਣ ਵਾਲੇ ਖ਼ੁਸ਼ ਰਹਿ ਸਕਦੇ ਹਨ। ਜੇਕਰ ਪੈਸੇ ਪਿੱਛੇ ਦੌੜ ਦੌੜਕੇ ਸਿਹਤ ਖ਼ਰਾਬ ਹੋ ਗਈ, ਪਰਿਵਾਰ ਵਿਚ ਲੜਾਈ ਝਗੜਾ ਰਹਿਣ ਲੱਗੇ ਤਾਂ ਉਸ ਪੈਸੇ ਦਾ ਕੋਈ ਫ਼ਾਇਦਾ ਨਹੀਂ।

ਇਸ ਵਕਤ ਪਰਿਵਾਰਾਂ ਅਤੇ ਸਮਾਜ ਵਿਚ ਪੈਸੇ ਅਤੇ ਜਾਇਦਾਦ ਨੂੰ ਲੈ ਕੇ ਬਹੁਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਹ ਵੀ ਹਕੀਕਤ ਹੈ ਕਿ ਪੈਸੇ ਨਾਲ ਸਮਾਜ ਵਿਚ ਇੱਜ਼ਤ ਮਿਲਦੀ ਹੈ ਪਰ ਪੈਸੇ ਪਿੱਛੇ ਆਪਣਿਆਂ ਨੂੰ ਤੰਗ ਪਰੇਸ਼ਾਨ ਕਰਨ ਨਾਲ ਜਿਹੜੀ ਬੇਇੱਜ਼ਤੀ ਹੁੰਦੀ ਹੈ, ਉਹ ਵੀ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ। ਮੈਂ ਅੱਜ ਸਿਰਫ਼ ਬਜ਼ੁਰਗ ਮਾਪਿਆਂ ਦੀ ਗੱਲ ਕਰਾਂਗੀ।

ਹਰ ਰੋਜ਼ ਕੋਈ ਖ਼ਬਰ ਪੜ੍ਹਨ ਨੂੰ ਜਾਂ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲ ਜਾਂਦੀ ਹੈ, ਜਿਸ ਵਿਚ ਬਜ਼ੁਰਗ ਮਾਪਿਆਂ ਨੂੰ ਕੁੱਟ ਮਾਰ ਕਰ ਕੇ ਘਰਾਂ ’ਚੋਂ ਕੱਢਿਆ ਹੁੰਦਾ ਹੈ। ਉਨ੍ਹਾਂ ਨੂੰ ਖਾਣ ਨੂੰ ਸਹੀ ਤਰੀਕੇ ਨਾਲ ਨਹੀਂ ਦਿੱਤਾ ਜਾਂਦਾ। ਜੇਕਰ ਉਨ੍ਹਾਂ ਕੋਲ ਕੋਈ ਜਮ੍ਹਾਂ ਪੂੰਜੀ ਹੈ ਤਾਂ ਉਹ ਮੰਗ ਮੰਗਕੇ ਉਨ੍ਹਾਂ ਦਾ ਜਿਊਣਾ ਔਖਾ ਕਰ ਦਿੰਦੇ ਹਨ। ਜਿਹੜੀ ਜਾਇਦਾਦ ਉਨ੍ਹਾਂ ਦੇ ਨਾਮ ’ਤੇ ਹੁੰਦੀ ਹੈ, ਉਹ ਨੂੰਹਾਂ ਪੁੱਤ ਜਲਦੀ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੇ ਹਨ। ਜਿਹੜੇ ਮਾਪਿਆਂ ਨੇ ਪੁੱਤ ਨੂੰ ਬੁਢਾਪੇ ਦੀ ਡੰਗੋਰੀ ਸਮਝਿਆ ਸੀ, ਉਹ ਉਸਨੂੰ ਘਰ ਵਿਚ ਹੀ ਬਰਦਾਸ਼ਤ ਨਹੀਂ ਕਰਦਾ। ਬੜਾ ਦੁੱਖ ਹੁੰਦਾ ਹੈ, ਜਦੋਂ ਮਾਪਿਆਂ ਨੂੰ ਨੂੰਹਾਂ ਪੁੱਤ ਬੇਅਕਲ ਅਤੇ ਮੂਰਖ ਦੱਸਦੇ ਹਨ। ਮਾਪਿਆਂ ਦੀਆਂ ਅਸੀਸਾਂ ਬਗ਼ੈਰ ਬਰਕਤ ਅਤੇ ਤਰੱਕੀ ਬਹੁਤ ਔਖੀ ਹੁੰਦੀ ਹੈ। ਜੇਕਰ ਘਰ ਵਿਚ ਬਜ਼ੁਰਗਾਂ ਦੀਆਂ ਅੱਖਾਂ ਵਿਚ ਅੱਥਰੂ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਹੈ ਤਾਂ ਘਰ ਵਿਚ ਜਿੰਨਾ ਮਰਜ਼ੀ ਪੈਸਾ ਹੋਵੇ, ਸਕੂਨ ਨਹੀਂ ਮਿਲਦਾ। ਪੈਸਾ, ਮਾਪਿਆਂ ਦੀ ਥਾਂ ਨਹੀਂ ਲੈ ਸਕਦਾ।

ਜਿੱਥੇ ਮਾਪੇ ਬੜੇ ਫਖ਼ਰ ਨਾਲ ਕਹਿੰਦੇ ਹਨ ਕਿ ਸਾਡੀਆਂ ਧੀਆਂ ਅਤੇ ਜਵਾਈ ਸਾਡਾ ਬਹੁਤ ਖਿਆਲ ਰੱਖਦੇ ਹਨ, ਕਦੇ ਇਹ ਵੀ ਧਿਆਨ ਮਾਰ ਲੈਣਾ ਕਿ ਧੀ,ਆਪਣੇ ਸੱਸ ਸਹੁਰੇ ਦਾ ਕਿੰਨਾ ਕੁ ਖ਼ਿਆਲ ਰੱਖਦੀ ਹੈ। ਜੇਕਰ ਉਹ ਵਧੇਰੇ ਪੇਕਿਆਂ ਵੱਲ ਧਿਆਨ ਦੇਵੇਗੀ ਤਾਂ ਦੂਸਰੇ ਪਾਸੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਏਗੀ। ਇੱਥੇ ਲੜਕੀ ਨਾਲੋਂ ਉਸਦੇ ਮਾਪਿਆਂ ਦੀ ਵਧੇਰੇ ਗ਼ਲਤੀ ਹੈ। ਲੜਕੇ ਦੀ ਆਪਣੇ ਮਾਪਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਹੀ

ਨਹੀਂ ਦਿੱਤੀ ਜਾਂਦੀ। ਲੜਕਾ ਆਪਣੇ ਮਾਪਿਆਂ ਤੋਂ ਹੌਲੀ ਹੌਲੀ ਦੂਰੀ ਹੋਣ ਲੱਗਦਾ ਹੈ। ਮਾਪਿਆਂ ਨੂੰ ਵੀ ਬੁਢਾਪੇ ਦੀ ਫ਼ਿਕਰ ਹੋਣ ਲੱਗਦੀ ਹੈ। ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਜੇਕਰ ਪੱਲੇ ਕੁੱਝ ਨਾ ਹੋਇਆ ਤਾਂ ਬੁਢਾਪਾ ਔਖਾ ਹੋ ਜਾਏਗਾ। ਮਾਪੇ ਦਰਿਆ ਕੰਢੇ ਰੁੱਖ ਵਾਂਗ ਹੈ,ਕਦੋਂ ਵਹਿ ਜਾਵੇ,ਪਤਾ ਹੀ ਨਹੀਂ।

ਪਿਛਲੇ ਦਿਨੀਂ ਇਕ ਬਜ਼ੁਰਗ ਮਾਂ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੇਖੀ। ਉਸ ਨੂੰ ਉਸ ਦੀ ਨੂੰਹ ਅਤੇ ਪੁੱਤ ਨੇ ਕੁੱਟਿਆ। ਦੋ ਸਾਲਾਂ ਤੋਂ ਉਹ ਦਫ਼ਤਰਾਂ ਦੇ ਚੱਕਰ ਲਗਾ ਰਹੀ ਸੀ ਪਰ ਕਿੱਧਰੇ ਵੀ ਸੁਣਵਾਈ ਨਹੀਂ ਹੋਈ। ਹੁਣ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਕੇਸ ਦਰਜ ਕਰਵਾਇਆ ਹੈ। ਬਹੁਤ ਲੋਕ ਕਹਿੰਦੇ ਹਨ ਕਿ ਦੂਸਰੀ ਧਿਰ ਦੀ ਵੀ

ਸੁਣੋ। ਬਿਲਕੁੱਲ, ਉਨ੍ਹਾਂ ਨੂੰ ਵੀ ਗੱਲ ਕਹਿਣ ਦਾ ਹੱਕ ਹੈ। ਪਰ ਮਾਂ ਦੀ ਦੇਖਭਾਲ ਨਾ ਕਰਨ ਜਾਂ ਕੁੱਟਮਾਰ ਕਰਨਾ ਤਾਂ ਗ਼ਲਤ ਹੈ। ਮਾਪਿਆਂ ਤਾਂ ਬੱਚਿਆਂ ਨੂੰ ਪਾਲਣ ਪੋਸ਼ਣ ਵੇਲੇ ਇਵੇਂ ਖਾਣਾ ਦੇਣ ਤੋਂ ਮਨ੍ਹਾਂ ਨਹੀਂ ਕਰਦੇ।

ਮਾਪਿਆਂ ਨੇ ਜਾਇਦਾਦ ਬਣਾਈ ਹੀ ਬੱਚਿਆਂ ਲਈ ਹੁੰਦੀ ਹੈ। ਪਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਇਹ ਜਾਇਦਾਦ ਜਾਂ ਪੈਸਾ ਵੀ ਹੁੰਦਾ ਹੈ। ਅਸਲ ਵਿਚ ਜੇਕਰ ਮਾਪੇ ਬੱਚਿਆਂ ਨੂੰ ਸਾਰਾ ਕੁੱਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ਅਤੇ ਜੇਕਰ ਨਹੀਂ ਦਿੰਦੇ ਤਾਂ ਵੀ ਮੁਸ਼ਕਿਲ ਹੋ ਜਾਂਦਾ ਹੈ। ਨੂੰਹਾਂ ਪੁੱਤਾਂ ਨੂੰ ਸਬਰ ਕਰਨਾ ਚਾਹੀਦਾ ਹੈ। ਅਸਲ ਵਿਚ ਨੂੰਹਾਂ ਪੁੱਤਾਂ ਦੀ ਸੋਚ ‘ਮੁਰਗੀ’ ਖਾਣ ਵਾਲੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨੀ ਨਹੀਂ,ਪਰ ਉਨ੍ਹਾਂ ਦਾ ਪੈਸਾ ਅਤੇ ਜਾਇਦਾਦ ਚਾਹੀਦੀ ਹੈ। ਪੈਸਾ ਬਹੁਤ ਕੁੱਝ ਹੈ, ਪਰ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾ।

ਮਾਪਿਆਂ ਨੇ ਬਚਪਨ ਵਿਚ ਬਥੇਰੀਆਂ ਰਾਤਾਂ ਜਾਗਕੇ ਕੱਟੀਆਂ ਹੋਣਗੀਆਂ,ਪਰ ਉਨ੍ਹਾਂ ਨੇ ਤਾਂ ਕਦੇ ਬੱਚਿਆਂ ਨੂੰ ਇਵੇਂ ਸੜਕਾਂ ’ਤੇ ਧੱਕੇ ਖਾਣ ਲਈ ਘਰ ’ਚੋਂ ਬਾਹਰ ਨਹੀਂ ਕੱਢਿਆ। ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਐਕਟ ਬਣਿਆ ਹੋਇਆ ਹੈ। ਉਸ ਵਿਚ ਐੱਸ. ਡੀ. ਐੱਮ. ਕੋਲ ਮਾਪੇ ਆਪਣੀ ਸ਼ਕਾਇਤ ਕਰਨਗੇ ਅਤੇ ਉਸਤੇ ਸਮਾਂ ਸੀਮਾਂ ਵੀ ਤਹਿ ਹੈ। ਪਰ ਰਿਸ਼ਵਤ ਦੇ ਬੋਲ ਬਾਲੇ ਕਰਕੇ,ਬਜ਼ੁਰਗਾਂ ਦੀ ਬਹੁਤੀ ਵਾਰ ਸੁਣਵਾਈ ਨਹੀਂ ਹੋ ਰਹੀ। ਇੱਥੇ ਦਫ਼ਤਰਾਂ ਵਿਚ ਬੈਠਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਸਾਰਾ ਕੁੱਝ ਸਮਾਜ ਵਿੱਚ ਚੱਲਦਾ ਰਿਹਾ ਤਾਂ ਤੁਹਾਡੇ ਘਰਾਂ ਵਿਚ ਅਤੇ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ।

ਪੈਸੇ ਰਿਸ਼ਵਤ ਦੇ ਲੈ ਕੇ ਕੁਝ ਵਕਤ ਲਈ ਤਾਂ ਵਧੀਆ ਲੱਗੇਗਾ, ਪਰ ਇਸਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਨੈਤਿਕ ਕਦਰਾਂ ਕੀਮਤਾਂ ਦਾ ਗਲਾ ਘੁੱਟ ਕੇ, ਇਕੱਠੇ ਕੀਤੇ ਪੈਸੇ ਬਹੁਤ ਕੁੱਝ ਬਰਬਾਦ ਕਰ ਦਿੰਦੇ ਹਨ। ਪੈਸਾ ਬਹੁਤ ਕੁੱਝ ਹੈ, ਇਸ ਬਗ਼ੈਰ ਕਿਸੇ ਦਾ ਗੁਜ਼ਾਰਾ ਨਹੀਂ, ਪਰ ਦੂਸਰੇ ਨੂੰ ਤੰਗੀ ਦੇਕੇ ਕਮਾਇਆ ਪੈਸਾ, ਕਦੇ ਖ਼ੁਸ਼ੀਆਂ ਨਹੀਂ ਦੇ ਸਕਦਾ।

ਮਾਪਿਆਂ ਕੋਲੋਂ ਜ਼ਬਰਦਸਤੀ ਪੈਸੇ ਅਤੇ ਜਾਇਦਾਦ ਲੈ ਕੇ, ਉਨ੍ਹਾਂ ਦੀ ਕੁੱਟਮਾਰ ਕਰਕੇ ਘਰੋਂ ਕੱਢਕੇ,ਰਾਤ ਨੂੰ ਉਸ ਘਰ ਵਿਚ ਨੀਂਦ ਕਿਵੇਂ ਆਉਂਦੀ ਹੈ,ਇਹ ਬਹੁਤ ਵੱਡਾ ਸਵਾਲ ਹੈ। ਮਾਪੇ ਬਹੁਤੀ ਵਾਰ ਔਲਾਦ ਦੀ ਜ਼ਿਆਦਤੀ ਬਰਦਾਸ਼ਤ ਕਰਦੇ ਰਹਿੰਦੇ ਹਨ। ਇਸਨੂੰ ਨੂੰਹਾਂ ਪੁੱਤ ਉਨ੍ਹਾਂ ਦੀ ਕਮਜ਼ੋਰੀ ਸਮਝਦੇ ਹਨ। ਮਾਪਿਆਂ ਵਰਗਾ ਕੋਈ ਨਹੀਂ ਹੋ ਸਕਦਾ,ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਜਿਹੜੇ ਇਹ ਕਹਿੰਦੇ ਹਨ ਕਿ ਮਾਪੇ ਵੀ ਗ਼ਲਤ ਹੋ ਸਕਦੇ ਹਨ, ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਔਲਾਦ ਨੇ ਬਚਪਨ ਤੋਂ ਲੈਕੇ ਹੁਣ ਤਕ ਬਹੁਤ ਕੁੱਝ ਕੀਤਾ ਹੋਏਗਾ, ਪਰ ਮਾਪਿਆਂ ਨੇ ਤਾਂ ਧੱਕੇ ਮਾਰਕੇ ਘਰੋਂ ਨਹੀਂ ਕੱਢਿਆ। ਪੈਸੇ ਪਿੱਛੇ ਮਾਪਿਆਂ ਨੂੰ ਧੱਕੇ ਨਾ ਮਾਰੋ ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi