ਮਨੁੱਖੀ ਜ਼ਿੰਦਗੀ 'ਚ ਨੈਤਿਕ ਕਦਰਾਂ-ਕੀਮਤਾਂ ਦਾ ਬਹੁਤ ਮਹੱਤਵਪੂਰਣ ਰੋਲ ਹੈ।ਅਜਿਹੀਆਂ ਕਦਰਾਂ-ਕੀਮਤਾਂ ਦੇ ਗੁਣਾਂ ਵਾਲੇ ਇਨਸਾਨ ਦੀ ਜ਼ਿੰਦਗੀ ਚੰਗੇ ਸੁਭਾਅ, ਖੁਸ਼-ਦਿਲ ਤੇ ਵਧੀਆ ਤਰੀਕੇ ਵਾਲੀ ਹੁੰਦੀ ਹੈ। ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਨਾਲ ਮਨੁੱਖ ਆਪਣੇ ਜੀਵਨ ਦੇ ਹਰੇਕ ਪੜਾਅ 'ਤੇ ਵਿਕਾਸ ਕਰਦਾ ਜਾਂਦਾ ਹੈ ਤੇ ਦੂਜਿਆਂ ਲਈ ਪ੍ਰੇਰਨਾ ਸ੍ਰੋਤ ਬਣ ਜਾਂਦਾ ਹੈ।

ਵੈਸੇ ਤਾਂ ਨੈਤਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਦੀ ਕੋਈ ਸੀਮਤ ਉਮਰ ਨਹੀਂ ਹੁੰਦੀ ਪਰ ਫਿਰ ਵੀ ਇਸ ਨੂੰ ਬਚਪਨ ਵਿਚ ਹੀ ਗ੍ਰਹਿਣ ਕਰਨਾ ਸਿਖਾ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਮਨੁੱਖ ਇਸ ਦੀ ਪਾਲਣਾ ਵਧੀਆ ਢੰਗ ਨਾਲ ਕਰ ਸਕੇ। ਇਸ ਨੂੰ ਗ੍ਰਹਿਣ ਕਰਵਾਉਣ ਦੀ ਜ਼ਿੰਮੇਵਾਰੀ ਸਮਾਜ ਵਿਚ ਉਚੇਚੇ ਤੌਰ 'ਤੇ ਬੱਚਿਆਂ ਦੇ ਮਾਤਾ-ਪਿਤਾ, ਵਡੇਰਿਆਂ ਤੇ ਅਧਿਆਪਕਾਂ ਆਦਿ ਦੀ ਬਣਦੀ ਹੈ। ਇਸ ਦੀ ਪਾਲਣਾ ਕਰਨੀ ਜਾਂ ਕਰਵਾਉਣਾ ਕੋਈ ਕਾਨੂੰਨੀ ਨਿਯਮ ਨਹੀਂ ਸਗੋਂ ਇਸ ਨੂੰ ਇਕ ਫ਼ਰਜ਼ ਸਮਝਿਆ ਜਾਣਾ ਚਾਹੀਦਾ ਹੈ।

ਮਾਤਾ-ਪਿਤਾ ਰਹਿੰਦੇ ਨੇ ਅਵੇਸਲੇ

ਨੈਤਿਕਤਾ ਦੇ ਘੇਰੇ 'ਚ ਸੱਚ ਬੋਲਣਾ, ਕਿਸੇ ਦਾ ਬੁਰਾ ਨਾ ਕਰਨਾ, ਖੁਸ਼ ਦਿਲ ਹੋ ਕੇ ਸਭ ਨਾਲ ਮਿਲਣਾ, ਹੰਕਾਰ ਨਾ ਕਰਨਾ, ਸੇਵਾ ਦੀ ਭਾਵਨਾ ਰੱਖਣਾ, ਇਮਾਨਦਾਰੀ ਨੂੰ ਅਪਣਾਉਣਾ, ਦੂਜਿਆਂ ਪ੍ਰਤੀ ਵਿਵਹਾਰ ਤੇ ਉਨ੍ਹਾਂ ਨਾਲ ਵਿਚਰਣ ਦੇ ਢੰਗ, ਮਾੜੇ ਸਮੇਂ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਣਾ, ਦੂਜਿਆ ਦਾ ਸਤਿਕਾਰ ਕਰਨਾ, ਆਗਿਆਕਾਰੀ ਹੋਣਾ, ਨਿਮਰਤਾ ਰੱਖਣਾ, ਦੇਸ਼ ਭਗਤੀ, ਅਨੁਸ਼ਾਸਨ ਭਰਪੂਰ ਹੋਣਾ, ਦੂਜਿਆਂ ਦਾ ਧੰਨਵਾਦੀ ਹੋਣ ਦੀ ਭਾਵਨਾ ਆਦਿ ਆਉਂਦੇ ਹਨ। ਸੋ ਅਜਿਹੇ ਗੁਣਾਂ ਨਾਲ ਭਰਪੂਰ ਗੁਣਾਂ ਵਾਲੇ ਇਨਸਾਨ ਦੀ ਸ਼ਖ਼ਸੀਅਤ ਤੋਂ ਅਸੀਂ ਸਾਰੇ ਪ੍ਰਭਾਵਿਤ ਹੁੰਦੇ ਹਾਂ। ਅਜੋਕੇ ਸਮੇਂ ਦਾ ਦੁਖਾਂਤ ਇਹ ਹੈ ਕਿ ਨੌਜਵਾਨ ਪੀੜ੍ਹੀ ਅਜਿਹੇ ਗੁਣਾਂ ਤੋਂ ਕਈ ਕੋਹਾਂ ਦੂਰ ਹੈ। ਇਸ ਵਿਚ ਅਸੀਂ ਬੱਚਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਜਦਕਿ ਇਸ 'ਚ ਕਮੀ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਾਲਿਆਂ, ਸਿੱਖਿਆ ਪ੍ਰਦਾਨ ਕਰਨ ਵਾਲਿਆਂ, ਸਾਡੇ ਵਡੇਰਿਆਂ ਤੇ ਸਮਾਜ ਦੀ ਹੈ। ਬੱਚਾ ਮਿੱਟੀ ਦੁਆਰਾ ਤਿਆਰ ਕੀਤਾ ਗਿਆ ਬਰਤਨ ਵਾਂਗ ਹੁੰਦਾ ਹੈ, ਜਿਸ ਨੂੰ ਮਾਪੇ ਤੇ ਅਧਿਆਪਕ ਜੀਵਨ-ਜਾਚ ਦੇ ਗੁਣ ਸਿਖਾ ਕੇ ਭਾਵ ਆਵੇ ਵਿਚ ਬਰਤਨ ਦੇ ਪਕਾਉਣ ਵਾਂਗ ਵਧੀਆ ਇਨਸਾਨ ਬਣਾ ਸਕਦੇ ਹਨ। ਜੋ ਅੱਜਕੱਲ੍ਹ ਬੱਚਿਆਂ ਦੇ ਸੁਭਾਅ ਵਿਚ ਆਮ ਵੇਖਿਆ ਜਾਂਦਾ ਹੈ, ਉਸ 'ਚ ਸਭ ਤੋਂ ਪਹਿਲੀ ਕਮੀ ਉਨ੍ਹਾਂ ਦੇ ਮਾਤਾ-ਪਿਤਾ (ਪਰਿਵਾਰ) ਵੱਲੋਂ ਹੁੰਦੀ ਹੈ।

ਮਾਫ਼ ਕਰਨ ਦੀ ਭਾਵਨਾ ਪੈਦਾ ਕਰਨ ਮਾਪੇ

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦਾ ਪਾਲਣ-ਪੋਸ਼ਣ ਇਸ ਤਰ੍ਹਾਂ ਕਰਨ ਕਿ ਉਨ੍ਹਾਂ 'ਚ ਇਕ-ਦੂਜੇ ਨੂੰ ਮਾਫ਼ ਕਰਨ ਦੀ ਭਾਵਨਾ ਹੋਵੇ। ਇਕੱਲਤਾ 'ਚ ਰਹਿਣ ਕਾਰਨ ਇਸ ਤਰ੍ਹਾਂ ਦੇ ਸੁਭਾਅ ਦੀ ਬੱਚਿਆਂ 'ਚ ਕਮੀ ਪਾਈ ਜਾਂਦੀ ਹੈ। ਉਹ ਵੱਡੇ ਹੋ ਕੇ ਕਿਸੇ ਨਾਲ ਆਪਣੀ ਚੀਜ਼ ਸਾਂਝੀ ਕਰਨਾ ਵੀ ਪਸੰਦ ਨਹੀਂ ਕਰਦੇ। ਛੋਟੀ ਜਹੀ ਗ਼ਲਤੀ ਜਾਂ ਗ਼ਲਤਫਹਿਮੀ 'ਚ ਉਹ ਗੂੜ੍ਹੇ ਰਿਸ਼ਤੇ ਦਾ ਲਿਹਾਜ਼ ਨਹੀਂ ਕਰਦੇ ਸਗੋਂ ਝੱਟ ਇਸ ਨੂੰ ਤੋੜਨ 'ਤੇ ਉਤਰ ਆਉਂਦੇ ਹਨ ਜਦਕਿ ਮਾਫ਼ ਕਰਨ ਨਾਲ ਰਿਸ਼ਤੇ ਤੇ ਆਪਸੀ ਸਾਝਾਂ ਬਣੀਆਂ ਰਹਿੰਦੀਆ ਹਨ ਤੇ ਮਨੁੱਖ ਮਿਲਾਪੜੇ ਸੁਭਾਅ ਦਾ ਬਣਿਆ ਰਹਿੰਦਾ ਹੈ। ਜੇ ਮਨੁੱਖ ਮਾਫ਼ ਕਰਨ ਤੇ ਬਰਦਾਸ਼ਤ ਕਰਨ ਦੇ ਗੁਣਾਂ ਨੂੰ ਨਹੀਂ ਸਮਝਦਾ ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ 'ਤੇ ਨਫ਼ਰਤ ਨੂੰ ਅਖਤਿਆਰ ਕਰ ਜਾਂਦਾ ਹੈ ਤੇ ਇੱਕਲੀ ਚਿੜ-ਚਿੜ ਵਾਲੀ ਜ਼ਿੰਦਗੀ ਜਿਊਣ ਨਾਲ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।

ਕਦਰਾਂ-ਕੀਮਤਾਂ ਤੋਂ ਸੱਖਣੇ ਰਹਿ ਜਾਂਦੇ ਨੇ ਬੱਚੇ

ਆਧੁਨਿਕ ਵਿਕਾਸਸ਼ੀਲ ਸਮਾਜ 'ਚ ਮਹਿੰਗਾਈ ਦੇ ਦੌਰ 'ਚ ਪੈਸਿਆਂ ਨਾਲ ਮਾਪੇ ਆਪਣੇ ਬੱਚਿਆਂ ਦੀ ਹਰ ਗਰਜ਼ ਨੂੰ ਪੂਰਾ ਕਰਨ ਦੀ ਚਾਹ 'ਚ ਕਈ ਕੁਤਾਹੀਆਂ ਕਰ ਜਾਂਦੇ ਹਨ, ਜਿਸ ਕਾਰਨ ਬੱਚਿਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਤੇ ਗੁਣਾਂ 'ਚ ਗਿਰਾਵਟ ਬਚਪਨ ਤੋਂ ਹੀ ਆ ਜਾਂਦੀ ਹੈ। ਬੱਚਿਆਂ 'ਚ ਮਿਲਵਰਤਣ, ਮਾਫ਼ ਕਰਨਾ, ਸਹਿਣਸ਼ੀਲਤਾ, ਇੱਜ਼ਤ ਕਰਨਾ, ਨਿਮਰਤਾ, ਆਗਿਆਕਾਰੀ ਹੋਣ ਤੇ ਦੂਜਿਆਂ ਦੀ ਸਹਾਇਤਾ ਕਰਨਾ ਵਰਗੇ ਗੁਣ ਨਹੀਂ ਵੇਖੇ ਜਾ ਸਕਦੇ ਕਿਉਂਕਿ ਉਹ ਸਾਰਾ ਦਿਨ ਇਕ ਕਰੰਚ ਜਾਂ ਇਕ ਨੌਕਰ ਕੋਲ ਪਲਦੇ ਹਨ ਜਾਂ ਫਿਰ ਕੰਪਿਊਟਰ, ਫੋਨ ਤੇ ਹੋਰ ਨਵੀਆਂ ਤਕਨੀਕਾਂ ਦੀਆਂ ਖੇਡਾਂ ਘਰ ਬੈਠ ਕੇ ਇੱਕਲੇ ਖੇਡਦੇ ਹਨ ਤਾਂ ਉਹ ਬੱਚੇ ਕਈ ਨੈਤਿਕ ਗੁਣਾਂ ਤੋਂ ਅਨਜਾਣ ਰਹਿ ਜਾਂਦੇ ਹਨ।

ਬੱਚੇ ਉਡਾਉਂਦੇ ਨੇ ਅਨੁਸ਼ਾਸਨ ਦੀਆਂ ਧੱਜੀਆਂ

ਬੱਚਾ ਨੈਤਿਕ ਕਦਰਾਂ-ਕੀਮਤਾਂ ਹੌਲੀ-ਹੌਲੀ ਆਪਣੇ ਆਲੇ-ਦੁਆਲੇ ਮਾਹੌਲ ਤੋਂ ਸਿੱਖਦਾ ਹੈ ਨਾ ਕਿ ਇੱਕੋ ਸਮੇਂ ਜਦੋਂ ਅਸੀਂ ਚਾਹੀਏ , ਬੱਚਾ ਇਕਦਮ ਉਨ੍ਹਾਂ ਸਭ ਗੱਲਾਂ ਨੂੰ ਅਪਣਾ ਲਵੇਗਾ। ਨੈਤਿਕਤਾ ਤੋਂ ਪਰ੍ਹੇ ਕਰਨ 'ਚ ਮਾਪੇ ਬੱਚਿਆਂ ਦੇ ਸਕੂਲ ਤੇ ਕਾਲਜ ਪੱਧਰ 'ਤੇ ਵੀ ਆਮ ਗ਼ਲਤੀ ਕਰ ਜਾਂਦੇ ਹਨ। ਹੁਣ ਗ਼ਲਤੀ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਹਰ ਤਕਲੀਫ਼ ਤੋਂ ਬਚਾਉਣ ਲਈ ਉਨ੍ਹਾਂ ਨੂੰ ਹਰ ਸਹੂਲਤ ਦੇਣਾ ਚਾਹੁੰਦੇ ਹਨ। ਜੋ ਆਮ ਜਿਹੀਆਂ ਗੱਲਾਂ ਹਨ, ਬੱਚਿਆਂ ਨੂੰ ਛੋਟੇ-ਛੋਟੇ ਸੰਘਰਸ਼ ਕਰ ਕੇ ਸਿੱਖਣੀਆਂ ਚਾਹੀਦੀਆਂ ਹਨ, ਉਹ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਤੋਂ ਬਚਾਉਣ ਲਈ ਸਕੂਲਾਂ ਕਾਲਜਾਂ 'ਚ ਆਪਣੀ ਸ਼ਖ਼ਸੀਅਤ ਤੇ ਅਹੁਦੇ ਦੀ ਸਿਫਾਰਸ਼ ਪਾਉਂਦੇ ਹਨ, ਜਿਸ ਕਾਰਨ ਬੱਚਾ ਹੰਕਾਰੀ ਜਿਹੇ ਸੁਭਾਅ ਦਾ ਹੋ ਜਾਂਦਾ ਹੈ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਮਾਪਿਆ ਦੀ ਸਿਫਾਰਸ਼ ਹੈ ਤੇ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ। ਇੱਥੋਂ ਤਕ ਕਿ ਉਹ ਇਸ ਗੱਲ ਤੋਂ ਜਾਣੂ ਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹੇਗਾ ਕਿਉਂਕਿ ਸਿਫਾਰਸ਼ ਤਾਂ ਹੈ ਹੀ। ਫਿਰ ਉਹ ਅਨੁਸ਼ਾਸਨ 'ਚ ਨਹੀਂ ਰਹਿੰਦੇ ਤੇ ਨਾਲ ਹੀ ਆਪਣੇ ਨਾਲ ਵਾਲਿਆਂ ਨਾਲ ਇਕ ਗਰੁੱਪ 'ਚ ਰਹਿ ਕੇ ਅਨੁਸ਼ਾਸਨ ਨੂੰ ਤੋੜਨ ਦਾ ਕੰਮ ਕਰਦੇ ਹਨ। ਜ਼ਿਆਦਾਤਰ ਅਜਿਹੇ ਬੱਚੇ ਹੀ ਸਕੂਲਾਂ, ਕਾਲਜਾਂ 'ਚ ਅਨੁਸ਼ਾਸਨ ਨੂੰ ਤੋੜਦੇ ਤੇ ਉਸ ਦੀਆਂ ਧੱਜੀਆਂ ਉਡਾਉਂਦੇ ਹਨ।

ਭਾਈਚਾਰਕ ਸਾਂਝ ਦੀ ਆਈ ਕਮੀ

ਅਜੋਕੇ ਸਮੇਂ 'ਚ ਮਨੁੱਖ ਨੇ ਆਪਣੇ ਪੈਸੇ ਦੀ ਹੋਂਦ ਤੇ ਵੱਡੀ ਸ਼੍ਰੇਣੀ, ਮੱਧ ਸ਼੍ਰੇਣੀ ਤੇ ਹੇਠਲੀ ਸ਼੍ਰੇਣੀ ਦਾ ਜ਼ਿਆਦਾ ਰੌਲਾ ਪਾ ਦਿੱਤਾ ਹੈ। ਇਸ ਨੂੰ ਲੋਕ ਆਪਣਾ ਸਟੇਟਸ ਸਮਝਦੇ ਹਨ ਪਰ ਇਹ ਸਾਡੀ ਨੈਤਿਕਤਾ ਦੀ ਗਿਰਾਵਟ ਵੱਲ ਵੱਧ ਰਿਹਾ ਕਦਮ ਹੈ। ਕਈ ਵਾਰ ਅਸੀਂ ਦੂਜਿਆਂ ਦੀ ਮਦਦ ਇਸ ਲਈ ਵੀ ਨਹੀਂ ਕਰਦੇ ਭਾਵ ਭਾਈਚਾਰਾ ਨਹੀਂ ਰਲਾਉਂਦੇ ਕਿ ਉਸ ਦਾ ਤਾਂ ਸਾਡੇ ਤੋਂ ਸਟੇਟਸ ਬੜਾ ਛੋਟਾ ਹੈ, ਲੋਕ ਕੀ ਕਹਿਣਗੇ? ਇਹ ਅਜੋਕੇ ਸਮੇਂ ਦੀ ਬੜੀ ਮੰਦਭਾਗੀ ਘਟਨਾ ਹੈ। ਇਸ ਨਾਲ ਸਾਡੇ ਪੁਰਾਣੇ ਵਡੇਰਿਆਂ ਨਾਲ ਰਲ-ਮਿਲ ਕੇ ਰਹਿਣ ਵਾਲੇ ਭਾਈਚਾਰੇ ਵਿਚ ਬਹੁਤ ਕਮੀ ਆਈ ਹੈ।

ਅਜੋਕੀ ਪੜ੍ਹੀ-ਲਿਖੀ ਨੌਕਰੀਸ਼ੁਦਾ ਪੀੜ੍ਹੀ ਬੁੱਢੇ ਮਾਪਿਆਂ ਨੂੰ ਨਾਲ ਰੱਖ ਕੇ ਖ਼ੁਸ਼ ਨਹੀਂ । ਇਸ ਦਾ ਪ੍ਰਭਾਵ ਘਰ 'ਚ ਰਹਿੰਦੇ ਬੱਚਿਆਂ 'ਤੇ ਵੀ ਪੈਂਦਾ ਹੈ। ਸਤਿਕਾਰ ਭਾਵਨਾ, ਸਹਿਣਸ਼ੀਲਤਾ, ਨਿਮਰਤਾ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ 'ਚ ਰਹਿ ਕੇ ਮਿਲਣੀ ਚਾਹੀਦੀ ਹੈ, ਉਹ ਉਨ੍ਹਾਂ ਨੂੰ ਨਹੀਂ ਪ੍ਰਾਪਤ ਹੋ ਰਹੀ ਕਿਉਂਕਿ ਅਸਲ ਵਿਚ ਘਰ 'ਚ ਉਨ੍ਹਾਂ ਨੇ ਇਹ ਚੀਜ਼ਾਂ ਦੇਖੀਆਂ ਸਮਝੀਆਂ ਨਹੀਂ ਹਨ, ਜਿਸ ਕਾਰਨ ਉਹ ਵੀ ਸਭ ਨਾਲ ਪਰਾਇਆ ਤੇ ਬੇਰੁਖਾ ਸੁਭਾਅ ਅਖਤਿਆਰ ਕਰ ਲੈਂਦੇ ਹਨ। ਇਸੇ ਲਈ ਉਹ ਰਿਸ਼ਤੇਦਾਰਾਂ ਅੱਗੇ ਵੀ ਬਦਤਮੀਜ਼ੀ ਕਰ ਜਾਂਦੇ ਹਨ। ਫਿਰ ਮਾਪੇ ਆਮ ਹੀ ਰਿਸ਼ਤੇਦਾਰਾਂ ਅੱਗੇ ਕਹਿ ਦਿੰਦੇ ਹਨ ਕਿ ਪਤਾ ਨਹੀਂ, ਇਹ ਸਾਡਾ ਬੱਚਾ ਸੁਭਾਅ ਤੋਂ ਹੈ ਹੀ ਇਸੇ ਤਰ੍ਹਾਂ ਦਾ। ਅਸਲ 'ਚ ਸੋਚਿਆ ਜਾਵੇ ਤਾਂ ਇਸ ਪਿੱਛੇ ਕਾਰਨ ਕੀ ਹਨ ਕਿ ਬੱਚੇ ਦਾ ਸੁਭਾਅ ਹੀ ਅਜਿਹਾ ਬਣ ਗਿਆ। ਸੱਚੀ ਪਰ ਕੌੜੀ ਗੱਲ ਇਹ ਹੈ ਕਿ ਇਸ ਪਿੱਛੇ ਵੀ ਬੱਚਿਆਂ ਦੇ ਮਾਪਿਆਂ ਦਾ ਹੀ ਹੱਥ ਹੈ। ਇਸ ਲਈ ਏਨਾ ਵੀ ਬਿਜ਼ੀ ਨਾ ਹੋ ਜਾਵੋ ਕਿ ਆਪਣੇ ਬੱਚਿਆਂ 'ਤੇ ਧਿਆਨ ਹੀ ਨਾ ਜਾਵੇ।

ਭਾਵਨਾਵਾਂ ਨਹੀਂ ਸਮਝਦੇ ਮਾਪੇ

ਅੱਜ-ਕੱਲ ਦੇ ਪੜ੍ਹੇ-ਲਿਖੇ ਇਕਹਿਰੇ ਪਰਿਵਾਰ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਹਰ ਵਸਤੂ ਦੀ ਪ੍ਰਾਪਤੀ ਲਈ ਉਨ੍ਹਾਂ ਕੋਲੋਂ ਆਪਣੇ-ਆਪ ਨੂੰ ਅਣਜਾਣੇ 'ਚ ਦੂਰ ਲੈ ਜਾਂਦੇ ਹਨ। ਉਹ ਪੈਸੇ ਨਾਲ ਬੱਚਿਆਂ ਦੀਆਂ ਲੋੜਾਂ ਦੀ ਪੂਰਤੀ ਦੀ ਦੌੜ 'ਚ ਬੱਚਿਆਂ ਨੂੰ ਸਾਰਾ ਦਿਨ ਕਰੰਚ, ਪਲੇਅ ਸਕੂਲਾਂ 'ਚ ਪਾ ਦਿੰਦੇ ਹਨ ਤੇ ਰਾਤ ਨੂੰ ਥੱਕੇ-ਹਾਰੇ ਆਉਂਦੇ ਹਨ । ਇਸ ਤਰ੍ਹਾਂ ਆਪਣੇ ਬੱਚਿਆਂ ਦੀਆਂ ਮਾਨਸਿਕ ਭਾਵਨਾ ਨੂੰ ਮਾਪੇ ਨਹੀਂ ਸਮਝ ਪਾਉਂਦੇ ਤੇ ਉਨ੍ਹਾਂ ਨੂੰ ਸਮਾਂ ਨਹੀਂ ਦੇ ਪਾਉਂਦੇ , ਜੋ ਕਿ ਬੱਚੇ ਆਪਣੇ ਮਾਤਾ-ਪਿਤਾ ਤੋਂ ਪਾਉਣ ਦੇ ਹੱਕਦਾਰ ਤੇ ਚਾਹਵਾਨ ਹੁੰਦੇ ਹਨ। ਸਭ ਤੋਂ ਪਹਿਲਾਂ ਤੇ ਇਸ ਪੜਾਅ ਤੋਂ ਹੀ ਉਨ੍ਹਾਂ ਦੇ ਸੁਭਾਅ 'ਚ ਤਬਦੀਲੀ ਆ ਜਾਂਦੀ ਹੈ। ਬੱਚਾ ਸੁਭਾਅ ਤੋਂ ਹੀ ਚਿੜਚਿੜਾ, ਜ਼ਿੱਦੀ ਜਿਹਾ ਬਣ ਜਾਂਦਾ ਹੈ।

ਡਾ. ਹਰਵਿੰਦਰ ਕੌਰ ਢਿੱਲੋਂ, 098722-65399

Posted By: Harjinder Sodhi