ਕਾਦਰ ਦੀ ਕੁਦਰਤ ਦੀ ਸੁੰਦਰਤਾ ਦਾ ਅਨੁਭਵ ਪੰਛੀਆਂ ਬਿਨਾਂ ਸੰਭਵ ਨਹੀਂ। ਪੰਛੀਆਂ ਵਿੱਚੋਂ ਇਕ ਛੋਟੀ ਜਿਹੀ ਘਰੇਲੂ ਚਿੜੀ ਜਿਸਨੂੰ ਅੰਗਰੇਜ਼ੀ ਵਿਚ ਸਪੈਰੋ ਅਤੇ ਹਿੰਦੀ ਵਿਚ ਗੌਰੀਆ ਕਹਿੰਦੇ ਹਨ। ਇਹ ਚਿੜੀਆਂ ਘਰਾਂ ਦੀ ਰੌਣਕ ਸਨ। ਜਦੋਂ ਅਜੇ ਪਦਾਰਥਵਾਦ ਅਤੇ ਨਿੱਜਵਾਦ ਨੇ ਆਪਣੀ ਪਕੜ ਮਜ਼ਬੂਤ ਨਹੀਂ ਸੀ ਕੀਤੀ। ਘਰ ਕੱਚੇ ਅਤੇ ਉਨ੍ਹਾਂ ਵਿਚ ਵਸਣ ਵਾਲੇ ਸੱਚੇ, ਭਲੇ ਲੋਕ ਹੁੰਦੇ ਸਨ। ਸਾਂਝੇ ਘਰ, ਵੱਡਾ ਬਾਗ਼ ਪਰਿਵਾਰ। ਉਨ੍ਹਾਂ ਭਲੇ ਸਮਿਆਂ ਵਿਚ ਘਰਾਂ ਦੇ ਵਿਹੜਿਆਂ 'ਚ ਰੁੱਖ ਹੁੰਦੇ ਸਨ, ਰੁੱਖਾਂ ਉੱਤੇ ਅਤੇ ਕੱਚੇ ਘਰਾਂ ਦੀਆਂ ਕੱਚੀਆਂ ਛੱਤਾਂ, ਬਾਲਿਆਂ ਤੇ ਮਘੋਰੀਆਂ ਵਿਚ ਚਿੜੀਆਂ ਦਾ ਘਾਹ ਫੂਸ ਦੇ ਆਲ੍ਹਣੇ ਹੁੰਦੇ ਸਨ। ਇਹ ਚਿੜੀਆਂ ਇਨਸਾਨਾਂ ਦੀ ਜ਼ਿੰਦਗੀ, ਘਰਾਂ ਅਤੇ ਬੱਚਿਆਂ ਵਿਚ ਰਚੀਆਂ ਮਿਚੀਆਂ ਹੁੰਦੀਆਂ ਸਨ। ਘਰਾਂ ਦੇ ਵਿਹੜਿਆਂ ਵਿਚ ਟਪੂਸੀਆਂ ਮਾਰ-ਮਾਰ ਦਾਣੇ ਤੇ ਕੀੜੇ ਖਾਂਦੀਆਂ ਅਤੇ ਚੀਂ ਚੀਂ ਚੂੰ ਚੂ ਰੌਲਾ ਪਾ ਬਾਲਾਂ ਦਾ ਮਨੋਰੰਜਨ ਕਰਦੀਆਂ ਸਨ। ਮਨੁੱਖ ਆਧੁਨਿਕ ਹੋ ਗਿਆ ਅਤੇ ਘਰ ਕੰਕਰੀਟ ਦੇ ਲੈਂਟਰਾਂ ਵਾਲੇ ਬਣ ਗਏ। ਰੋਸ਼ਨਦਾਨ ਤੇ ਖਿੜਕੀਆਂ ਸ਼ੀਸ਼ਿਆਂ ਅਤੇ ਜਾਲੀਆਂ ਲਾ ਕੇ ਬੰਦ ਕਰ ਦਿੱਤੇ ਗਏ। ਵਿਹੜਿਆਂ 'ਚੋਂ ਰੁੱਖ ਕੱਟੇ ਗਏ। ਹਰੇ ਘਾਹ ਦੇ ਲਾਅਨ ਬਣ ਗਏ। ਚਿੜੀਆਂ ਹੁਣ ਕਿੱਥੇ ਆਲ੍ਹਣੇ ਪਾਉਣ, ਕਿੱਥੇ ਬੱਚੇ ਦੇਣ। ਪਾਣੀ ਗੰਧਲਾ ਹੋ ਗਿਆ, ਖੇਤਾਂ ਦੇ ਦਾਣਿਆਂ ਵਿਚ ਰਸਾਇਣਕ ਖਾਦਾਂ ਜ਼ਹਿਰ ਘੋਲ ਦਿੱਤਾ ਤਾਂ ਫਿਰ ਹੁਣ ਚਿੜੀਆਂ ਬੋਟਾਂ ਨੂੰ ਪਾਲਣ ਲਈ ਚੋਗਾ ਕਿੱਥੋਂ ਲਿਆਉਣ? ਲੋਪ ਹੋ ਰਹੀਆਂ ਚਿੜੀਆਂ ਨੂੰ ਮਨੁੱਖ ਨੇ ਜਲਾਵਤਨ ਕਰ ਦਿੱਤਾ। ਉਹ ਹਿਜਰਤ ਕਰ ਗਈਆਂ।

ਪੰਜਾਬੀ ਲੋਕ ਸਾਹਿਤ 'ਚ ਚਿੜੀਆਂ ਦਾ ਵਿਸ਼ੇਸ਼ ਵਰਣਨ ਹੈ। ਚਿੜੀਆਂ ਮਨੁੱਖ ਦੀ ਕੁਦਰਤ ਨਾਲ ਨੇੜਤਾ ਪੈਦਾ ਕਰਦੀਆਂ ਹਨ। ਇਹ ਕੁਦਰਤ ਦਾ ਅਲਾਰਮ ਹਨ। ਚਿੜੀਆਂ ਮਨੁੱਖ ਨੂੰ ਅੰਮ੍ਰਿਤ ਵੇਲੇ ਕੁਦਰਤ ਤੋਂ ਬਲਿਹਾਰੀ ਜਾਣ ਲਈ ਪ੍ਰੇਰਦੀਆਂ ਹਨ। ਚਿੜੀ ਦਾ ਜ਼ਿਕਰ ਗੁਰਬਾਣੀ ਵਿਚ ਵੀ ਮਿਲਦਾ ਹੈ-

ਚਿੜੀ ਚੁਹਕੀ ਪਹੁ ਫੁਟੀ ਵਗਨਿ

ਬਹੁਤੁ ਤਰੰਗ।।

ਅਚਰਜ ਰੂਪ ਸੰਤਨ ਰਚੇ ਨਾਨਕ

ਨਾਮਹਿ ਰੰਗ।।

ਇਸੇ ਤਰ੍ਹਾਂ ਹੀਰ-ਰਾਂਝੇ ਦੀ ਪਿਆਰ ਕਹਾਣੀ ਨੂੰ ਅਮਰ ਕਰਨ ਵਾਲੇ ਵਾਰਸ਼ ਸ਼ਾਹ ਨੇ ਵੀ ਆਪਣੀ ਪ੍ਰਸਿੱਧ ਰਚਨਾ 'ਹੀਰ' ਵਿਚ ਚਿੜੀ ਦਾ ਜ਼ਿਕਰ ਕੀਤਾ ਹੈ-

ਚਿੜੀ ਚੂਕਦੀ ਨਾਲ ਜਾਂ ਟੁਰੇ ਪਾਂਧੀ

ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ।

ਚਿੜੀਆਂ ਦੀ ਤੁਲਨਾ ਕੁੜੀਆਂ ਨਾਲ ਵੀ ਕੀਤੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ-

ਸਾਡਾ ਚਿੜੀਆਂ ਦਾ ਚੰਬਾ ਵੇ,

ਬਾਬਲ ਅਸਾਂ ਉਡ ਜਾਣਾ।

ਭਾਰਤ ਵਿਚ ਇਸ ਦੀਆਂ ਦੋ ਉਪ ਜਾਤੀਆਂ ਮਿਲਦੀਆਂ ਹਨ। ਨਰ ਤੇ ਮਾਦਾ ਵਿਚ ਫ਼ਰਕ ਹੁੰਦਾ ਹੈ। ਮਾਦਾ ਭੂਰੇ ਰੰਗ ਦੀ ਹੁੰਦੀ ਹੈ ਜਿਸਦੇ ਖੰਬਾਂ ਉੱਤੇ ਸਲੇਟੀ ਤੇ ਚਾਕਲੇਟੀ ਲੀਕਾਂ ਹੁੰਦੀਆਂ ਹਨ। ਇਨ੍ਹਾਂ ਦਾ ਢਿੱਡ ਵਾਲਾ ਪਾਸਾ ਚਿੱਟਾ ਅਤੇ ਪੂਛ ਗੂੜ੍ਹੀ ਚਾਕਲੇਟੀ ਹੁੰਦੀ ਹੈ। ਮਾਦਾ ਦੇ ਕੁਝ ਖੰਬ ਸਫ਼ੈਦ, ਕੁਝ ਬਦਾਮੀ ਅਤੇ ਕੁਝ ਭੁਰੇ ਹੁੰਦੇ ਹਨ। ਇਸ ਦੀ ਚੁੰਝ ਭੁਰੇ ਰੰਗ ਦੀ ਮੋਟੀ ਹੁੰਦੀ ਹੈ। ਬਹਾਰ ਦੇ ਮੌਸਮ ਵਿਚ ਨਰਾਂ ਦੇ ਰੰਗ ਚਮਕੀਲੇ ਹੋ ਜਾਂਦੇ ਹਨ। ਉਨ੍ਹਾਂ ਦਾ ਸਿਰ ਤੇ ਛਾਤੀ ਕਾਲੀ,ਅੱਖਾਂ ਦੇ ਹੇਠਾਂ ਸਫੇਦ ਅਤੇ ਪਿੱਠ ਵਾਲਾ ਪਾਸਾ ਗੂੜ੍ਹਾ ਅਖਰੋਟੀ ਜਿਸ 'ਤੇ ਚਿੱਟੀਆਂ ਕਾਲੀਆਂ ਲੀਕਾਂ ਹੁੰਦੀਆਂ ਹਨ। ਚਿੜੀਆਂ ਸਾਰਾ ਸਾਲ ਅੰਡੇ ਦੇ ਸਕਦੀਆਂ ਹਨ। ਚਿੜੀ 5-7 ਚਿੱਟੇ ਅੰਡੇ ਦਿੰਦੀ ਹੈ। 12-14 ਦਿਨ ਸੇਕ ਬਾਅਦ ਗੁਲਬੀ ਬੋਟ ਨਿਕਲਦੇ ਹਨ।

ਅੱਜ ਚਿੜੀਆਂ ਦੀ ਘਟ ਰਹੀ ਗਿਣਤੀ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। 2012 ਵਿਚ ਚਿੜੀ ਨੂੰ ਦਿੱਲੀ ਨੇ ਆਪਣਾ ਸੂਬਾਈ ਪੰਛੀ ਐਲਾਨਿਆਂ ਸੀ। ਅਮਰੀਕਾ ਵਿਚ ਇਹ 'ਹੋਮ ਲੈਂਡ ਬਰਡ' ਹੈ। ਚਿੜੀ ਦਿਵਸ ਮਨਾਉਣ ਦੀ ਸ਼ੁਰੂਆਤ 2010 ਵਿਚ ਹੋਈ ਸੀ। ਸਾਨੂੰ, ਸੁਹਿਰਦ ਮਨੁੱਖ ਨੂੰ ਚਿੜੀਆਂ ਅਤੇ ਹੋਰ ਪੰਛੀਆਂ ਪ੍ਰਤੀ ਸੰਵੇਦਨਸ਼ੀਲ ਹੋਣਾ ਹੋਵੇਗਾ। ਆਲ੍ਹਣੇ ਟੰਗਣੇ, ਚੋਗ ਅਤੇ ਪਾਣੀ ਦਾ ਪ੍ਰਬੰਧ ਕਰਨਾ ਹੋਵੇਗਾ।

- ਮੁਖਤਾਰ ਗਿੱਲ

98140-82217

Posted By: Harjinder Sodhi