ਪੰਜਾਬ ਵਿਚ ਸਿਆਲ ਰੁੱਤ ਦੀ ਹਲਕੀ ਗੁਲਾਬੀ ਠੰਢ ਪੈਂਦਿਆਂ ਹੀ ਸਾਈਬੇਰੀਆ, ਰੂਸ, ਕਜ਼ਾਕਿਸਤਾਨ, ਮੰਗੋਲੀਆ ਅਤੇ ਉੱਤਰ-ਪੂਰਬੀ ਚੀਨ ਤੋਂ ਕੇਂਦਰੀ ਯੂਰੇਸ਼ੀਆ, ਤੁਰਕੀ, ਯੂਰਪ ਅਤੇ ਹੋਰ ਠੰਢੇ ਮੁਲਕਾਂ ਤੋਂ ਪਰਵਾਸੀ ਪੰਛੀਆਂ ਦੇ ਨਾਲ-ਨਾਲ ਕੂੰਜਾਂ ਵੀ ਭਾਰੀ ਗਿਣਤੀ ਵਿਚ ਪੰਜਾਬ ਵਿਚ ਵੱਡੀਆਂ ਜਲਗਾਹਾਂ ਹਰੀਕੇ ਪੱਤਣ ਝੀਲ, ਰੋਪੜ ਜਲਗਾਹ ਅਤੇ ਕਾਂਜਲੀ ਝੀਲ ਸਮੇਤ ਹੁਸੈਨੀਵਾਲ ਝੀਲ, ਮੰਡ ਭਰਥਲਾ, ਨੰਗਲ ਝੀਲ, ਸੁਖਨਾ ਝੀਲ ਚੰਡੀਗੜ੍ਹ ਉੱਪਰ ਆ ਕੇ ਆਪਣਾ ਡੇਰਾ ਲਗਾ ਲੈਂਦੀਆਂ ਸਨ। ਹਰ ਹੁਣ ਦੋ ਦਹਾਕਿਆਂ ਤੋਂ ਸਿਆਲ ਰੁੱਤੇ ਵੱਖ-ਵੱਖ ਕਿਸਮਾਂ ਦੇ ਪਰਵਾਸੀ ਪੰਛੀ ਤਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਨਜ਼ਰ ਆ ਜਾਂਦੇ ਹਨ ਪਰ ਪਰਵਾਸੀ ਕੂੰਜਾਂ ਖ਼ਾਸ ਕਰ ਕੇ ਸਾਈਬੇਰੀਆ ਦੀਆਂ ਕੂੰਜਾਂ ਹੁਣ ਕਿਧਰੇ ਨਜ਼ਰ ਹੀ ਨਹੀਂ ਆਉਂਦੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਕੂੰਜਾਂ ਪੰਜਾਬੀਆਂ ਨਾਲ ਰੁਸ ਗਈਆਂ ਹੋਣ। ਹੁਣ ਇਹ ਪੰਜਾਬੀਆਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਨਣ ਨਹੀਂ ਆਉਂਦੀਆਂ, ਜਾਂ ਬਹੁਤ ਘੱਟ ਗਿਣਤੀ ਵਿਚ ਪੰਜਾਬ 'ਚ ਆਉਂਦੀਆਂ ਹਨ।

ਪੰਜਾਬੀ ਭਾਸ਼ਾ ਦਾ ਕੂੰਜ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਕਰਾਉਚ ਤੋਂ ਲਿਆ ਗਿਆ ਹੈ। ਹਿੰਦੀ ਵਿਚ ਕੁੰਜ ਨੂੰ ਕਰਕਰਾ ਕਹਿੰਦੇ ਹਨ ਜਦੋਂਕਿ ਅੰਗਰੇਜ਼ੀ ਵਿਚ ਕੂੰਜ ਨੂੰ ਕਰੇਨਸ ਕਿਹਾ ਜਾਂਦਾ ਹੈ। ਪੂਰੀ ਦੁਨੀਆ ਵਿਚ ਕੂੰਜਾਂ/ ਸਾਰਸਾਂ ਦੀਆਂ 15 ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਕਿਸਮਾਂ ਤਾਂ ਹੋਣ ਅਲੋਪ ਹੋਣ ਕਿਨਾਰੇ ਹਨ। ਭਾਰਤ ਵਿਚ ਕੂੰਜਾਂ/ਸਾਰਸ ਦੀਆਂ ਸਿਰਫ਼ ਚਾਰ ਕਿਸਮਾਂ ਹੀ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇਕ ਜਾਤੀ ਸਾਰਸ ਕਰੇਨ ਹੀ ਭਾਰਤ ਵਿਚ ਰੈਣ ਵਸੇਰਾ ਕਰਦੀ ਹੈ। ਕੂੰਜਾਂ ਦੀਆਂ ਬਾਕੀ ਤਿੰਨ ਕਿਸਮਾਂ ਤਾਂ ਸਿਰਫ਼ ਸਿਆਲ ਰੁੱਤੇ ਠੰਢ ਦੇ ਦਿਨ ਕੱਟਣ ਹੀ ਭਾਰਤ ਆਉਂਦੀਆਂ ਹਨ ਜੋ ਕਿ ਸਿਆਲ ਰੁੱਤ ਦੇ ਖ਼ਤਮ ਹੁੰਦਿਆਂ ਸਾਰ ਮੁੜ ਆਪਣੇ ਵਤਨਾਂ ਨੂੰ ਉਡਾਰੀ ਮਾਰ ਜਾਂਦੀਆਂ ਹਨ।

ਦੋ ਦਹਾਕੇ ਪਹਿਲਾਂ ਤਕ ਦੇ ਪੰਜਾਬ ਵਿਚ ਹਰ ਸਾਲ ਕੱਤਕ ਮਹੀਨੇ ਇਹ ਕੂੰਜਾਂ ਦੀਆਂ ਡਾਰਾਂ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੀਆਂ ਸਨ ਤੇ ਉਸ ਸਮੇਂ ਪੰਜਾਬ ਦੀ ਫ਼ਿਜ਼ਾ ਵਿਚ ਹਰ ਪਾਸੇ ਕੂੰਜਾਂ ਦੀ ਸੰਗੀਤਮਈ ਆਵਾਜ਼ ਸੁਣਾਈ ਦਿੰਦੀ ਸੀ, ਜੋ ਕਿ ਕੁਰਰ ਕੁਰਰ ਵਰਗੀ ਹੁੰਦੀ ਸੀ। ਇਹ ਪਰਵਾਸੀ ਕੂੰਜਾਂ ਸੈਂਕੜਿਆਂ ਦੀ ਗਿਣਤੀ ਵਿਚ ਹਰ ਨਦੀ, ਛੰਭ, ਢਾਬ, ਛੱਪੜ, ਟੋਭੇ, ਜਲਥਾਵਾਂ ਅਤੇ ਜਲਗਾਹਾਂ 'ਤੇ ਮੌਜ ਮਸਤੀ ਕਰਦੀਆਂ ਅਤੇ ਜ਼ਿੰਦਗੀ ਦਾ ਆਨੰਦ ਮਾਣਦੀਆਂ ਨਜ਼ਰ ਆ ਜਾਂਦੀਆਂ ਸਨ। ਇਸ ਤੋਂ ਇਲਾਵਾ ਪੰਜਾਬ ਦੇ ਖੇਤਾਂ ਵਿਚ ਵੀ ਵੱਡੀ ਗਿਣਤੀ ਕੂੰਜਾਂ ਬੈਠੀਆਂ ਤੇ ਉਡਾਰੀ ਮਾਰਦੀਆਂ, ਪੁੱਠੀਆਂ ਸਿੱਧੀਆਂ ਛਾਲਾਂ ਮਾਰਦੀਆਂ ਮੌਜ ਮਸਤੀ ਕਰਦੀਆਂ ਨਜ਼ਰ ਆ ਜਾਂਦੀਆਂ ਸਨ ਪਰ ਹੁਣ ਇਹ ਪਰਵਾਸੀ ਕੂੰਜਾਂ ਪੰਜਾਬ ਅਤੇ ਪੰਜਾਬੀਆਂ ਨਾਲ ਰੁਸ ਗਈਆਂ ਨੇ। ਇਨ੍ਹਾਂ ਕੂੰਜਾਂ ਦਾ ਰੋਸਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ।

ਇਹ ਹੀ ਕਾਰਨ ਹੈ ਕਿ ਹੁਣ ਕਾਲੇ ਸਾਗਰ, ਜਿਸ ਨੂੰ ''ਬਲੈਕ ਸੀ '' ਵੀ ਕਿਹਾ ਜਾਂਦਾ ਹੈ, ਸਾਈਬੇਰੀਆ, ਰੂਸ, ਕਜ਼ਾਕਿਸਤਾਨ, ਮੰਗੋਲੀਆ ਅਤੇ ਉੱਤਰ-ਪੂਰਬੀ ਚੀਨ ਤਕ ਕੇਂਦਰੀ ਯੂਰੇਸ਼ੀਆ, ਤੁਰਕੀ, ਯੂਰਪ ਅਤੇ

ਹੋਰ ਠੰਢੇ ਮੁਲਕਾਂ ਤੋਂ ਹਰ ਸਾਲ ਸਿਆਲ ਰੁੱਤੇ ਪੰਜਾਬ ਆਉਣ ਵਾਲੀਆਂ ਕੂੰਜਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਕੂੰਜ ਨੂੰ ਪਵਿੱਤਰ ਪੰਛੀ ਦਾ ਦਰਜਾ ਮਿਲਿਆ ਹੋਇਆ ਹੈ, ਫਿਰ ਵੀ ਸ਼ਿਕਾਰੀਆਂ ਵਲੋਂ ਕੂੰਜਾਂ ਦਾ ਸ਼ਿਕਾਰ ਪਿਛਲੇ ਸਮੇਂ ਦੌਰਾਨ ਕੀਤਾ ਜਾਂਦਾ ਰਿਹਾ ਹੈ। ਕੂੰਜਾਂ ਦੀ ਘੱਟ ਰਹੀ ਆਮਦ ਅਤੇ ਗਿਣਤੀ ਕਾਰਨ ਕੂੰਜ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦਾ ਰਾਜ ਪੰਛੀ ਐਲਾਨਿਆ ਹੋਇਆ ਹੈ।

ਸਾਈਬੇਰੀਆ, ਮੰਗੋਲੀਆ, ਚੀਨ ਅਤੇ ਮੱਧ ਯੂਰਪ ਤੋਂ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਆਉਣ ਵਾਲੀਆਂ ਇਨ੍ਹਾਂ ਕੂੰਜਾਂ ਦੇ ਸਿਰ ਛੋਟੇ ਹੁੰਦੇ ਹਨ, ਪਰ ਗਰਦਨ ਲੰਬੀ ਹੁੰਦੀ ਹੈ। ਇਨ੍ਹਾਂ ਦੀਆਂ ਲੱਤਾਂ ਲੰਮੀਆਂ, ਕਾਲੇ ਰੰਗ ਦੀਆਂ ਖੁਰਦਰੀਆਂ ਦਿਖਣ ਵਾਲੀਆਂ ਹੁੰਦੀਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਲਮਢੀਂਗ ਵੀ ਕਿਹਾ ਜਾਂਦਾ ਹੈ। ਇਨ੍ਹਾਂ ਕੂੰਜਾਂ ਦੀ ਉਚਾਈ 75 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਦੇ ਸਰੀਰ ਦੀ ਲੰਬਾਈ 85 ਤੋਂ 100 ਸੈਂਟੀਮੀਟਰ ਤਕ ਹੁੰਦੀ ਹੈ। ਇਨ੍ਹਾਂ ਕੂੰਜਾਂ ਦਾ ਭਾਰ 2 ਅਤੇ 3 ਕਿਲੋ ਦੇ ਦਰਮਿਆਨ ਹੁੰਦਾ ਹੈ। ਕੂੰਜਾਂ ਦਾ ਰੰਗ ਭਾਵੇਂ ਨੀਲੀ ਭਾਅ ਮਾਰਦਾ ਸਲੇਟੀ ਜਿਹਾ ਹੁੰਦਾ ਹੈ ਪਰ ਅੱਖਾਂ ਲਾਲ ਹੁੰਦੀਆਂ ਹਨ। ਕੂੰਜਾਂ ਦੀ ਚੁੰਝ ਛੋਟੀ ਹੁੰਦੀ ਹੈ। ਗਰਦਨ ਦਾ ਪਿੱਠ ਵਾਲਾ ਪਾਸਾ ਚਿੱਟਾ ਅਤੇ ਪੂਛ ਕਾਲੇ ਰੰਗ ਦੀ ਹੁੰਦੀ ਹੈ। ਕੂੰਜਾਂ ਦੇ ਖੰਭ ਭਾਵੇਂ ਸਫ਼ੈਦ ਰੰਗ ਦੇ ਹੁੰਦੇ ਹਨ, ਜਿਨ੍ਹਾਂ ਨੂੰ ਦੁੱਧ ਚਿੱਟੇ ਵੀ ਕਿਹਾ ਜਾਂਦਾ ਹੈ, ਪਰ ਇਨ੍ਹਾਂ ਖੰਭਾਂ ਦੇ ਕਿਨਾਰੇ ਕਾਲੇ ਰੰਗ ਦੇ ਹੁੰਦੇ ਹਨ।

ਇਹ ਕੂੰਜਾਂ ਡਾਰਾਂ ਵਿਚ ਉਡਦੀਆਂ ਹਨ, ਜਿਨ੍ਹਾਂ ਨੂੰ ਕਾਫਲੇ ਵੀ ਕਿਹਾ ਜਾਂਦਾ ਹੈ। ਇਹ ਕੂੰਜਾਂ ਅੰਗਰੇਜ਼ੀ ਦੇ ਅੱਖਰ 'ਵੀ' ਦੀ ਸ਼ਕਲ ਵਿਚ ਉਡਦੀਆਂ ਹਨ। ਇਹ ਅਕਸਰ ਹੀ 5 ਹਜ਼ਾਰ ਮੀਟਰ ਦੀ ਉਚਾਈ ਤੋਂ ਲੈ ਕੇ 8 ਹਜ਼ਾਰ ਮੀਟਰ ਦੀ ਉਚਾਈ ਤਕ ਉਡਾਰੀ ਮਾਰਦੀਆਂ ਹਨ। ਆਪਣੀ ਲੰਬੀ ਉਡਾਰੀ ਦੌਰਾਨ ਕੂੰਜਾਂ ਹਿਮਾਲਿਆ ਪਰਬਤ ਦੇ ਉੱਚੇ-ਉੱਚੇ ਪਹਾੜਾਂ ਨੂੰ ਵੀ ਪਾਰ ਕਰ ਕੇ ਬਹੁਤ ਦਿੱਕਤਾਂ ਅਤੇ ਜੋਖ਼ਮ ਭਰਿਆ ਰਸਤਾ ਤੈਅ ਕਰ ਕੇ ਭਾਰਤ ਵਿਚ ਪਹੁੰਚਦੀਆਂ ਹਨ। ਕੂੰਜਾਂ ਦਾ ਪਰਵਾਸ ਤਰਜੀਹੀ ਰਸਤਿਆਂ ਵਿਚ ਹੁੰਦਾ ਹੈ ਜਿਸ ਨੂੰ 'ਫਲਾਈਵੇਅ' ਦਾ ਨਾਂ ਦਿੱਤਾ ਜਾਂਦਾ ਹੈ। ਕੂੰਜਾਂ ਦੇ ਇਹ ਹਵਾਈ ਰਸਤੇ ਆਮ ਤੌਰ 'ਤੇ ਪਹਾੜ, ਸਮੁੰਦਰੀ ਕੰਢਿਆਂ ਜਾਂ ਕਈ ਵਾਰ ਦਰਿਆਵਾਂ ਨੂੰ ਮੁੱਖ ਰੱਖ ਕੇ ਤੈਅ ਕੀਤੇ ਜਾਂਦੇ ਹਨ।

ਇਹ ਕੂੰਜਾਂ ਹਮੇਸ਼ਾ ਲੈਅਬੱਧ ਡਾਰ ਵਿਚ ਉਡਾਣ ਭਰਦੀਆਂ ਹਨ। ਸਭ ਤੋਂ ਅੱਗੇ ਇਕ ਕੂੰਜ ਹੁੰਦੀ ਹੈ, ਜਿਸ ਨੂੰ ਮੋਢੀ ਕੂੰਜ ਜਾਂ ਲੀਡਰ ਕੂੰਜ ਵੀ ਕਿਹਾ ਜਾਂਦਾ ਹੈ, ਉਸ ਤੋਂ ਪਿੱਛੇ ਤਿੰਨ ਕੂੰਜਾਂ, ਫਿਰ ਪੰਜ ਕੂੰਜਾਂ, ਫਿਰ ਸੱਤ ਕੂੰਜਾਂ ਅਤੇ ਇਸੇ ਤਰ੍ਹਾਂ ਹੋਰ ਕੂੰਜਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਲੰਬੀ ਉਡਾਰੀ ਦੌਰਾਨ ਸਮਾਂ ਪਾ ਕੇ ਕੂੰਜਾਂ ਦਾ ਮੋਢੀ ਆਗੂ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਰੀਆਂ ਪਰਵਾਸੀ ਕੂੰਜਾਂ ਦੀ ਇਕੋ ਜਿੰਨੀ ਊਰਜਾ ਖਪਤ ਹੁੰਦੀ ਹੈ। ਇਹ ਪਰਵਾਸੀ ਕੂੰਜਾਂ ਡਾਰਾਂ ਵਿਚ ਉਡਾਰੀ ਮਾਰਦੇ ਸਮੇਂ ਇਕੋ ਸਮੇਂ ਆਪਣੇ ਖੰਭ ਹਿਲਾਉਂਦੇ ਹਨ, ਇਸ ਤਰ੍ਹਾਂ ਸਾਰੇ ਕੂੰਜ ਪੰਛੀਆਂ ਵਲੋਂ ਇਕੋ ਸਮੇਂ ਆਪਣੇ ਖੰਭ ਹਿਲਾਉਣ ਨਾਲ ਇਨ੍ਹਾਂ ਦਾ ਉੱਡਣ ਵੇਲੇ ਜ਼ੋਰ ਕਾਫ਼ੀ ਘੱਟ ਲੱਗਦਾ ਹੈ।

ਆਪਣੀ ਹਜ਼ਾਰਾਂ ਮੀਲਾਂ ਦੀ ਲੰਬੀ ਉਡਾਰੀ ਦੌਰਾਨ ਅਨੇਕਾਂ ਹੀ ਕੂੰਜਾਂ ਪਰਵਾਸ ਦੇ ਰਸਤੇ ਵਿਚ ਹੀ ਖ਼ਰਾਬ ਮੌਸਮ, ਬਰਫ਼ਬਾਰੀ, ਬਿਮਾਰੀ ਜਾਂ ਕਿਸੇ ਸ਼ਿਕਾਰੀ ਦੇ ਜਾਲ ਕਾਰਨ ਆਪਣੀ ਜਾਨ ਤੋਂ ਹੱਥ ਧੋ ਲੈਂਦੀਆਂ ਹਨ ਪਰ ਫਿਰ ਵੀ ਜਿਉਂਦੀਆਂ ਕੂੰਜਾਂ ਦਾ ਪਰਵਾਸ ਲਗਾਤਾਰ ਜਾਰੀ ਰਹਿੰਦਾ ਹੈ। ਇਹ ਕੂੰਜਾਂ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਭਾਵੇਂ ਦੇਸੀ ਕੱਤਕ ਮਹੀਨੇ ਅਤੇ ਅੰਗਰੇਜ਼ੀ ਮਹੀਨੇ ਅਕਤੂਬਰ ਦੇ ਸ਼ੁਰੂ ਵਿਚ ਪਹੁੰਚਦੀਆਂ ਹਨ ਪਰ ਆਪਣੇ ਮੂਲ ਸਥਾਨਾਂ ਤੋਂ ਇਹ ਕੂੰਜਾਂ ਅਗਸਤ ਵਿਚ ਹੀ ਆਂਡੇ/ ਬੱਚੇ ਦੇ ਕੇ ਇੱਕਠੀਆਂ ਹੋ ਕੇ ਲੰਮੀਂ ਉਡਾਰੀ ਮਾਰਨ ਦੀ ਤਿਆਰੀ ਕਰਨ ਲੱਗਦੀਆਂ ਹਨ। ਵੱਡੀ ਗਿਣਤੀ ਕੂੰਜਾਂ ਆਪਣੇ ਵਤਨ ਵਿਚ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਆਲ੍ਹਣਿਆਂ ਵਿਚ ਹੀ ਛੱਡ ਆਉਂਦੀਆਂ ਹਨ, ਤੇ ਕਾਫ਼ੀ ਸਾਰਾ ਚੋਗਾ ਆਲ੍ਹਣਿਆਂ ਵਿਚ ਹੀ ਰੱਖ ਆਉਂਦੀਆਂ ਹਨ। ਇਨ੍ਹਾਂ ਕੂੰਜਾਂ ਦੇ ਵਾਪਸ ਮੁੜਨ ਸਮੇਂ ਇਹ ਬੱਚੇ ਵੀ ਉਡਾਰ ਹੋ ਚੁੱਕੇ ਹੁੰਦੇ ਹਨ।

ਮਾਰਚ ਮਹੀਨੇ ਇਹ ਕੂੰਜਾਂ ਵਾਪਸ ਆਪਣੇ ਵਤਨਾਂ ਨੂੰ ਉਸੇ ਪੈਂਡੇ ਮੁੜ ਪੈਂਦੀਆਂ ਹਨ, ਜਿਸ ਪੈਂਡੇ ਇਹ ਭਾਰਤ ਵਿਚ ਆਈਆਂ ਹੁੰਦੀਆਂ ਹਨ। ਆਪਣੇ ਵਤਨਾਂ ਵਿਚ ਇਹ ਕੂੰਜਾਂ ਜਲ ਸੋਮਿਆਂ ਨੇੜੇ ਘਾਹ ਦੇ ਮੈਦਾਨ ਵਿਚ ਰੈਣ ਬਸੇਰਾ ਕਰਦੀਆਂ ਹਨ। ਵਾਪਸ ਵਤਨ ਪਹੁੰਚ ਕੇ ਮਾਦਾ ਕੂੰਜ ਦੋ ਆਂਡੇ ਦਿੰਦੀ ਹੈ, ਜਿਸ ਵਿੱਚੋਂ 27 ਦਿਨਾਂ ਬਾਅਦ ਬੱਚੇ ਨਿਕਲ ਆਉਂਦੇ ਹਨ। ਇਹ ਬੱਚੇ 55 ਦਿਨਾਂ ਵਿਚ ਹੀ ਉਡਾਰੀ ਮਾਰਨ ਦੇ ਯੋਗ ਹੋ ਜਾਂਦੇ ਹਨ ਪਰ ਇਹ ਬੱਚੇ ਪੂਰਾ ਇਕ ਸਾਲ ਆਪਣੇ ਮਾਪਿਆਂ ਦੀ ਡਾਰ ਵਿਚ ਹੀ ਰਹਿੰਦੇ ਹਨ ਅਤੇ ਮਾਪਿਆਂ ਨਾਲ ਹੀ ਰੈਣ ਬਸੇਰਾ ਕਰਦੇ ਹਨ। ਇਕ ਸਾਲ ਤੋਂ ਬਾਅਦ ਇਹ ਬੱਚੇ ਵੀ ਹੋਰਨਾਂ ਕੂੰਜਾਂ ਵਾਂਗ ਲੰਬੀ ਉਡਾਰੀ ਮਾਰਨੀ ਸ਼ੁਰੂ ਕਰ ਦਿੰਦੇ ਹਨ।

ਪਰਵਾਸ ਕਰਨਾ ਕੂੰਜਾਂ ਦੀ ਤਕਦੀਰ ਹੈ ਅਤੇ ਤਦਬੀਰਾਂ ਇਨ੍ਹਾਂ ਤੋਂ ਹੁੰਦੀਆਂ ਹੀ ਨਹੀਂ, ਜਿਸ ਕਰਕੇ ਮੁੱਢ ਕਦੀਮ ਤੋਂ ਇਹ ਲੰਬੀ ਉਡਾਰੀ ਮਾਰ ਕੇ ਪਰਵਾਸ ਕਰਦੀਆਂ ਆ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ। ਸਾਇਬੇਰੀਆ ਦੁਨੀਆ ਦਾ ਸਭ ਤੋਂ ਠੰਢਾ ਇਲਾਕਾ ਹੈ। ਸਾਇਬੇਰੀਆ ਵਿਚ ਸੰਘਣੇ ਜੰਗਲ ਹੋਣ ਦੇ ਨਾਲ-ਨਾਲ ਠੰਢ ਵੀ ਬਹੁਤ ਪੈਂਦੀ ਹੈ। ਇਸੇ ਤਰਾਂ ਯੂਰਪ ਸਮੇਤ ਦੁਨੀਆ ਵਿਚ ਹੋਰ ਵੀ ਕਈ ਇਲਾਕੇ ਅਜਿਹੇ ਹਨ, ਜਿੱਥੇ ਸਿਆਲਾਂ ਵਿਚ ਤਾਂ ਉੱਥੇ ਲਗਾਤਾਰ ਅਸਮਾਨ ਵਿੱਚੋਂ ਬਰਫ਼ ਡਿਗਦੀ ਹੈ ਅਤੇ ਦਿਨ ਰਾਤ ਬਰਫ਼ੀਲੇ ਤੂਫ਼ਾਨ ਚੱਲਦੇ ਹਨ। ਸਿਆਲ ਰੁੱਤੇ ਉੱਥੇ ਪਾਣੀ ਵਾਲੀਆਂ ਝੀਲਾਂ ਜੰਮ ਜਾਂਦੀਆਂ ਹਨ। ਪੰਛੀਆਂ ਖ਼ਾਸ ਕਰ ਕੇ ਕੂੰਜਾਂ ਲਈ ਚੋਗਾ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਇਨ੍ਹਾਂ ਕੂੰਜਾਂ ਨੂੰ ਖਾਣ ਲਈ ਕੋਈ ਚੀਜ਼ ਨਹੀਂ ਬਚਦੀ ਕਿਉਂਕਿ ਰੁੱਖ ਵੀ ਬਰਫ਼ ਹੇਠ ਦੱਬ ਜਾਂਦੇ ਹਨ। ਹਰੇ ਭਰੇ ਰੁੱਖਾਂ ਉੱਪਰ ਚਿੱਟੀ ਬਰਫ਼ ਜੰਮ ਜਾਂਦੀ ਹੈ ਅਤੇ ਉਹ ਸਫ਼ੈਦ ਭਾਅ ਮਾਰਦੇ ਹਨ। ਰਾਤ ਸਮੇਂ ਇਹ ਰੁੱਖ ਚੰਨ ਦੀ ਚਾਨਣੀ ਵਿਚ ਚਮਕਦੇ ਤਾਂ ਬਹੁਤ ਹਨ ਪਰ ਇਹ ਚਮਕ ਚੰਨ ਦੀ ਚਾਣਨੀ ਵਾਂਗ ਉਧਾਰੀ ਹੀ ਹੁੰਦੀ ਹੈ। ਅਸਲ ਵਿਚ ਬਰਫ਼ ਲੱਦੇ ਰੁੱਖਾਂ ਦੀ ਸਫ਼ੈਦ ਮਰਮਰੀ ਚਮਕ ਕੂੰਜਾਂ ਨੂੰ ਚੋਗ ਨਹੀਂ ਦੇ ਸਕਦੀ। ਇਸ ਤੋਂ ਇਲਾਵਾ ਹੱਡ ਚੀਰਵੀਂ ਠੰਢ ਵਿਚ ਜਦੋਂ ਸਰਦ ਅਤੇ ਬਰਫ਼ੀਲੀਆਂ ਹਵਾਵਾਂ ਚਲਦੀਆਂ ਹਨ ਅਤੇ ਰੂੰ ਦੇ ਫੰਬਿਆਂ ਵਾਂਗ ਬਰਫ਼ ਹਵਾ ਵਿਚ ਉਡਦੀ ਹੈ ਤਾਂ ਇਨ੍ਹਾਂ ਕੂੰਜਾਂ ਲਈ ਪਰਵਾਸ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿੰਦਾ। ਜਿਸ ਧਰਤੀ ਉੱਪਰ ਇਹ ਕੂੰਜਾਂ ਜੰਮੀਆਂ ਪਲੀਆਂ ਹੁੰਦੀਆਂ ਹਨ, ਜਿਸ ਆਕਾਸ਼ 'ਤੇ ਇਨ੍ਹਾਂ ਨੇ ਉਡਾਰੀਆਂ ਮਾਰੀਆਂ ਹੁੰਦੀਆਂ ਹਨ, ਉਹ ਹੀ ਅਸਮਾਨ ਇਨ੍ਹਾਂ ਲਈ ਪਰਾਇਆ ਹੋ ਜਾਂਦਾ ਹੈ, ਮਜਬੁਰੀਵਸ ਇਨ੍ਹਾਂ ਕੂੰਜਾਂ ਨੂੰ ਪਰਵਾਸ ਕਰਨਾ ਪੈਂਦਾ ਹੈ।

ਭਾਰਤ ਦੇ ਜੱਦੀ ਪੰਛੀ ਆਪਣੀ ਹੀ ਸੁਰੀਲੀ ਆਵਾਜ਼ ਵਿਚ ਪਰਵਾਸੀ ਕੂੰਜਾਂ ਤੋਂ ਉਨ੍ਹਾਂ ਦੇ ਪਰਵਾਸ ਦਾ ਕਾਰਨ ਪੁੱਛਦੇ ਪ੍ਰਤੀਤ ਹੁੰਦੇ ਹਨ। ਪਰਵਾਸੀ ਪੰਛੀਆਂ ਅਤੇ ਪੰਜਾਬ ਦੇ ਦੇਸੀ ਪੰਛੀਆਂ ਦੇ ਆਪਸੀ ਸੰਵਾਦ ਦਾ ਸਹੀ ਚਿਤਰਨ ਇਸ ਗੀਤ ਵਿਚ ਕੀਤਾ ਗਿਆ ਹੈ-

ਮੋਰ ਪੁਛੀਂਦੇਂ ਕੂੰਜਾਂ ਕੋਲੋਂ,

ਤੁਸਾਂ ਨਿੱਤ ਪਰਦੇਸ ਤਿਆਰੀ,

ਜਾਂ ਤਾਂ ਤੁਹਾਡਾ ਵਤਨ ਕੁਚੱਜੜਾ,

ਜਾਂ ਤੁਹਾਡੀ ਲੱਗ ਗਈ ਕਿਸੇ ਨਾਲ ਯਾਰੀ,

ਬੱਚੇ ਛੋੜ ਪਰਦੇਸਣ ਹੋਈਓ,

ਤੁਸਾਂ ਉਮਰ ਵਿਹਾ ਲਈ ਸਾਰੀ,

ਮੋਰਾਂ ਨੂੰ ਸਮਝਾਵਣ ਲੱਗੀਆਂ,

ਓ ਕੂੰਜਾਂ ਵਾਰੋ ਵਾਰੀ ਵੇ.......

ਧੁਰੋਂ ਲਿਖੀਆਂ ਕੋਈ ਮੇਟ

ਨੀ ਸਕਦਾ,

ਸਭ ਦਾਤੇ ਚੋਗ ਖਿਲਾਰੀ

ਪ੍ਰਸਿੱਧ ਲੇਖਕ ਰਸੂਲ ਹਮਜਾਤੋਵ ਨੇ ਵੀ ਕੂੰਜਾਂ ਬਾਰੇ ਆਪਣੀ ਇਕ ਨਜ਼ਮ ਵਿਚ ਲਿਖਿਆ ਹੈ :-

ਕਦੇ ਕਦੇ ਮੈਨੂੰ ਲੱਗਦਾ ਹੈ ਉਹ ਕਿ ਸਾਰੇ ਜਵਾਨ ਫ਼ੌਜੀ ਜੋ

ਜੰਗ ਰੱਤੇ ਮੈਦਾਨਾਂ ਵਿੱਚੋਂ ਮੁੜ ਘਰਾਂ ਨੂੰ ਨਹੀਂ ਪਰਤੇ

ਜ਼ਮੀਨ ਵਿਚ ਦਫਨ ਕਿਤੇ ਆਰਾਮ ਨਹੀਂ ਫਰਮਾ ਰਹੇ

ਦੇਹ ਪਲਟ ਕੇ ਬਣ ਗਏ ਸੀ ਉਹ ਤਾਂ ਕੂੰਜ ਪਰਿੰਦੇ ...

ਪੰਜਾਬੀਆਂ ਲਈ ਮਾੜੀ ਖ਼ਬਰ ਹੈ ਕਿ ਇਹ ਕੂੰਜਾਂ ਹੁਣ ਪੰਜਾਬ ਅਤੇ ਪੰਜਾਬੀਆਂ ਨਾਲ ਪੂਰੀ ਤਰ੍ਹਾਂ ਰੁਸ ਗਈਆਂ ਹਨ ਅਤੇ ਇਹ ਹੁਣ ਦੋ ਦਹਾਕਿਆਂ ਤੋਂ ਪੰਜਾਬ ਵੱਲ ਫੇਰਾ ਨਹੀਂ ਪਾਉਂਦੀਆਂ ਸਗੋਂ ਇਹ ਪੰਜਾਬ ਦੀ ਥਾਂ ਭਾਰਤ ਦੇ ਹੋਰਨਾਂ ਇਲਾਕਿਆਂ ਵਿਚ ਜਾਣ ਨੂੰ ਤਰਜੀਹ ਦੇਣ ਲੱਗ ਪਈਆਂ ਹਨ।

ਪੰਜਾਬ ਦੇ ਦੂਸ਼ਿਤ ਵਾਤਾਵਰਨ, ਗੰਧਲੇ ਤੇ ਜ਼ਹਿਰੀਲੇ ਪੌਣ ਪਾਣੀਆਂ, ਜਲਗਾਹਾਂ ਦੇ ਸੁੰਗੜਨ, ਸ਼ਿਕਾਰੀਆਂ ਵਲੋਂ ਕੀਤੇ ਜਾਂਦੇ ਸ਼ਿਕਾਰ, ਮਨੁੱਖ ਵਲੋਂ ਪਾਏ ਜਾਂਦੇ ਸ਼ੋਰ ਸ਼ਰਾਬੇ, ਥਾਂ ਥਾਂ ਲੱਗੇ ਮੋਬਾਈਲ ਟਾਵਰਾਂ, ਅਸਮਾਨ ਛੂੰਹਦੀਆਂ ਇਮਾਰਤਾਂ ਕਾਰਨ ਵੀ ਪਰਵਾਸੀ ਕੂੰਜਾਂ ਦਾ ਮੋਹ ਪੰਜਾਬ ਨਾਲੋਂ ਟੁੱਟਦਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਇਨ੍ਹਾਂ ਪਰਵਾਸੀ ਕੂੰਜਾਂ ਦੀ ਪ੍ਰਾਹੁਣਚਾਰੀ ਦਾ ਹੱਕ ਗੁਆਉਂਦੇ ਜਾ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਪੰਜਾਬੀ ਸਾਹਿਤ ਸਮੇਤ ਪੂਰੀ ਦੁਨੀਆ ਦੀਆਂ ਸਾਰੀਆਂ ਸÎੱਭਿਆਤਾਵਾਂ ਦੇ ਸਾਹਿਤ ਵਿਚ ਕੂੰਜਾਂ ਦਾ ਜ਼ਿਕਰ ਬਹੁਤ ਵੱਡੇ ਪੱਧਰ 'ਤੇ ਹੁੰਦਾ ਆਇਆ ਹੈ, ਪੰਜਾਬ ਵਿਚ ਤਾਂ ਪਤਲੀ ਤੇ ਸੋਹਣੀ ਮੁਟਿਆਰ ਨੂੰ ਵੀ ਕੂੰਜ ਕਹਿ ਲਿਆ ਜਾਂਦਾ ਹੈ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਪਰਵਾਸੀ ਕੂੰਜਾਂ ਦਾ ਪੰਜਾਬ ਤੇ ਪੰਜਾਬੀਆਂ ਨਾਲ ਰੋਸਾ ਖ਼ਤਮ ਕਰਨ ਲਈ ਸਿਰ ਜੋੜ ਕੇ ਸੋਚ ਵਿਚਾਰ ਕਰਨ ਅਤੇ ਪੰਜਾਬ ਦੇ ਪੌਣ ਪਾਣੀ ਨੂੰ ਸ਼ੁੱਧ ਕਰ ਕੇ, ਵੱਧ ਤੋਂ ਵੱਧ ਰੁੱਖ ਲਗਾ ਕੇ, ਜਲ ਸੋਮਿਆਂ ਦੀ ਸੰਭਾਲ ਕਰਕੇ, ਖੇਤੀ/ ਫ਼ਸਲਾਂ ਉੱਪਰ ਕੀੜੇਮਾਰ ਦਵਾਈਆਂ /ਜ਼ਹਿਰਾਂ ਦੀ ਵਰਤੋਂ ਬੰਦ ਕਰ ਕੇ ਅਜਿਹਾ ਪ੍ਰਦੂਸ਼ਣ ਮੁਕਤ ਸ਼ੁੱਧ ਵਾਤਾਵਰਨ ਮੁੜ ਸਿਰਜਣ, ਜਿਸ ਕਾਰਨ ਪੰਜਾਬ ਨਾਲ ਰੁਸ ਕੇ ਕਿੱਧਰੇ ਦੂਰ ਉਡ ਪੁੱਡ ਗਈਆਂ ਇਨ੍ਹਾਂ ਕੂੰਜਾਂ ਦਾ ਰੋਸਾ ਖ਼ਤਮ ਹੋ ਸਕੇ ਅਤੇ ਇਹ ਪੰਜਾਬ ਦੇ ਨੀਲੇ ਆਕਾਸ਼ ਵਿਚ ਮੁੜ ਪਹਿਲਾਂ ਵਾਂਗ ਉਡਾਰੀਆਂ ਭਰ ਸਕਣ।

ਆਪਣੇ ਸਾਥੀ ਪ੍ਰਤੀ ਵਫ਼ਾਦਾਰ

ਕੂੰਜਾਂ ਆਪਣੇ ਸਾਥੀ ਪ੍ਰਤੀ ਪੂਰੀਆਂ ਵਫ਼ਾਦਾਰ ਹੁੰਦੀਆਂ ਹਨ, ਇਹ ਆਮ ਤੌਰ 'ਤੇ ਦੋ-ਦੋ ਦੇ ਜੋੜਿਆਂ ਵਿਚ ਹੀ ਵਿਚਰਦੀਆਂ ਹਨ ਪਰ ਲੰਬੀ ਉਡਾਰੀ ਹਮੇਸ਼ਾ ਡਾਰ ਜਾਂ ਵੱਡੇ ਕਾਫ਼ਲੇ ਵਿਚ ਹੀ ਮਾਰਦੀਆਂ ਹਨ। ਇਨ੍ਹਾਂ ਕੂੰਜਾਂ ਦੇ ਜੋੜਿਆਂ ਦਾ ਜਦੋਂ ਇਕ ਸਾਥੀ ਢਿੱਲਾ ਮੱਠਾ ਹੁੰਦਾ ਹੈ ਤਾਂ ਦੂਜੀ ਕੂੰਜ ਰੁਦਨ ਕਰ-ਕਰ ਕੇ ਸਭ ਨੂੰ ਰੋਣ ਲਗਾ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਕੂੰਜ ਡਾਰ ਵਿੱਚੋਂ ਵਿਛੜ ਜਾਂਦੀ ਹੈ ਫਿਰ ਉਹ ਵੀ ਰੋਂਦੀ ਕੁਰਲਾਉਂਦੀ ਬਹੁਤ ਰੁਦਨ ਕਰਦੀ ਹੈ। ਡਾਰ ਨਾਲੋਂ ਇਕੱਲੀ ਰਹਿ ਗਈ ਇਸ ਕੂੰਜ ਦਾ ਰੁਦਨ ਸੁਣ ਕੇ ਕੋਈ ਨਵੀਂ ਵਿਆਹੀ ਮੁਟਿਆਰ ਵੀ ਹਉਕਾ ਭਰਦੀ ਹੈ ਤੇ ਵੱਡੀ ਉਮਰ ਦੀਆਂ ਔਰਤਾਂ ਵੀ ਅਸਮਾਨ ਵੱਲ ਮੂੰਹ ਚੁੱਕ ਕੇ ਕੁਝ ਬੁੜਬੁੜਾਉਂਦੀਆਂ ਹਨ।

- ਜਗਮੋਹਨ ਸਿੰਘ ਲੱਕੀ

Posted By: Harjinder Sodhi