ਪਰਉਪਕਾਰ ਕਰਨਾ, ਕਿਸੇ ਦਾ ਭਲਾ ਕਰਨਾ, ਕਿਸੇ ਦੇ ਨਿਰਸੁਆਰਥ ਕੰਮ ਆਉਣਾ ਤੇ ਔਖ ਵੇਲੇ ਬਾਂਹ ਫੜਨੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਖਾਸਾ ਹੈ। ਇਸੇ ਪਰਉਪਕਾਰੀ ਤੇ ਮਾਨਵਵਾਦੀ ਅੰਤਰਧਾਰਾ ਦੇ ਤਹਿਤ ਸਮੁੰਦਰੋਂ ਪਾਰ ਬੈਠੇ ਕੁਝ ਸੱਜਣਾਂ ਨੇ ਆਪਣੇ ਪੰਜਾਬੀਆਂ ਨੇ ‘ਮੇਰਾ ਪਿੰਡ 360 ਫਾਊਂਡੇਸ਼ਨ’ ਬਣਾ ਕੇ ਆਪਣੇ ਆਪ ’ਚ ਬੜਾ ਉੱਦਮੀ ਕਾਰਜ ਕੀਤਾ ਹੈ।

ਪਰਉਪਕਾਰ ਕਰਨਾ, ਕਿਸੇ ਦਾ ਭਲਾ ਕਰਨਾ, ਕਿਸੇ ਦੇ ਨਿਰਸੁਆਰਥ ਕੰਮ ਆਉਣਾ ਤੇ ਔਖ ਵੇਲੇ ਬਾਂਹ ਫੜਨੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਖਾਸਾ ਹੈ। ਇਸੇ ਪਰਉਪਕਾਰੀ ਤੇ ਮਾਨਵਵਾਦੀ ਅੰਤਰਧਾਰਾ ਦੇ ਤਹਿਤ ਸਮੁੰਦਰੋਂ ਪਾਰ ਬੈਠੇ ਕੁਝ ਸੱਜਣਾਂ ਨੇ ਆਪਣੇ ਪੰਜਾਬੀਆਂ ਨੇ ‘ਮੇਰਾ ਪਿੰਡ 360 ਫਾਊਂਡੇਸ਼ਨ’ ਬਣਾ ਕੇ ਆਪਣੇ ਆਪ ’ਚ ਬੜਾ ਉੱਦਮੀ ਕਾਰਜ ਕੀਤਾ ਹੈ। ਇਸ ਫਾਊਂਡੇਸ਼ਨ ’ਚ ਭੁਪਿੰਦਰ ਸਿੰਘ ਹੁੰਦਲ (ਫਾਊਂਡਰ ਮੋਬਾ:-+1630-802-2179), ਐੱਮਐੱਲ ਗਰਗ (ਭਾਰਤ ਦੇ ਕੋਆਰਡੀਨੇਟਰ, ਮੋਬਾ: 98154-66527), ਪੀਊਸ਼ ਨਰ (ਮੈਨੇਜਰ, ਮੋਬਾ:99159-20510) ਦਾ ਯੋਗਦਾਨ ਬੇਹੱਦ ਸਿਫ਼ਤਯੋਗ ਹੈ। ਫਾਊਂਡੇਸ਼ਨ ਦੇ ਮੈਨੇਜਰ ਪੀਊਸ਼ ਨਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ‘ਮੇਰਾ ਪਿੰਡ 360 ਫਾਊਂਡੇਸ਼ਨ’ ਭਾਰਤ ਸਰਕਾਰ ਨਾਲ ਰਜਿਸਟਰਡ ਗ਼ੈਰ-ਸਰਕਾਰੀ ਸੰਸਥਾ ਹੈ, ਜਿਸ ਦਾ ਉਦੇਸ਼ ਪੰਜਾਬ ਦੀ ਪੇਂਡੂ ਅਬਾਦੀ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਉਦੇਸ਼ ਦੀ ਸਿਰਜਣਾ ਦਾ ਕਾਰਨ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਜਾਤ, ਧਰਮ, ਸਮਾਜਿਕ ਰੁਤਬੇ, ਉਮਰ ਤੇ ਲਿੰਗ ਦੇ ਭੇਦਭਾਵ ਤੋਂ ਬਿਨਾਂ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਹੇਠ ਲਿਖੀਆਂ ਸੇਵਾਵਾਂ ਬਿਲਕੁਲ ਮੁਫ਼ਤ ਪ੍ਰਦਾਨ ਕਰਨਾ ਹੈ। ਇਹ ਉਪਰਾਲੇ ਸਾਰੇ ਮਕਸਦ 360 ਡਿਗਰੀ ਦੇ ਕੋਣ ’ਚ ਛੇ ਭਾਗਾਂ ਰਾਹੀਂ ਪ੍ਰਾਪਤ ਕੀਤੇ ਗਏ ਹਨ ਤੇ ਕੀਤੇ ਜਾ ਵੀ ਰਹੇ ਹਨ।

ਪ੍ਰਦਾਨ ਕੀਤੀ ਜਾ ਰਹੀ ਮਾਲੀ ਸਹਾਇਤਾ
ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਮਦਦ ਕਰ ਕੇ ਤੇ ਉਨ੍ਹਾਂ ਪਰਿਵਾਰਾਂ ਦੇ ਜ਼ਰੂਰਤਮੰਦਾਂ ਅਤੇ ਦਿਵਿਆਂਗ ਮੈਂਬਰ ਨੂੰ ਪੈਨਸ਼ਨ ਦੇ ਰੂਪ ਵਿਚ ਮਾਲੀ ਸਹਾਇਤਾ ਦੇ ਕੇ ਉਨ੍ਹਾਂ ਦੇ ਜੀਵਨ ਪੱਧਰ ਵਿਚ ਸਵੈਮਾਣ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੌਰਾਨ 135 ਗ਼ਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਰੂਪ ਵਿਚ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਉਚੇਰੀ ਸਿੱਖਿਆ ਦੀ ਪ੍ਰਾਪਤੀ ਹਿੱਤ ਸਕੂਲ ਫ਼ੀਸ ਵੀ ਦਿੱਤੀ ਜਾਂਦੀ ਹੈ।
ਲਾਇਬ੍ਰੇਰੀ
ਖ਼ਾਸ ਕਰਕੇ ਪੇਂਡੂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਅਮੀਰ ਵਿਰਸੇ, ਕਦਰਾਂ-ਕੀਮਤਾਂ, ਇਤਿਹਾਸ, ਵਰਤਮਾਨ ਤੇ ਭਵਿੱਖ ਦੀ ਸਿੱਖਿਆ ਪ੍ਰਣਾਲੀ ਨਾਲ ਜੋੜਨ ਦੇ ਮਕਸਦ ਲਈ ਲਾਇਬ੍ਰੇਰੀ ਵਿਚ ਹਰ ਪ੍ਰਕਾਰ ਦੀਆਂ ਪੁਸਤਕਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਂਦੀ ਹੈ। 11 ਇਤਿਹਾਸਕ ਦਿਹਾੜਿਆਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਲਈ ਸਾਰੇ ਹੀ ਪ੍ਰਤੀਯੋਗੀਆਂ ਨੂੰ 2 ਹਫ਼ਤੇ ਪਹਿਲਾਂ ਕਿਤਾਬਾਂ ਤੇ ਸਬੰਧਿਤ ਸਮੱਗਰੀ ਲਾਇਬ੍ਰੇਰੀ ਵਿੱਚੋਂ ਪ੍ਰਦਾਨ ਕਰਵਾਈ ਜਾਂਦੀ ਹੈ। ਮੈਰਿਟ ਵਿਚ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਬਾਕੀਆਂ ਨੂੰ ਵੀ ਉਤਸ਼ਾਹਿਤ ਇਨਾਮ ਦਿੱਤੇ ਜਾਂਦੇ ਹਨ। ਲਗਪਗ 120 ਦੇ ਕਰੀਬ ਭਾਗੀਦਾਰ ਹਰ ਪ੍ਰਤੀਯੋਗਤਾ ’ਚ ਭਾਗ ਲੈਂਦੇ ਹਨ।
ਲਾਇਬ੍ਰੇਰੀ ਵਿਚ ਘਰੇਲੂ ਜ਼ਰੂਰਤ ਵਾਲੇ ਬਿਜਲਈ ਸੰਦ, ਜਿਵੇਂ ਡਰਿੱਲ ਮਸ਼ੀਨ, ਇਲੈਕਟ੍ਰਿਕ ਕਟਰ, ਪੇਚਕਸ, ਆਰੀਆਂ ਅਤੇ ਪੌੜੀਆਂ, ਛੋਟੀਆਂ ਸਪਰੇਅ ਮਸ਼ੀਨਾਂ ਅਤੇ ਹੋਰ ਸੰਦ ਆਦਿ ਵੀ ਪੇਂਡੂ ਵਰਗ ਨੂੰ ਬਿਨਾਂ ਕਿਸੇ ਕਿਰਾਏ ’ਤੇ ਵਰਤਣ ਲਈ ਮੁਹੱਈਆ ਕਰਵਾਏ ਜਾਂਦੇ ਹਨ।
ਤਕਨੀਕੀ ਸਿਖਲਾਈ ਕੋਰਸ
ਨੌਜਵਾਨਾਂ ਨੂੰ ਉੱਚੇ ਪੱਧਰ ਦੀਆਂ ਤਕਨੀਕੀ ਸਿੱਖਿਆਵਾਂ ਦੇਣਾ ਵੀ ਫਾਊਂਡੇਸ਼ਨ ਦਾ ਅਹਿਮ ਉਦੇਸ਼ ਹੈ ਤਾਂ ਜੋ ਉਨ੍ਹਾਂ ਦੀ ਆਰਥਿਕ ਸਹਾਇਤਾ ਹੋ ਸਕੇ। ਮਾਈਕ੍ਰੋਸਾਫਟ ਐਕਸੈੱਲ, ਪਾਵਰ ਪੁਆਂਇੰਟ, ਅਡੌਬੀ, ਗ੍ਰਾਫਿਕ ਡਿਜ਼ਾਈਨ, ਫੋਟੋਸ਼ਾਪ, ਕੁਇਕ ਬੁਕਸ ਅਕਾਊਂਟਿੰਗ ਜਿਹੜੀ ਅਮਰੀਕਾ, ਕੈਨੇਡਾ ਤੇ ਇੰਗਲੈਂਡ ਤੇ ਹੋਰ ਦੇਸ਼ਾਂ ’ਚ ਵਰਤੀ ਜਾਂਦੀ ਹੈ, ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੋਰਸ ਅਮਰੀਕਾ ਦੁਆਰਾ ਮਾਨਤਾ ਪ੍ਰਾਪਤ ਮਲਟੀ ਨੈਸ਼ਨਲ ਕੰਪਨੀ ਦੁਆਰਾ ਕਰਵਾਏ ਜਾਂਦੇ ਹਨ, ਇਮਤਿਹਾਨ ਲਏ ਜਾਂਦੇ ਹਨ ਤੇ ਪਾਸ ਹੋਣ ’ਤੇ ਸਬੰਧਿਤ ਅਮਰੀਕਨ ਕੰਪਨੀਆਂ ਵੱਲੋਂ ਸਰਟੀਫਿਕੇਟ ਦਿੱਤੇ ਜਾਂਦੇ ਹਨ।
ਇਨ੍ਹਾਂ ਸਿੱਖਿਅਤ ਨੌਜਵਾਨਾਂ ਨੂੰ ਅਮਰੀਕਾ ਤੋਂ ਆਈਟੀ ਦਾ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਅੱਗਿਓਂ ਇਹ ਕੰਮ ਹੋਰ ਵੀ ਜ਼ਿਆਦਾ ਮਿਲੇਗਾ ਤਾਂ ਜੋ ਪੇਂਡੂ ਨੌਜਵਾਨ ਪਿੰਡ ’ਚ ਰਹਿ ਕੇ ਹੀ ਉੱਚ ਪੱਧਰੀ ਮਿਆਰ ਨਾਲ ਆਪਣਾ ਜੀਵਨ ਬਤੀਤ ਕਰ ਸਕਣ ਤੇ ਉਨ੍ਹਾਂ ਨੂੰ ਰੁਜ਼ਗਾਰ ਦੀ ਭਾਲ ਕਈ ਪਿੰਡੋਂ ਬਾਹਰ ਕਿਧਰੇ ਦੂਰ ਨਾ ਜਾਣਾ ਪਵੇ। ਤਸੱਲੀ ਵਾਲੀ ਗੱਲ ਇਹ ਵੀ ਹੈ ਕਿ ਕੁਝ ਸਿਖਲਾਈ ਪ੍ਰਾਪਤ ਨੌਜਵਾਨਾਂ ਨੇ ਪ੍ਰਾਈਵੇਟ ਬੈਂਕਾਂ, ਹਸਪਤਾਲਾਂ ਤੇ ਸਕੂਲਾਂ ਆਦਿ ਵਿਚ ਵੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਤਮ-ਨਿਰਭਰ ਹੋ ਗਏ ਹਨ।
ਕਿੱਤਾਮੁਖੀ ਕੋਰਸ
ਕਿਸਾਨਾਂ, ਵਿਧਵਾਵਾਂ ਤੇ ਪੇਂਡੂ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਵਰਗ ਲਈ ਡੇਅਰੀ ਫਾਰਮਿੰਗ ਤੇ ਫ਼ਸਲੀ ਵਿਭਿੰਨਤਾ ਤੋਂ ਆਮਦਨ ਵਧਾਉਣ ਲਈ ਸਕੀਮਾਂ ਦਾ ਪ੍ਰਬੰਧ ਕਰਨਾ ਵੀ ਉੱਘੇ ਕਾਰਜਾਂ ’ਚ ਸ਼ਾਮਿਲ ਹੈ। ਆਧੁਨਿਕ ਡਰੈੱਸ ਡਿਜ਼ਾਇਨਿੰਗ ਕੱਪੜੇ ਸਿਊਣ ਦੀ ਸਿਖਲਾਈ, ਹੱਥ ਵਾਲੀ ਕਢਾਈ ਅਤੇ ਜੂਟ ਦਾ ਸਾਮਾਨ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਕੁਝ ਔਰਤਾਂ ਨੇ ਸਿਖਲਾਈ ਪ੍ਰਾਪਤ ਕਰ ਕੇ ਆਪਣੀਆਂ ਬੁਟੀਕਾਂ ਖੋਲ੍ਹ ਲਈਆਂ ਹਨ ਅਤੇ ਚੰਗੀ ਆਮਦਨ ਕਮਾ ਰਹੀਆਂ ਹਨ।
ਵੀਡੀਓ ਕਾਨਫਰੰਸਿੰਗ ਰੂਮ
ਸੈਂਟਰ ’ਚ ਟ੍ਰੇਨਰ ਦੇ ਆਏ ਬਗ਼ੈਰ ਕਈ ਤਰ੍ਹਾਂ ਦੀਆਂ ਆਨਲਾਈਨ ਸਿਖਲਾਈਆਂ, ਜਾਗਰੂਕਤਾ ਸੈਮੀਨਾਰ, ਗਿਆਨ ਵਧਾਊ ਪ੍ਰੋਗਰਾਮ ਅਤੇ ਸਿਹਤ ਬਾਬਤ ਸੈਮੀਨਾਰਾਂ ਦਾ ਵੀਡੀਓ ਕਾਨਫਰੰਸ ਰਾਹੀਂ ਮਾਹਿਰਾਂ ਨੂੰ ਬੁਲਾ ਕੇ ਪ੍ਰਸਾਰਨ ਕੀਤਾ ਜਾਂਦਾ ਹੈ। ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ, ਕਰੀਅਰ ਕਾਊਂਸਲਿੰਗ, ਸਰਕਾਰੀ ਸਕੀਮਾਂ ਸਬੰਧੀ ਜਾਗਰੂਕਤਾ, ਖੇਤੀ ਮਾਹਿਰਾਂ ਦੇ ਸੈਮੀਨਾਰ ਅਤੇ ਅਮਰੀਕਾ ਵਿਚ ਬੈਠੇ ਮਾਹਿਰ ਪਰਵਾਸੀ ਭਾਰਤੀ ਡਾਕਟਰਾਂ ਦੁਆਰਾ ਮੁਫ਼ਤ ਜਾਂਚ ਦੇ ਪ੍ਰੋਗਰਾਮ ਸਿੱਖਿਅਤ ਨਰਸ ਦੀ ਹਾਜ਼ਰੀ ’ਚ ਚਲਾਏ ਜਾਂਦੇ ਹਨ।
ਕਾਮਨ ਸਰਵਿਸ ਸੇਵਾਵਾਂ
ਜਿਨ੍ਹਾਂ ਕਾਮਨ ਸਰਵਿਸ ਸੇਵਾਵਾਂ ਲਈ ਪੇਂਡੂ ਵਰਗ ਨੂੰ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ, ਉਸ ਲਈ ਪਿੰਡ ’ਚ ਹੀ ਇਨ੍ਹਾਂ ਸੇਵਾਵਾਂ ਜਿਵੇਂ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਉਦਮਯ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਦੇ ਕੰਮ, ਈ ਸ਼੍ਰਮ ਕਾਰਡ, ਪੀਸੀਸੀ, ਕਿਸਾਨ ਨਿਧੀ ਯੋਜਨਾ, ਯੂਟਾਈਡੀ ਕਾਰਡ ਤੇ ਹੋਰ ਸਰਕਾਰੀ ਸਕੀਮਾਂ ਸਰਕਾਰੀ ਫ਼ੀਸ ਲੈ ਕੇ ਆਨਲਾਈਨ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੇਵਾ ਕੇਂਦਰਾਂ ਦੇ ਸਾਰੇ ਹੀ ਫਾਰਮ ਮੁਫ਼ਤ ਭਰੇ ਜਾਂਦੇ ਹਨ। ਵਿਦਿਆਰਥੀਆਂ ਦੇ ਹਰ ਪ੍ਰਕਾਰ ਦੇ ਆਨਲਾਈਨ ਫਾਰਮ ਮੁਫ਼ਤ ਭਰੇ ਜਾਂਦੇ ਹਨ। ਪਾਸਪੋਰਟ ਸਾਇਜ਼ ਫੋਟੋਆਂ ਮੁਫ਼ਤ ਕੀਤੀਆਂ ਜਾਂਦੀਆਂ ਹਨ। ਕਲਰ ਪ੍ਰਿੰਟ ਤੇ ਫੋਟੋ ਕਾਪੀਆਂ ਮੁਫ਼ਤ ਕੀਤੀਆਂ ਜਾਂਦੀਆਂ ਹਨ।
ਬਹੁਤ ਸੁਭਾਗੀ ਗੱਲ ਹੈ ਕਿ ਹਜ਼ਾਰਾਂ ਹੀ ਪੇਂਡੂ ਨੌਜਵਾਨ ਤੇ ਪੇਂਡੂ ਵਰਗ ਦੇ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਮੁਫ਼ਤ ਲੈ ਰਹੇ ਹਨ। ਨਿਰਸੰਦੇਹ ‘ਮੇਰਾ ਪਿੰਡ 360 ਫਾਊਂਡੇਸ਼ਨ’ ਤਹਿ ਦਿਲੋਂ ਸਲਾਹੁਣਯੋਗ ਪਰਉਪਕਾਰੀ ਕਾਰਜ ਕਰ ਰਹੀ ਹੈ। ਸਾਡਾ ਪੂਰਾ ਵਿਸ਼ਵਾਸ ਹੈ ਇਸ ਫਾਊਂਡੇਸ਼ਨ ਨਾਲ ਸਰਦਾਰ ਭੁਪਿੰਦਰ ਸਿੰਘ ਹੁੰਦਲ (ਅਮਰੀਕਾ) ਤੇ ਐੱਮਐੱਲ ਗਰਗ (ਅਮਰੀਕਾ) ਵਰਗੇ ਦਰਿਆਵਾਂ ਵਰਗੇ ਖੁੱਲ੍ਹੇ ਦਿਲਾਂ ਦੇ ਮਾਲਕ ਪੰਜਾਬ ਤੇ ਪੰਜਾਬੀਅਤ ਦੀ ਸਰਬਪੱਖੀ ਭਲਾਈ ਲਈ ਹੋਰ ਵੀ ਸੱਜਣ ਆਉਣ ਵਾਲੇ ਦਿਨਾਂ ਵਿਚ ਜੁੜਨਗੇ ਤੇ ਇਕ ਦਿਨ ‘ਮੇਰਾ ਪਿੰਡ 360 ਫਾਊਂਡੇਸ਼ਨ’ ਆਪਣੀ ਮਿਸਾਲ ਆਪ ਬਣੇਗੀ।
- ਹਰਮੀਤ ਸਿੰਘ ਅਟਵਾਲ