ਆਪਣੀਆਂ ਕਮੀਆਂ ਕਾਰਨ ਅੱਜ ਮਨੁੱਖ ਧਰਤੀ ਨੂੰ ਹੱਦ ਦਰਜੇ ਤਕ ਪ੍ਰਦੂਸ਼ਿਤ ਕਰ ਚੁੱਕਾ ਹੈ। ਇਹੀ ਕਾਰਨ ਹੈ ਕਿ ਅੱਜ ਮਨੁੱਖ ਨੂੰ ਦੂਸਰੇ ਗ੍ਰਹਿਆਂ 'ਤੇ ਜ਼ਿੰਦਗੀ ਦੇ ਅਵਸ਼ੇਸ਼ ਲੱਭਣ ਲਈ ਅਰਬਾਂ ਡਾਲਰ ਖ਼ਰਚ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਗ੍ਰਹਿਆਂ 'ਤੇ ਮਨੁੱਖ ਦੇ ਜਿਊਂਣ ਦੀਆਂ ਸੰਭਾਵਨਾਵਾਂ ਲੱਭੀਆਂ ਜਾ ਸਕਣ। ਇਸ ਦੇ ਨਾਲ ਹੀ ਕੁਦਰਤ ਵੱਲੋਂ ਜਿਸ ਧਰਤੀ 'ਤੇ ਮਨੁੱਖੀ ਜੀਵਨ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ ਪਰ ਮਨੁੱਖ ਖਰਬਾਂ ਡਾਲਰ ਬਰਬਾਦ ਕਰਦਿਆਂ ਉਸ ਧਰਤੀ ਨੂੰ ਮਨੁੱਖੀ ਜੀਵਨ ਦੇ ਰਹਿਣ ਲਈ ਅਯੋਗ ਬਣਾ ਰਿਹਾ ਹੈ। ਇਨਸਾਨ ਕੁਦਰਤ ਤੇ ਕੁਦਰਤੀ ਵਾਤਾਵਰਨ ਨਾਲ ਖਿਲਵਾੜ ਕਰ ਰਿਹਾ ਹੈ। ਇਹ ਕਿਸ ਤਰ੍ਹਾਂ ਦੀ ਵਿਗਿਆਨਕ ਤਰੱਕੀ ਹੈ ਜਿਸ ਨਾਲ ਕਰੋੜਾਂ ਸਾਲਾਂ ਤੋਂ ਧਰਤੀ 'ਤੇ ਬਹੁਤ ਚੰਗੇ ਤਰੀਕੇ ਨਾਲ ਰਹਿ ਰਿਹਾ ਮਨੁੱਖ ਅੱਜ ਅਨੇਕਾਂ ਸਮੱਸਿਆਵਾਂ 'ਚ ਘਿਰਦਾ ਜਾ ਰਿਹਾ ਹੈ। ਮਨੁੱਖੀ ਅਣਗਹਿਲੀ ਕਾਰਨ ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤਕ ਹੇਠਾਂ ਚਲਾ ਗਿਆ ਹੈ ਅਤੇ ਜ਼ਮੀਨ ਬੰਜਰ ਹੋਣ ਕੰਢੇ ਪਹੁੰਚ ਗਈ ਹੈ।

ਬਿਮਾਰੀਆਂ ਦੀ ਵਧੀ ਗ੍ਰਿਫ਼ਤ

ਮਨੁੱਖ ਵੱਲੋਂ ਤਿਆਰ ਕੀਤੇ ਗਏ ਮਾਰੂ ਹਥਿਆਰਾਂ, ਪਰਮਾਣੂ ਬੰਬ, ਹਾਈਡ੍ਰੋਜਨ ਬੰਬ ਆਦਿ ਨਾਲ ਧਰਤੀ ਵਿਚਲੇ ਮਿੱਟੀ ਦੇ ਕਣ, ਪਾਣੀ ਆਦਿ ਹੱਦ ਦਰਜੇ ਤਕ ਪ੍ਰਦੂਸ਼ਿਤ ਹੋ ਗਏ ਹਨ।ਇਸੇ ਤਰ੍ਹਾਂ ਫ਼ਸਲਾਂ ਤੋਂ ਵੱਧ ਪੈਦਾਵਾਰ ਲੈਣ ਲਈ ਉਨ੍ਹਾਂ ਉੱਪਰ ਹਜ਼ਾਰਾਂ ਪ੍ਰਕਾਰ ਦੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਇਹ ਕੀਟਨਾਸ਼ਕ ਵੱਖ-ਵੱਖ ਤਰ੍ਹਾਂ ਦੇ ਜ਼ਹਿਰ ਹੀ ਹਨ, ਜਿਨ੍ਹਾਂ ਨੂੰ ਖਾਣ ਨਾਲ ਮਨੁੱਖ ਦੀ ਰੋਗ ਟਾਕਰਾ ਪ੍ਰਣਾਲੀ (ਇਮਿਊਨ ਸਿਸਟਮ) ਦੀ ਸਮਰਥਾ ਘੱਟ ਜਾਂਦੀ ਹੈ ਅਤੇ ਨਤੀਜਨ ਮਨੁੱਖ ਨਿੱਤ ਨਵੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਿਹਾ ਹੈ। ਇਨ੍ਹਾਂ ਵਿਚ ਕੈਂਸਰ, ਕਾਲਾ ਪੀਲੀਆ, ਏਡਜ਼ ਆਦਿ ਕਈ ਬਿਮਾਰੀਆਂ ਤਾਂ ਅਜਿਹੀਆਂ ਹਨ ਹਨ, ਜਿਨ੍ਹਾਂ ਦਾ ਸੌ ਫ਼ੀਸਦੀ ਇਲਾਜ ਸੰਭਵ ਹੀ ਨਹੀਂ ਹੈ। ਹਵਾ ਦਾ ਪ੍ਰਦੂਸ਼ਣ ਇਸ ਹੱਦ ਤਕ ਵੱਧ ਗਿਆ ਹੈ ਕਿ ਸਾਹ ਲੈਣਾ ਔਖਾ ਹੋ ਗਿਆ ਹੈ, ਜਿਸ ਕਾਰਨ ਸਾਹ ਅਤੇ ਫੇਫੜਿਆਂ ਦੀਆਂ ਅਨੇਕਾਂ ਬਿਮਾਰੀਆਂ ਮਨੁੱਖ ਖ਼ੁਦ ਨੂੰ ਲਗਾ ਰਿਹਾ ਹੈ। ਕਈ ਮਹਾਨਗਰਾਂ ਵਿਚ ਟ੍ਰੈਫ਼ਿਕ ਇਸ ਹੱਦ ਤਕ ਵੱਧ ਗਈ ਹੈ ਕਿ ਆਉਂਦਿਆਂ-ਜਾਂਦਿਆਂ ਸਾਹ ਘੁੱਟਣ ਲੱਗਦਾ ਹੈ। ਇਹ ਕਿਹੋ ਜਿਹੀਆਂ ਸੁੱਖ-ਸਹੂਲਤਾਂ ਹਨ? ਜਿਨ੍ਹਾਂ ਕਾਰਨ ਕੁਦਰਤ ਦੀ ਪ੍ਰਣਾਲੀ ਨੇ ਹੀ ਆਪਣਾ ਸੰਤੁਲਨ ਗਵਾ ਦਿੱਤਾ ਹੈ ਤੇ ਸਮੁੱਚੀ ਮਨੁੱਖਤਾ ਖ਼ਤਰਾ ਮਹਿਸੂਸ ਕਰਨ ਲੱਗੀ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਵਿਕਸਤ ਦੇਸ਼ ਆਪਣੇ ਰਹਿਣ ਲਈ ਧਰਤੀ ਦੀ ਥਾਂ ਦੂਜੇ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਲੱਭਣ ਲੱਗ ਪਏ ਹਨ।

ਗ਼ਲਤੀਆਂ ਸੁਧਾਰਨ ਦੀ ਲੋੜ

ਅਜੋਕੇ ਸਮੇਂ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਉਨ੍ਹਾਂ ਸਭ ਕਾਰਨਾਂ ਦੀ ਪੜਚੋਲ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇ, ਜਿਨ੍ਹਾਂ ਨਾਲ ਕੁਦਰਤ ਆਪਣਾ ਸੰਤੁਲਨ ਕਾਇਮ ਰੱਖਣ 'ਚ ਅਸਮਰੱਥ ਨਜ਼ਰ ਆਉਣ ਲੱਗੀ ਹੈ। ਧਰਤੀ ਜੋ ਮਨੁੱਖ ਦੇ ਰਹਿਣ ਲਈ ਸਭ ਤੋਂ ਚੰਗੀ ਜਗ੍ਹਾ ਹੈ ਅਤੇ ਧਰਤੀ ਦੇ ਨਾਲ-ਨਾਲ ਇਸ ਦੇ ਵਾਤਾਵਰਨ ਨੂੰ ਅਣਸੁਖਾਵਾਂ ਬਣਾਉਣ ਵਾਲੇ ਕਾਰਨਾਂ ਨੂੰ ਦੂਰ ਕਰ ਕੇ ਹੀ ਇਸ ਨੂੰ ਠੀਕ ਰੱਖਿਆ ਜਾ ਸਕਦਾ ਹੈ।

ਪਰਮਾਤਮਾ ਨੇ ਮਨੁੱਖ ਨੂੰ ਸਮੁੱਚੀ ਸ੍ਰਿਸ਼ਟੀ ਦਾ ਨੇਤਾ/ਖ਼ਲੀਫ਼ਾ ਬਣਾ ਕੇ ਪੈਦਾ ਕੀਤਾ ਹੈ ਅਤੇ ਮਨੁੱਖ ਨੂੰ 'ਅਸ਼ਰਾ-ਫੁਲ ਮਖਲੂਕ' ਜਾਂ 'ਸਭ ਤੋਂ ਉੱਤਮ ਜੀਵ' ਕਿਹਾ ਗਿਆ ਹੈ। ਅੱਜ ਉਹੀ ਮਨੁੱਖ ਰੱਬ ਦੀ ਰਚਨਾ, ਭਾਵ ਕੁਦਰਤ ਨਾਲ ਛੇੜਛਾੜ ਕਰ ਕੇ ਧਰਤੀ ਨੂੰ ਨਾ ਰਹਿਣ ਯੋਗ ਬਣਾਉਣ 'ਤੇ ਤੁਲਿਆ ਹੋਇਆ ਹੈ। ਰੋਗ ਰਹਿਤ ਤੇ ਚੰਗਾ ਜੀਵਨ ਜਿਊਂਣ ਲਈ ਇਹ ਜ਼ਰੂਰੀ ਨਹੀਂ ਕਿ ਖਰਬਾਂ ਡਾਲਰ ਖ਼ਰਚ ਕਰ ਕੇ ਦੂਸਰੇ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਲੱਭੀਆਂ ਜਾਣ, ਸਗੋਂ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੀਏ ਅਤੇ ਇਨ੍ਹਾਂ ਗ਼ਲਤੀਆਂ ਦਾ ਦੋਸ਼ ਇਕ-ਦੂਜੇ ਸਿਰ ਮੜ੍ਹਨ ਦੀ ਥਾਂ ਇਨ੍ਹਾਂ ਵਿਚ ਸੁਧਾਰ ਲਿਆਉਣ ਦੇ ਯਤਨ ਕਰੀਏ।

ਨਾਰਵੇ ਦੀ ਵੱਡੀ ਪਹਿਲਕਦਮੀ

ਨਾਰਵੇ ਦੀ ਸੱਤਾਧਾਰੀ ਤੇ ਵਿਰੋਧੀ ਪਾਰਟੀ, ਦੋਵਾਂ ਨੇ ਇਕਮੱਤ ਹੋ ਕੇ ਦੇਸ਼ ਅਤੇ ਮਨੁੱਖਤਾ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਨੂੰ 2025 ਤਕ ਪੂਰੀ ਤਰ੍ਹਾਂ ਨਾਲ ਨਾਰਵੇ ਦੀਆਂ ਸੜਕਾਂ ਤੋਂ ਹਟਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਨਾਰਵੇ ਸਰਕਾਰ ਵੱਲੋਂ ਜੰਗਲਾਂ ਦੀ ਕਟਾਈ ਨਾ ਕੀਤੇ ਜਾਣ ਦਾ ਫ਼ੈਸਲਾ ਵੀ ਲਿਆ ਗਿਆ ਹੈ।

ਇੱਥੇ ਇਹ ਗੱਲ ਵੀ ਉਚੇਚੇ ਤੌਰ 'ਤੇ ਵਰਨਣਯੋਗ ਹੈ ਕਿ ਨਾਰਵੇ ਦੁਨੀਆ ਭਰ 'ਚ ਜੰਗਲਾਂ ਦੀ ਹਿਫ਼ਾਜ਼ਤ ਦੀਆਂ ਯੋਜਨਾਵਾਂ ਲਈ ਧਨ ਮੁਹੱਈਆ ਕਰਵਾਉਣ ਵਾਲਾ ਮੋਹਰੀ ਦੇਸ਼ ਹੈ ਅਤੇ ਜੰਗਲੀ ਭਾਈਚਾਰੇ ਲਈ ਮਨੁੱਖੀ ਅਧਿਕਾਰ ਪ੍ਰੋਗਰਾਮਾਂ ਦਾ ਵੀ ਸਮਰਥਕ ਹੈ। ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਸਾਰੀਆਂ ਕਾਰਾਂ ਆਉਣ ਵਾਲੇ ਸਮੇਂ ਦੌਰਾਨ ਨਾਰਵੇ ਵਿਚ ਪ੍ਰਦੂਸ਼ਣ ਰਹਿਤ ਊਰਜਾ (ਗ੍ਰੀਨ-ਐਨਰਜੀ) ਨਾਲ ਚਲਾਈਆਂ ਜਾਣਗੀਆਂ।

ਜੇ ਨਾਰਵੇ ਵਿਚ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਨਾਰਵੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਭ ਤੋਂ ਅਹਿਮ ਕਦਮ ਚੁੱਕਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਨੇਕ ਨਿਯਤੀ ਤੇ ਸੱਚੇ ਦਿਲ ਨਾਲ ਪ੍ਰਦੂਸ਼ਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਧਰਤੀ ਨੂੰ ਮੁੜ ਕੁਦਰਤੀ ਨਜ਼ਾਰਿਆਂ ਵਾਲਾ ਸਵਰਗ ਬਣਾਇਆ ਜਾ ਸਕੇ ਕਿਉਂਕਿ ਧਰਤੀ 'ਤੇ ਕੁਦਰਤ ਨੇ ਮਨੁੱਖ ਨੂੰ ਜੋ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਹ ਹੋਰ ਕਿਸੇ ਵੀ ਗ੍ਰਹਿ 'ਤੇ ਨਹੀ ਮਿਲ ਸਕਦੀਆਂ।

- ਮੁਹੰਮਦ ਬਸ਼ੀਰ

94171-58300

Posted By: Harjinder Sodhi