ਕਈ ਵਾਰੀ ਕੁਝ ਸ਼ਬਦ ਬਹੁਤ ਲੰਮੇ ਸਮੇਂ ਤੋਂ ਮਨ ਵਿਚ ਰਹਿ ਆਪਣੇ ਅਰਥਾਂ ਦੀ ਭਾਲ ਵਿਚ ਯਾਤਰਾ-ਦਰ-ਯਾਤਰਾ ਕਰਦੇ ਰਹਿੰਦੇ ਹਨ। ਉਸ ਤਰ੍ਹਾਂ ਹੀ ਸਾਡੇ ਸਾਰਿਆਂ ਲਈ ਇਹ ਸ਼ਬਦ ਭਾਵੇਂ ਬਹੁਤ ਹੀ ਆਮ ਜਾਪਦਾ ਹੋਵੇ ਪਰ ਅਸਲ ਵਿਚ ਇਹ ਬਹੁਤ ਹੀ ਖ਼ਾਸ ਸ਼ਬਦ ਹੈ। ਅਸੀਂ ਸਾਰੇ ਦਿਨ ਵਿਚ ਇਕ-ਅਧ ਜਾਂ ਕਈ ਵਾਰੀ ਉਸ ਤੋਂ ਵੀ ਵੱਧ ਵਾਰ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ ਹਾਂ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਸ਼ਬਦ ਨੂੰ ਸਮਝਣ ਅਤੇ ਕਹਿਣ ਵਿਚ ਕਈ ਵਰ੍ਹੇ ਬੀਤ ਜਾਂਦੇ ਹਨ। ਬਹੁਤੀ ਵਾਰ ਉਸ ਸ਼ਬਦ ਦਾ ਤੁਰੰਤ ਅਹਿਸਾਸ ਜ਼ਿੰਦਗੀ ਵਿਚ ਖ਼ੁਸ਼ੀਆਂ ਲੈ ਆਉਂਦਾ ਹੈ ਅਤੇ ਕਦੇ-ਕਦੇ ਉਸ ਸ਼ਬਦ ਦੇ ਅਹਿਸਾਸ ਨੂੰ ਕਬੂਲ ਕਰਨ ਅਤੇ ਬੋਲਣ ਵਿਚ ਇਕ ਉਮਰ ਵੀ ਘੱਟ ਪੈ ਜਾਂਦੀ ਹੈ। ਉਂਝ ਤਾਂ ਸਾਡੀ ਜ਼ਿੰਦਗੀ ਵਿਚ ਹਰ ਇਕ ਸ਼ਬਦ ਦਾ ਆਪਣਾ ਇਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ ਪਰ ਇਹ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰਥਾ ਰੱਖਦਾ ਹੈ।

ਜੇ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਨਿਰੋਲ ਸ਼ਬਦ ਜ਼ਿੰਦਗੀ ਦੇ ਅਹਿਸਾਸਾਂ ਨੂੰ ਬਦਲ ਕੇ ਨਵੀਨ ਤਾਜ਼ਗੀ ਪ੍ਰਦਾਨ ਕਰ ਸਕਦਾ ਹੈ। ਅਸਲ ਵਿਚ ਇਹ ਸ਼ਬਦ ਮਾਫ਼ੀ, ਖ਼ਿਮਾ ਜਾਂ ਸੌਰੀ ਕਹਿਣਾ ਹੈ। ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ 'ਸ਼ਬਦ' ਸਿਰਫ਼ 'ਸ਼ਬਦ' ਨਹੀਂ ਬਲਕਿ ਸੰਵੇਦਨਾ, ਭਾਵ ਅਤੇ ਅਹਿਸਾਸ ਹੈ ਜੋ ਕਿਸੇ ਇਕ ਮਨ ਤੋਂ ਦੂਜੇ ਮਨ ਤਕ ਪਹੁੰਚ ਕਰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਇਕ ਤਰ੍ਹਾਂ ਦਾ ਸੰਕਲਪ ਹੈ, ਜੋ ਵਿਅਕਤੀ ਜੀਵਨ ਵਿਚ ਬਦਲਾਓ ਲਿਆਉਣ ਦੇ ਨਾਲ-ਨਾਲ ਵਿਅਕਤਿਤਵ ਨਿਰਮਾਣ ਵਿਚ ਸਹਾਇਕ ਹੁੰਦਾ ਹੈ। ਮਾਫ਼ੀ ਮੰਗਣ ਨਾਲ ਵਿਅਕਤੀ ਅੰਦਰ ਨੈਤਿਕ ਮੁੱਲਾਂ ਦਾ ਵਿਕਾਸ ਸੰਭਵ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਪਿਆਰ ਦਾ ਇਜ਼ਹਾਰ ਕਰਨ ਲਈ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤਰ੍ਹਾਂ ਹੀ ਇਹ ਸ਼ਬਦ 'ਮਾਫ਼ੀ' ਵੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਨੂੰ ਵੱਖਰੇ ਢੰਗ ਨਾਲ ਬਿਆਨ ਕਰਦਾ ਹੈ। ਮਾਫ਼ੀ ਸ਼ਬਦ ਦਿਮਾਗ਼ ਤੋਂ ਦਿਲ ਤਕ ਦਾ ਸਫ਼ਰ ਤੈਅ ਕਰਦਾ-ਕਰਦਾ ਰੂਹ ਨੂੰ ਸਕੂਨ ਪ੍ਰਦਾਨ ਕਰਦਾ ਹੈ। ਅਜਿਹਾ ਸਕੂਨ ਜੋ ਉਸ ਪਰਮਾਤਮਾ ਦੀ ਭਗਤੀ ਕਰਨ ਅਤੇ ਉਸ ਦੀ ਪ੍ਰਾਪਤੀ ਵੱਲ ਦੇ ਰਾਹ 'ਤੇ ਤੁਰਦਿਆਂ ਪ੍ਰਾਪਤ ਹੁੰਦਾ ਹੈ।

ਮਾਫ਼ੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮੰਗਣ ਵਾਲਾ ਵਿਅਕਤੀ ਤਾਂ ਮਹਾਨ ਲੋਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੀ ਹੈ, ਬਲਕਿ ਮਾਫ਼ੀ ਦੇਣ ਵਾਲੇ ਵਿਅਕਤੀ ਨੂੰ ਕਈ ਵਾਰੀ ਰੱਬ ਵਰਗਾ ਦਰਜਾ ਦੇ ਦਿੱਤਾ ਜਾਂਦਾ ਹੈ। ਮਾਫ਼ੀ ਜਾਂ ਖ਼ਿਮਾਂ ਅਜਿਹਾ ਅੰਦਰੂਨੀ ਅਹਿਸਾਸ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਤਪ, ਜਪ ਜਾਂ ਸਰੀਰਕ ਪੀੜਾਂ ਤੋਂ ਗੁਜ਼ਰਨਾ ਨਹੀਂ ਪੈਂਦਾ ਸਗੋਂ ਇਹ ਤਾਂ ਦਿਲੋਂ ਨਿਕਲਿਆ ਅਜਿਹਾ ਅਹਿਸਾਸ ਜਾਂ ਭਾਵ ਹੈ ਜਿਸ ਅੰਦਰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ। ਇਹ ਸ਼ਕਤੀ ਸਕਾਰਾਤਮਕ ਵਿਹਾਰ ਨੂੰ ਵਧਾਉਂਦੀ ਹੈ।

ਅਸੀਂ ਆਮ ਤੌਰ 'ਤੇ ਪਿਆਰ ਨੂੰ ਕਈ ਰੰਗਾਂ ਨਾਲ ਪ੍ਰਭਾਸ਼ਿਤ ਕਰਦੇ ਹਾਂ ਜੇ ਇਸ ਪੱਖੋਂ ਵਿਚਾਰਿਆ ਜਾਵੇ ਤਾਂ ਮਾਫ਼ੀ ਦਾ ਰੰਗ ਜ਼ਰੂਰ ਪਾਣੀ ਵਰਗਾ ਨਿਰਛਲ ਅਤੇ ਨਿਰਮਲ ਹੋਣਾ ਹੈ, ਕਿਉਂਕਿ ਇਹ ਰੰਗ ਤਾਂ ਉਸ ਨੂੰ ਬੋਲਣ ਵਾਲੇ ਦੇ ਅੰਦੂਰਨੀ ਅਹਿਸਾਸਾਂ 'ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਅਗਰ ਮਾਫ਼ੀ ਸ਼ਬਦ ਦਾ ਪ੍ਰਯੋਗ ਸਮੇਂ ਸਿਰ ਕਰ ਲਿਆ ਜਾਵੇ ਤਾਂ ਇਸ ਦੇ ਅਰਥ ਹਨ ਅਤੇ ਜੇ ਇਸ ਨੂੰ ਮੰਗਣ ਵਿਚ ਦੇਰ ਕਰ ਦਿੱਤੀ ਜਾਵੇ ਤਾਂ ਕਈ ਵਾਰੀ ਇਹ ਬੇਅਰਥ ਵੀ ਹੋ ਜਾਂਦੇ ਹਨ। ਇਸ ਬਾਰੇ ਇਕ ਖ਼ਾਸ ਗੱਲ ਧਿਆਨ ਦੀ ਮੰਗ ਕਰਦੀ ਹੈ ਕਿ ਮਾਫ਼ੀ ਨੂੰ ਬੋਲਣ ਜਾਂ ਸਵੀਕਾਰਨ ਵਾਲੇ ਦੀ ਕੋਈ ਉਮਰ, ਸ਼੍ਰੇਣੀ, ਦੌਰ, ਦਰਜਾ ਜਾਂ ਧਰਮ ਨਹੀਂ ਹੁੰਦਾ, ਬਲਕਿ ਇਸ ਨੂੰ ਬੋਲਣ ਵਾਲੇ ਦਾ ਅਹਿਸਾਸ ਜਨਮਾਂ ਤਕ ਵਿਅਕਤੀਗਤ ਮਨ 'ਤੇ ਡੂੰਘਾ ਪ੍ਰਭਾਵ ਛੱਡ ਜਾਂਦਾ ਹੈ। ਗੁਰੂਆਂ, ਪੀਰਾਂ ਪੈਗੰਬਰਾਂ ਨੇ ਵੀ ਕਿਹਾ ਹੈ ਕਿ ਜੋ ਵਿਅਕਤੀ ਆਪਣੇ ਕੀਤੇ-ਅਣਕੀਤੇ ਕਰਮਾਂ ਨੂੰ ਸਵੀਕਾਰਦਾ ਮਾਫ਼ੀ ਮੰਗਦਾ ਜਾਂ ਆਪਣੀ ਗ਼ਲਤੀ ਦਾ ਅਹਿਸਾਸ ਪ੍ਰਗਟਾਉਂਦਾ ਹੈ ਤਾਂ ਉਸ 'ਤੇ ਰੱਬ ਆਪ ਆਪਣੀ ਮਿਹਰ ਭਰਿਆ ਹੱਥ ਰੱਖਦਾ ਹੈ। ਮਾਫ਼ੀ ਨੂੰ ਸੁਲਝਾ ਦਾ ਪ੍ਰਤੀਉੱਤਰ ਵੀ ਕਿਹਾ ਜਾ ਸਕਦਾ ਹੈ, ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਜਾਂ ਲੜਾਈ ਦਾ ਜਦੋਂ ਹੱਲ ਨਾ ਲੱਭ ਰਿਹਾ ਹੋਵੇ ਤਾਂ ਉਸ ਸਮੇਂ ਇਹ ਇਕ ਸ਼ਬਦ ਕਈ ਸਮੁੱਚੀਆਂ ਸਮੱਸਿਆਵਾਂ ਦਾ ਇਕ ਮਾਤਰ ਸੁਲਝਾ ਬਣ ਜਾਂਦਾ ਹੈ। ਮਾਫ਼ੀ ਦਾ ਇਜ਼ਹਾਰ ਕਰਨ ਲਈ ਕੋਈ ਵੀ ਰਾਹ ਭਾਵੇਂ ਮੌਖਿਕ ਜਾਂ ਲਿਖਿਤ ਹੋਏ ਜਾਇਜ਼ ਹੋ ਸਕਦਾ ਹੈ। ਇਜ਼ਹਾਰੇ ਬਿਆਨ ਕੁਝ ਵੀ ਹੋਵੇ ਬਸ ਇਸ ਨੂੰ ਬੋਲਣ ਵਾਲੇ ਦੇ ਭਾਵ ਸ਼ੁੱਧ ਹੋਣੇ ਚਾਹੀਦੇ ਹਨ। ਜੇ ਮਾਫ਼ੀ ਮੰਗਣ ਵਾਲਾ ਮਾਫ਼ੀ ਨੂੰ ਪ੍ਰਾਪਤ ਕਰਨ ਤੋਂ ਬਾਅਦ, ਸ਼ੁਕਰੀਆ ਜਾਂ ਧੰਨਵਾਦ ਕਰਦਾ ਹੈ ਤਾਂ ਮਾਫ਼ੀ ਦੇ ਮਾਇਨੇ ਹੋਰ ਜ਼ਿਆਦਾ ਵੱਧ ਜਾਂਦੇ ਹਨ। ਕਈ ਵਾਰੀ ਇਨ੍ਹਾਂ ਸ਼ਬਦਾਂ ਨੂੰ ਬੋਲਣ ਵਾਲਾ ਭਾਵ ਰਹਿਤ ਹੁੰਦਾ ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਨਹੀਂ ਮੰਨਦਾ ਸਗੋਂ ਇਕ ਜਬਰਨ ਪੈਦਾ ਹੋਇਆ ਅਹਿਸਾਸ ਮੰਨਦਾ ਹੈ।

ਅਜਿਹੇ ਵੇਲੇ ਮਾਫ਼ੀ ਦੇ ਅਰਥ-ਬੇਅਰਥ ਹੋ ਜਾਂਦੇ ਹਨ। ਜਿਵੇਂ ਕਿ ਅਗਰ ਕੋਈ ਬੱਚਾ ਆਪਣੇ ਮਾਂ-ਪਿਉ ਕੋਲੋਂ ਸਿਰਫ਼ ਡਰ ਦੇ ਭਾਵ ਵਿਚ ਆ ਕੇ ਉਪਰੀ ਮਨੋਂ ਮਾਫ਼ੀ ਮੰਗਦਾ ਹੈ ਤੇ ਅਸਲ ਵਿਚ ਉਸ ਨੂੰ ਆਪਣੀ ਗ਼ਲਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ ਤਾਂ ਅਜਿਹੇ ਵੇਲੇ ਮਾਫ਼ੀ ਦੇ ਮਾਇਨੇ ਅਰਥਹੀਣ ਹੁੰਦੇ ਹਨ।

ਸੋ, ਚਲੋ ਸਾਰੇ ਆਪਣੀ ਹਉਮੈ ਨੂੰ ਤਿਆਗ ਸੱਚੇ ਦਿਲੋਂ ਸਭ ਤੋਂ ਪਹਿਲਾ ਆਪਣੇ-ਆਪ ਤੋਂ ਮਾਫ਼ੀ ਮੰਗਦੇ ਤਾਂ ਜੋ ਅਗਰ ਕੋਈ ਮਨੁੱਖ ਆਪਣੇ ਆਪ ਨੂੰ ਮਾਫ਼ ਕਰ ਸਕਦਾ ਹੈ, ਉਹ ਦੁਨੀਆ ਦੇ ਹਰ ਵਿਅਕਤੀ ਨੂੰ ਮਾਫ਼ ਕਰਨ ਦੀ ਸਮਰਥਾ ਰੱਖਦਾ ਹੈ। ਉਸ ਨੂੰ ਕੋਈ ਵੀ ਗੱਲ ਇੰਨੀ ਵੱਡੀ ਨਹੀਂ ਜਾਪਦੀ ਜਿਸ ਨੂੰ ਮਾਫ਼ੀ ਰਾਹੀਂ ਖ਼ਤਮ ਨਾ ਕੀਤਾ ਜਾ ਸਕਦਾ ਹੋਵੇ। ਉਸ ਤੋਂ ਬਾਅਦ ਉਸ ਵਿਅਕਤੀ ਕੋਲੋਂ ਮਾਫ਼ੀ ਮੰਗਣ ਵਿਚ ਬਿਲਕੁਲ ਨਾ ਝਿਜਕੋ ਜਿਸ ਨੂੰ ਤੁਸੀਂ ਕਈ ਦਿਨਾਂ ਜਾਂ ਮਹੀਨਿਆਂ ਤੋਂ ਮਾਫ਼ੀ ਨਹੀਂ ਮੰਗੀ ਜਾਂ ਦਿੱਤੀ ਹੈ। ਇਸ ਲਈ ਮਾਫ਼ੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ ਸਗੋਂ ਇਸ ਨੂੰ ਸੰਕਲਪ ਦੀ ਤਰ੍ਹਾਂ ਜੀਵਨ ਵਿਚ ਸ਼ਾਮਿਲ ਕਰ ਨੈਤਿਕ ਕਾਰਜ ਦੀ ਤਰਫ਼ ਇਕ ਕਦਮ ਚੁੱਕਣਾ ਚਾਹੀਦਾ ਹੈ।

- ਡਾ. ਮਨੀਸ਼ਾ ਬੱਤਰਾ

98912-71517

Posted By: Harjinder Sodhi