ਜਿੱਥੇ ਵਿਅਕਤੀਗਤ ਜ਼ਿੰਦਗੀ ਦੀ ਮੁਨਿਆਦ ਘੱਟ ਰਹੀ ਹੈ, ਉੱਥੇ ਦੁਨਿਆਵੀ ਰਿਸ਼ਤਿਆਂ ਦੀ ਬੁਨਿਆਦ ਵੀ ਕਮਜ਼ੋਰ ਹੋ ਰਹੀ ਹੈ। ਇਹ ਗੱਲ ਅੱਖੋਂ ਓਹਲੇ ਨਹੀਂ। ਨਿੱਤ ਦਿਨ ਅਖ਼ਬਾਰਾਂ 'ਚ ਛਪਦੀਆਂ ਖ਼ਬਰਾਂ ਇਸ ਗੱਲ ਦਾ ਜਿਊਂਦਾ ਜਾਗਦਾ ਗਵਾਹ ਹਨ। ਪਤਾ ਨਹੀਂ ਇਕ-ਡੇਢ ਦਹਾਕਾ ਇਕੱਠੇ ਰਹਿ ਕੇ ਕੋਈ ਆਪਣੇ ਬੱਚਿਆਂ ਜਾਂ ਆਪਣੇ ਜੀਵਨ ਸਾਥੀ ਨੂੰ ਕਿਵੇਂ ਮਾਰ ਦਿੰਦਾ ਹੈ? ਘਰ 'ਚ ਥੋੜ੍ਹੇ ਦਿਨ ਰਿਹਾ ਜਾਨਵਰ ਵੀ ਅੰਤਾਂ ਦਾ ਮੋਹ ਪਾ ਲੈਂਦਾ ਹੈ। ਇਕ ਘੜੀ ਉਸ ਨੂੰ ਵੀ ਛੱਡਣਾ ਮੁਸ਼ਕਿਲ ਹੋ ਜਾਂਦਾ ਪਰ ਪਤਾ ਨਹੀਂ ਇਨਸਾਨ ਦੀਆਂ ਦਾਅਵੇਦਾਰੀਆਂ ਕਿਉਂ ਬਦਲਦੀਆਂ ਜਾ ਰਹੀਆਂ ਹਨ। ਜਦੋਂ ਕੋਈ ਨਵਾਂ ਰਿਸ਼ਤਾ ਜੁੜਦਾ ਤਾਂ ਕਿੰਨੀ ਆਸ ਰੱਖਦੇ ਹਾਂ ਅਸੀਂ ਪਿਆਰ, ਅਪਣੱਤ ਤੇ ਵਫ਼ਾਦਾਰੀ ਦੀ। ਰੱਖੀਏ ਵੀ ਕਿਉਂ ਨਾ, ਰਿਸ਼ਤਾ ਭਾਵੇਂ ਖ਼ੂਨ ਦਾ ਹੋਵੇ, ਭਾਵੇਂ ਪਿਆਰ ਦਾ, ਨਿਭਦਾ ਤਾਂ ਵਫ਼ਾਦਾਰੀ ਦੇ ਸਿਰ 'ਤੇ ਹੀ ਹੈ। ਪਰ ਅਫ਼ਸੋਸ ਸਮੇਂ ਦੇ ਪੈਮਾਨੇ 'ਤੇ ਆਪਣੇ-ਆਪ ਨੂੰ ਸਹੀ ਕਰਦਿਆਂ ਅਸੀਂ ਜ਼ਿੰਦਗੀ ਦੇ ਮਾਇਨੇ ਹੀ ਬਦਲ ਦਿੱਤੇ ਹਨ। ਵਸਤਾਂ ਦੇ ਆਦਾਨ-ਪ੍ਰਦਾਨ ਨੇ ਰਿਸ਼ਤਿਆਂ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਜਿੱਥੇ ਅਦਾਨ-ਪ੍ਰਦਾਨ ਵੱਧ ਹੈ ਉੱਥੇ ਰਿਸ਼ਤਿਆਂ ਦੀ ਭਰਮਾਰ ਹੈ, ਜਿੱਥੇ ਘੱਟ ਹੈ ਉੱਥੇ ਸਮਾਜਿਕ ਦਾਇਰਾ ਬਹੁਤ ਸੀਮਿਤ ਹੈ। ਰਿਸ਼ਤੇ ਕਮਜ਼ੋਰ ਹੋਣ ਦਾ ਕਾਰਨ ਤਾਂ ਇਹੀ ਲੱਗਦਾ ਹੈ ਕਿ ਦੋ ਧਿਰਾਂ ਲਾਭ ਜਾਂ ਹਾਨੀ ਨੂੰ ਦੇਖ ਕੇ ਹੀ ਰਿਸ਼ਤਾ ਜੋੜਦੀਆਂ ਹਨ। ਜਿੱਥੇ ਰਿਸ਼ਤੇ ਦੀ ਬੁਨਿਆਦ ਹੀ ਸੁਆਰਥ 'ਤੇ ਟਿਕੀ ਹੋਵੇ, ਉਹ ਨਿਭੇਗਾ ਵੀ ਕੀ?

ਹੰਢਣਸਾਰ ਰਿਸ਼ਤੇ

ਨਿਰਸੁਆਰਥ ਰਿਸ਼ਤੇ ਹੰਢਣਸਾਰ ਹੁੰਦੇ ਹਨ। ਕੋਈ ਵੀ ਰਿਸ਼ਤਾ ਨਿਭਾਉਣ ਲਈ ਜਜ਼ਬਾ ਆਪ ਮੁਹਾਰੇ ਉੱਠਣਾ ਚਾਹੀਦਾ ਹੈ। ਧੱਕੇ ਨਾਲ ਉਠਾਇਆ ਜਜ਼ਬੇ 'ਚ ਸੁਆਰਥ ਮਹਾਨ ਹੁੰਦਾ ਹੈ। ਜਿਵੇਂ ਸਮੁੰਦਰ ਦੀ ਲਹਿਰ ਆਪਣੇ-ਆਪ ਉੱਠੇ ਤਾਂ ਕੁਦਰਤੀ ਸੁੰਦਰਤਾ ਹੈ, ਜੇ ਧੱਕੇ ਨਾਲ ਉਠਾਈ ਜਾਵੇ ਤਾਂ ਕੁਦਰਤ ਨਾਲ ਖਿਲਵਾੜ। ਨਿਰਸੁਆਰਥ ਹੋ ਕੇ ਜੁੜਿਆ ਰਿਸ਼ਤਾ ਹੰਢਣਸਾਰ ਹੁੰਦਾ ਹੈ, ਨਹੀਂ ਤਾਂ ਤਮਾਸ਼ਾ ਬਣਦੇ ਦੇਰ ਨਹੀਂ ਲੱਗਦੀ। ਸਹਿਣਸ਼ੀਲਤਾ ਤੇ ਵਿਚਾਰਾਂ ਦੀ ਇਕਸੁਰਤਾ ਦੀ ਕਮੀ ਹੋਣ ਕਾਰਨ ਹੀ ਸੋਸ਼ਲ ਮੀਡੀਆ 'ਤੇ ਰਿਸ਼ਤਿਆਂ ਦਾ ਮਜ਼ਾਕ ਬਣਦਾ ਆਮ ਦੇਖਿਆ ਜਾਂਦਾ ਹੈ। ਇਸ ਤੋਂ ਵੱਧ ਕਰੂਪ ਸੰਸਾਰ ਕੀ ਹੋਵੇਗਾ। ਇਕ ਸਮਾਂ ਸੀ ਜਦੋਂ ਘਰ 'ਚ ਕੋਈ ਮਤਭੇਦ ਹੋਣਾ ਬਜ਼ੁਰਗਾਂ ਨੇ ਬੂਹੇ-ਬਾਰੀਆਂ ਬੰਦ ਕਰ ਦੋਵੇਂ ਧਿਰਾਂ ਨੂੰ ਸਮਝਾ ਦੇਣਾ ਤੇ ਪੱਟੜੀ ਤੋਂ ਲਹਿੰਦੀ ਜ਼ਿੰਦਗੀ ਨੂੰ ਮੁੜ ਲੀਹੇ ਪਾ ਦੇਣਾ ਪਰ ਹੁਣ ਗੰਢ ਇੰਨੀ ਉਲਝ ਚੁੱਕੀ ਹੈ ਇਸ ਨੂੰ ਸਲਝਾਉਣ ਲਈ ਸਿਰਾ ਹੀ ਨਹੀਂ ਲੱਭ ਰਿਹਾ।

ਚੰਗੇ ਲੋਕਾਂ ਦੀ ਭੀੜ ਨਹੀਂ ਹੁੰਦੀ।

ਪੈਸੇ ਦਾ ਪ੍ਰਧਾਨਤਾ

ਆਧੁਨਿਕ ਸੋਚ ਕਹਿੰਦੀ ਹੈ ਪੈਸਾ ਹੋਣਾ ਚਾਹੀਦਾ ਹੈ ਸ਼ਾਮ ਨੂੰ ਭਾਵੇਂ ਦੁਨੀਆ ਖ਼ਰੀਦ ਲਵੋ। ਪਰ 'ਚੰਗੇ ਲੋਕਾਂ ਦੀ ਭੀੜ ਨਹੀਂ ਹੁੰਦੀ ਤੇ ਭੀੜ 'ਚ ਚੰਗੇ ਲੋਕ ਨਹੀਂ ਹੁੰਦੇ।' ਅਕਸਰ ਸੁਣਦੇ ਹਾਂ ਕਿ ਇਸ ਕੋਲ ਬਥੇਰਾ ਪੈਸਾ ਹੈ, ਇਸ ਨੂੰ ਕਾਹਦਾ ਘਾਟਾ ਪਰ ਵਫ਼ਾਦਾਰੀ ਨੂੰ ਛਿੱਕੇ ਵੀ ਪੈਸੇ ਦੇ ਹੀ ਮੋਹ ਨੇ ਟੰਗਿਆ। ਜ਼ਿੰਦਗੀ 24 ਘੰਟੇ ਪੈਸੇ ਦੇ ਹੀ ਦੁਆਲੇ ਘੁੰਮੀ ਜਾਂਦੀ ਹੈ। ਜਿਸ ਕਾਰਨ ਸੂਖ਼ਮ ਪੱਖ ਅੱਖੋਂ ਓਹਲੇ ਹੋ ਰਿਹਾ ਹੈ ਤੇ ਪਦਾਰਥ ਪੱਖ ਭਾਰੂ। ਹਰ ਚੀਜ਼ ਨੂੰ ਪੈਸੇ ਦੇ ਤਰਾਜ਼ੂ 'ਚ ਤੋਲਣਾ ਮਨੁੱਖੀ ਫ਼ਿਤਰਤ ਬਣਦੀ ਜਾ ਰਹੀ ਹੈ। ਹਰ ਵੇਲੇ ਦੇ ਮਾਪ-ਤੋਲ ਨੇ ਸੋਚ ਨੂੰ ਉੱਚ ਕੋਟੀ ਦਾ ਵਪਾਰੀ ਬਣਾ ਦਿੱਤਾ ਜੋ ਕਿ ਮੁਨਾਫ਼ੇ ਤੇ ਘਾਟੇ ਬਾਰੇ ਹੀ ਸੋਚੀ ਜਾ ਰਿਹਾ ਹੈ।

ਪੋਸਟਪੇਡ ਤੋਂ ਪ੍ਰੀਪੇਡ ਬਣੇ ਰਿਸ਼ਤੇ

ਹੁਣ ਤਾਂ ਰਿਸ਼ਤੇ ਨੂੰ ਜੋੜਨ ਤੇ ਤੋੜਨ ਦਾ ਆਧਾਰ ਸਿਰਫ਼ ਆਰਥਿਕਤਾ ਹੀ ਰਹਿ ਗਈ ਹੈ। ਜ਼ਮੀਨਾਂ-ਜਾਇਦਾਦਾਂ ਪਿੱਛੇ ਰਿਸ਼ਤੇ ਲੀਰੋ-ਲੀਰ ਹੋ ਰਹੇ ਹਨ। ਇੰਨਾ ਹੀ ਨਹੀਂ ਜੇ ਘਰੇਲੂ ਰਿਸ਼ਤਿਆਂ 'ਚ ਕਿਹਾ ਸੁਣੀ ਹੋ ਜਾਵੇ ਪਹਿਲਾ ਸਵਾਲ ਇਹੋ ਹੁੰਦਾ ਹੈ, 'ਦੱਸੋ ਕੀ ਨਹੀਂ ਮਿਲਦਾ, ਹਰ ਚੀਜ਼ ਮੂੰਹੋਂ ਬਾਅਦ 'ਚ ਕੱਢਦੇ ਓ ਪਹਿਲਾਂ ਹਾਜ਼ਰ ਹੁੰਦੀ ਹੈ।' ਇਹ ਗੱਲ ਕਹਿ ਕੇ ਅਸੀਂ ਸ਼ਾਂਤ ਹੋ ਜਾਂਦੇ ਹਾਂ ਪਰ ਪਿੱਛੇ ਸਵਾਲ ਰਹਿ ਜਾਂਦਾ ਕਿ ਕੀ ਰਿਸ਼ਤੇ ਦੀਆਂ ਲੋੜਾਂ ਚੀਜ਼ਾਂ ਦੀ ਪੂਰਤੀ ਨਾਲ ਸੰਤੁਸ਼ਟ ਹੋ ਜਾਂਦੀਆਂ ਹਨ? ਅਹਿਸਾਸਾਂ ਦੀ ਕੋਈ ਕੀਮਤ ਨਹੀਂ। ਇਨ੍ਹਾਂ ਆਧੁਨਿਕ ਤਹਿਜ਼ੀਬਾਂ ਨੂੰ ਦੇਖਕੇ ਹੀ ਕਹਿਣਾ ਪੈ ਰਿਹਾ ਕੇ ਰਿਸ਼ਤੇ ਤਾਂ 'ਪੋਸਟਪੇਡ' ਹੁੰਦੇ ਸੀ ਪਤਾ ਨਹੀਂ ਕਦੋਂ ਤੋਂ 'ਪ੍ਰੀਪੇਡ' ਬਣ ਗਏ।

- ਕੰਵਲ ਭੱਟੀ

97801-00348

Posted By: Harjinder Sodhi