ਮਿਹਨਤ ਦੀ ਆਦਤ ਪਾਵੋ। ਇਸ ਬਾਰੇ ਤਿੰਨ ਗੱਲਾਂ ਪੱਕੀਆਂ ਹਨ : ਇਸਦਾ ਕੋਈ ਬਦਲ ਨਹੀਂ ਹੈ; ਇਸ ਬਗ਼ੈਰ ਕੋਈ ਵੀ ਮਾਣਯੋਗ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਅਤੇ ਇਹ ਕਦੀ ਵੀ ਬੇਕਾਰ ਨਹੀਂ ਜਾਂਦੀ। ਮਿਹਨਤ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਰੂਹਾਨੀ ਤੌਰ 'ਤੇ ਤੰਦਰੁਸਤ ਰਖਦੀ ਹੈ ਅਤੇ ਉਸਦਾ ਮਾਣ ਵਧਾਉਂਦੀ ਹੈ। ਇਸ ਨਾਲ ਤੁਸੀਂ ਜੀਵਨ ਵਿਚ ਕੋਈ ਵੀ ਬੁਲੰਦੀ ਪ੍ਰਾਪਤ ਕਰ ਸਕਦੇ ਹੋ। ਮਿਹਨਤਕਸ਼ ਵਿਅਕਤੀ ਦੇ ਮੁੜ੍ਹਕੇ ਵਿਚ ਮਹਿਕ ਹੁੰਦੀ ਹੈ ਜਦਕਿ ਵਿਹਲੜ ਦਾ ਮੁੜ੍ਹਕਾ ਬਦਬੂ ਮਾਰਦਾ ਹੈ। ਇਸ ਨਾਲ ਜੀਵਨ ਵਿਚ ਹਰ ਸਫਲਤਾ ਅਤੇ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਬਗ਼ੈਰ ਕੁਝ ਪ੍ਰਾਪਤ ਕਰਨ ਦੇ ਚਾਹਵਾਨ ਅਕਸਰ ਗ਼ਲਤ ਢੰਗ-ਤਰੀਕਿਆਂ ਦਾ ਸਹਾਰਾ ਲੈਂਦੇ ਹਨ ਜਿਸਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ। ਸਿਆਣੇ ਕਹਿੰਦੇ ਹਨ : ਕਰ ਮਜੂਰੀ, ਖਾਹ ਚੂਰੀ; ਰੱਖ ਦੇਹ, ਖਾਹ ਖੇਹ। ਪ੍ਰਸਿੱਧ ਫਰਾਂਸੀਸੀ ਲੇਖਕ, ਨਾਟਕਕਾਰ ਅਤੇ ਦਾਰਸ਼ਨਿਕ ਵਾਲਟੇਅਰ ਦੇ ਸ਼ਬਦਾਂ ਵਿਚ : ਮਿਹਨਤ ਤਿੰਨ ਵੱਡੀਆਂ ਬੁਰਾਈਆਂ - ਨੀਰਸਤਾ, ਗ਼ੁਨਾਹ ਅਤੇ ਗ਼ਰੀਬੀ ਨੂੰ ਖ਼ਤਮ ਕਰਦੀ ਹੈ। ਨਾਮਵਰ ਸਕਾਟਿਸ਼ ਦਾਰਸ਼ਨਿਕ ਥਾਮਸ ਕਾਰਲਾਇਲ ਦਾ ਕਥਨ ਹੈ : ਮਿਹਨਤ ਮਨੁੱਖਤਾ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਸਾਰੇ ਦੁੱਖਾਂ ਦਾ ਇਕ ਸ਼ਾਨਦਾਰ ਇਲਾਜ ਹੈ।

ਸਮਝਣ ਵਾਲੀ ਗੱਲ ਇਹ ਵੀ ਹੈ ਕਿ ਮਿਹਨਤ ਦਾ ਭਾਵ ਕੇਵਲ ਜਿਸਮਾਨੀ ਜਾਂ ਦਿਮਾਗ਼ੀ ਕੰਮ-ਕਾਜ ਹੀ ਨਹੀਂ ਹੁੰਦਾ ਸਗੋਂ ਹਰ ਉਹ ਕਾਰਜ, ਯਤਨ, ਅਭਿਆਸ ਅਤੇ ਸੰਘਰਸ਼ ਹੁੰਦਾ ਹੈ, ਜੋ ਮਨੁੱਖ ਆਪਣੀ ਨਿੱਜੀ ਤ੍ਰਿਪਤੀ, ਪਰਿਵਾਰਕ ਖ਼ੁਸ਼ਹਾਲੀ ਜਾਂ ਕਿਸੇ ਲਕਸ਼ ਦੀ ਪ੍ਰਾਪਤੀ ਲਈ ਕਰਦਾ ਹੈ। ਇਸ ਤਰ੍ਹਾਂ ਨਾਲ ਕਿਸੇ ਗੀਤਕਾਰ ਦੁਆਰਾ ਆਪਣੀ ਗਾਇਕੀ ਦਾ ਅਭਿਆਸ, ਸੰਗੀਤਕਾਰ ਲਈ ਸੰਗੀਤ ਦਾ ਅਭਿਆਸ, ਨ੍ਰਿਤਕਾਰ ਲਈ ਨ੍ਰਿਤ ਦਾ ਅਭਿਆਸ, ਚਿੱਤਰਕਾਰ ਲਈ ਚਿੱਤਰਕਾਰੀ ਦਾ ਅਭਿਆਸ, ਵਿਦਿਆਰਥੀ ਲਈ ਪੜ੍ਹਨਾ, ਅਧਿਆਪਕ ਲਈ ਪੜ੍ਹਾਉਣਾ, ਪ੍ਰਬੰਧਕ ਲਈ ਪ੍ਰਬੰਧ ਕਰਨਾ, ਪ੍ਰਸ਼ਾਸਕ ਲਈ ਪ੍ਰਸ਼ਾਸਨ ਕਰਨਾ ਅਤੇ ਕਿਸੇ ਵਪਾਰੀ ਲਈ ਆਪਣਾ ਵਪਾਰ ਕਰਨਾ ਸਭ ਮਿਹਨਤ ਦੀਆਂ ਹੀ ਵੱਖ-ਵੱਖ ਕਿਸਮਾਂ ਹਨ। ਹਾਂ, ਇਹ ਜ਼ਰੂਰ ਹੈ ਕਿ ਜੋ ਵਿਅਕਤੀ ਮਿਹਨਤ ਦੇ ਦੀਵਾਨੇ ਹੋ ਜਾਂਦੇ ਹਨ, ਇਸ ਨੂੰ ਜਨੂੰਨ ਦੀ ਹੱਦ ਤਕ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਅਤੇ ਇਸ ਨੂੰ ਸਾਧਨਾ ਸਮਝ ਕੇ ਇਸ ਦਾ ਆਨੰਦ ਮਾਣਦੇ ਹਨ, ਉਹ ਆਪਣੇ-ਆਪਣੇ ਖੇਤਰਾਂ ਵਿਚ ਬੁਲੰਦੀਆਂ ਪ੍ਰਾਪਤ ਕਰ ਲੈਂਦੇ ਹਨ।

ਦੂਜੇ ਪਾਸੇ ਹੁੰਦੇ ਹਨ ਉਹ ਲੋਕ ਅਤੇ ਜੋ ਮਿਹਨਤ ਤਾਂ ਕਰਦੇ ਰਹਿੰਦੇ ਹਨ ਪਰ ਰੋਂਦੇ-ਪਿੱਟਦੇ ਹੀ ਰਹਿੰਦੇ ਹਨ ਜਾਂ ਮਿਹਨਤ ਦੇ ਨਾਂ 'ਤੇ ਐਵੇਂ ਬੁੱਤਾ ਹੀ ਪੂਰਾ ਕਰਦੇ ਹਨ, ਉਹ ਨਾ ਤਾਂ ਕਦੀ ਕੋਈ ਵੱਡਾ ਮਾਅਰਕਾ ਮਾਰ ਸਕਦੇ ਹਨ ਅਤੇ ਨਾ ਹੀ ਜੀਵਨ ਦਾ ਅਸਲੀ ਆਨੰਦ ਮਾਣ ਸਕਦੇ ਹਨ। ਸੱਚ ਤਾਂ ਇਹ ਹੈ ਕਿ ਮਿਹਨਤ ਨਾਲ ਪਿਆਰ ਕੇਵਲ ਸੁੱਖਾਂ ਦਾ ਆਧਾਰ ਹੀ ਨਹੀਂ, ਸਗੋਂ ਇਹ ਤਾਂ ਇਕ ਅਜਿਹੀ ਚਾਬੀ ਹੈ, ਜਿਸ ਨਾਲ ਹਰ ਜਿੰਦਰਾ ਖੁੱਲ੍ਹ ਸਕਦਾ ਹੈ। ਕਿਸੇ ਵੀ ਮਹਾਨ ਵਿਅਕਤੀ ਦੀ ਜੀਵਨੀ 'ਤੇ ਝਾਤ ਮਾਰ ਲਵੋ, ਤੁਹਾਨੂੰ ਇਹ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਉਸ ਨੇ ਜੋ ਵੀ ਪ੍ਰਾਪਤੀ ਕੀਤੀ ਹੈ, ਉਹ ਸੱਚੀ-ਸੁੱਚੀ ਅਤੇ ਅਣਥੱਕ ਮਿਹਨਤ ਰਾਹੀਂ ਹੀ ਕੀਤੀ ਗਈ ਹੈ। ਕੰਮਚੋਰਾਂ ਅਤੇ ਵਿਹਲੜਾਂ ਨੂੰ ਹਰਾਮਖੋਰ ਅਰਥਾਤ ਹਰਾਮ ਦੀਆਂ ਖਾਣ ਵਾਲੇ ਕਿਹਾ ਜਾਂਦਾ ਹੈ ਤੇ ਉਨ੍ਹਾਂ ਨੂੰ ਸਮਾਜ ਉੱਪਰ ਬੋਝ ਮੰਨਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਪਿਆਰ ਤਾਂ ਕਿਸੇ ਨੇ ਕਰਨਾ ਹੀ ਕੀ ਹੋਇਆ। ਸੋ, ਜੇ ਤੁਸੀਂ ਅਮੀਰ ਹੋ, ਮਿਹਨਤ ਕਰੋ ਅਤੇ ਜੇ ਗ਼ਰੀਬ ਹੋ, ਤਾਂ ਵੀ ਮਿਹਨਤ ਕਰੋ ; ਜੇ ਖ਼ੁਸ਼ ਹੋ ਤਾਂ ਵੀ ਮਿਹਨਤ ਕਰੋ, ਜੇ ਨਿਰਾਸ਼ ਹੋ ਤਾਂ ਵੀ ਮਿਹਨਤ ਕਰੋ; ਜੇ ਸੁਤੰਤਰ ਹੋ ਤਾਂ ਵੀ ਮਿਹਨਤ ਕਰੋ, ਜੇ ਸੁਤੰਤਰਤਾ ਚਾਹੁੰਦੇ ਹੋ ਤਾਂ ਵੀ ਮਿਹਨਤ ਕਰੋ; ਹਰ ਹਾਲਤ ਵਿਚ ਅਤੇ ਹਰ ਪੜਾਅ 'ਤੇ ਮਿਹਨਤ ਕਰੋ। ਇਹੀ ਸਭ ਦਾ ਬੇੜਾ ਪਾਰ ਕਰਦੀ ਹੈ; ਇਹੀ ਸਭ ਦੀ ਜੈ-ਜੈਕਾਰ ਕਰਵਾਉਂਦੀ ਹੈ।

ਮਹਾਨ ਵਿਅਕਤੀਆਂ ਦੀਆਂ ਕਿਸਮਾਂ ਦਾ ਵਰਣਨ ਕਰਦਿਆਂ ਅੰਗਰੇਜ਼ੀ ਦਾ ਪ੍ਰਸਿੱਧ ਨਾਟਕਕਾਰ ਸ਼ੈਕਸਪੀਅਰ ਲਿਖਦਾ ਹੈ ਕਿ ਕੁਝ ਲੋਕ ਜੰਮਦੇ ਹੀ ਮਹਾਨ ਹਨ, ਕੁਝ ਲੋਕ ਮਹਾਨਤਾ ਪ੍ਰਾਪਤ ਕਰਦੇ ਹਨ ਅਤੇ ਕੁਝ ਲੋਕਾਂ ਉੱਪਰ ਮਹਾਨਤਾ ਠੋਸੀ ਜਾਂਦੀ ਹੈ। ਨਿਰਸੰਦੇਹ, ਇਨ੍ਹਾਂ ਤਿੰਨਾਂ ਵਿੱਚੋਂ ਆਪਣੇ ਆਪ ਨੂੰ ਸੱਚਮੁੱਚ ਹੀ ਮਹਾਨ ਕੇਵਲ ਉਹੀ ਵਿਅਕਤੀ ਕਹਾ ਸਕਦੇ ਹਨ ਜਿਨ੍ਹਾਂ ਨੇ ਮਹਾਨਤਾ ਨੂੰ ਆਪਣੀ ਸੱਚੀ-ਸੁੱਚੀ ਲਗਨ ਅਤੇ ਅਣਥੱਕ ਮਿਹਨਤ ਨਾਲ ਕਮਾਇਆ ਹੁੰਦਾ ਹੈ ਕਿਉਂਕਿ ਕੋਈ ਵਿਅਕਤੀ ਨਾ ਤਾਂ ਕਿਸੇ ਵੱਡੇ ਜਾਂ ਅਮੀਰ ਘਰ ਵਿਚ ਪੈਦਾ ਹੋਣ ਨਾਲ ਮਹਾਨ ਕਹਾਉਣ ਦਾ ਹੱਕਦਾਰ ਬਣਦਾ ਹੈ ਅਤੇ ਨਾ ਹੀ ਖ਼ੁਦ ਅਮੀਰ ਜਾਂ ਵੱਡਾ ਹੋਣ ਨਾਲ ਮਹਾਨ ਕਹਾਉਣ ਦਾ ਹੱਕਦਾਰ ਬਣਦਾ ਹੈ। ਖੋਤੇ 'ਤੇ ਜਿੰਨਾ ਮਰਜ਼ੀ ਧਨ, ਸੋਨਾ ਜਾਂ ਹੋਰ ਕੀਮਤੀ ਸਮਾਨ ਲੱਦ ਦੇਈਏ, ਉਹ ਖੋਤਾ ਹੀ ਰਹੇਗਾ, ਘੋੜਾ ਨਹੀਂ ਬਣੇਗਾ। ਬਿਲਕੁਲ ਇਸੇ ਤਰ੍ਹਾਂ ਕਿਸੇ ਕਾਂ ਨੂੰ ਭਾਵੇਂ ਕੁਤਬ-ਮਿਨਾਰ 'ਤੇ ਵੀ ਬਿਠਾ ਦਈਏ, ਉਹ ਕਾਂ ਹੀ ਰਹੇਗਾ, ਬਾਜ਼ ਨਹੀਂ ਬਣੇਗਾ। ਦੂਜੇ ਪਾਸੇ, ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਮਹਾਨਤਾ ਵਾਲੀ ਕੋਈ ਗੱਲ ਨਹੀਂ ਹੁੰਦੀ, ਸਵਾਰਥੀ ਅਤੇ ਖ਼ੁਸ਼ਾਮਦੀ ਲੋਕ ਜਾਂ ਤਾਂ ਆਪਣਾ ਕੋਈ ਮਤਲਬ ਕੱਢਣ ਲਈ ਅਤੇ ਜਾਂ ਉਨ੍ਹਾਂ ਨੂੰ ਵੈਸੇ ਹੀ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦੇ ਰਹਿੰਦੇ ਹਨ, ਅਰਥਾਤ ਉਨ੍ਹਾਂ 'ਤੇ ਮਹਾਨਤਾ ਥੋਪਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਨੂੰ ਵੀ ਕਿਸੇ ਤਰ੍ਹਾਂ ਮਹਾਨ ਨਹੀਂ ਕਿਹਾ ਜਾ ਸਕਦਾ ਅਤੇ ਕੇਵਲ ਮਿਹਨਤ ਨਾਲ ਕਮਾਈ ਮਹਾਨਤਾ ਹੀ ਅਸਲ ਮਹਾਨਤਾ ਹੁੰਦੀ ਹੈ। ਵੈਸੇ ਵੀ ਮਿਹਨਤ ਅਤੇ ਮਹਾਨਤਾ ਵਿਚ ਉਸ ਹੀ ਤਰਤੀਬ ਵਿਚ ਉਹੀ ਚਾਰ ਅੱਖਰ (ਮ ਹ ਨ ਤ) ਆਉਂਦੇ ਹਨ, ਫ਼ਰਕ ਕੇਵਲ ਲਗਾਂ-ਮਾਤਰਾਵਾਂ ਦਾ ਹੀ ਹੈ।

ਯਾਦ ਰੱਖੋ, ਮਿਹਨਤ ਪੌੜੀ ਦੀ ਤਰ੍ਹਾਂ ਅਤੇ ਕਿਸਮਤ ਲਿਫਟ ਦੀ ਤਰ੍ਹਾਂ ਹੁੰਦੀ ਹੈ। ਲਿਫਟ ਖ਼ਰਾਬ ਜਾਂ ਬੰਦ ਹੋ ਸਕਦੀ ਹੈ। ਇਹ ਹਰ ਇਮਾਰਤ ਵਿਚ ਮਿਲਦੀ ਵੀ ਨਹੀਂ। ਪੌੜੀ ਸਾਨੂੰ ਹਰ ਥਾਂ ਮਿਲ ਵੀ ਜਾਂਦੀ ਹੈ, ਸਾਡਾ ਹਮੇਸ਼ਾ ਸਾਥ ਵੀ ਦਿੰਦੀ ਹੈ ਅਤੇ ਸਾਨੂੰ ਉੱਚਾਈ ਵੱਲ ਵੀ ਲੈ ਕੇ ਜਾਂਦੀ ਹੈ। ਮਿਹਨਤ ਨਾਲ ਅਸੀਂ ਆਪਣੇ ਮਨ ਦੀ ਹਰ ਇੱਛਾ ਪੂਰੀ ਕਰ ਸਕਦੇ ਹਾਂ ਅਤੇ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ। ਬਸ ਇੰਨਾ ਧਿਆਨ ਰੱਖਿਆ ਜਾਵੇ ਕਿ ਕੰਮ ਸਦਾ ਸਮਰਪਿਤ ਭਾਵਨਾ ਨਾਲ ਕੀਤਾ ਜਾਵੇ, ਕੰਮ ਸਹੀ ਦਿਸ਼ਾ ਵਿਚ ਕੀਤਾ ਜਾਵੇ ਅਤੇ ਕੰਮ ਦੇ ਫਲ ਲਈ ਕਾਹਲੇ ਨਾ ਪਿਆ ਜਾਵੇ। ਜੀਵਨ ਵਿਚ ਨਿਮਨ ਮੰਤਰ ਨੂੰ ਅਪਣਾ ਕੇ ਦੇਖੋ ਲਹਿਰਾਂ-ਬਹਿਰਾਂ ਲੱਗ ਜਾਣਗੀਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋਂਗੇ :

ਛੱਡ ਕੇ ਆਲਸ ਤਿਆਗ ਸਵਾਰਥ,

ਹਿੰਮਤ ਨੂੰ ਹਮਸਫ਼ਰ ਬਣਾ ਲੈ;

ਮਿਹਨਤ ਦਾ ਤੂੰ ਬੀਜ ਬੀਜ ਕੇ,

ਜੋ ਚਾਹੁੰਦਾ ਹੈਂ, ਉਹੀ ਪਾ ਲੈ।

- ਪ੍ਰੋ. ਅੱਛਰੂ ਸਿੰਘ

98155-01381

Posted By: Harjinder Sodhi