ਪਿਆਰ ਇਕ ਅਜਿਹਾ ਸ਼ਬਦ ਹੈ, ਜੋ ਅਨੇਕਾਂ ਹੀ ਰਿਸ਼ਤਿਆਂ, ਭਾਵਨਾਵਾਂ ਅਤੇ ਪ੍ਰਤੀਕਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਜੇਕਰ ਸ਼ਬਦੀ ਅਰਥਾਂ ਦੇ ਆਧਾਰ ’ਤੇ ਦੇਖੀਏ ਤਾਂ ਪਿਆਰ, ਮੁਹੱਬਤ, ਲਵ ਇਕ ਮਾਨਵੀ ਵਲਵਲਾ ਹੈ ਅਤੇ ਇਹ ਕਿਸੇ ਵੀ ਵਸਤੂ ਸੰਕਲਪ ਜਾਂ ਵਿਅਕਤੀ ਨਾਲ ਹੋ ਸਕਦਾ ਹੈ। ਪਿਆਰ ਇਕ ਗੂੜ੍ਹੀ ਸਾਂਝ ਅਤੇ ਨਿੱਜੀ ਮੋਹ ਦਾ ਸੁਮੇਲ ਹੈ। ਪਿਆਰ ਦੂਜੇ ਦੇ ਹਿੱਤ ਲਈ ਵਫ਼ਾਦਾਰੀ ਅਤੇ ਸੁਹਿਰਦਤਾ ਹੈ। ਪਿਆਰ ਉਹ ਅਨੁਭਵ ਹੈ, ਜਿਸ ਨੂੰ ਅਸਲ ਵਿਚ ਸ਼ਬਦਾਂ ਵਿਚ ਬਿਆਨਣਾ ਹੀ ਬੜਾ ਮੁਸ਼ਕਿਲ ਹੈ। ਸਾਹਿਤ ਵਿਚ ਭੁੱਖ ਅਤੇ ਮੌਤ ਨਾਲੋਂ ਵੀ ਵੱਡਾ ਵਿਸ਼ਾ ਪਿਆਰ ਹੈ।

ਭਾਰਤੀ ਸਾਹਿਤ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਪਿਆਰ ਦਾ ਵਿਸ਼ਾ ਬੁਲੰਦੀਆਂ ’ਤੇ ਹੈ। ਸਾਡੇ ਗੀਤ, ਅਨੇਕਾਂ ਫ਼ਿਲਮਾਂ, ਕਹਾਣੀਆਂ, ਕਿੱਸੇ ਸਭ ਪਿਆਰ ਦੀ ਬੁਨਿਆਦ ਉੱਤੇ ਹੀ ਸਥਾਪਿਤ ਹੋਏ ਹੋਏ ਹਨ।

ਪਿਆਰ ਸਾਡੇ ਵਿਚ ਕਿਸੇ ਵੀ ਕੋਹਝ ਨੂੰ ਅਣਡਿੱਠ ਕਰਨ ਅਤੇ ਦੂਜਿਆਂ ਨੂੰ ਪ੍ਰਵਾਨ ਕਰਨ, ਅਪਨਾਉਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਮੇਰੇ ਖ਼ਿਆਲ ਅਨੁਸਾਰ ਪਿਆਰ ਕਿਸੇ ਵਿਅਕਤੀ ਨੂੰ ਪਸੰਦ ਕਰਨ ਤੋਂ ਉੱਤੇ ਦੀ ਭਾਵਨਾ ਹੈ। ਪਿਆਰ ਮਾਨਵਵਾਦ ਦਾ, ਮਨੋਵਿਗਿਆਨ ਦਾ ਵਿਕਾਸ ਹੈ। ਮਨੁੱਖ ਦਾ ਜੀਵਨ ਤਾਂ ਹੀ ਉੱਤਮ ਹੈ ਜੇਕਰ ਉਹ ਪਿਆਰ ਨਾਲ ਘਿਰਿਆ ਹੋਇਆ ਹੈ। ਜੇਕਰ ਦੇਖਿਆ ਜਾਵੇ ਤਾਂ ਪਿਆਰ ਮਾਂ-ਬਾਪ ਤੋਂ ਸ਼ੁਰੂ ਹੋ ਕੇ ਦੋਸਤ, ਮਿੱਤਰ , ਪਰਿਵਾਰ, ਪਤੀ -ਪਤਨੀਆਂ ,ਪ੍ਰੇਮੀ- ਪ੍ਰੇਮਿਕਾਵਾਂ ਰਾਹੀਂ ਹੁੰਦਾ ਹੋਇਆ ਬ੍ਰਹਮ ਤਕ ਪਹੁੰਚਣ ਦਾ ਇਕ ਟੀਚਾ ਹੈ । ਇਸ ਦੁਨੀਆ ਵਿਚ ਵਿਚਰ ਰਹੇ ਸਾਰਿਆਂ ਨੂੰ ਨਿਰਸਵਾਰਥ ਪਿਆਰ ਦੀ ਜ਼ਰੂਰਤ ਹੈ। ਪਿਆਰ ਦਾ ਹਰ ਦੁਨਿਆਵੀ ਰਿਸ਼ਤੇ ਵਿਚ ਇਕ ਵੱਖਰਾ ਹੀ ਅਨੁਭਵ ਹੁੰਦਾ ਹੈ। ਇਹ ਪਿਆਰ ਹੀ ਹੈ, ਜੋ ਇਕ ਕਮਜ਼ੋਰ ਇਨਸਾਨ ਨੂੰ ਮਜ਼ਬੂਤ ਜਾਂ ਮਜ਼ਬੂਤ ਇਨਸਾਨ ਨੂੰ ਕਮਜ਼ੋਰ ਬਣਾ ਸਕਦਾ ਹੈ। ਕੱਚੇ ਇਰਾਦਿਆਂ ਨਾਲ ਕਦੀ ਵੀ ਮਜ਼ਬੂਤ ਰਿਸ਼ਤੇ ਨਹੀਂ ਸਿਰਜੇ ਜਾ ਸਕਦੇ ਅਤੇ ਪਿਆਰ ਹੀ ਸਭ ਰਿਸ਼ਤਿਆਂ ਦੀ ਨੀਂਹ ਰੱਖਦਾ ਹੈ। ਦਿਲ ਦਾ ਸੰਕਲਪ ਪਿਆਰ ਦਾ ਹੀ ਉਜਾਗਰ ਕੀਤਾ ਹੋਇਆ ਹੈ। ਪਿਆਰ ਹੋਣ ਦਾ ਮਤਲਬ ਸਰੀਰ ਤੋਂ ਅਗਲੇਰੇ ਦਿਲ ਅਤੇ ਮਨ ਦੇ ਗੁਣਾਂ ਉੱਤੇ ਅਧਾਰਿਤ ਹੈ। ਦੇਖਿਆ ਜਾਵੇ ਤਾਂ ਸਾਰੀ ਕੁਦਰਤ ਸਿਰਫ਼ ਤੇ ਸਿਰਫ਼ ਪਿਆਰ ਦੇ ਸੰਕਲਪ ਨੂੰ ਦਰਸਾਉਂਦੀ ਹੈ, ਇੱਥੋਂ ਤਕ ਕਿ ਜਾਨਵਰਾਂ ਵਿਚ ਵੀ ਇਕ ਦੂਜੇ ਪ੍ਰਤੀ ਪਿਆਰ, ਹਮਦਰਦੀ ਹੈ ਤਾਂ ਮਨੁੱਖ ਕਿਉਂ ਇਸ ਪਿਆਰ ਦੇ ਸੰਕਲਪ ਤੋਂ ਅਣਜਾਣ ਬਣਨ ਦਾ ਢੌਂਗ ਕਰਦਾ ਜਾ ਰਿਹਾ ਹੈ ? ਸ਼ਾਇਦ ਪਦਾਰਥਵਾਦ ਨੇ ਪਿਆਰ ਦੇ ਜਜ਼ਬੇ ਨੂੰ ਮਤਲਬ ਵਾਲੀ ਸਿਉਂਕ ਲਗਾ ਦਿੱਤੀ ਹੈ। ਅੱਜ ਕੱਲ੍ਹ ਪਿਆਰ ਸ਼ਬਦ ਨੂੰ ਗ਼ਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਪਿਆਰ ਤਾਂ ਅਜਿਹਾ ਬਿੰਦੂ ਹੈ, ਜਿਸ ਦੇ ਦੁਆਲੇ ਸਾਰੀ ਦੁਨੀਆ ਕਾਇਮ ਹੈ। ਸੋਚ ਕੇ ਦੇਖੋ ਕਿ ਜੇਕਰ ਇਕ ਵਿਅਕਤੀ ਆਪਣੇ ਘਰ ਨੂੰ ਪਿਆਰ ਨਾ ਕਰੇ, ਇਕ ਫ਼ੌਜੀ ਆਪਣੇ ਦੇਸ਼ ਨੂੰ ਪਿਆਰ ਨਾ ਕਰੇ , ਇਕ ਸੇਵਕ ਆਪਣੀ ਸੇਵਾ ਭਾਵਨਾ ਨੂੰ ਪਿਆਰ ਨਾ ਕਰੇ, ਇਕ ਅਧਿਆਪਕ ਆਪਣੇ ਕਿੱਤੇ ਨੂੰ ਪਿਆਰ ਨਾ ਕਰੇ ਤੇ ਇਕ ਮਾਂ ਆਪਣੇ ਬੱਚੇ ਨੂੰ ਪਿਆਰ ਨਾ ਕਰੇ, ਤਾਂ ਅਜਿਹੀ ਦੁਨੀਆ ਦੀ ਕਲਪਨਾ ਵੀ ਮਨੁੱਖ ਨੂੰ ਡਰਾ ਦੇਵੇਗੀ। ਅਜੋਕੇ ਜ਼ਮਾਨੇ ਵਿਚ ਪਿਆਰ ਉਹ ਹੈ, ਜਿਹੜਾ ਇਕ ਮੁੰਡਾ -ਕੁੜੀ ਇਕ ਦੂਜੇ ਨੂੰ ਕਰਦੇ ਹਨ ਪਰ ਨਹੀਂ ਪਿਆਰ ਮਾਤਾ-ਪਿਤਾ, ਭੈਣ-ਭਰਾ, ਅਧਿਆਪਕਾਂ ਅਤੇ ਰੱਬ ਨਾਲ ਵੀ ਤਾਂ ਹੋ ਸਕਦਾ ਹੈ।

ਹਮੇਸ਼ਾ ਹੀ ਪਿਆਰ ਦੇ ਗ਼ਲਤ ਅਰਥ ਹੀ ਕਿਉਂ ਕੱਢੇ ਜਾਂਦੇ ਹਨ? ਜਦੋਂਕਿ ਪਿਆਰ ਤਾਂ ਇਕ ਪਵਿੱਤਰ ਕੁਦਰਤੀ ਜਜ਼ਬਾ ਹੈ, ਇਸੇ ਕਰਕੇ ਤਾਂ ਪਿਆਰ ਨੂੰ ਰੱਬ ਕਿਹਾ ਜਾਂਦਾ ਹੈ ‘ਲਵ ਇਜ਼ ਗੌਡ’।

ਅੱਜ ਦੇ ਪ੍ਰੈਕਟੀਕਲ ਯੁੱਗ ਵਿਚ ਇਕ ਲੜਕੇ-ਲੜਕੀ ਦੇ ਇਕੱਠੇ ਬੈਠ ਕੇ ਗੱਲਬਾਤ ਕਰਨ ਅਤੇ ਉੱਠਣ -ਬੈਠਣ ਨੂੰ ਹੀ ਪਿਆਰ ਦਾ ਨਾਂ ਦਿੱਤਾ ਜਾਂਦਾ ਹੈ ਪਰ ਅਜਿਹਾ ਤਾਂ ਸੋਚਣਾ ਵੀ ਠੀਕ ਨਹੀਂ, ਕਿਉਂਕਿ ਅਜਿਹਾ ਪਿਆਰ ਤਾਂ ਹਰ ਕੋਈ ਸਮਾਂ ਲੰਘਾਉਣ ਦੇ ਲਈ ਹੀ ਕਰਦਾ ਹੈ। ਪਿਆਰ ਵਿਚ ਦਿਲੀ ਜਜ਼ਬਾਤ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਕਿਉਂਕਿ ਉਹ ਪਿਆਰ ਉਮਰ ਭਰ ਨਹੀਂ ਨਿਭ ਸਕਦਾ ਜੋ ਜਜ਼ਬਾਤ ਨੂੰ ਠੇਸ ਪਹੁੰਚਣ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ।

ਸਾਡੇ ਦੁਨਿਆਵੀ ਅਜੋਕੇ ਪਿਆਰ ਗੱਲਬਾਤ ਤੋਂ ਸ਼ੁਰੂ ਹੋ ਕੇ ਮੋਬਾਈਲ ਨੰਬਰਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਬਲਾਕ ਲਿਸਟਾਂ ’ਚ ਜਾ ਕੇ ਖ਼ਤਮ ਹੋ ਜਾਂਦੇ ਹਨ। ਵਰਤਮਾਨ ਯੁੱਗ ਵਿਚ ਪਿਆਰ ਦੀ ਪਰਿਭਾਸ਼ਾ ਹੀ ਬਦਲ ਗਈ ਹੈ। ਪ੍ਰੇਮੀ ਜੋੜੇ ਦਾ ਘਰੋਂ ਫ਼ਰਾਰ ਹੋਣਾ ਇਕ ਦੂਜੇ ਲਈ ਪਿਆਰ ਹੈ, ਘਰਦਿਆਂ ਦਾ ਫੜ ਕੇ ਉਨ੍ਹਾਂ ਨੂੰ ਕਤਲ ਕਰਨਾ ਆਪਣੀ ਅਣਖ ਦਾ ਪਿਆਰ ਹੈ, ਸਮਾਜ ਦਾ ਉਨ੍ਹਾਂ ਨੂੰ ਅਪ੍ਰਵਾਨ ਕਰਨਾ ਰੀਤੀ ਰਿਵਾਜਾਂ ਦਾ ਪਿਆਰ ਹੈ, ਆਸ਼ਕਾਂ ਦਾ ਇਕ ਦੂਜੇ ਨੂੰ ਧੋਖਾ ਦੇ ਕੇ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਨਾ ਪਿਆਰ ਹੈ। ਜਦੋਂ ਕਿ ਪਿਆਰ ਇਨਸਾਨ ਨੂੰ ਚੰਗਾ ਜੀਵਨ ਜਿਊਣਾ ਸਿਖਾਉਂਦਾ ਹੈ ਪਰ ਅਜੋਕੇ ਜੀਵਨ ਵਿਚ ਪਿਆਰ ਦਾ ਸੰਕਲਪ ਅਤੇ ਮਾਅਨੇ ਬਿਲਕੁਲ ਬਦਲ ਗਏ ਹਨ । ਨਿਰਸੰਦੇਹ ਪਿਆਰ ਦੀ ਭਾਵਨਾ ਤੋਂ ਬਿਨਾਂ ਤਾਂ ਕੁਦਰਤ ਦੀ, ਸਿ੍ਰਸ਼ਟੀ ਦੀ ਸੁੰਦਰਤਾ ਵੀ ਨਹੀਂ ਦੇਖੀ ਜਾ ਸਕਦੀ। ਸਾਡੇ ਜੀਵਨ ਵਿਚ ਜੋ ਕੁਝ ਵੀ ਖ਼ੂਬਸੂਰਤ ਵਾਪਰਦਾ ਹੈ ਜਾਂ ਜੋ ਕੁਝ ਵੀ ਖ਼ੁਸ਼ੀ ਦੇ ਰੂਪ ਵਿਚ ਮਾਨਣਯੋਗ ਹੁੰਦਾ ਹੈ, ਇਹ ਸਭ ਪਿਆਰ ਦਾ ਹੀ ਨਤੀਜਾ ਹੈ। ਇਸ ਲਈ ਪਿਆਰ ਦੇ ਵਲਵਲੇ ਨੂੰ ਅੱਖੋਂ ਪਰੋਖੇ ਕਰਨਾ ਜ਼ਿੰਦਗੀ ਨੂੰ ਨਰਕ ਬਣਾਉਣਾ ਹੈ। ਜੇਕਰ ਇਸੇ ਪਿਆਰ ਦੀ ਕੜੀ ਨੂੰ ਸਮਾਜ ਨਾਲ ਜੋੜੀਏ ਤਾਂ ਆਪਣੇ ਕਰਤੱਵਾਂ, ਫ਼ਰਜ਼ਾਂ ਅਤੇ ਹੱਕਾਂ ਨਾਲ ਪਿਆਰ ਕਰਨਾ ਸਾਡੇ ਦੇਸ਼ ਨੂੰ ਸੁੰਦਰਤਾ ਅਤੇ ਸੁਹਿਰਦਤਾ ਦੀ ਮਿਸਾਲ ਬਣਾ ਸਕਦਾ ਹੈ। ਜੇਕਰ ਸਾਡੇ ਦੇਸ਼ ਦੇ ਨੇਤਾ ਕੁਰਸੀਆਂ ਦੀ ਥਾਂ, ਪੈਸੇ ਦੀ ਥਾਂ ਅਤੇ ਸੱਤਾ ਦੀ ਥਾਂ ’ਤੇ ਆਪਣੇ ਫ਼ਰਜ਼ਾਂ ਨੂੰ ਪਿਆਰ ਕਰਨ, ਆਪਣੀ ਜਨਤਾ ਨੂੰ ਪਿਆਰ ਕਰਨ ਤਾਂ ਲੋਕ ਸਵਰਗ- ਨਰਕ ਦੇ ਚੱਕਰਾਂ ਤੋਂ ਇਸੇ ਧਰਤੀ ’ਤੇ ਮੁਕਤ ਹੋ ਜਾਣਗੇ।

ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਲੋਕਾਂ ਦੇ ਅੱਜ ਕੱਲ੍ਹ ਮਾਨਸਿਕ ਬਿਮਾਰੀਆਂ ਅਤੇ ਤਣਾਓ ਦਾ ਸ਼ਿਕਾਰ ਹੋਣ ਦਾ ਮੁੱਖ ਕਾਰਨ ਪਿਆਰ ਦੀ ਕਮੀ ਹੈ। ਜੇਕਰ ਇਸੇ ਪਿਆਰ ਦੀ ਭਾਵਨਾ ਨੂੰ ਕੁਦਰਤ ਨਾਲ ਹੀ ਜੋੜ ਲਿਆ ਜਾਵੇ ਤਾਂ ਸ਼ਾਇਦ ਬਹੁਤ ਸਾਰੀਆਂ ਬਿਮਾਰੀਆਂ ਅਤੇ ਪਾਗਲਖ਼ਾਨਿਆਂ ਦੀ ਉਸਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਲੋੜ ਹੈ ਪਿਆਰ ਵਰਗੇ ਵਲਵਲੇ ਨੂੰ ਸੱਚਾ-ਸੁੱਚਾ ਅਤੇ ਪਵਿੱਤਰ ਰੱਖਦੇ ਹੋਏ ਆਪਣੀ ਜ਼ਿੰਦਗੀ ਨੂੰ ਉਸਾਰੂ ਟੇਕ ਦੇਣ ਦੀ ਅਤੇ ਸਹੀ ਮਾਅਨਿਆਂ ਵਿਚ ਇਨਸਾਨ ਬਣਨ ਦੀ। ਕਿਉਂਕਿ..

ਹਮ ਯੂੰ ਹੀ ਨਹੀਂ ਪਿਆਰ, ਪਿਆਰ, ਪਿਆਰ, ਕੁਰਲਾਤੇ ਹੈਂ ,

ਇਸ ਪਿਆਰ ਕੇ ਕਾਰਨ ਹੀ ਹਮ ਇਨਸਾਨ ਬਨ ਜਾਤੇ ਹੈਂ ,

ਹਮ ਇਨਸਾਨ ਬਨ ਜਾਤੇ ਹੈਂ....

- ਜਸਵਿੰਦਰ ਕੌਰ ਦੱਧਾਹੂਰ

Posted By: Harjinder Sodhi