‘ਪਿਆਰ’ ਬਹੁਤ ਛੋਟਾ ਸ਼ਬਦ ਪਰ ਪਤਾ ਨਹੀਂ ਕਿੰਨਾ ਕੁਝ ਆਪਣੇ ਵਿਚ ਸਮੋਈ ਬੈਠਾ ਹੈ। ‘ਪਿਆਰ’ ਨੂੰ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਪਿਆਰ ਨੂੰ ਤੋਲਿਆ, ਨਾਪਿਆ ਅਤੇ ਮਿਣਿਆ ਨਹੀਂ ਜਾ ਸਕਦਾ। ਪਿਆਰ ਬਾਰੇ ਦੱਸਣਾ ਵੀ ਉਵੇਂ ਦੀ ਹਾਲਤ ਹੈ ਜਿਵੇਂ ਗੂੰਗਾ ਗੁੜ ਖਾਣ ਤੋਂ ਬਾਅਦ ਗੁੜ ਬਾਰੇ ਨਹੀਂ ਦੱਸ ਸਕਦਾ। ਪਿਆਰ ਦੀ ਗੱਲ ਕਰੀਏ ਤਾਂ ਬਹੁਤ ਲੋਕਾਂ ਦੇ ਦਿਮਾਗ਼ ਵਿਚ ਕੁੜੀਆਂ ਮੁੰਡਿਆਂ ਜਾਂ ਮਰਦ ਔਰਤ ਦੇ ਪਿਆਰ ਦੀ ਸੋਚ ਹੁੰਦੀ ਹੈ ਪਰ ਪਿਆਰ ਤਾਂ ਪਿਆਰ ਹੈ। ਅਸੀਂ ਆਪਣੇ ਮਾਪਿਆਂ ਨੂੰ, ਬੱਚਿਆਂ ਨੂੰ, ਭੈਣ ਭਰਾਵਾਂ ਨੂੰ, ਦੋਸਤਾਂ ਮਿਤਾਰਾਂ ਨੂੰ, ਆਪਣੇ ਘਰ ਨੂੰ, ਆਪਣੇ ਪਸ਼ੂਆਂ, ਪੰਛੀਆਂ ਆਦਿ ਸਾਰਿਆਂ ਨੂੰ ਪਿਆਰ ਕਰਦੇ ਹਾਂ। ਜੇਕਰ ਅਸੀਂ ਪਿਆਰ ਨਾ ਕਰਦੇ ਹੋਈਏ ਤਾਂ ਅਸੀਂ ਉਨ੍ਹਾਂ ਦੀ ਦੇਖਭਾਲ ਅਤੇ ਸੰਭਾਲ ਵੀ ਨਹੀਂ ਕਰਾਂਗੇ। ਪਿਆਰ ਕਦੇ ਸੋਚ ਸਮਝਕੇ ਨਹੀਂ ਹੁੰਦਾ। ਪਿਆਰ ਬਹੁਤ ਵੱਡੀ ਤਾਕਤ ਹੈ। ਨਰਿੰਦਰ ਸਿੰਘ ਕਪੂਰ ਅਨੁਸਾਰ, ‘ਪਿਆਰ ਅਤੇ ਇਨਸਾਫ਼ ਦੀ ਭਾਵਨਾ ਨਾਲ ਬੋਲੇ ਸ਼ਬਦ ਉਹ ਝਗੜੇ ਨਿਬੇੜ ਦਿੰਦੇ ਹਨ ਜਿਨ੍ਹਾਂ ਨੂੰ ਤਲਵਾਰਾਂ ਅਤੇ ਤੋਪਾਂ ਨਾਲ ਵੀ ਨਹੀਂ ਸੁਲਝਾਇਆ ਜਾ ਸਕਦਾ।’

ਅਸੀਂ ਕਈ ਵਾਰ ਬੱਚਿਆਂ ਨੂੰ ਪੁੱਛਦੇ ਹਾਂ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈਂ, ਉਸ ਨੂੰ ਵੀ ਦੱਸਣਾ ਨਹੀਂ ਆਉਂਦਾ। ਕਈ ਵਾਰ ਉਹ ਦੋਨੋਂ ਬਾਹਵਾਂ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕਰੇਗਾ ਜਾਂ ਘੁੱਟ ਕੇ ਜੱਫੀ ਪਾ ਕੇ ਆਪਣੇ ਪਿਆਰ ਨੂੰ ਦੱਸੇਗਾ ਪਰ ਬੋਲਕੇ ਨਹੀਂ ਦੱਸ ਸਕਦਾ ਅਤੇ ਅਸੀਂ ਵੀ ਉਸਦੇ ਪਿਆਰ ਨੂੰ ਸਮਝ ਜਾਂਦੇ ਹਾਂ। ਪਿਆਰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਅਸੀਂ ਜਾਨਵਰ, ਪਸ਼ੂ ਜਾਂ ਪੰਛੀ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੇ ਹੱਥ ਦੀ ਛੋਹ ਤੋਂ ਸਾਡੀਆਂ ਭਾਵਨਾਵਾਂ ਸਮਝ ਜਾਂਦੇ ਹਨ। ਅਸੀਂ ਵੀ ਉਨ੍ਹਾਂ ਦੀਆਂ ਭਾਵਨਾਵਾਂ ਸਮਝ ਜਾਂਦੇ ਹਾਂ। ਸੱਚ ਹੈ ਪਿਆਰ ਦੀ ਕੋਈ ਭਾਸ਼ਾ ਨਹੀਂ ਅਤੇ ਪਿਆਰ ਲਈ ਜ਼ੁਬਾਨ ਦੀ ਵੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਹਕੀਕਤ ਹੈ ਕਿ ਉਸਨੂੰ ਦੱਸਣ ਲਈ ਕਦੇ ਸ਼ਬਦ ਨਹੀਂ ਮਿਲਣਗੇ। ਪਿਆਰ ਕਿਉਂ, ਕਿਵੇਂ ਅਤੇ ਕਦੋਂ ਹੁੰਦਾ ਹੈ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ। ਇਹ ਰੂਹ ਦਾ ਰਿਸ਼ਤਾ ਹੈ। ਅਸੀਂ ਮਾਪਿਆਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਸਾਡੇ ਮਾਪੇ ਹਨ। ਬੱਚਿਆਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਸਾਡੇ ਬੱਚੇ ਹਨ ਪਰ ਕਈਆਂ ਨੂੰ ਅਸੀਂ ਇੰਜ ਪਿਆਰ ਕਰਦੇ ਹਾਂ ਜਿਵੇਂ ਉਨ੍ਹਾਂ ਵਿਚ ਸਾਡੀ ਜਾਨ ਫਸੀ ਹੋਈ ਹੋਵੇ। ਉਹ ਕੋਈ ਬੰਦਾ/ਔਰਤ ਹੋ ਸਕਦਾ ਹੈ। ਕੁੱਤਾ ਜਾਂ ਘਰ ਵਿਚ ਪਾਲਿਆ ਪਸ਼ੂ ਵੀ ਹੋ ਸਕਦਾ ਹੈ। ਮੈਂ ਇੱਥੇ ਕੁੱਝ ਅਜਿਹੇ ਪਿਆਰ ਦੀ ਗੱਲ ਵੀ ਸਾਂਝੀ ਕਰਨੀ ਚਾਹਾਂਗੀ।

ਅਸੀਂ ਜਰਮਨ ਸ਼ੈਫਰਡ ਕੁੱਤਾ ਪਾਲਣ ਵਾਸਤੇ ਲੈ ਆਂਦਾ। ਉਸਦਾ ਨਾਮ ਸੁਲਤਾਨ ਰੱਖਿਆ। ਇਕ ਮਹੀਨੇ ਦਾ ਸੀ, ਸਾਰਾ ਦਿਨ ਉਸਦਾ ਕੰਮ ਹੀ ਨਾ ਮੁੱਕਣਾ। ਉਸ ਨੇ ਘਰ ’ਚ ਮੇਰੇ ਪਿੱਛੇ ਪਿੱਛੇ ਘੁੰਮਦੇ ਰਹਿਣਾ। ਇਹ ਨਸਲ ਬਹੁਤ ਸਿਆਣੀ,ਸਮਝਦਾਰ ਹੁੰਦੀ ਹੈ। ਇਸਨੇ ਉੱਥੇ ਹੀ ਬੈਠਣਾ ਜਿੱਥੇ ਮੈਂ ਹੋਵਾਂ। ਜੇ ਮੈਂ ਨਹਾ ਕੇ ਕਪੜੇ ਬਦਲੇ ਤਾਂ ਉਸਨੂੰ ਕੋਈ ਸਮੱਸਿਆ ਨਹੀਂ ਹੁੰਦੀ ਸੀ। ਜੇ ਮੈਂ ਲਿਪਸਟਿਕ ਲਗਾ ਲਈ ਤਾਂ ਉਸਨੂੰ ਫ਼ਿਕਰ ਪੈ ਜਾਂਦਾ ਕਿ ਇਹ ਘਰੋਂ ਬਾਹਰ ਜਾਏਗੀ। ਸੈਂਡਲ ਕੱਢਣ ਲਈ ਅਲਮਾਰੀ ਖੋਲ੍ਹਣੀ ਤਾਂ ਉਸਨੇ ਰੋਣਾ ਸ਼ੁਰੂ ਕਰ ਦੇਣਾ। ਉਸ ਵਾਸਤੇ ਮੈਂ ਸ਼ਾਇਦ ਮਾਂ ਸੀ,ਉਹ ਆਪਣੇ ਆਪ ਨੂੰ ਮੇਰੇ ਹੁੰਦਿਆਂ ਸੁਰੱਖਿਅਤ ਸਮਝਦਾ ਸੀ। ਮੈਨੂੰ ਉਸਦੀ ਸ਼ਕਲ ਵੇਖਕੇ ਬਹੁਤ ਔਖਾ ਲੱਗਣਾ। ਜਦੋਂ ਮੈਂ ਵਾਪਸ ਆਉਣਾ ਤਾਂ ਜਿਵੇਂ ਭੱਜ ਕੇ ਮਿਲਦਾ ਸੀ, ਉਸ ਨੂੰ ਮੈਂ ਵੀ ਬਿਆਨ ਨਹੀਂ ਕਰ ਸਕਦੀ। ਆਪਣੇ ਬੇਟੇ ਨੂੰ ਜੇਕਰ ਜੱਫੀ ਪਾਉਣੀ ਤਾਂ ਉਸ ਨੂੰ ਉਹ ਵੀ ਹਜ਼ਮ ਨਹੀਂ ਹੁੰਦਾ ਸੀ। ਉਸ ਨੇ ਆਪਣਾ ਮੂੰਹ ਸਿਰ ਪੂਰਾ ਦੇਣਾ ਕਿ ਮੈਂ ਤੁਹਾਡੇ ਦੋਹਾਂ ’ਚ ਆਉਣਾ ਹੈ। ਉਸਦਾ ਪਿਆਰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਸੀ।

ਮੈਨੂੰ ਮੇਰੇ ਪਤੀ ਨੇ ਕਈ ਵਾਰ ਕਹਿਣਾ ਕਿ ਇਸਦੀ ਉਮਰ ਹੁਣ ਆਖਰੀ ਪਲਾਂ ’ਤੇ ਹੈ। ਸੱਚ ਜਾਣਿਓ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਇਸ ਤੋਂ ਬਗ਼ੈਰ ਕਿਵੇਂ ਰਹਾਂਗੀ। ਮੈਨੂੰ ਧੱਕਾ ਲੱਗਦਾ ਸੀ ਪਰ ਮੌਤ ਕੌੜਾ ਸੱਚ ਹੈ। ਉਹ ਤਕਰੀਬਨ ਚੌਦਾਂ ਸਾਲ ਸਾਡੇ ਨਾਲ ਰਿਹਾ ਅਤੇ 2007 ’ਚ ਉਸਦੀ ਮੌਤ ਹੋ ਗਈ। ਮੇਰੀ ਗੋਦੀ ਵਿੱਚ ਉਸਨੇ ਆਖਰੀ ਸਾਹ ਲਏ। ਬਹੁਤ ਦੇਰ ਤੱਕ ਸਾਨੂੰ ਸਾਰਿਆਂ ਨੂੰ ਇਵੇਂ ਲੱਗਦਾ ਸੀ ਜਿਵੇਂ ਸੁਲਤਾਨ ਘੁੰਮ ਰਿਹਾ ਹੈ। ਉਸ ਤੋਂ ਬਾਅਦ ਮੈਂ ਕਦੇ ਕੁੱਤਾ ਨਹੀਂ ਰੱਖਿਆ। ਇਹ ਪਿਆਰ ਹੀ ਹੈ,ਉਸਨੇ ਕਦੇ ਬੋਲ ਕੇ ਨਹੀਂ ਦੱਸਿਆ ਪਰ ਸਮਝ ਤਾਂ ਸਾਰੇ ਹੀ ਰਹੇ ਸਨ। ਇੰਜ ਸੀ ਕਈ ਵਾਰ ਅਸੀਂ ਕੁੱਝ ਵੀ ਨਹੀਂ ਬੋਲਦੇ ਪਰ ਹਲਕੀ ਜਿਹੀ ਮੁਸਕਰਾਹਟ ਦੂਸਰੇ ਨੂੰ ਪਿਆਰ ਦਾ ਸੁਨੇਹਾ ਦੇ ਜਾਂਦੀ ਹੈ। ਪਿਆਰ ਰੱਬ ਦੀ ਰਹਿਮਤ ਹੈ।

ਸੋਚ ਤੇ ਫਿਤਰਤ ’ਤੇ ਵੀ ਨਿਰਭਰ ਹੈ ਪਿਆਰ

ਪਿਆਰ ਨਾਲ ਅਸੀਂ ਬਿਗਾਨਿਆਂ ਨੂੰ ਵੀ ਆਪਣਾ ਬਣਾ ਸਕਦੇ ਹਾਂ। ਜੇਕਰ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਅਗਲਾ ਵੀ ਸਮਝ ਲੈਂਦਾ ਹੈ। ਕਿਸੇ ਨੂੰ ਵੀ ਤੁਸੀਂ ਬੋਲ ਕੇ,ਦੱਸ ਕੇ,ਇਹ ਨਹੀਂ ਸਮਝਾ ਸਕਦੇ ਜਾਂ ਮਹਿਸੂਸ ਕਰਵਾ ਸਕਦੇ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ। ਇਹ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਅਤੇ ਸਾਹਮਣੇ ਵਾਲੇ ’ਤੇ ਵੀ ਨਿਰਭਰ ਕਰਦਾ ਹੈ। ਸਾਹਮਣੇ ਵਾਲੇ ਦੀ ਸੋਚ ਅਤੇ ਫਿਤਰਤ ਤੇ ਵੀ ਨਿਰਭਰ ਕਰਦਾ ਹੈ। ਜਿਹੜੇ ਪਿਆਰ ਕਰਨ ਦੀ ਫਿਤਰਤ ਵਾਲੇ ਨਹੀਂ ਹੁੰਦੇ,ਉਹ ਥੋੜ੍ਹੇ ਕੀਤੇ ਮਹਿਸੂਸ ਵੀ ਨਹੀਂ ਕਰ ਸਕਦੇ। ਹਾਂ, ਕੁਦਰਤ ਨੇ ਪਿਆਰ ਨੂੰ ਸਮਝਣ ਅਤੇ ਮਹਿਸੂਸ ਕਰਨ ਦੀ ਸਮਝ ਪਸ਼ੂਆਂ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਦਿੱਤੀ ਹੈ। ਇਸ ਵਿਚ ਸੱਚੀ ਕੁੱਝ ਵੀ ਗਲਤ ਨਹੀਂ ਹੈ ਕਿ ਪਿਆਰ ਦੀ ਕੋਈ ਭਾਸ਼ਾ ਨਹੀਂ, ਇਸ ਨੂੰ ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ ਹੈ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi