ਜਨਮ ਸਮੇਂ ਤੋਂ ਬੱਚਾ ਜਦੋਂ ਕਿਸੇ ਨੂੰ ਤੱਕਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਸੁਪਨੇ ਵੀ ਆਉਣੇ ਸ਼ੁਰੂ ਹੁੰਦੇ ਹਨ। ਉਹ ਮੁਸਕਰਾਹਟ ਵੀ ਆਪਣੇ ਚਿਹਰੇ 'ਤੇ ਲਿਆਉਂਦਾ ਹੈ ਅਤੇ ਡਰ ਵਾਲੇ ਹਾਵ-ਭਾਵ ਵੀ ਸਾਨੂੰ ਉਸ ਦੇ ਚਿਹਰੇ 'ਤੇ ਵੇਖਣ ਨੂੰ ਮਿਲਦੇ ਹਨ। ਮਨੋਵਿਗਿਆਨੀਆਂ ਅਨੁਸਾਰ ਇਹ ਉਸ ਦਾ ਭਾਵਨਾਤਮਕ ਵਿਕਾਸ ਹੋ ਰਿਹਾ ਹੁੰਦਾ ਹੈ। ਹੌਲੀ-ਹੌਲੀ ਉਹ ਵੱਡਿਆਂ ਦੀ ਨਕਲ ਕਰਨ ਲੱਗ ਪੈਂਦਾ ਹੈ। ਨਿਰਸੰਦੇਹ ਜਿਵੇਂ-ਜਿਵੇਂ ਬੱਚੇ ਦੀ ਸੋਝੀ ਵਿਕਸਤ ਹੁੰਦੀ ਹੈ ਤਿਵੇਂ-ਤਿਵੇਂ ਉਹ ਨਕਲ ਛੱਡ ਕੇ ਆਪਣੀ ਸੋਚ ਅਨੁਸਾਰ ਆਪਣਾ ਵਿਹਾਰ ਬਣਾਉਂਦਾ ਹੈ ਪਰ ਫਿਰ ਵੀ ਉਸ ਨੂੰ ਆਪਣੇ ਜੀਵਨ ਵਿਚ ਕੁਝ ਕਰਨ ਲਈ ਕਿਸੇ ਤੋਂ ਪ੍ਰੇਰਨਾ ਲੈਣੀ ਹੀ ਪੈਂਦੀ ਹੈ।

ਇਹ ਪ੍ਰੇਰਨਾ ਲੈਣਾ ਅਸਲ ਵਿਚ ਅਨੁਸਰਨ ਦਾ ਹੀ ਅਗਲੇਰਾ ਅਤੇ ਵਿਕਸਤ ਰੂਪ ਹੁੰਦਾ ਹੈ। ਇਕੱਲੀ

ਪ੍ਰੇਰਨਾ ਜਾਂ ਇਕੱਲਾ ਅਨੁਸਰਨ ਅਧੂਰੇਪਣ ਦਾ ਚਿੰਨ੍ਹ ਹੁੰਦਾ ਹੈ ਜਦੋਂਕਿ ਇਸ ਵਿਚ ਸੋਝੀ ਦੀ ਵਰਤੋਂ ਵਿਕਾਸ ਦਾ ਰਸਤਾ ਤੈਅ ਕਰਦੀ ਹੈ। ਇਸ ਨੂੰ ਮੌਲਿਕਤਾ ਵੀ ਆਖਿਆ ਜਾ ਸਕਦਾ ਹੈ। ਜਵਾਨੀ ਦੇ ਵਿਸ਼ੇਸ਼ ਪੜਾਅ ਤਕ ਇਸ ਪ੍ਰੇਰਨਾ ਜਾਂ ਅਨੁਸਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।

ਹੁਣ ਪ੍ਰੇਰਨਾ ਦੀ ਦਿਸ਼ਾ ਵਾਸਤੇ ਵਿਸ਼ੇਸ਼ ਲਹਿਰਾਂ ਜਾਂ ਵਿਚਾਰਧਾਰਾ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਇਸ ਗੱਲ ਤੋਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ ਕਿ ਹਰੇਕ ਸਭਾ ਸਮਾਜ ਵਿਚ ਵੱਖ-ਵੱਖ ਸਮਿਆਂ 'ਤੇ ਅਜਿਹੇ ਵਿਅਕਤੀ ਆਉਂਦੇ ਹਨ ਜਿਹੜੇ ਸਮਾਜਿਕ ਮੁਹਾਂਦਰੇ 'ਤੇ ਆਪਣਾ ਪਰਛਾਵਾਂ ਪਾਉਂਦੇ ਹਨ। ਇਸ ਪਰਛਾਵੇਂ ਨੂੰ ਉਹ ਸਮਾਜ ਆਪਣੀ ਵਿਰਾਸਤ ਮੰਨਦਾ ਹੈ। ਜਦੋਂ ਕਿਸੇ ਸਮਾਜ ਦੀ ਕੋਈ ਪੀੜ੍ਹੀ ਇਸ ਵਿਰਾਸਤ ਨੂੰ ਵਿਕਸਤ ਕਰਨ ਲਈ ਯਤਨ ਕਰਦੀ ਹੈ ਤਾਂ ਇਸ ਵਾਸਤੇ ਉਹ ਆਪਣੇ ਆਦਰਸ਼ ਮਿੱਥਦੀ ਹੈ। ਇਹ ਆਦਰਸ਼ ਜੇਕਰ ਸਥਾਨਕ ਸਮਾਜੀ ਮੁਹਾਂਦਰੇ ਵਾਲੇ ਹੋਣ ਤਾਂ ਇਨ੍ਹਾਂ ਦਾ ਪ੍ਰਭਾਵ ਤਤਕਾਲੀ, ਦਿਸ਼ਾਸੂਚਕ ਤਾਂ ਹੁੰਦਾ ਹੀ ਪਰ ਇਹ ਚਿਰਸਥਾਈ ਵੀ ਸਾਬਤ ਹੁੰਦਾ ਹੈ। ਪਰ ਜਦੋਂ ਇਹ ਆਦਰਸ਼ ਦੂਰੀ ਵਾਲੇ ਸਥਾਨ ਤੋਂ ਲਏ ਜਾਂਦੇ ਹਨ ਤਾਂ ਇਹ ਤਤਕਾਲੀ ਪ੍ਰਭਾਵ ਪਾਉਣ ਤੋਂ ਹੀ ਊਣੇ ਨਹੀਂ ਰਹਿੰਦੇ ਸਗੋਂ ਇਨ੍ਹਾਂ ਦੀ ਦਿਸ਼ਾ ਦੇ ਸਹੀ ਹੋਣ ਵਿਚ ਵੀ ਕਸਰ ਰਹਿ ਜਾਂਦੀ ਹੈ। ਇਸੇ ਕਾਰਨ ਇਹ ਖਲਾਅ ਜਿਹਾ ਪੈਦਾ ਕਰ ਦਿੰਦੇ ਹਨ। ਕਦੇ-ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕੋਈ ਅਜਿਹਾ ਵਰਤਾਰਾ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਜਿਹੜਾ ਕਿਸੇ ਸਮਾਜ ਦੇ ਅਨੁਕੂਲ ਵੀ ਨਹੀਂ ਹੁੰਦਾ ਹੈ ਅਤੇ ਇਸ ਦੀ ਦਿਸ਼ਾ ਵੀ ਸਥਾਨਕ ਸਮਾਜਿਕ ਸਥਿਤੀਆਂ ਦੇ ਅਨੁਸਾਰ ਨਹੀਂ ਹੁੰਦੀ ਹੈ। ਅਜਿਹੇ ਹਾਲਾਤ ਵਿਚ ਇਕ ਵਿਸ਼ੇਸ਼ ਤਰ੍ਹਾਂ ਦੀ ਭਟਕਣ ਬਣੀ ਰਹਿੰਦੀ ਹੈ।

ਸਾਡੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਰੂ ਸਾਹਿਬਾਨ ਦੁਆਰਾ ਦਰਸਾਏ ਰਾਹਾਂ ਦੀ ਦਿਸ਼ਾ ਮਾਨਵੀ ਹਿੱਤਾਂ ਵਾਲੀ ਹੈ ਅਤੇ ਇਸ ਦਾ ਘੇਰਾ ਬੜਾ ਵਿਸ਼ਾਲ ਹੈ। ਗੁਰੂ ਸਾਹਿਬਾਨ ਨੇ ਇਸ ਨੂੰ ਹੱਦਾਂ-ਸਰਹੱਦਾਂ ਤੋਂ ਪਾਰ ਬਣਾਉਂਦਿਆਂ ਅਜਿਹਾ ਮਾਡਲ ਤਿਆਰ ਕੀਤਾ ਹੈ ਜੋ 'ਮਾਨਸ ਕੀ ਜਾਤ ਨੂੰ ਇਕ ਨਜ਼ਰ ਨਾਲ ਪਹਿਚਾਨਣ' ਵਾਲਾ ਹੈ। ਗੁਰੂ ਸਾਹਿਬਾਨ ਦੀ ਇਹ ਸੇਧ ਲੰਬਾ ਸਮਾਂ ਸਾਡੇ ਸਮਾਜ ਦੀ ਚਾਲ ਨਿਰਧਾਰਤ ਕਰਦੀ ਰਹੀ ਹੈ ਅਤੇ ਇਸ ਨੇ ਅੱਗੇ ਵੀ ਕਰਦੇ ਰਹਿਣਾ ਹੈ। ਜੇਕਰ ਅਸੀਂ ਗੁਰਬਾਣੀ ਦਾ ਅਧਿਐਨ ਕਰੀਏ ਤਾਂ ਇਸ ਵਿਚ ਜਿੱਥੇ ਸਥਾਪਤੀ ਦੀਆਂ ਲੋਕ ਵਿਰੋਧੀ ਕਾਰਵਾਈਆਂ ਦਾ ਵਿਰੋਧ ਮਿਲਦਾ ਹੈ ਉੱਥੇ ਹੀ ਸਮਾਜ ਦੀ ਸਿਰਜਣਾ ਪ੍ਰਤੀ ਸੇਧ ਵੀ ਹਾਸਲ ਹੁੰਦੀ ਹੈ। ਇਹ ਸੇਧ ਲੰਬਾ ਸਮਾਂ ਸਾਡਾ ਮਾਰਗ ਦਰਸ਼ਨ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਨ ਦੇ ਸਮਰੱਥ ਹੈ। ਵਡੇਰੀ ਉਮਰ ਦੇ ਲੋਕਾਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤਕ ਵਿਚਾਰਵਾਨਾਂ ਨੇ ਸਿੱਖ ਵਿਚਾਰਧਾਰਾ ਨੂੰ ਆਪਣਾ ਆਦਰਸ਼ ਮੰਨਿਆ ਸੀ।

ਇੱਥੋਂ ਤਕ ਕਿ ਨਕਸਲਬਾੜੀ ਲਹਿਰ ਦੇ ਪੰਜਾਬ ਦੇ ਵਿਚਾਰਧਾਰਕਾਂ ਨੇ ਜਿੱਥੇ ਮਾਰਕਸਵਾਦ ਨੂੰ ਸੇਧਤ ਵਿਚਾਰਧਾਰਾ ਵਜੋਂ ਅਪਣਾਇਆ ਸੀ ਉੱਥੇ ਹੀ ਗੁਰਮਤਿ ਵਿਚਾਰਧਾਰਾ ਨੂੰ ਵੀ ਆਪਣਾ ਆਦਰਸ਼ ਜਾਣਿਆ ਸੀ। ਚਿੰਤਕਾਂ ਵਾਸਤੇ ਗੁਰਬਾਣੀ ਕੇਵਲ ਰੂਹਾਨੀ ਫ਼ਲਸਫ਼ਾ ਹੀ ਨਹੀਂ ਹੈ ਸਗੋਂ ਇਹ ਮਨੁੱਖੀ ਜ਼ਿੰਦਗੀ ਦਾ ਵਿਚਾਰਧਾਰਾਈ ਆਧਾਰ ਵੀ ਬਣਦਾ ਹੈ।

ਵਿਗਿਆਨਕ ਪ੍ਰਗਤੀ ਸਦਕਾ ਹੱਦਾਂ-ਸਰਹੱਦਾਂ ਦੇ ਪੈਂਡਿਆਂ ਦਾ ਪੰਧ ਘਟਿਆ ਹੈ। ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਸਾਡੀ ਪਹੁੰਚ ਵਿਚ ਆਇਆ ਹੈ। ਤੇਜ਼ ਆਵਾਜਾਈ ਸਾਧਨਾਂ, ਇਲੈਕਟ੍ਰਾਨਿਕ ਸਾਧਨਾਂ ਦੀ ਉਪਲੱਬਧਤਾ ਸਦਕਾ ਸੰਸਾਰੀਕਰਨ ਦਾ ਸੰਕਲਪ ਅਤੇ ਵਿਹਾਰ ਹੋਂਦ ਵਿਚ ਆਇਆ ਹੈ। ਇਸ ਸਦਕਾ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਹੋਣਾ ਚਾਹੀਦਾ ਸੀ। ਅਸੀਂ ਸੰਸਾਰੀਕਰਨ ਦੇ ਸੰਕਲਪ ਨੂੰ ਆਪਣੇ ਵਿਹਾਰ ਦਾ ਅੰਗੀਕਰਨ ਕਰ ਲਿਆ ਹੈ ਪਰ ਅਫ਼ਸੋਸ ਹੈ ਕਿ ਅਜਿਹਾ ਕਰਦਿਆਂ ਅਸੀਂ ਸਥਾਨਕ ਹਾਲਤਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਫਲਸਰੂਪ ਇਕ ਖ਼ਾਸ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਹੈ। ਇਸ ਖਲਾਅ ਨੇ ਸਾਨੂੰ ਉਪਰਾਮਤਾ ਦੇ ਲੜ ਲਾ ਦਿੱਤਾ ਹੈ।

ਅੱਜ ਅਸੀਂ ਇਸ ਉਪਰਾਮਤਾ ਨੂੰ ਪੀੜ੍ਹੀਆਂ ਦੇ ਪਾੜੇ ਦਾ ਨਾਂ ਦੇਣ ਲੱਗ ਪਏ ਹਾਂ। ਹਾਲਾਂਕਿ ਇਹ ਪੀੜ੍ਹੀਆਂ ਦਾ ਪਾੜਾ ਨਹੀਂ ਹੈ ਸਗੋਂ ਇਹ ਸਾਡੀ ਦਿਸ਼ਾਹੀਣਤਾ ਦੀ ਸੂਚਕ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਥਾਨਕ ਲੋੜਾਂ ਸਮਾਜਿਕ ਕਾਇਦੇ-ਕਾਨੂੰਨ ਨਿਰਧਾਰਤ ਕਰਦੀਆਂ ਹਨ ਅਤੇ ਇਹ ਕਾਇਦੇ-ਕਨੂੰਨ ਹੀ ਅੱਗੇ ਸੱਭਿਆਚਾਰ ਦੀਆਂ ਪਰਿਭਾਸ਼ਾਵਾਂ ਨਿਰਧਾਰਤ ਕਰਦੇ ਹਨ। ਇਸ ਲਈ ਸਾਨੂੰ ਸਹੀ ਆਦਰਸ਼ ਮਿੱਥਣ ਦੀ ਜ਼ਰੂਰਤ ਹੁੰਦੀ ਹੈ।

ਇਕ ਛੋਟੀ ਜਿਹੀ ਗੱਲ ਕਰਨੀ ਇੱਥੇ ਕੁਥਾਵੀਂ ਨਹੀਂ ਹੋਵੇਗੀ। ਅਸੀਂ ਪੱਛਮੀ ਦੇਸ਼ਾਂ ਵੱਲ ਪਰਵਾਸ ਕੀਤਾ ਹੈ। ਉੱਥੋਂ ਡਾਲਰ/ਪੌਂਡ ਵੀ ਕਮਾਏ ਹਨ ਅਤੇ ਵਿਹਾਰ ਨੂੰ ਅੱਧਾ-ਅਧੂਰਾ ਅਪਣਾਇਆ ਵੀ ਹੈ। ਪਰ ਉੱਥੋਂ ਦਾ ਵਿਹਾਰ ਉੱਥੇ ਤਾਂ ਜਾਇਜ਼ ਹੋ ਸਕਦਾ ਹੈ। ਇਹ ਸਾਡੇ ਇੱਥੋਂ ਦੇ ਹਾਲਾਤ ਦੇ ਅਨੁਕੂਲ ਨਾ ਹੋਣ ਕਾਰਨ ਸਾਡੇ ਵਿਹਾਰ ਨੂੰ ਗ਼ੈਰ-ਕੁਦਰਤੀ ਬਣਾ ਰਿਹਾ ਹੈ। ਫਲਸਰੂਪ ਵੱਡੀ ਭਟਕਣ ਪੈਦਾ ਹੁੰਦੀ ਹੈ। ਖੇਡਾਂ, ਫ਼ਿਲਮਾਂ 'ਚੋਂ ਓਪਰੀ ਨਜ਼ਰੇ ਅਪਣਾਏ ਵਿਹਾਰ ਸਾਡੇ ਪੱਲੇ ਉਹ ਕੁਝ ਪਾ ਦਿੰਦੇ ਹਨ ਜਿਹੜਾ ਕਿ ਸਥਾਨਕ ਹਾਲਾਤ ਵਿਚ ਖਲਾਅ ਪੈਦਾ ਕਰਨ ਵਾਲਾ ਸਾਬਤ ਹੁੰਦਾ ਹੈ।

ਸਾਡੇ ਕੋਲ ਅਮੀਰ ਵਿਰਸਾ ਹੈ। ਸਾਡਾ ਵਿਚਾਰਧਾਰਾਈ ਆਧਾਰ ਵੀ ਹੈ। ਪਰ ਅਫ਼ਸੋਸ ਹੈ ਕਿ ਬਹੁਗਿਣਤੀ ਵਿਚ ਅਸੀਂ ਭਟਕਣ ਪੱਲੇ ਪਾਈ ਬੈਠੇ ਹਾਂ। ਅੱਜ ਅਸੀਂ ਆਪਣੀ ਵਿਰਾਸਤ ਦੀ ਥਾਂ ਨਕਲਚੂ ਬਣੀ ਜਾ ਰਹੇ ਹਾਂ। ਇਸੇ ਨੂੰ ਹੀ ਦਿਸ਼ਾਹੀਣਤਾ ਵੀ ਆਖਿਆ ਜਾ ਸਕਦਾ ਹੈ। ਨੌਜਵਾਨ ਪੀੜ੍ਹੀ ਇਸ ਦਿਸ਼ਾਹੀਣਤਾ ਦੀ ਵਧੇਰੇ ਸ਼ਿਕਾਰ ਹੋ ਰਹੀ ਹੈ। ਕਾਰਨ ਸਵੈ-ਸਪਸ਼ਟ ਹੈ। ਅਸੀਂ ਆਪਣੇ ਰੋਲ ਮਾਡਲ ਗੁਆ ਰਹੇ ਹਾਂ। ਇਸ ਵਿਚ ਵੱਡਾ ਹਿੱਸਾ ਸਾਡੇ ਪੱਲੇ ਪਈ ਭਟਕਣ ਦਾ ਹੈ। ਸਾਡੇ ਕੋਲ ਬੇਹੱਦ ਸਪਸ਼ਟ ਵਿਚਾਰਧਾਰਾ ਹੈ। ਮਹਾਨ ਵਿਅਕਤੀਆਂ ਦੀਆਂ ਮਿਸਾਲਾਂ ਸਾਡੇ ਕੋਲ ਹਨ ਪਰ ਅਸੀਂ ਤਾਂ ਹਰ ਸਥਾਨਕ ਵੱਡੀ ਗੱਲ ਨੂੰ ਛੁਟਿਆ ਲੈਂਦੇ ਹਾਂ ਅਤੇ ਬਾਹਰੀ ਛੋਟੀ ਜਿਹੀ ਗੱਲ ਨੂੰ ਵੀ ਵੱਡੀ ਕਰ ਕੇ ਪੱਲੇ ਬੰਨ੍ਹ ਲੈਂਦੇ ਹਾਂ।

ਪੰਜਾਬ ਵਿਚ ਗੁਰਬਾਣੀ ਹੈ, ਗ਼ਦਰੀ ਬਾਬੇ ਹਨ, ਭਗਤ ਸਿੰਘ ਅਤੇ ਸਾਥੀ ਹਨ, ਸਾਡੇ ਕੋਲ ਸਾਹਿਤਕ ਵਿਰਸਾ ਵੀ ਅਮੀਰੀ ਵਾਲਾ ਹੈ ਪਰ ਅਸੀਂ ਫਿਰ ਵੀ ਭਟਕਣ ਦਾ ਸ਼ਿਕਾਰ ਹੁੰਦੇ ਹਾਂ। ਗੁਰੂ ਸਾਹਿਬਾਨ ਦੀ ਬਾਣੀ ਨੂੰ ਅਸੀਂ ਉੱਥੇ ਲਿਜਾਣ ਦੀ ਭੁੱਲ ਕਰਦੇ ਹਾਂ ਜਿਸ ਦਾ ਗੁਰੂਆਂ ਨੇ ਵਿਰੋਧ ਕੀਤਾ ਸੀ। ਭਗਤ ਸਿੰਘ ਦੀ ਪੱਗ ਅਤੇ ਟੋਪੀ ਦਾ ਬਖੇੜਾ ਖੜ੍ਹਾ ਕਰ ਲੈਂਦੇ ਹਾਂ। ਇਸ ਲਈ ਆਓ! ਅਸੀਂ ਇਸ ਭਟਕਣ 'ਚੋਂ ਨਿਕਲੀਏ ਅਤੇ ਆਪਣਾ ਠੀਕ ਰੋਲ ਮਾਡਲ ਨਿਸ਼ਚਿਤ ਕਰੀਏ।

J ਗੁਰਦੀਪ ਸਿੰਘ ਢੁੱਡੀ

95010-20731

Posted By: Harjinder Sodhi