ਜ਼ਿੰਦਗੀ ਇਕ ਅਜਿਹਾ ਸ਼ਬਦ ਹੈ ਜੋ ਜਨਮ ਅਤੇ ਮੌਤ ਦੀ ਵਿਚਕਾਰਲੀ ਕੜੀ ਨੂੰ ਜੋੜਦਾ ਹੈ। ਕਈਆਂ ਦੀ ਸਾਰੀ ਜ਼ਿੰਦਗੀ ਰੱਬ ਨਾਲ ਗ਼ਿਲੇ-ਸ਼ਿਕਵੇ ਕਰਦਿਆਂ ਹੀ ਲੰਘ ਜਾਂਦੀ ਹੈ। ਉਹ, ਜੋ ਉਸਨੇ ਬਖਸ਼ਿਆ ਹੈ ਉਸ ਵਿਚ ਖ਼ੁਸ਼ ਰਹਿਣ ਦੀ ਬਜਾਏ ਜੋ ਨਹੀਂ ਹੈ, ਉਸ ਬਾਰੇ ਸੋਚ-ਸੋਚ ਕੇ ਹੀ ਝੂਰਦੇ ਰਹਿੰਦੇ ਹਨ ਅਤੇ ਕਈ ਫ਼ਕੀਰੀ ਹਾਲ ਵਿਚ ਰਹਿੰਦੇ ਹੋਏ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਨੰਦਮਈ ਜ਼ਿੰਦਗੀ ਜਿਉਂਦੇ ਹਨ। ਕਈ ਅਜਿਹੇ ਵੀ ਹੁੰਦੇ ਹਨ ਜੋ ਸਾਰੀ ਜ਼ਿੰਦਗੀ ਦੂਜਿਆਂ ਨੂੰ ਨੀਵਾਂ ਦਿਖਾਉਣ, ਬੁਰਾ ਭਲਾ ਕਹਿਣ, ਨੁਕਸ ਕੱਢਣ ਅਤੇ ਦੁਖੀ ਕਰਨ ਵਿਚ ਅਜਾਈਂ ਹੀ ਗਵਾ ਦਿੰਦੇ ਹਨ। ਅਜਿਹੇ ਇਨਸਾਨ ਸ਼ਖ਼ਸੀਅਤ ਪੱਖੋਂ ਕੋਰੇ ਹੀ ਹੁੰਦੇ ਹਨ।

ਖ਼ੁਸ਼ੀਆਂ ਦਾ ਸਰੋਤ

ਜ਼ਿੰਦਗੀ ਰੰਗਮੰਚ ਹੀ ਤਾਂ ਹੈ ਜਿੱਥੇ ਸਭ ਨੇ ਆਪਣਾ ਰੋਲ ਨਿਭਾਉਣਾ ਹੈ ਅਤੇ ਰੁਖ਼ਸਤ ਹੋ ਜਾਣਾ ਹੈ। ਫਿਰ ਕੀ ਫ਼ਾਇਦਾ ਇਸ ਨੂੰ ਲੜਾਈ ਝਗੜਿਆਂ, ਆਪਸੀ ਰੰਜ਼ਿਸ਼ਾਂ, ਬੇਲੋੜੀਆਂ ਨਫ਼ਰਤਾਂ ਅਤੇ ਫਾਲਤੂ ਚਿੰਤਾਵਾਂ ਵਿਚ ਉਲਝਾਉਣ ਦਾ। ਬਸ ਮਸਤ ਰਹੋ ਜ਼ਿੰਦਗੀ ਜੀਣ ਵਿਚ, ਕੀ ਪਤਾ ਕਦੋਂ ਬੁਲਾਵਾ ਆ ਜਾਵੇ ਅਤੇ ਸਾਡਾ ਰੋਲ ਖ਼ਤਮ। ਅੱਜ ਕਿਉਂ ਸਭ ਕੁਝ ਹੁੰਦੇ ਹੋਏ ਵੀ ਅਸੀਂ ਮੁਰਝਾਏ ਰਹਿੰਦੇ ਹਾਂ। ਇਸ ਪਦਾਰਥਵਾਦੀ ਯੁੱਗ ਵਿਚ ਜ਼ਿਆਦਾ ਤੋਂ ਜ਼ਿਆਦਾ ਪਦਾਰਥ ਇਕੱਠੇ ਕਰਨ ਦੀ ਹੋੜ ਵਿਚ ਅਸੀਂ ਆਪਣਾ ਆਪ ਗੁਆ ਬੈਠੇ ਹਾਂ।

ਖ਼ੁਸ਼ ਰਹਿਣਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਬਸ ਪਤਾ ਹੋਵੇ ਕਿ ਖ਼ੁਸ਼ੀ ਮਿਲੂ ਕਿੱਥੋਂ। ਜੋ ਕੰਮ ਕਰਨ 'ਤੇ ਤੁਹਾਨੂੰ ਖ਼ੁਸ਼ੀ ਮਿਲਦੀ ਹੈ ਉੇਸ ਵਾਸਤੇ ਸਮਾਂ ਜ਼ਰੂਰ ਕੱਢੋ। ਆਪਣੇ ਮਨ ਨੂੰ ਵਿਹਲਾ ਨਾ ਰਹਿਣ ਦਿਓ, ਜ਼ਿੰਦਗੀ ਦੇ ਹਰੇਕ ਪਲ ਨੂੰ ਮਾਣਨਾ ਸਿੱਖੋ। ਹਰੇਕ ਇਨਸਾਨ ਦੇ ਜੀਵਨ ਵਿਚ ਦੁਖੀ ਜਾਂ ਉਦਾਸ ਰਹਿਣ ਦੇ ਕਾਰਨ ਮੌਜੂਦ ਹੁੰਦੇ ਹਨ। ਜਦ ਤਕ ਅਸੀਂ ਆਪਣੇ ਆਪ ਖ਼ੁਸ਼ ਹੋਣਾ ਨਹੀਂ ਸਿੱਖਾਂਗੇ ਅਸੀਂ ਦੁਖੀ ਹੀ ਰਹਾਂਗੇ। ਆਪਸੀ ਲੜਾਈ ਝਗੜਿਆਂ ਨੂੰ ਖੁੱਲ੍ਹੇ ਦਿਲ ਨਾਲ ਆਪਸੀ ਗੱਲਬਾਤ ਅਤੇ ਸੂਝ-ਬੂਝ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਹਊਮੈ ਇਨਸਾਨ ਨੂੰ ਬਰਬਾਦੀ ਦੀ ਰਾਹ 'ਤੇ ਤੋਰ ਦਿੰਦਾ ਹੈ। ਆਪਣੀ ਜ਼ਿੰਦਗੀ ਨੂੰ ਤਮਾਸ਼ਾ ਨਾ ਬਣਾਓ।

ਸੋਚ ਅਤੇ ਨਜ਼ਰੀਆ

ਦੁਨੀਆ ਵਿਚ ਵਿਚਰਦੇ ਹੋਏ ਸਾਡਾ ਅਨੇਕ ਇਨਸਾਨਾਂ ਨਾਲ ਵਾਹ ਪੈਂਦਾ ਹੈ। ਕਈਆਂ ਨੂੰ ਮਿਲ ਕੇ ਦਿਲ ਖ਼ੁਸ਼ ਹੁੰਦਾ ਹੈ ਅਤੇ ਕਈ ਸਾਡੀ ਉਦਾਸੀ ਦਾ ਕਾਰਨ ਬਣਦੇ ਹਨ। ਹਰੇਕ ਇਨਸਾਨ ਦੀ ਆਪਣੀ ਸੋਚ ਅਤੇ ਆਪਣਾ ਨਜ਼ਰੀਆ ਹੁੰਦਾ ਹੈ। ਕਿਉਂਕਿ ਕੋਈ ਵੀ ਚੀਜ਼ ਚੰਗੀ ਜਾਂ ਬੁਰੀ ਨਹੀਂ ਹੁੰਦੀ ਸਾਡੀ ਸੋਚ ਅਤੇ ਨਜ਼ਰੀਆ ਹੀ ਉਸ ਨੂੰ ਚੰਗਾ ਅਤੇ ਬੁਰਾ ਬਣਾਉਂਦਾ ਹੈ। ਹਰੇਕ ਨੂੰ ਆਪਣੀ ਅਕਲ ਹੀ ਵੱਡੀ ਲੱਗਦੀ ਹੈ। ਇਸ ਦੁਨੀਆ 'ਤੇ ਅੱਜ ਤਕ ਕੋਈ ਅਜਿਹਾ ਸੂਰਮਾ ਨਹੀਂ ਜੰਮਿਆ ਜਿਸ ਨੇ ਸਾਰੀ ਦੁਨੀਆ ਨੂੰ ਖ਼ੁਸ਼ ਕਰ ਦਿੱਤਾ ਹੋਵੇ। ਲੋਕ ਤਾਂ ਰੱਬ ਨੂੰ ਵੀ ਨਹੀਂ ਬਖ਼ਸ਼ਦੇ ਫੇਰ ਆਪਾਂ ਕੀ ਚੀਜ਼ ਹਾਂ। ਬਸ ਕਿਸੇ ਦਾ ਬੁਰਾ ਨਾ ਕਰੋ, ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਓ, ਤੁਹਾਨੂੰ ਆਤਮਿਕ ਸੰਤੁਸ਼ਟੀ ਹੋਵੇ ਬਾਕੀ ਕੋਈ ਵੀ ਇਨਸਾਨ ਪੂਰਨ ਨਹੀਂ ਹੁੰਦਾ, ਕਮੀਆਂ ਸਭ ਵਿਚ ਹੀ ਹੁੰਦੀਆਂ ਹਨ।

ਗ਼ਲਤੀਆਂ ਤੋਂ ਸਿੱਖੋ ਸਬਕ

ਆਪਣਾ ਕੀਮਤੀ ਵਕਤ ਕਦੇ ਵੀ ਪੁਰਾਣੀਆਂ ਗ਼ਲਤੀਆਂ ਦਾ ਪੋਸਟ-ਮਾਰਟਮ ਕਰਦੇ ਹੋਏ ਨਾ ਗਵਾਓ। ਕਈ ਸੋਚਦੇ ਰਹਿੰਦੇ ਹਨ, ਕਿੰਨਾ ਚੰਗਾ ਹੁੰਦਾ ਮੈਂ ਇਸ ਤਰ੍ਹਾਂ ਨਾ ਕਰਦਾ, ਮੈਂ ਇਹ ਕਰ ਲੈਂਦਾ। ਜੋ ਹੋ ਚੁੱਕਿਆ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਸੋ ਉਸ ਬਾਰੇ ਸੋਚਕੇ ਦਿਮਾਗ਼ 'ਤੇ ਬੋਝ ਪਾਉਣ ਦਾ ਵੀ ਕੋਈ ਲਾਭ ਨਹੀਂ ਉਲਟਾ ਇਹ ਕਿਤੇ ਨਾ ਕਿਤੇ ਸਾਡੀ ਸਿਹਤ 'ਤੇ ਅਸਰ ਕਰੇਗਾ। ਹਾਂ ਪਰ ਉਸ ਗ਼ਲਤੀ ਤੋਂ ਸਬਕ ਜ਼ਰੂਰ ਸਿੱਖੋ।

ਅਗਰ ਤੁਸੀਂ ਖੁੱਲ੍ਹੇ ਦਿਲ ਨਾਲ ਜੀਣਾ ਚਾਹੁੰਦੇ ਹੋ ਤਾਂ ਹਰ ਕਿਸੇ ਨੂੰ ਖਿੜੇ ਮਨ ਨਾਲ ਮਿਲੋ, ਜਦੋਂ ਵੀ ਮੌਕਾ ਮਿਲੇ ਆਪਣੇ ਹਾਸੇ ਦੀ ਛਣਕਾਰ ਵੰਡੋ। ਕੁਝ ਪਲ ਬੱਚਿਆਂ ਨਾਲ ਜ਼ਰੂਰ ਬਿਤਾਓ, ਉਨ੍ਹਾਂ ਦਾ ਨਿਰਛਲ ਅਤੇ ਖਿੜਖੜਾਉਂਦਾ ਹਾਸਾ ਤੁਹਾਡੀ ਦਿਨ ਭਰ ਦੀ ਥਕਾਵਟ ਨੂੰ ਇਕ ਪਲ ਵਿਚ ਛੂ-ਮੰਤਰ ਕਰ ਦੇਵੇਗਾ। ਜੋ ਪਲ ਬੀਤ ਗਿਆ ਉਹ ਵਾਪਸ ਨਹੀਂ ਆਵੇਗਾ। ਮਨ ਵਿਚ ਜਿੰਨੀਆਂ ਵੀ ਕੌੜੀਆਂ-ਕੁਸੈਲੀਆਂ ਯਾਦਾਂ ਜਾਂ ਗੱਲਾਂ ਹਨ ਬਾਹਰ ਕੱਢ ਸੁੱਟੋ। ਬਦਲੇ ਜਾਂ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਬਦਲਾ ਲੈਣ ਦੀ ਖ਼ੁਸ਼ੀ ਇਕ ਦਿਨ ਦੀ ਹੁੰਦੀ ਹੈ ਪਰ ਮਾਫ਼ ਕਰਨ ਦਾ ਮਾਣ ਹਮੇਸ਼ਾ ਬਣਿਆ ਰਹਿੰਦਾ ਹੈ।

ਜਦੋਂ ਦਿਲ ਉਦਾਸ ਹੋਵੇ ਤਾਂ ਜੋ ਦਾਤਾਂ ਤੁਹਾਨੂੰ ਪਰਮਾਤਮਾ ਨੇ ਬਖ਼ਸ਼ੀਆਂ ਹਨ ਉਨ੍ਹਾਂ ਨੂੰ ਗਿਣਨਾ ਸ਼ੁਰੂ ਕਰ ਦੇਵੋ। ਆਪਣੇ ਆਲੇ ਦੁਆਲੇ ਇਕ ਨਜ਼ਰ ਘੁਮਾਓ ਤੁਹਾਨੂੰ ਲੱਗੇਗਾ ਕਿ ਤੁਸੀਂ ਤਾਂ ਬਹੁਤ ਸਾਰਿਆਂ ਨਾਲੋਂ ਖ਼ੁਸ਼ਨਸੀਬ ਹੋ। ਜੇ ਤੁਹਾਡੇ ਕੋਲ ੀ ਲੋੜੀਂਦੀਆਂ ਸਹੂਲਤਾਂ ਹਨ ਤਾਂ ਹੋਰ ਕੀ ਚਾਹੀਦਾ ਹੈ ਜ਼ਿੰਦਗੀ ਜੀਣ ਲਈ?

ਨਵੀਂ ਸ਼ੁਰੂਆਤ

ਅੰਤ ਵਿਚ ਇਹੀ ਕਹਾਂਗੀ ਕਿ ਆਉ ਇਕ ਨਵੀਂ ਆਸ਼ਾਵਾਦੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਅਤੇ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਇਸ ਦਾ ਆਨੰਦ ਮਾਣੀਏ। ਕਿਸੇ ਗ਼ਰੀਬ ਦੀ ਮਦਦ ਕਰ ਦਿਓ। ਕਿਸੇ ਦੁਖੀ ਦਾ ਸਹਾਰਾ ਬਣੋ ਅਤੇ ਜ਼ਿੰਦਗੀ ਨੂੰ ਇਕ ਨਵੀਂ ਪਛਾਣ ਦਿਓ।

ਜ਼ਿੰਦਗੀ ਦੇ ਵਿਹੜੇ,

ਰਹਿਮਤਾਂ ਦਾ ਵਾਸਾ,

ਬਖਸ਼ੀ ਰੱਬਾ ਸਭ ਨੂੰ,

ਬੇਪਰਵਾਹ ਹਾਸਾ।

- ਮਨਪ੍ਰੀਤ ਕੌਰ ਮਿਨਹਾਸ

94643-89293

Posted By: Harjinder Sodhi