ਹਰ ਬੰਦਾ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਊਣ ਦੀ ਇੱਛਾ ਰੱਖਦਾ ਹੈ। ਕਿਸੇ ਨੂੰ ਵੀ ਆਪਣੀ ਜ਼ਿੰਦਗੀ ਵਿਚ ਕਿਸੇ ਦੂਜੇ ਦੀ ਦਖ਼ਲਅੰਦਾਜ਼ੀ ਗਵਾਰਾ ਨਹੀਂ ਹੁੰਦੀ। ਜੇਕਰ ਕੋਈ ਉਸ ਦੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਨ ਦੀ ਹਿਮਾਕਤ ਕਰਦਾ ਹੈ ਤਾਂ ਉਸ ਦਾ ਅੱਗੋਂ ਜਵਾਬ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਆਪਣੀ ਹੈ ਉਹ ਉਸ ਨੂੰ ਭਾਵੇਂ ਜਿਵੇਂ ਚਾਹੇ ਉਵੇਂ ਜੀਵੇ ਕਿਸੇ ਨੂੰ ਵੀ ਉਸ ਨੂੰ ਸਮਝਾਉਣ ਦੀ ਲੋੜ ਨਹੀਂ ਪਰ ਬੁੱਧੀਮਾਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੀ ਜ਼ਿੰਦਗੀ ਜਿਊਣ ਦੇ ਢੰਗ ਨੂੰ ਵੇਖ ਕੇ ਹੀ ਸਮਾਜ ਦੇ ਲੋਕ ਸਾਡੇ ਬਾਰੇ ਇਹ ਫ਼ੈਸਲਾ ਕਰਦੇ ਹਨ ਕਿ ਅਸੀਂ ਕਿੰਨੇ ਕੁ ਸਮਝਦਾਰ ਹਾਂ। ਹਰ ਬਸਰ ਨੂੰ ਆਪਣੀ ਜ਼ਿੰਦਗੀ ਜਿਊਂਦਿਆਂ ਆਪਣੇ ਦਿਮਾਗ਼ ਵਿੱਚੋਂ ਇਹ ਗੱਲ ਕਦੇ ਵੀ ਨਹੀਂ ਨਿਕਲਣ ਦੇਣੀ ਚਾਹੀਦੀ ਕਿ ਲੋਕ ਉਸ ਦੀ ਜ਼ਿੰਦਗੀ ਜਿਊਣ ਦੇ ਢੰਗ ਬਾਰੇ ਕੀ ਸੋਚਦੇ ਹਨ। ਸਿਕੰਦਰ ਅਤੇ ਮਹਾਤਮਾ ਬੁੱਧ ਦੇ ਜ਼ਿੰਦਗੀ ਜਿਊਣ ਦੇ ਢੰਗ ਅਨੁਸਾਰ ਹੀ ਲੋਕਾਂ ਦੀ ਉਨ੍ਹਾਂ ਬਾਰੇ ਰਾਇ ਵੱਖਰੀ-ਵੱਖਰੀ ਸੀ। ਨਿੰਦਣ ਅਤੇ ਪੂਜਣਯੋਗ ਲੋਕਾਂ ਵਿਚ ਫ਼ਰਕ ਉਨ੍ਹਾਂ ਦੀ ਜ਼ਿੰਦਗੀ ਜਿਊਣ ਦਾ ਢੰਗ ਹੀ ਹੁੰਦਾ ਹੈ। ਮਰਨ ਤੋਂ ਬਾਅਦ ਵੀ ਉਹੀ ਲੋਕ ਜਿਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਜਿਊਣ ਦਾ ਢੰਗ ਲੋਕਾਂ ਨੂੰ ਪਸੰਦ ਹੁੰਦਾ ਹੈ। ਕਰਣ, ਰਾਵਣ ਅਤੇ ਦੁਰਜੋਧਨ ਦਾ ਤਾਕਤਵਰ ਹੋਣਾ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਪਹਿਲੂ ਸੀ ਪਰ ਉਨ੍ਹਾਂ ਦੇ ਜਿਊਣ ਦੇ ਅੰਦਾਜ਼ ਕਾਰਨ ਹੀ ਉਹ ਸਮਾਜ ਵਿਚ ਨਿੰਦਾ ਦੇ ਪਾਤਰ ਬਣ ਗਏ।

ਮਰਨ ਤੋਂ ਬਾਅਦ ਬੁੱਤ ਉਨ੍ਹਾਂ ਦੇ ਹੀ ਲੱਗਦੇ ਹਨ ਜਿਨ੍ਹਾਂ ਨੇ ਜ਼ਿੰਦਗੀ ਨੂੰ ਆਪਣੇ ਲਈ ਨਹੀਂ ਸਗੋਂ ਲੋਕਾਂ ਲਈ ਜੀਵਿਆ ਹੁੰਦਾ। ਬਰਸੀਆਂ ਉਨ੍ਹਾਂ ਦੀਆਂ ਮਨਾਈਆਂ ਜਾਂਦੀਆਂ ਹਨ। ਮੇਲੇ ਉਨ੍ਹਾਂ ਦੀ ਯਾਦ ਵਿਚ ਹੀ ਲੱਗਦੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਲੋਕ ਅਰਪਿਤ ਕੀਤਾ ਹੁੰਦਾ ਹੈ। ਭੌਤਿਕ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲੇ ਇਕ ਕਾਲਜ ਅਧਿਆਪਕ ਨੇ ਸਾਰੀ ਜ਼ਿੰਦਗੀ ਟਿਊਸ਼ਨ ਨਹੀਂ ਪੜ੍ਹਾਈ ਕਿਉਂ ਕਿ ਉਸ ਦਾ ਆਪਣੇ ਵਿਦਿਆਰਥੀ ਜੀਵਨ ਦਾ ਇਹ ਅਨੁਭਵ ਸੀ ਕਿ ਬੱਚੇ ਗ਼ਰੀਬੀ ਕਾਰਨ ਵਿਗਿਆਨ ਦੀ ਟਿਊਸ਼ਨ ਨਾ ਪੜ੍ਹ ਪਾਉਣ ਕਾਰਨ ਵਿਗਿਆਨ ਦਾ ਵਿਸ਼ਾ ਪੜ੍ਹਨ ਤੋਂ ਛੱਡ ਜਾਂਦੇ ਹਨ। ਉਹ ਸਾਰੀ ਨੌਕਰੀ ਦੌਰਾਨ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਰਿਹਾ।

ਮਰਨ ਤੋਂ ਬਾਅਦ ਉਸੇ ਬੰਦੇ ਦੀ ਅਰਥੀ ਨਾਲ ਦਿਲੋਂ ਜ਼ਿਆਦਾ ਲੋਕ ਜਾਂਦੇ ਹਨ। ਉਸ ਦੇ ਭੋਗ ’ਤੇ ਹੀ ਲੋਕਾਂ ਦਾ ਭਰਵਾਂ ਇਕੱਠ ਹੁੰਦਾ ਹੈ ਜਿਨ੍ਹਾਂ ਨੇ ਹਉਮੈ ਅਤੇ ਸਾੜੇ ਨੂੰ ਆਪਣੀ ਜ਼ਿੰਦਗੀ ਦੇ ਨੇੜੇ ਨਹੀਂ ਆਉਣ ਦਿੱਤਾ ਹੁੰਦਾ। ਜਿਨ੍ਹਾਂ ਦੀਆਂ ਨਜ਼ਰਾਂ ਅਸਮਾਨ ਵੱਲ ਨੂੰ ਨਹੀਂ ਸਗੋਂ ਧਰਤ ਵੱਲ ਨੂੰ ਹੋ ਕੇ ਰਹੀਆਂ ਹੁੰਦੀਆਂ ਹਨ। ਲੋਕ ਮਨਾਂ ’ਤੇ ਰਾਜ ਉਹੀ ਦਰਵੇਸ਼ ਲੋਕ ਕਰ ਸਕਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਜਿਊਣ ਦਾ ਅੰਦਾਜ਼ ਲੋਕਾਂ ਦੇ ਹਿਤਾਂ ਅਨੁਸਾਰ ਹੁੰਦਾ ਹੈ। ਇਕ ਵਿਅਕਤੀ ਨੂੰ ਉਸ ਦੇ ਪਿੰਡ ਦੇ ਲੋਕਾਂ ਨੇ ਵੀਹ ਸਾਲ ਤਕ ਸਰਪੰਚ ਬਣਾਈ ਰੱਖਿਆ ਕਿਉਂਕਿ ਉਸ ਨੇ ਆਪਣੇ ਵੋਟਰਾਂ ਅਤੇ ਆਪਣੇ ਵਿਰੋਧੀਆਂ ਨਾਲ ਕਦੇ ਭੇਦ ਭਾਵ ਨਹੀਂ ਕੀਤਾ। ਉਸ ਨੇ ਕਸੂਰਵਾਰ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਚੰਗੇ ਮਾੜੇ, ਗ਼ਲਤ ਠੀਕ ਅਤੇ ਨਿਆਂ ਅਨਿਆਂ ਵਿਚ ਫ਼ਰਕ ਸਮਝਣ ਦੀ ਸੂਝ ਬੂਝ ਰੱਖਣਾ ਵੀ ਜ਼ਿੰਦਗੀ ਜਿਊਣ ਦਾ ਇਕ ਅੰਦਾਜ਼ ਹੀ ਹੈ .

ਸ਼ਹਿਨਾਈ ਵਾਦਕ ਉਸਤਾਦ ਬਿਸਮਿੱਲਾ ਖਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਮਿਲਣ ਤੋਂ ਬਾਅਦ ਵੀ ਰਤਾ ਭਰ ਘੁਮੰਡ ਨਹੀਂ ਹੋਇਆ ਸੀ। ਉਹ ਸਾਦਗੀ ਦੀ ਬਹੁਤ ਵੱਡੀ ਮਿਸਾਲ ਸੀ। ਇਕ ਦਿਨ ਉਨ੍ਹਾਂ ਤੋਂ ਇਕ ਸ਼ਹਿਨਾਈ ਸਿੱਖਣ ਵਾਲੀ ਕੁੜੀ ਨੇ ਉਨ੍ਹਾਂ ਨੂੰ ਪ੍ਰਸ਼ਨ ਕੀਤਾ ਕਿ ਉਨ੍ਹਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਮਿਲ ਚੁੱਕਾ ਹੈ ਫਿਰ ਵੀ ਉਨ੍ਹਾਂ ਨੇ ਫਟਿਆ ਹੋਇਆ ਤੰਬਾ ਕਿਉਂ ਪਾਇਆ ਹੋਇਆ ਹੈ। ਉਨ੍ਹਾਂ ਨੂੰ ਕੋਈ ਵਧੀਆ ਜਿਹਾ ਤੰਬਾ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਉਸ ਕੁੜੀ ਨੂੰ ਅੱਗੋਂ ਜਿਹੜਾ ਜਵਾਬ ਦਿੱਤਾ ਉਹ ਸੁਣਨ ਵਾਲਾ ਸੀ। ਉਨ੍ਹਾਂ ਨੇ ਕਿਹਾ,‘‘ਬੇਟਾ, ਮੈਨੂੰ ਪਦਮ ਵਿਭੂਸ਼ਣ ਤੰਬੇ ਕਰਕੇ ਨਹੀਂ ਮਿਲਿਆ ਸਗੋਂ ਸੁਰਾਂ ਕਰਕੇ ਮਿਲਿਆ ਹੈ। ਮੈਂ ਉਸ ਅੱਲਾ ਅੱਗੇ ਸਦਾ ਹੀ ਇਹ ਫਰਿਆਦ ਕਰਦਾ ਹਾਂ ਕਿ ਮੇਰੇ ਸੁਰ ਕਦੇ ਵੀ ਨਾ ਫਟਣ। ਦੁਨੀਆ ਦਾ ਪ੍ਰਸਿੱਧ ਵਿਦਵਾਨ ਕਿ੍ਰਸਟੋਫਰ ਲਿਖਦਾ ਹੈ ਕਿ ਕੇਵਲ ਐਨਾ ਹੀ ਨਾ ਸੁਣੋ ਕਿ ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਹਨ ਸਗੋਂ ਲੋਕ ਜੋ ਤੁਹਾਡੇ ਬਾਰੇ ਕਹਿੰਦੇ ਹਨ ਉਸ ਬਾਰੇ ਵਿਚਾਰ ਵੀ ਕਰੋ। ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰਸੰਸਾ ਅਤੇ ਆਲੋਚਨਾ ਦੋਵੇਂ ਜ਼ਰੂਰੀ ਹਨ। ਪ੍ਰਸੰਸਾ ਜੇਕਰ ਉਤਸ਼ਾਹ ਵਧਾਉਣ ਲਈ ਜ਼ਰੂਰੀ ਹੈ ਤਾਂ ਆਲੋਚਨਾ ਵੀ ਸੁਧਾਰ ਦੀਆਂ ਸੰਭਾਵਨਾਵਾਂ ਪੈਦਾ ਕਰਦੀ ਹੈ। ਕਈ ਵੇਰ ਝੂਠੀ ਪ੍ਰਸੰਸਾ ਬੰਦੇ ਨੂੰ ਭੁਲੇਖੇ ਵਿਚ ਰੱਖ ਕੇ ਉਸ ਨੂੰ ਉਸ ਦੀਆਂ ਖਾਮੀਆਂ ਤੋਂ ਜਾਣੂ ਨਹੀਂ ਹੋਣ ਦਿੰਦੀ ਜਿਸ ਨਾਲ ਉਸ ਦੀ ਜ਼ਿੰਦਗੀ ਦੀ ਤਰੱਕੀ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ। ਜ਼ਿੰਦਗੀ ਦੇ ਇਕੱਹਤਰ ਵਰ੍ਹੇ ਪੂਰੇ ਕਰ ਚੁੱਕਾ ਮੇਰਾ ਇਕ ਦੋਸਤ ਦੋ ਤਿੰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੈ। ਇਸ ਦੇ ਬਾਵਜੂਦ ਉਹ ਕਦੇ ਵੀ ਵਿਹਲਾ ਨਹੀਂ ਬੈਠਦਾ। ਉਸ ਦਾ ਚਿਹਰਾ ਕਦੇ ਵੀ ਉਦਾਸ ਨਹੀਂ ਹੁੰਦਾ। ਉਸ ਨੂੰ ਜਦੋਂ ਵੀ ਕੋਈ ਉਸ ਦਾ ਹਾਲ ਚਾਲ ਪੁੱਛਦਾ ਹੈ ਤਾਂ ਉਸ ਦੇ ਮੂੰਹ ਵਿੱਚੋਂ ਚੜ੍ਹਦੀ ਕਲਾ ਦੇ ਸ਼ਬਦ ਹੀ ਨਿਕਲਦੇ ਹਨ। ਉਸ ਦੇ ਪਿੰਡ ਦੇ ਨੇੜੇ ਇਕ ਵੱਡਾ ਚੋਅ ਪੈਂਦਾ ਹੈ। ਉਸ ਚੋਅ ਦੇ ਨੇੜੇ ਪੈਂਦੇ ਪੰਜਾਂ ਸੱਤਾਂ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਦਿੱਕਤ ਸੀ। ਉਸ ਨੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰ ਕੇ ਉਸ ਚੋਅ ’ਤੇ ਪੁਲ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ।

ਉਸ ਪੁਲ ’ਤੇ ਕਰੋੜਾਂ ਰੁਪਏ ਖ਼ਰਚ ਆਉਣੇ ਹਨ। ਜਿਹੜਾ ਕੰਮ ਸਰਕਾਰ ਨੇ ਨਹੀਂ ਕੀਤਾ, ਉਸ ਕੰਮ ਨੂੰ ਕਰਨ ਵਿਚ ਉਹ ਜੁਟਿਆ ਹੋਇਆ ਹੈ। ਪੁਲ ਤਿਆਰ ਹੋਣ ਦੇ ਨੇੜੇ ਤੇੜੇ ਪਹੁੰਚਣ ਵਾਲਾ ਹੈ। ਇਹ ਵੀ ਜ਼ਿੰਦਗੀ ਜਿਊਣ ਦਾ ਇਕ ਅੰਦਾਜ਼ ਹੈ। ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਜੀ ਨੇ ਆਪਣੀ ਇਕ ਲਿਖਿਤ ਵਿਚ ਲਿਖਿਆ ਹੈ ਕਿ ਜ਼ਿੰਦਗੀ ਦੇ ਉਤਾਰ ਅਤੇ ਚੜ੍ਹਾਅ ਸਫਲਤਾ ਅਤੇ ਅਸਫਲਤਾ ਸਮੇਂ ਮਨੁੱਖ ਦੀ ਮਾਨਸਿਕਤਾ ਇੱਕੋ ਜਿਹੀ ਹੋਣੀ ਚਾਹੀਦੀ ਹੈ।

ਦੁਨੀਆ ਦੇ ਇਕ ਓਲੰਪੀਅਨ ਦਾ ਜਦੋਂ ਇਕ ਦੁਰਘਟਨਾ ਵਿਚ ਸਰੀਰ ਦਾ ਹੇਠਲਾ ਹਿੱਸਾ ਕੰਮ ਕਰਨ ਤੋਂ ਨਕਾਰਾ ਹੋ ਗਿਆ ਤਾਂ ਉਸ ਨੂੰ ਦੁਨੀਆ ਭਰ ਤੋਂ ਹਮਦਰਦੀ ਭਰੇ ਪੱਤਰ ਪ੍ਰਾਪਤ ਹੋਏ। ਉਨ੍ਹਾਂ ਪੱਤਰਾਂ ਨੂੰ ਪੜ੍ਹਨ ਤੋਂ ਬਾਅਦ ਉਸ ਨੇ ਸਭ ਨੂੰ ਇੱਕੋ ਜਵਾਬ ਦਿੱਤਾ ਕਿ ਓਲੰਪੀਅਨ ਬਣਾਉਣਾ ਵੀ ਉਸ ਪਰਮਾਤਮਾ ਦੀ ਮੇਰੇ ਉੱਤੇ ਮਿਹਰ ਸੀ ਤੇ ਇਹ ਦੁਰਘਟਨਾ ਵੀ ਉਸ ਦੀ ਹੀ ਰਜ਼ਾ ਹੈ। ਜ਼ਿੰਦਗੀ ਵਿਚ ਹਾਲਤ ਕਿਹੋ ਜਿਹੇ ਵੀ ਹੋਣ ਕਦੇ ਵੀ ਹੌਸਲਾ ਨਾ ਛੱਡੋ। ਦੂਜਿਆਂ ਲਈ ਮਿਸਾਲ ਬਣ ਕੇ ਜੀਓ।

- ਪਿ੍ਰੰ. ਵਿਜੈ ਕੁਮਾਰ

Posted By: Harjinder Sodhi