ਖ਼ੁਦਾ ਦੇ ਕਰੀਬ ਬੰਦਿਆਂ ਨਾਲ ਮੁਲਾਕਾਤ ਅਤੇ ਸੁੱਚੇ ਖ਼ੁਆਬ ਜ਼ਿੰਦਗੀ ਨੂੰ ਸ਼ੀਸ਼ਾ ਵਿਖਾਉਣ ਵਰਗੇ ਹੁੰਦੇ ਨੇ। ਉਹ ਉਧੜੀਆਂ ਉਮੀਦਾਂ ਨੂੰ ਸਿਊੁਣ ਤੇ ਜ਼ਖ਼ਮੀ ਰਿਸ਼ਤਿਆਂ 'ਤੇ ਮੱਲ੍ਹਮ ਲਾਉਣ ਵਰਗੇ ਹੁੰਦੇ ਹਨ। ਹਨੇਰੇ ਤੋਂ ਸਵੇਰੇ ਵੱਲ ਦਾ ਸਫ਼ਰ ਜ਼ਿੰਦਗੀ ਜਿਊਣ ਦਾ ਹੁਨਰ ਸਿਖਾਉਂਦਾ ਹੈ। ਨਵੇਂ ਦਿਸਹੱਦੇ, ਨਵੀਆਂ ਰਾਹਾਂ ਵਿਖਾਉਂਦੇ ਹਨ। ਹਯਾਤੀ ਨੂੰ ਗੁਲਮੋਹਰ ਅਤੇ ਚਮੇਲੀ ਦੇ ਫੁੱਲਾਂ ਵਰਗੀ ਬਣਾਉਂਦਾ ਹਨ।

ਪ੍ਰਕਾਸ਼ ਚਾਹੇ ਕਿਸੇ ਵੀ ਰੰਗ ਦਾ ਹੋਵੇ, ਪਰਛਾਵਾਂ ਹਮੇਸ਼ਾ ਕਾਲ਼ਾ ਬਣਦਾ ਹੈ। ਕਦੇ ਬੰਦਾ ਲੱਕੜ ਨੂੰ ਜਲਾਉਂਦਾ ਹੈ ਤੇ ਕਦੇ ਲੱਕੜਾਂ ਬੰਦੇ ਨੂੰ ਜਲਾਉਂਦੀਆਂ ਨੇ। ਹੋਂਦ ਮਿਟਾਉਂਦੀਆਂ, ਰਾਖ਼ ਬਣਾਉਂਦੀਆਂ ਨੇ। ਪੰਜ ਤੱਤਾਂ ਦੇ ਪੁਤਲੇ ਨੂੰ ਮੁੜ ਪੰਜਾਂ ਤੱਤਾਂ 'ਚ ਮਿਲਾਉਂਦੀਆਂ ਨੇ। ਕੰਨਾਂ ਨੂੰ ਸਿੱਕਿਆਂ ਦੀ ਖਣਕਾਰ ਸੁਣਨ, ਅੱਖਾਂ ਨੂੰ ਰੁਪਈਆਂ ਦਾ ਖਿਲਾਰ ਤੇ ਸੋਨੇ ਦੀ ਚਮਕਾਰ ਵੇਖਣ ਦੀ ਬਹੁਤੀ ਆਦਤ ਨਾ ਹੋਵੇ ਤਾਂ ਚੰਗਾ ਰਹਿੰਦਾ ਹੈ, ਬੰਦਾ-ਬੰਦਾ ਹੀ ਰਹਿੰਦਾ ਹੈ। ਨਹੀਂ ਤਾਂ ਉਮਰ ਭਰ ਦੌਲਤਾਂ ਦੀ ਰੇਲ ਮਗਰ ਹੀ ਭੱਜਦਾ ਰਹਿੰਦਾ ਹੈ ਕਦੇ ਚੜ੍ਹਦਾ ਰਹਿੰਦਾ ਹੈ, ਕਦੇ ਉਤਰਦਾ ਰਹਿੰਦਾ ਹੈ। ਜ਼ਿੰਦਗੀ ਕੰਡਿਆਲੀ ਥੋਹਰ ਨਹੀਂ, ਉੱਚਾ-ਲੰਮਾ ਤੇ ਹਰਿਆ-ਭਰਿਆ ਗੁਲਮੋਹਰ ਦਾ ਰੁੱਖ ਹੋਵੇ। ਜੇਠ-ਹਾੜ੍ਹ ਦੀ ਤਿੱਖੜ ਦੁਪਹਿਰੇ ਵੀ ਜਿਸ ਦੇ ਖ਼ੂਬਸੂਰਤ ਲਾਲ-ਉਨਾਭੀ ਫੁੱਲ ਪੂਰੇ ਜੋਬਨ 'ਤੇ ਹੁੰਦੇ ਨੇ, ਹੱਸਦੇ, ਮੁਸਕਰਾਉਂਦੇ ਨੇ ਤੇ ਬੰਦੇ ਨੂੰ ਮੁਸੀਬਤਾਂ, ਮੁਸ਼ਕਿਲਾਂ 'ਚ ਵੀ ਹਿੰਮਤ ਰੱਖਣ ਦਾ ਹੁਨਰ ਸਿਖਾਉਂਦੇ ਨੇ।

ਦੌਲਤਾਂ ਤੇ ਸ਼ੌਹਰਤਾਂ ਨੂੰ ਕੋਈ-ਕੋਈ ਹੀ ਪਚਾ ਸਕਦਾ ਹੈ। ਇਨ੍ਹਾਂ ਦਾ ਨਸ਼ਾ ਤਾਂ ਚੰਗਿਆਂ-ਚੰਗਿਆਂ ਨੂੰ ਵੀ ਭਟਕਾ ਸਕਦਾ ਹੈ। ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਗਾ ਸਕਦਾ ਹੈ।

ਸਿਆਣੇ ਆਖਦੇ ਨੇ ਕਿ ਮਾੜੇ ਬੰਦੇ ਵਿਚ ਵੀ ਕੋਈ ਨਾ ਕੋਈ ਚੰਗਾ ਗੁਣ ਜ਼ਰੂਰ ਹੁੰਦਾ ਹੈ।

ਕਦੇ-ਕਦੇ ਉੱਪਰੋਂ ਚੰਗਾ ਦਿਸਣ ਵਾਲਾ ਬੰਦਾ ਵਿੱਚੋਂ ਬੜਾ ਗੰਦਾ ਹੁੰਦਾ ਹੈ। ਅਸਲ 'ਚ ਸੂਰਤਾਂ ਤੇ ਮੂਰਤਾਂ 'ਚ ਪਿਆਰ ਹੋਵੇ, ਮਾਸੂਮੀਅਤ ਹੋਵੇ, ਸਾਦਗੀ ਹੋਵੇ ਸੋਚਾਂ, ਖ਼ਿਆਲਾਂ ਤੇ ਜਜ਼ਬਿਆਂ 'ਚ ਤਾਜ਼ਗੀ ਹੋਵੇ।

ਜਿੰਨਾ ਕੁ ਕੋਲ ਹੈ, ਉਸੇ ਵਿਚ ਹੀ ਸੰਤੁਸ਼ਟ ਹੋ ਲਵੋ। ਲਾਲਸਾਵਾਂ ਤੋਂ ਦੂਰ ਖਲੋ ਲਵੋ ਤੇ ਸੱਧਰਾਂ ਦੀ ਮਾਲਾ 'ਚ ਜਜ਼ਬਿਆਂ ਦੇ ਸੁੱਚੇ ਮੋਤੀ ਪਰੋ ਲਵੋ। ਹਰ ਸੂਰਤ ਮੋਹ-ਮਮਤਾ ਦੀ ਮੂਰਤ ਹੋ ਜਾਵੇਗੀ। ਯਕੀਨ ਮੰਨਿਓ-ਜ਼ਿੰਦਗੀ ਖ਼ੂਬਸੂਰਤ ਹੋ ਜਾਵੇਗੀ।

ਕਵਿਤਾਵਾਂ ਵਰਗੇ ਬਣੀਏਂ ਤਪਦੇ ਥਲਾਂ 'ਚ ਛਾਵਾਂ ਵਰਗੇ ਬਣੀਏਂ ਗੀਤ ਲਿਖੀਏ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ, ਮਾਈ ਹੀਰ ਤੇ ਮੀਏਂ ਰਾਂਝੇ ਦੀ ਪ੍ਰੀਤ ਲਿਖੀਏ। ਇਕ ਵੱਖਰੀ ਨਿਆਜ਼, ਵੱਖਰੀ ਨਮਾਜ਼ ਤੇ ਵੱਖਰਾ ਰਿਵਾਜ਼ ਬਣੀਏਂ ਪਰਾਂ ਨੂੰ ਮਜ਼ਬੂਤ ਕਰੀਏ, ਲੰਮੀ ਪਰਵਾਜ਼ ਬਣੀਏ।

ਘਰ 'ਚ ਗੁਲਮੋਹਰ ਚੰਮੇਲੀ ਆਦਿ ਫੁੱਲਾਂ ਦੇ ਪੌਦੇ ਲਗਾਓ! ਮਹਿਕਾਂ ਆਉਣਗੀਆਂ ਭੌਰੇ ਗਾਉਣਗੇ ਤਿਤਲੀਆਂ ਮੰਡਰਾਉਣਗੀਆਂ! ਵਾਤਾਵਰਨ ਮਹਿਕ ਉੱਠੇਗਾ ਤੁਹਾਡਾ ਅੰਦਰ ਵੀ ਚਹਿਕ ਉੱਠੇਗਾ। ਤੁਹਾਡੇ ਘਰ ਆਉਣ ਵਾਲਾ ਹਰ ਬੰਦਾ ਖ਼ੁਸ਼ ਹੋਵੇਗਾ ਤੁਹਾਡੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹੇਗਾ, ਗੁਣ ਗਾਵੇਗਾ, ਸੁਗੰਧੀਆਂ ਮਾਣਨ, ਤਿਤਲੀਆਂ, ਭੌਰਿਆਂ ਨੂੰ ਤੱਕਣ ਵਾਰ-ਵਾਰ ਆਵੇਗਾ। ਕੋਈ ਰੁਕਿਆ ਕੰਮ ਸੰਵਰ ਜਾਵੇਗਾ। ਸੱਧਰਾਂ ਦੀ ਪੂਰਤੀ ਹੋਵੇਗੀ ਇਹੋ ਤਾਂ ਅਸਲ ਖ਼ੂਬਸੂਰਤੀ ਹੋਵੇਗੀ।

ਜ਼ਿੰਦਗੀ ਜਿਉਂਦੇ ਸਾਰੇ ਨੇ ਪਰ ਜ਼ਿੰਦਗੀ ਨੂੰ ਖ਼ੂਬਸੂਰਤੀ ਨਾਲ ਜਿਉੂਣਾ ਇਕ ਕਲਾ ਹੈ। ਇਸ ਨੂੰ ਇਸ਼ਕ ਕਰਨ ਵਾਲੇ ਹੀ ਸੱਚੇ ਆਸ਼ਕ ਹੁੰਦੇ ਨੇ। ਕਲਾ ਦੇ ਕਦਰਦਾਨ ਹੁੰਦੇ ਨੇ, ਮਨੁੱਖਤਾ ਦੇ ਪਹਿਰੇਦਾਰ ਬਣਦੇ ਨੇ ਕਲਾਕਾਰ ਬਣਦੇ ਨੇ।

ਮਹਿਕ ਵਿਹੂਣੇ ਫੁੱਲ ਵਰਗੇ ਲੋਕਾਂ ਕੋਲ ਆਪਣਾ ਪੱਖ ਪੇਸ਼ ਕਰਨ ਲਈ ਕੁਝ ਨਹੀਂ ਹੁੰਦਾ। ਅਜਿਹੇ ਲੋਕ ਅਹਿਸਾਸਾਂ, ਜਜ਼ਬਿਆਂ ਤੋਂ ਕੋਰੇ ਹੁੰਦੇ ਨੇ ਵਕਤ ਦੇ ਵਰਕਿਆਂ 'ਤੇ ਉਕਰੇ ਝੋਰੇ ਹੁੰਦੇ ਨੇ।

ਕਈ ਵਾਰ ਅਸੀਂ ਉਹੀ ਕੁਝ ਵੇਖਦੇ ਹਾਂ, ਜੋ ਸਾਨੂੰ ਵਿਖਾਇਆ ਜਾਂਦਾ ਹੈ। ਜਾਂ ਸਾਨੂੰ ਉਹੋ ਕੁਝ ਹੀ ਦਿਸਦਾ ਹੈ, ਜੋ ਕੁਝ ਅਸੀਂ ਵੇਖਣਾ ਚਾਹੁੰਦੇ ਹਾਂ। ਨਜ਼ਰ ਅਤੇ ਨਜ਼ਰੀਆ ਜਿਸ ਤਰ੍ਹਾਂ ਦਾ ਹੋਵੇਗਾ, ਜ਼ਿੰਦਗੀ ਉਸੇ ਤਰ੍ਹਾਂ ਦੀ ਹੀ ਹੋਵੇਗੀ। ਗੱਲ ਤਾਂ ਨਜ਼ਰੀਏ ਦੀ ਹੈ, ਜਿਸ ਦੇ ਅਰਥ ਕੁਝ ਲੋਕਾਂ ਨੂੰ ਸਾਰੀ ਉਮਰ ਨਜ਼ਰ ਨਹੀਂ ਆਉਂਦੇ। ਕੁਝ ਪੈਰ ਜਦੋਂ ਮੰਜ਼ਿਲ ਦੀ ਤਲਾਸ਼ ਵਿਚ ਤੁਰ ਪੈਂਦੇ ਨੇ ਤਾਂ ਫਿਰ ਉਹ ਟਿਕ ਕੇ ਨਹੀਂ ਬਹਿੰਦੇ। ਸਦਾ ਸਫ਼ਰ ਵਿਚ ਰਹਿੰਦੇ ਨੇ। ਅਤੀਤ ਵੇਖਦਾ ਰਹਿ ਜਾਂਦੈ, ਭਵਿੱਖ ਨੱਚ ਉੱਠਦਾ ਹੈ ਤੇ ਸਮਾਜ ਦੇ ਬੇਹੇ ਸਿਧਾਂਤ ਦੀਆਂ ਜੰਗਾਲ ਖਾਧੀਆਂ ਬੇੜੀਆਂ ਟੁੱਟ ਜਾਂਦੀਆਂ ਨੇ। ਅਗਲੀ ਨਸਲ ਅਜਿਹੇ ਕਰਮਯੋਗੀਆਂ ਦਾ ਖੱਟਿਆ ਹੀ ਖਾਂਦੀ ਹੈ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਬਸ, ਆਪਣਾ ਪਹਿਲਾ ਕਦਮ ਪੁੱਟੋ ਤਾਂ ਸਹੀ। ਜਦੋਂ ਤਕ ਵਿਸ਼ਵਾਸ ਹੈ, ਕੁਝ ਨਵਾਂ ਵਾਪਰਨ ਦੀ ਆਸ ਹੈ-ਸਾਹ ਚਲਦੇ ਰਹਿਣਗੇ, ਦੀਵੇ ਬਲਦੇ ਰਹਿਣਗੇ ਤੇ ਪਾਣੀ ਵਗਦੇ ਰਹਿਣਗੇ। ਆਸ ਜ਼ਿੰਦਗੀ ਨੂੰ ਵਿਸ਼ਵਾਸ ਬਖ਼ਸ਼ਦੀ ਹੈ। ਵਿਸ਼ਵਾਸ ਚੁਣੌਤੀਆਂ ਨੂੰ ਕਬੂਲਣ ਦੇ ਸਮਰੱਥ ਬਣਾਉਂਦਾ ਹੈ ਹਿੰਮਤ, ਹੋਸ਼, ਜਜ਼ਬਾ ਤੇ ਜੋਸ਼ ਪੈਦਾ ਹੁੰਦੇ ਨੇ ਬੰਦਾ ਸਾਰੀ ਦੁਨੀਆ ਨੂੰ ਗਾਹ ਆਉਂਦਾ ਹੈ।

ਰੱਬ ਨੇ ਬੰਦਾ ਜਾਂ ਬੰਦੇ ਨੇ ਰੱਬ ਬਣਾਇਆ, ਅਜੇ ਤੀਕ ਇਹੀ ਸਮਝ ਨਹੀਂ ਆਇਆ। ਪਰ ਕੋਈ ਤਾਕਤ, ਕੋਈ ਸ਼ਕਤੀ ਜ਼ਰੂਰ ਹੈ ਜੋ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ, ਗ੍ਰਹਿਆਂ-ਉੱਪਗ੍ਰਹਿਆਂ ਨੂੰ ਘੁਮਾ ਰਹੀ ਹੈ, ਜੀਵਨ ਨੂੰ ਰਵਾਂ ਰੱਖਦੀ ਹੈ

ਕੁਦਰਤਿ ਕਵਣ ਕਹਾ ਵੀਚਾਰੁ

ਵਾਰਿਆ ਨ ਜਾਵਾ ਏਕ ਵਾਰ

ਕਈ ਚੀਜ਼ਾਂ ਲੋੜ ਤੋਂ ਵੱਧ ਵੀ ਮਾੜੀਆਂ ਨੇ, ਲੋੜ ਤੋਂ ਘੱਟ ਵੀ ਮਾੜੀਆਂ ਨੇ। ਪੈਰ-ਪੈਰ ਵਧਦੀਆਂ ਲਾਲਸਾਵਾਂ ਨੇ ਹੀ ਦੇਹਾਂ, ਜ਼ਮੀਰਾਂ ਸਾੜੀਆਂ ਨੇ। ਜ਼ਿੰਦਗੀ ਜਿਉੂਣ ਦੀਆਂ ਜ਼ਰੂਰਤਾਂ ਸੀਮਤ ਨੇ ਤੇ ਇਛਾਵਾਂ ਅਸੀਮਤ।

ਪੱਥਰ ਰਸਤੇ 'ਚ ਪਿਆ ਹੋਵੇ ਤਾਂ ਰੋੜਾ ਅਖਵਾਉਂਦਾ ਹੈ, ਮੰਦਰ 'ਚ ਪਿਆ ਹੋਵੇ ਤਾਂ ਭਗਵਾਨ ਬਣ ਜਾਂਦਾ ਹੈ, ਹੱਥ 'ਚ ਹੋਵੇ ਤਾਂ ਹਥਿਆਰ ਬਣ ਜਾਂਦਾ ਹੈ। ਗੱਲ ਤਾਂ ਸਹੀ ਸਮੇਂ ਅਤੇ ਸਥਾਨ ਦੀ ਹੈ। ਆਪਣਾ ਚੁਫੇਰਾ ਏਦਾਂ ਦਾ ਸਿਰਜੋ ਕਿ ਤੁਸੀਂ ਨੇੜੇ ਹੋਵੋ ਤਾਂ ਕਿਸੇ ਨੂੰ ਖ਼ੁਸ਼ੀ ਹੋਵੇ, ਦੂਰ ਹੋਵੋ ਤਾਂ ਕੋਈ ਹੌਕੇ ਭਰ-ਭਰ ਰੋਵੇ। ਜ਼ਿੰਦਗੀ ਕਵਿਤਾ ਵਰਗੀ ਹੋਵੇ। ਸੂਖ਼ਮ ਅਹਿਸਾਸ, ਰਸ ਤੇ ਅਲੰਕਾਰ ਇਸ ਦਾ ਸ਼ਿੰਗਾਰ ਬਣਨ। ਕਵਿਤਾ ਦੀ ਹਰ ਸਤਰ ਵਾਂਗ ਹਯਾਤੀ ਦਾ ਹਰ ਪਲ, ਹਰ ਦਿਨ ਅਰਥ-ਭਰਪੂਰ ਹੋਵੇ ਚਿਹਰੇ 'ਤੇ ਨੂਰ ਹੋਵੇ ਤੇ ਕੁਝ ਚੰਗੇਰਾ ਕਰ ਗੁਜ਼ਰਨ ਦਾ ਸਰੂਰ ਹੋਵੇ।

ਸਾਹਾਂ ਦਾ ਸਫ਼ਰ ਜਾਰੀ ਰਹੇ। ਉਮੀਦਾਂ ਸਾਹਮਣੇ ਚਿੰਤਾ ਹਮੇਸ਼ਾ ਹਾਰੀ ਰਹੇ। ਸੱਜਣਾਂ ਦੀ ਹਸਤੀ ਸਦਾ ਸਤਿਕਾਰੀ ਰਹੇ। ਸਕੂਲੀ, ਕਾਲਜੀ ਜ਼ਿੰਦਗੀ ਕਿਤਾਬੀ ਜ਼ਿੰਦਗੀ ਹੁੰਦੀ ਹੈ। ਏਸ ਉਮਰੇ ਖ਼ਾਬਾਂ, ਖ਼ਿਆਲਾਂ ਦੇ ਖੰਭ ਲਗਾ ਕੇ ਉੱਡਦੇ ਹਾਂ। ਪਰ ਏਸ ਉਮਰੇ ਰੁੱਤਾਂ ਅਕਸਰ ਅਨਪੜ੍ਹ ਹੁੰਦੀਆਂ ਸਕੀਮਾਂ ਅਨਘੜ੍ਹ ਹੁੰਦੀਆਂ। ਦੁਨੀਆ ਰੰਗ-ਬਰੰਗੀ ਲੱਗਦੀ, ਹਵਾਵਾਂ 'ਚ ਦੂਰ ਕਿਤੇ ਕੋਈ ਵੰਝਲੀ ਵੱਜਦੀ। ਧਰਤ ਉਨਾਭੀ ਤੇ ਫ਼ਿਜ਼ਾ ਗੁਲਜ਼ਾਰ ਨਜ਼ਰ ਆਉਂਦੀ, ਚੰਨ ਦੀ ਚਾਨਣੀ ਜਾਂ ਤਾਰਿਆਂ ਦੀ ਲੋਅ ਵੀ ਮਨ ਨੂੰ ਬੜਾ ਭਾਉਂਦੀ ਅਰਮਾਨ ਜਗਾਉਂਦੀ।

ਪਰ ਅਸਲ ਜ਼ਿੰਦਗੀ ਕੀ ਹੈ, ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਬਾਹਰਲੀ ਦੁਨੀਆ ਨਾਲ ਬਾ-ਵਾਸਤਾ ਹੁੰਦੇ ਹਾਂ। ਤਲਖ਼-ਹਕੀਕਤਾਂ ਰੂ-ਬ-ਰੂ ਹੁੰਦੀਆਂ ਨੇ। ਕਮਾਈਆਂ ਕਰਨੀਆਂ ਪੈਂਦੀਆਂ ਨੇ ਘਰ, ਪਰਿਵਾਰ ਤੇ ਭਵਿੱਖ ਦੀਆਂ ਚਿੰਤਾਵਾਂ ਅੱਗਾ ਵਲ਼-ਵਲ਼ ਬਹਿੰਦੀਆਂ ਨੇ ਕਈ-ਕਈ ਲਛਮਣ-ਰੇਖਾਵਾਂ ਘੇਰਾ ਬਣਾ ਲੈਂਦੀਆਂ ਨੇ।

ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਤੋਂ ਅੱਖੀਂ ਵੇਖ ਕੇ ਮੱਖੀ ਨਿਗਲੀ ਨਹੀਂ ਜਾਂਦੀ। ਗ਼ਲਤ ਹੁੰਦਾ ਵੇਖਕੇ ਬੋਲਿਆ ਹੀ ਜਾਂਦੈ ਸੱਚ ਤੋਲਿਆ ਹੀ ਜਾਂਦੈ। ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਪਰ ਕਦੇ-ਕਦੇ ਸੱਚ ਦਾ ਸਾਥ ਨਿਭਾਉਣ ਦੀ ਕੀਮਤ ਵੀ ਭਰਨੀ ਪੈਂਦੀ ਹੈ। ਕਈ ਵਾਰ ਹਾਲਾਤ ਅਜਿਹੇ ਵੀ ਬਣ ਜਾਂਦੇ ਨੇ ਕਿ ਅੱਖਾਂ ਬੰਦ ਕਰਨੀਆਂ ਪੈ ਜਾਂਦੀਆਂ ਨੇ ਮਜਬੂਰੀਆਂ ਬਣ ਕੇ ਰਹਿ ਜਾਂਦੀਆਂ ਨੇ।

ਇਹ ਜ਼ਿੰਦਗੀ ਤਾਂ ਮੁਹੱਬਤਾਂ/ਦੋਸਤੀਆਂ ਕਰਨ ਲਈ ਵੀ ਛੋਟੀ ਹੈ, ਨਫ਼ਰਤਾਂ ਕੌਣ ਕਰੇ? ਆਉ ਨਫ਼ਰਤਾਂ, ਚਿੰਤਾਵਾਂ, ਈਰਖਾਵਾਂ, ਨਿੰਦਿਆ ਤੇ ਚੁਗਲੀਆਂ ਤੋਂ ਛੁਟਕਾਰਾ ਪਾਈਏ ਮੁਹੱਬਤਾਂ ਦੇ ਮੌਸਮ ਆਬਾਦ ਰੱਖੀਏ, ਟਿਕੀ ਚਾਨਣੀ ਹੀਰ ਗਾਈਏ, ਵਗਦੇ/ਖੜ੍ਹੇ ਪਾਣੀਆਂ 'ਚੋਂ ਚੰਨ ਤੱਕੀਏ ਜ਼ਿੰਦਗੀ ਖ਼ੂਬਸੂਰਤ ਬਣਾਈਏ।

J ਕੁਲਵਿੰਦਰ ਵਿਰਕ

78146-54133

Posted By: Harjinder Sodhi