ਜ਼ਿੰਦਗੀ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ ਅਤੇ ਨਾ ਹੀ ਇਕ ਰਸਤੇ ’ਤੇ ਚਲਦੀ ਹੈ। ਜ਼ਿੰਦਗੀ ਕਦੇ ਖ਼ੁਸ਼ੀਆਂ ਨਾਲ ਭਰੀ ਰਹਿੰਦੀ ਹੈ ਅਤੇ ਕਦੇ ਇਸ ਨੂੰ ਦੁੱਖ ਦੇ ਮਾਰੂਥਲ ਵਿਚ ਤਪਣ ਲਈ ਮਜਬੂਰ ਹੋਣਾ ਪੈਂਦਾ ਹੈ। ਕਦੇ ਉਸਦੇ ਪੈਰ ਆਸਾਨ ਰਸਤੇ ’ਤੇ ਹੁੰਦੇ ਹਨ ਅਤੇ ਕਦੇ ਉਸਨੂੰ ਵਿਸ਼ਾਲ ਪਹਾੜ ’ਤੇ ਚੜ੍ਹਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਵਿਚ ਉਲਟ ਸਥਿਤੀਆਂ ਦਾ ਹੋਣਾ ਵੀ ਲਾਜ਼ਮੀ ਹੈ। ਜੇ ਅਜਿਹਾ ਨਾ ਹੋਵੇ ਤਾਂ ਜਿਊਣ ਦਾ ਮਜ਼ਾ ਹੀ ਖ਼ਤਮ ਹੋ ਜਾਵੇਗਾ। ਇਕ ਰਸ ਹੋ ਕੇ ਜਿਊਣਾ ਵੀ ਮਨੁੱਖ ਨੂੰ ਪਰੇਸ਼ਾਨ ਕਰ ਦਿੰਦਾ ਹੈ। ਮਨੁੱਖ ਹਮੇਸ਼ਾ ਤਬਦੀਲੀ ਚਾਹੁੰਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਤਬਦੀਲੀ ਮਨੁੱਖ ਦੇ ਮਨ ਅਨੁਸਾਰ ਹੋਵੇ। ਹਾਲਾਤ ਵੀ ਤਹਿ ਕਰਦੇ ਹਨ ਕਿ ਤੁਸੀਂ ਕਿੱਧਰ ਨੂੰ ਜਾਣਾ ਹੈ। ਜੀਵਨ ਇਕ ਵਹਾਅ ਵਿਚ ਉੱਪਰ ਹੇਠਾਂ ਚੱਲਦਾ ਰਹਿੰਦਾ ਹੈ। ਉੱਪਰ ਹੇਠਾਂ ਤੋਂ ਭਾਵ ਸੁੱਖ ਦੁੱਖ, ਹਾਰ ਜਿੱਤ। ਇਹੋ ਜੀਵਨ ਦਾ ਸੂਤਰ ਹੈ। ਜ਼ਿੰਦਗੀ ਹਰ ਪਲ ਆਪਣਾ ਰੂਪ ਬਦਲ ਰਹੀ ਹੈ। ਉਸ ਅਨੁਸਾਰ ਜੀਵਨ ਜਿਊਣ ਦੇ ਢੰਗ ਬਦਲਦੇ ਹਨ।

ਫੁੱਲਾਂ ਦੀ ਸੇਜ ਨਹੀਂ ਜ਼ਿੰਦਗੀ

ਜਿਸ ਮਨੁੱਖ ਨੂੰ ਜਿਊਣ ਦਾ ਢੰਗ ਆਉਂਦਾ ਹੈ ਉਹ ਬਿਨਾਂ ਸੁੱਖ ਸਹੂਲਤਾਂ ਦੇ ਵੀ ਖ਼ੁਸ਼ ਰਹਿੰਦਾ ਹੈ। ਦੂਸਰੇ ਪਾਸੇ ਮਨੁੱਖ ਨੂੰ ਜਿਊਣ ਦਾ ਢੰਗ ਨਹੀਂ ਆਉਂਦਾ ਉਹ ਸਹੂਲਤਾਂ ਦੇ ਨਾਲ ਵੀ ਦੁਖੀ ਰਹਿੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ। ਹਰੇਕ ਇਨਸਾਨ ਨੂੰ ਜੀਵਨ ਵਿਚ ਦੁੱਖ ਤਕਲੀਫਾਂ ਨਾਲ ਦੋ ਚਾਰ ਹੋਣਾ ਹੀ ਪੈਂਦਾ ਹੈ। ਠੋਕਰਾਂ ਖਾ ਕੇ ਹੀ ਇਨਸਾਨ ਨੂੰ ਅਕਲ ਆਉਂਦੀ ਹੈ। ਮਿਹਨਤ ਅਤੇ ਲਗਨ ਨਾਲ ਹੀ ਜੀਵਨ ਵਿਚ ਸਫਲਤਾ ਦੇ ਝੰਡੇ ਗੱਡੇ ਜਾ ਸਕਦੇ ਹਨ। ਜੇਕਰ ਮਿਹਨਤ ਆਦਤ ਬਣ ਜਾਵੇ ਤਾਂ ਕਾਮਯਾਬੀ ਮੁਕੱਦਰ ਬਣ ਜਾਂਦੀ ਹੈ। ਤਨੋਂ ਮਨੋਂ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਰੱਬ ਦੇਰ ਸਵੇਰ ਉਨ੍ਹਾਂ ਦੀ ਘਾਲਣਾ ਦਾ ਮੁੱਲ ਜ਼ਰੂਰ ਮੋੜਦਾ ਹੈ। ਬਸ ਸਬਰ ਸੰਤੋਖ ਦੀ ਜ਼ਰੂਰਤ ਹੁੰਦੀ ਹੈ। ਚਾਦਰ ਵੇਖਕੇ ਪੈਰ ਪਸਾਰਨ ਵਾਲੇ ਇਨਸਾਨ ਜ਼ਿੰਦਗੀ ਵਿਚ ਸੁੱਖੀ ਰਹਿੰਦੇ ਹਨ। ਹਮੇਸ਼ਾ ਕਿਸਮਤ ਨੂੰ ਕੋਸਣ ਦੀ ਬਜਾਏ ਇਨਸਾਨ ਨੂੰ ਅਜਿਹੇ ਕਰਮ ਬਣਾਉਣੇ ਚਾਹੀਦੇ ਹਨ। ਜਿਸ ਨਾਲ ਮਨੁੱਖ ਨੂੰ ਸਭ ਕੁਝ ਮਿਲ ਜਾਵੇ। ਹਰ ਇਨਸਾਨ ਨੂੰ ਜ਼ਿੰਦਗੀ ਦੇ ਪੰਧ ’ਤੇ ਤੁਰਦਿਆਂ ਸਦਾ ਨੇਕ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਜੀਓ ਤੇ ਜਿਊਣ ਦਿਓ

ਸ੍ਰੀ ਗੁਰੂੁੁ ਅਮਰ ਦਾਸ ਜੀ ਫਰਮਾਉਂਦੇ ਹਨ ‘‘ਆਪੁ ਪਛਾਣੈ ਸੋ ਸਭਿ ਗੁਣ ਜਾਣੈ’’ ਸਾਨੂੰ ਹਰ ਰੋਜ਼ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਦਰਲੇ ਗੁਣਾਂ ਨੂੰ ਪਛਾਣ ਕੇ ਉਨ੍ਹਾਂ ਹੁਨਰਾਂ ਨੂੰ ਨਿਖਾਰਨਾ ਚਾਹੀਦਾ ਹੈ ਅਤੇ ਔਗੁਣਾਂ ਦੀ ਪਛਾਣ ਕਰ ਕੇ ਉਨ੍ਹਾਂ ਤੋਂ ਹਰ ਹਾਲਾਤ ਵਿਚ ਪੱਲਾ ਛੁਡਾਉਣਾ ਚਾਹੀਦਾ ਹੈ। ਵੱਡੀਆਂ ਗੱਲਾਂ ਕਰਨ ਨਾਲ ਅਸੀਂ ਸਿਆਣੇ ਨਹੀਂ ਬਣ ਸਕਦੇ ਸਗੋਂ ਛੋਟੀਆਂ ਗੱਲਾਂ ’ਤੇ ਅਮਲ ਕਰ ਕੇ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ। ਮਨੁੱਖ ਭਾਵੇਂ ਕਿੰਨੀ ਵੀ ਉਚਾਈ ਨੂੰ ਛੂਹ ਲਵੇ ਪਰ ਨਿਮਰਤਾ ਮਨੁੱਖ ਦੇ ਸੁਭਾਅ ਦਾ ਗਹਿਣਾ ਹੋਣਾ ਚਾਹੀਦਾ ਹੈ। ਕਿੳਂੁਕਿ ਨਿਮਰਤਾ ਤੋਂ ਵੱਡੀ ਕੋਈ ਤਾਕਤ ਨਹੀਂ ਹੈ। ਸਾਨੂੰ ਆਪਣੇ ਅੰਦਰਲੇ ਗੁਣਾਂ ਅੋੌਗੁਣਾ ਤੇ ਹੁਨਰਾਂ ਨੂੰ ਪਛਾਨਣਾ ਚਾਹੀਦਾ ਹੈ। ਸਾਨੂੰ ਆਪਣੇ ਜੀਵਨ ਦੇ ਛੋਟੇ ਕੰਮ ਖ਼ੁਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਹਰ ਕੰਮ ਨੂੰ ਲਗਨ, ਦਿਲਚਸਪੀ ਅਤੇ ਰੀਝ ਨਾਲ ਕਰਨ ਦੀ ਬਿਰਤੀ ਹੋਣੀ ਚਾਹੀਦੀ ਹੈ। ਮਨੁੱਖ ਨੂੰ ਆਪਣੀ ਔਕਾਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜਦੋਂ ਮਨੁੱਖ ਆਪਣੀ ਔਕਾਤ ਭੁੱਲ ਜਾਂਦਾ ਹੈ ਤਾਂ ਉਹ ਖ਼ੁਦ ਤੇ ਹੋਰਨਾਂ ਲਈ ਮੁਸੀਬਤ ਬਣਨ ਲਗਦਾ ਹੈ। ਸਾਨੂੰ ਜੀਓ ਅਤੇ ਜਿਊਣ ਦਿਓ ਵਾਲੇ ਸਿਧਾਂਤ ਤੇ ਹਰ ਹਾਲਤ ਵਿਚ ਅਮਲ ਕਰਨਾ ਚਾਹੀਦਾ ਹੈ। ਇਸੇ ਵਿਚ ਸਭ ਦੀ ਭਲਾਈ ਹੈ।

ਸੋਚ ਰੱਖੋ ਹਾਂ-ਪੱਖੀ

ਜ਼ਿੰਦਗੀ ਇਕ ਹੁਨਰ ਹੈ। ਇਸ ਹੁਨਰ ਨਾਲ ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਸੁਹਾਣਾ ਬਣਾ ਸਕਦੇ ਹਾਂ। ਜੀਵਨ ਨੂੰ ਜਿਊਣ ਨਾਲ ਜ਼ਿੰਦਗੀ ਸਾਰਥਕ ਹੋ ਜਾਂਦੀ ਹੈ। ਸਾਨੂੰ ਆਪਣੇ ਸਰੀਰ ਨੂੰ ਸਾਫ਼ ਸੁਥਰਾ ਅਤੇ ਤੰਦਰੁਸਤ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਤਨ ਅਤੇ ਮਨ ਦੋਹਾਂ ਨੂੰ ਹੀ ਸੁੰਦਰ ਰੱਖਣਾ ਚਾਹੀਦਾ ਹੈ। ਤਨ ਅਤੇ ਮਨ ਇਕ ਦੂਜੇ ਦੇ ਪੂਰਕ ਹਨ। ਤਨ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ਰਹਿੰਦਾ ਹੈ। ਤਨ ਅਤੇ ਮਨ ਦੋਵੇਂ ਇਕੱਠੇ ਕੰਮ ਕਰਨੇ ਚਾਹੀਦੇ ਹਨ। ਤਕੜਾ ਮਨ ਹੀ ਤਨ ਨੂੰ ਵਿਕਾਰਾਂ ਤੋਂ ਰਹਿਤ ਰੱਖ ਸਕਦਾ ਹੈ। ਮਨ ਦੇ ਸ਼ੁਧੀਕਰਣ ਲਈ ਮਹਾਂਪੁਰਸ਼ਾਂ ਦੇ ਚੰਗੇ ਵਿਚਾਰ ਸੁਣਨੇ ਚਾਹੀਦੇ ਹਨ। ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਹਮੇਸ਼ਾ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਗੇ ਦੋਸਤਾਂ ਦੀ ਸੰਗਤ ਨਾਲ ਵੀ ਮਨ ਖਿੜਿਆ ਰਹਿੰਦਾ ਹੈ। ਹਰ ਰੋਜ਼ ਧਿਆਨ ਲਗਾਉਣ ਨਾਲ ਵੀ ਮਨ ਸ਼ਾਂਤ ਰਹਿੰਦਾ ਹੈ। ਹਮੇਸ਼ਾ ਖ਼ੁਸ਼ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

ਜ਼ਿੰਦਗੀ ਵਿਚ ਸਫਲ ਹੋਣ ਲਈ ਇਨਸਾਨ ਨੂੰ ਆਪਣੀ ਕਾਬਲੀਅਤ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ। ਜੀਵਨ ਵਿਚ ਥੋੜ੍ਹੀ ਜਿਹੀ ਪਰੇਸ਼ਾਨੀ ਨਾਲ ਘਿਰ ਜਾਣ ’ਤੇ ਖ਼ੁਦ ਦੀਆਂ ਸਮਰੱਥਾਵਾਂ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ ਕਿੳਂੁਕਿ ਇਸ ਤਰ੍ਹਾਂ ਕਰਨ ਨਾਲ ਸਫਲ ਹੋਣਾ ਔਖਾ ਹੈ। ਸਾਨੂੰ ਇਨ੍ਹਾਂ ਪਰੇਸ਼ਾਨੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਕਈ ਵਾਰ ਇਕ ਵਾਰ ’ਚ ਸਫਲਤਾ ਨਹੀਂ ਮਿਲਦੀ। ਇਸ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਸਗੋਂ ਸਫਲਤਾ ਹਾਸਲ ਕਰਨ ਲਈ ਸਾਨੂੰ ਵਾਰ-ਵਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸੱਚੇ ਮਨ ਨਾਲ ਕੀਤਾ ਗਿਆ ਕੰਮ ਸਾਨੂੰ ਸਫਲਤਾ ਵੱਲ ਲੈ ਜਾਂਦਾ ਹੈ। ਜੇ ਤੁਸੀਂ ਜੀਵਨ ਵਿਚ ਹਾਂ ਪੱਖੀ ਸੋਚ ਰੱਖਦੇ ਹੋ ਤਾਂ ਤੁਹਾਡੇ ਨੇੜੇ ਤੇੜੇ ਦੇ ਲੋਕ ਤੁਹਾਡੇ ਤੋਂ ਆਕਰਸ਼ਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੁਹਾਡੀ ਸੰਗਤ ਚੰਗੀ ਲੱਗਦੀ ਹੈ। ਤੁਸੀਂ ਨਾਂਹ ਪੱਖੀ ਸੋਚ ਰੱਖਦੇ ਹੋ ਤਾਂ ਤੁਹਾਡੇ ਸੰਪਰਕ ਵਿਚ ਆਉਣ ਵਾਲੇ ਲੋਕ ਹੌਲੀ-ਹੌਲੀ ਤੁਹਾਡੇ ਤੋਂ ਦੂਰ ਹੋ ਜਾਣਗੇ। ਹਾਂ ਪੱਖੀ ਸੋਚ ਦਾ ਸਬੰਧ ਸਾਡੇ ਕਰੀਅਰ ਨਾਲ ਹੀ ਨਹੀਂ ਹੈ ਸਗੋਂ ਇਸ ਦਾ ਸਬੰਧ ਸਾਡੇ ਪਰਿਵਾਰਕ ਅਤੇ ਸਮਾਜਿਕ ਜੀਵਨ ਨਾਲ ਵੀ ਜੁੜਿਆ ਹੋਇਆ ਹੈ।

ਖੁੱਲ੍ਹ ਕੇ ਜੀਓ ਜ਼ਿੰਦਗੀ

ਮਨੁੱਖੀ ਜੀਵਨ ਅਨਮੋਲ ਹੈ ਤੇ ਇਕ ਵਾਰ ਹੀ ਮਿਲਦਾ ਹੈ। ਇਸ ਨੂੰ ਖੁਲ੍ਹਕੇ ਜਿਊਣਾ ਚਾਹੀਦਾ ਹੈ। ਹਰ ਮਨੁੱਖ ਸਮਾਜ ਵਿਚ ਆਪਣਾ ਨਾਮ ਚਾਹੁੰਦਾ ਹੈ। ਜ਼ਿੰਦਗੀ ਵਿਚ ਕਈ ਕੰਮ ਮਨੁੱਖ ਦੀ ਰੂਹ ਦੀ ਖੁਰਾਕ ਬਣਦੇ ਹਨ ਅਤੇ ਉਸਨੂੰ ਮਾਨਸਿਕ ਖ਼ਸ਼ੀ ਦਿੰਦੇ ਹਨ। ਇਹ ਕੰਮ ਮਨੁੱਖ ਦੀ ਖੁਸ਼ਕ ਜ਼ਿੰਦਗੀ ਵਿਚ ਰੰਗ ਭਰਕੇ ਉਸਨੂੰ ਜੀਵਨ ਦਾ ਆਧਾਰ ਬਖਸ਼ਦੇ ਹਨ। ਹਰ ਮਨੁੱਖ ਦਾ ਸ਼ੌਕ ਆਪਣਾ ਆਪਣਾ ਹੁੰਦਾ ਹੈ ਜਿਸ ਨੂੰ ਪੂਰਾ ਕਰਕੇ ਉਸਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਜਿਵੇਂ ਇਕ ਖਿਡਾਰੀ ਨੂੰ ਤਮਗੇ ਜਿੱਤਣ ਦਾ ਸਰੂਰ ਹੁੰਦਾ ਹੈ। ਕਈ ਲੋਕਾਂ ਲਈ ਸਾਹਿਤ ਹੀ ਰੂਹ ਦੀ ਖ਼ੁਰਾਕ ਹੁੰਦੀ ਹੈ। ਉਹ ਨਵਾਂ ਸਾਹਿਤ ਪੜ੍ਹਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ। ਕਈ ਲੋਕ ਪਰਮਾਤਮਾ ਭਗਤੀ ਨੂੰ ਹੀ ਰੂਹ ਦੀ ਖ਼ੁਰਾਕ ਮੰਨਦੇ ਹਨ। ਨਾਮ ਜਪ ਕੇ ਹੀ ਉਹ ਜਨਮ ਮਰਨ ਤੋ ਮੁਕਤ ਹੋਣਾ ਚਾਹੁੰਦੇ ਹਨ। ਕਈ ਲੋਕ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਇਸ਼ਟ ਮੰਨਦੇ ਸਾਰੀ ਉਮਰ ਇਸ ਕੰਮ ’ਤੇ ਹੀ ਲਾ ਦਿੰਦੇ ਹਨ। ਕਈ ਲੋਕ ਧਨ ਇਕੱਠਾ ਕਰਨ, ਉੱਚੀ ਪਦਵੀ ਹਾਸਲ ਕਰਨ ਨੂੰ ਹੀ ਆਪਣੀ ਮੰਜ਼ਿਲ ਮੰਨ ਲੈਦੇ ਹਨ ਅਤੇ ਜ਼ਿੰਦਗੀ ਦੀ ਸਾਰੀ ਸ਼ਕਤੀ ਇਸ ਪਾਸੇ ਲਾ ਦਿੰਦੇ ਹਨ। ਕਈ ਲੋਕ ‘‘ਜਹਾ ਜਾਈਏ, ਤਹਾ ਸੁਹੇਲੇ’’ ਦਾ ਮਾਹੌਲ ਬਣਾ ਕੇ ਜ਼ਿੰਦਗੀ ਜਿਊਂਦੇ ਹਨ। ਉਹ ਹਰ ਪਾਸੇ ਖ਼ੁਸ਼ੀਆਂ ਅਤੇ ਖੁਸ਼ਬੋਆਂ ਖਿਲਾਰਦੇ ਹਨ। ਉਹ ਰਸਤੇ ਦੇ ਕੱਖ, ਕੰਡੇ ਅਤੇ ਰੋੜਿਆਂ ਨੂੰ ਸਾਫ਼ ਕਰ ਕੇ ਫੁੱਲਾਂ ਨਾਲ ਸਜਾਉਂਦੇ ਹਨ। ਉਹ ਹਰ ਇਕ ਨੂੰ ਖੇੜੇ ਹੀ ਵੰਡਦੇ ਹਨ। ਉਹ ਸਭ ਪਾਸੇ ਨਰੋਇਆ ਮਾਹੌਲ ਹੀ ਸਿਰਜਦੇ ਹਨ। ਉਹ ਸਦਾ ਚੜ੍ਹਦੀ ਕਲ੍ਹਾ ਵਿਚ ਰਹਿਕੇ ਜ਼ਿੰਦਗੀ ਦੀ ਜੰਗ ਵਿਚ ਜੇਤੂ ਹੋ ਕੇ ਨਿਕਲਦੇ ਹਨ। ਉਹ ਹਮੇਸ਼ਾ ਸਹਿਜ ਵਿਚ ਰਹਿੰਦੇ ਹਨ। ਸਾਨੂੰ ਐਵੇਂ ਸ਼ਿਕਵੇ-ਸ਼ਕਾਇਤਾਂ ਵਿਚ ਰੋ-ਰੋ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਹੀਂ ਬਣਾਉਣਾ ਚਾਹੀਦਾ। ਅੱਜ ਨੂੰ ਖ਼ੁਸ਼ਹਾਲ ਬਣਾਕੇ ਸ਼ਾਂਤੀ ਨਾਲ ਜਿਊਣਾ ਚਾਹੀਦਾ ਹੈ ਕਿਉਂਕਿ ਵਰਤਮਾਨ ਸਾਡੇ ਹੱਥ ਵਿਚ ਹੈ। ਆਪਣੇ ਦਿਮਾਗ਼ ਦੇ ਕਪਾਟ ਸਾਨੂੰ ਖੋਲ੍ਹਕੇ ਅਤੇ ਸਰੀਰ ਦੇ ਅੰਗਾਂ ਦੀ ਪੂਰੀ ਵਰਤੋਂ ਕਰ ਕੇ ਦੁਨੀਆ ਵਿਚ ਜੇਤੂ ਬਣਕੇ ਬਾਦਸ਼ਾਹਾਂ ਦੀ ਤਰ੍ਹਾਂ ਜਿਊਣਾ ਚਾਹੀਦਾ ਹੈ। ਜਿੰਨਾ ਜੀਵਨ ਅਸਾਨ ਅਤੇ ਸਾਦਾ ਰਖਾਂਗੇ ਓਨੇ ਹੀ ਸੁਖੀ ਰਹਾਂਗੇ। ਜੇ ਅਸੀਂ ਇਸ ਦੁਨੀਆਂ ਲਈ ਕੁਝ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ। ਕੁਝ ਨਵਾਂ ਕਰਦੇ ਰਹਿਣਾ ਜ਼ਿੰਦਗੀ ਨੂੰ ਤਾਜ਼ਗੀ ਦਿੰਦਾ ਹੈ। ਮਨ ਪ੍ਰਸੰਨ ਰਹਿੰਦਾ ਹੈ। ਜ਼ਿੰਦਗੀ ਬਹੁਤ ਖ਼ੂਬਸੂਰਤ ਤੇ ਵਡਮੁੱਲਾ ਤੋਹਫਾ ਹੈ। ਜ਼ਿੰਦਗੀ ਇਕ ਹੁਨਰ ਹੈ। ਆਉ ਹੁਨਰ ਨਾਲ ਇਸ ਨੂੰ ਇਕ ਸੁਹਾਣਾ ਸਫ਼ਰ ਬਣਾ ਲਈਏ।

ਦਾਨ ਦੀ ਅਹਿਮੀਅਤ

ਦਾਨ ਦੀ ਵੀ ਮਨੁੱਖੀ ਜੀਵਨ ਵਿਚ ਬਹੁਤ ਮਹੱਤਵ ਹੈ। ਦਾਨ ਦੇਣ ਨਾਲ ਸਾਡੇ ਪਾਪ ਨਸ਼ਟ ਹੁੰਦੇ ਹਨ। ਦਾਨ ਦੇਣ ਨਾਲ ਮਨੁੱਖ ਦੀ ਆਤਮਾ ਨਿਰਮਲ ਤੇ ਮਨ ਵਿਚ ਸ਼ਾਂਤੀ ਖ਼ੁਸ਼ੀਆਂ ਖੇੜਿਆਂ ਦੀ ਲਹਿਰ ਉਪਜਦੀ ਹੈ। ਦਾਨ ਦੇਣ ਨਾਲ ਕੁਝ ਕਮੀ ਨਹੀਂ ਹੁੰਦੀ ਸਗੋਂ ਕਈ ਗੁਣਾ ਵਾਧਾ ਹੁੰਦਾ ਹੈ। ਕਿਸੇ ਨੂੰ ਦਾਨ ਦੇਣ ਸਮੇਂ ਮਨੁੱਖ ਨੂੰ ਆਪਣੇ ਮਨ ਵਿਚ ਹੰਕਾਰ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ। ਬੱਦਲ ਵਰ੍ਹ ਕੇ ਧਰਤੀ ਨੂੰ ਜਲ ਦਿੰਦੇ ਹਨ ਜਿਸ ਕਾਰਨ ਧਰਤੀ ਹਰੀ ਭਰੀ ਹੁੰਦੀ ਹੈ। ਰੁੱਖ ਸਭ ਨੂੰ ਫਲ ਤੇ ਛਾਂ ਦਿੰਦੇ ਹਨ। ਸੂਰਜ ਸਾਰਿਆਂ ਨੂੰ ਪ੍ਰਕਾਸ਼ ਦੇਣ ਲਈ ਤਪਦਾ ਹੈ। ਇਸ ਨਾਲ ਰੁੱਖ, ਸੂਰਜ ਦੇ ਸਰੋਤ ਵਿਚ ਕੋਈ ਕਮੀ ਨਹੀਂ ਹੁੰਦੀ। ਇਹ ਕੁਦਰਤ ਦਾ ਪੱਕਾ ਨਿਯਮ ਹੈ। ਆਪਣਾ ਇਥੇ ਕੁਝ ਨਹੀਂ ਹੈ। ਸਭ ਪਰਮਾਤਮਾ ਦਾ ਹੈ। ਪਰਮਾਤਮਾ ਦਾ ਦਿੱਤਾ ਹੋਇਆ ਪਰਮਾਰਥ ਵਿਚ ਲੱਗ ਜਾਵੇ ਤਾਂ ਸਮਝੋ ਜੀਵਨ ਸੁਭਾਗਾ ਹੈ। ਅੱਜ ਦਾ ਸਮਾਂ ਬਹੁਤ ਚਿੰਤਾਜਨਕ ਹੈ। ਰਾਸ਼ਟਰ ਸੰਕਟ ਦੀ ਹਾਲਤ ਵਿਚ ਲੰਘ ਰਿਹਾ ਹੈ। ਇਸ ਸਥਿਤੀ ਵਿਚ ਸਾਨੂੰ ਲੋੜਵੰਦਾਂ ਨੂੰ ਅੰਨ, ਜਲ ਤੇ ਧਨ ਦਾ ਦਾਨ ਆਪਣੀ ਹੈਸੀਅਤ ਮੁਤਾਬਕ ਜ਼ਰੂਰ ਕਰਨਾ ਚਾਹੀਦਾ ਹੈ।

ਸੋਚ ਦਾ ਘੇਰਾ ਕਰੋ ਵਿਸ਼ਾਲ

ਮਨੁੱਖ ਜਿਸ ਤਰ੍ਹਾਂ ਸੋਚਦਾ ਹੈ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਮਨੁੱਖ ਨੂੰ ਆਪਣੀ ਸੋਚ ਦਾ ਘੇਰਾ ਵਿਸ਼ਾਲ ਕਰਨਾ ਚਾਹੀਦਾ ਹੈ। ਕਿੳਂੁਕਿ ਸੀਮਤ ਸੋਚ ਨਾਲ ਮਨੁੱਖ ਜ਼ਿੰਦਗੀ ਦੇ ਸੁਪਨੇ ਪੂਰੇ ਨਹੀਂ ਕਰ ਸਕਦਾ। ਸਫਲਤਾ ਲਈ ਮਨੁੱਖ ਨੂੰ ਨਾਂਹ ਪੱਖੀ ਸੋਚ ਨੂੰ ਛੱਡ ਦੇਣਾ ਚਾਹੀਦਾ ਹੈ। ਕਿਉਂਕਿ ਹਾਂ ਪੱਖੀ ਸੋਚ ਹੀ ਸਾਨੂੰ ਖ਼ੁਸ਼ੀਆਂ ਦੇ ਸਕਦੀ ਹੈ। ਹਾਂ ਪੱਖੀ ਸੋਚ ਵਾਸਤੇ ਵਿਅਕਤੀ ਨੂੰ ਫ਼ਜੂਲ ਬਹਿਸ ਤੇ ਝਗੜਿਆਂ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਇਹ ਧਾਰਕੇ ਚਲੀਏ ਕਿ ਅੱਜ ਪੂਰਾ ਦਿਨ ਜੋ ਵੀ ਸੋਚਾਂਗੇ, ਚੰਗਾ ਹੀ ਸੋਚਾਂਗੇ ਤਾਂ ਯਕੀਨੀ ਤੌਰ ’ਤੇ ਸਾਡਾ ਦਿਨ ਚੰਗਾ ਲੰਘੇਗਾ। ਜਿਸ ਦਿਨ ਨੂੰ ਤੁਸੀਂ ਜੀਅ ਰਹੇ ਹੋ ਉਸ ਦਿਨ ਨੂੰ ਸਾਲ ਦਾ ਸਰਵੋਤਮ ਦਿਨ ਮੰਨਕੇ ਤੁਹਾਨੂੰ ਜਿਊਣਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਡੇ ਜੀਵਨ ਵਿਚ ਅਨੋਖੀਆਂ ਤਬਦੀਲੀਆਂ ਜ਼ਰੂਰ ਆਉਣਗੀਆਂ।

ਹਿੰਮਤ ਤੇ ਸਬਰ ਹੋਵੇ ਤਾਂ ਹਰ ਸੁਪਨਾ ਪੂਰਾ ਹੋ ਸਕਦਾ ਹੈ। ਕੈਰੋਲੀ ਟੈਕੇਕਸ ਹੰਗਰੀ ਦਾ ਆਪਣੇ ਵੇਲੇ ਸਰਵ ਸ੍ਰੇਸ਼ਠ ਪਿਸਟਲ ਸ਼ੂਟਰ ਸੀ। ਕਈ ਕੌਮੀ ਅਤੇ ਕੌਮਾਂਤਰੀ ਪੁਰਸਕਾਰ ਉਹ ਆਪਣੇ ਨਾਮ ਕਰ ਚੁੱਕੇ ਸਨ। ਉਹ 1940 ਦੀਆਂ ਉਲੰਪਿਕ ਖੇਡਾਂ ਵਿਚ ਗੋਲਡ ਮੈਡਲ ਹਾਸਲ ਕਰਨ ਦੀ ਖਾਹਿਸ਼ ਰੱਖਦਾ ਸੀ। ਪਰ ਅਚਾਨਕ 1938 ਵਿਚ ਇਕ ਦਿਨ ਅਭਿਆਸ ਦੌਰਾਨ ਉਸਦੇ ਸੱਜੇ ਹੱਥ ਵਿਚ ਗ੍ਰੇਨੇਡ ਫੱਟ ਗਿਆ ਜਿਸ ਨਾਲ ਉਸ ਨੂੰ ਆਪਣਾ ਸੱਜਾ ਹੱਥ ਗਵਾਉਣਾ ਪਿਆ। ਹੁਣ ਟੈਕੇਕਸ ਨੇ ਖੱਬੇ ਹੱਥ ਨਾਲ ਆਪਣਾ ਸੁਪਨਾ ਪੂਰਾ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਅਭਿਆਸ ਸ਼ੁਰੂ ਕੀਤਾ ਤੇ ਅਭਿਆਸ ਨੂੰ ਵਧਾੳਂੁਦੇ ਗਏ। ਉਨ੍ਹਾਂ ਵਿਚ ਹੌਸਲੇ ਨਾਲ ਸਬਰ ਵੀ ਸੀ। ਉਹ ਜੀਅ ਜਾਨ ਨਾਲ ਅਭਿਆਸ ਵਿਚ ਲੱਗੇ ਰਹੇ। 1939 ਵਿਚ ਉਹ ਕੌਮੀ ਸ਼ੂਟਿੰਗ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਗਏ। ਟੈਕੇਕਸ ਨੇ ਆਪਣੇ ਖੱਬੇ ਹੱਥ ਨਾਲ ਇਸ ਪ੍ਰਤੀਯੋਗਤਾ ਨੂੰ ਜਿੱਤਕੇ ਸਭ ਨੂੰ ਹੈਰਾਨ ਕਰ ਦਿੱਤਾ। ਉਲੰਪਿਕ ਖੇਡਾਂ ਵਿਚ ਵੀ ਉਨ੍ਹਾਂ ਨੇ ਗੋਲਡ ਮੈਡਲ ਜਿੱਤਕੇ ਨਵਾਂ ਇਤਿਹਾਸ ਸਿਰਜਿਆ ਅਤੇ ਸਾਰੀ ਦੁਨੀਆ ਨੂੰ ਹੈਰਾਨੀ ਵਿਚ ਪਾ ਦਿੱਤਾ। ਕੈਰੋਲੀ ਟੈਕੇਕਸ ਨੇ ਦਿਖਾ ਦਿੱਤਾ ਕਿ ਹਿੰਮਤ ਤੇ ਸਬਰ ਨਾਲ ਸੁਪਨਾ ਹਕੀਕਤ ਵਿਚ ਬਦਲਿਆ ਜਾ ਸਕਦਾ ਹੈ।

ਸੇਵਾ ਭਾਵਨਾ

ਇਨਸਾਨ ਦੇ ਮਨ ਵਿਚ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ। ਸੇਵਾ ਸਹੀ ਅਰਥਾਂ ਵਿਚ ਪਰਮਾਤਮਾ ਦੀ ਸੱਚੀ ਅਰਾਧਨਾ ਹੈ। ਸੇਵਾ ਲਈ ਉੱਠੇ ਹੱਥ ਓਨੇ ਹੀ ਮਹਾਨ ਹੁੰਦੇ ਹਨ, ਜਿੰਨੇ ਪਰਮਾਤਮਾ ਅੱਗੇ ਪ੍ਰਾਰਥਨਾ ਵਿਚ ਉੱਠਣ ਵਾਲੇ ਹੱਥ ਹੁੰਦੇ ਹਨ। ਦੂਜਿਆਂ ਦੀ ਸੇਵਾ ਕਰਨ ਵਾਲੇ ਇਨਸਾਨ ਤੇ ਪਰਮਾਤਮਾ ਦੀ ਸਦਾ ਕਿ੍ਰਪਾ ਬਣੀ ਰਹਿੰਦੀ ਹੈ। ਸਾਡੀ ਸੇਵਾ ਤੋਂ ਖ਼ੁਸ਼ ਹੋਣ ਵਾਲੇ ਲੋਕ ਸਾਨੂੰ ਪਿਆਰ, ਸੁਨੇਹ, ਅਸ਼ੀਰਵਾਦ ਤੇ ਦੁਆਵਾਂ ਦਿੰਦੇ ਹਨ। ਜਿਸ ਕਾਰਨ ਸਾਡੇ ਕਸ਼ਟ ਦੂਰ ਹੋ ਜਾਂਦੇ ਹਨ। ਪਰਮਾਤਮਾ ਵੀ ਸਾਨੂੰ ਕਸ਼ਟ ਸਹਿਣ ਦੀ ਅਸੀਮ ਸ਼ਕਤੀ ਪ੍ਰਦਾਨ ਕਰਦਾ ਹੈ। ਸੇਵਾ ਮਨੁੱਖ ਨੂੰ ਸਰਲ ਅਤੇ ਨਿਰਸਵਾਰਥ ਬਣਾਈ ਰੱਖਦੀ ਹੈ। ਸੇਵਾ ਵਿਚ ਮਨੁੱਖ ਆਪਣੇ ਕੋਲ ਮੁਹੱਈਆ ਹਰੇਕ ਵਸਤੂ ਦੂਸਰੀਆਂ ਨੂੰ ਨਿਰਸਵਾਰਥ ਵੰਡਦਾ ਹੈ। ਸਾਨੂੰ ਭੌਤਿਕ ਸਹੂਲਤਾਂ ਨੂੰ ਤਿਆਗ ਕੇ ਦੂਜਿਆਂ ਦੇ ਦੁੱਖ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸੇਵਾ ਭਾਵਨਾ ਦਾ ਅਸੀਂ ਜਿੰਨਾ ਵਿਸਥਾਰ ਕਰਾਂਗੇ, ਓਨਾ ਹੀ ਸਾਡੇ ਜੀਵਨ ਵਿਚ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਫੈਲੇਗੀ, ਇਸ ਤਰ੍ਹਾਂ ਅਸੀਂ ਅਸੀਮ ਸੁੱਖ ਤੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ।

ਆਪਸੀ ਸਹਿਯੋਗ

ਸਮਾਜ ਵਿਚ ਵਿਚਰਦਿਆਂ ਮਨੁੱਖ ਨੂੰ ਸਹਿਯੋਗ ਦੀ ਲੋੜ ਪੈਂਦੀ ਹੈ। ਆਪਸੀ ਸਹਿਯੋਗ ਹੀ ਮਨੁੱਖ ਨੂੰ ਮਨੁੱਖ ਨਾਲ ਜੋੜੀ ਰੱਖਦਾ ਹੈ। ਹਰੇਕ ਪ੍ਰਾਣੀ ਜਨਮ, ਖੁਰਾਕ ਤੇ ਸੁਰੱਖਿਆ ਲਈ ਕਿਸੇ ਨਾ ਕਿਸੇ ਰੂਪ ਵਿਚ ਦੂਜੇ ਦੇ ਸਹਿਯੋਗ ’ਤੇ ਨਿਰਭਰ ਕਰਦਾ ਹੈ। ਸੰਸਾਰ ਵਿਚ ਕੋਈ ਵੀ ਏਨਾ ਗ਼ਰੀਬ ਨਹੀਂ ਜੋ ਦੂਜਿਆਂ ਨੂੰ ਸਹਿਯੋਗ ਨਾ ਦੇ ਸਕੇ ਅਤੇ ਨਾ ਹੀ ਕੋਈ ਏਨਾ ਅਮੀਰ ਹੈ ਜਿਸ ਨੂੰ ਕਦੇ ਦੂਜੇ ਦੀ ਮਦਦ ਦੀ ਲੋੜ ਨਾ ਪਵੇ। ਜਦੋਂ ਬਾਂਸ ਦੇ ਜੰਗਲ ਵਿਚ ਇਕ ਬਾਂਸ ਟੁੱਟ ਕੇ ਡਿੱਗਣ ਲੱਗਦਾ ਹੈ ਤਾਂ ਆਸ ਪਾਸ ਦੇ ਬਾਂਸ ਦੇ ਦਰੱਖ਼ਤ ਉਸਨੂੰ ਸੰਭਾਲ ਲੈਂਦੇ ਹਨ। ਇਸੇ ਤਰ੍ਹਾਂ ਅਸੀਂ ਆਪਣੇ ਆਲੇ ਦੁਆਲੇ ਗੁਆਂਢ ਦੇ ਲੋਕਾਂ ਅਤੇ ਆਪਣੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੀ ਔਖੀ ਘੜੀ ਵਿਚ ਸਹਾਰਾ ਦੇ ਕੇ ਡਿੱਗਣ ਤੋਂ ਬਚਾਅ ਸਕਦੇ ਹਾਂ। ਆਪਸੀ ਸਹਿਯੋਗ ਹੀ ਇਕ ਅਜਿਹਾ ਪੁਲ਼ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜੀ ਰੱਖਦਾ ਹੈ। ਜੀਵਨ ਸਿਰਫ਼ ਸਾਹਾਂ ਦੀ ਰੱਥ ਯਾਤਰਾ ਨਹੀਂ ਜੋ ਉਮਰ ਦੇ ਪੜਾਅ ਦਰ ਪੜਾਅ ਪਾਰ ਕਰਦਿਆਂ ਲੰਘ ਜਾਵੇ। ਜੀਵਨ ਕੁਝ ਲੈਣ ਵਾਸਤੇ ਨਹੀਂ ਸਗੋਂ ਕੁਝ ਦੇਣ ਵਾਸਤੇ ਬਣਿਆ ਹੈ। ਸਹੀ ਅਰਥਾਂ ਵਿਚ ਜ਼ਿੰਦਗੀ ਉਹੀ ਹੈ ਜੋ ਦੂਜਿਆਂ ਦੇ ਕੰਮ ਆਵੇ।

- ਨਰਿੰਦਰ ਸਿੰਘ

Posted By: Harjinder Sodhi