ਸਮਾਜ ਵਿਚ ਹਰ ਪਾਸੇ ਵਧ ਰਹੀ ਹਿੰਸਾ ਅਤੇ ਸਰਹੱਦਾਂ ਉੱਤੇ ਲੱਗੇ ਬਾਰੂਦ ਦੇ ਢੇਰ ਇਸ ਸਵਰਗ ਵਰਗੇ ਸੰਸਾਰ ਨੂੰ ਨਰਕ ਬਣਾ ਰਹੇ ਹਨ। ਇਹ ਜੀਵਨ ਬਹੁਤ ਛੋਟਾ ਹੈ। ਇਸ ਵਿਚ ਤਾਂ ਦੋਸਤੀਆਂ ਪਾਲਣ ਜੋਗਾ ਵੀ ਸਮਾਂ ਨਹੀਂ ਹੈ, ਫਿਰ ਦੁਸ਼ਮਣੀਆਂ ਕਿਉਂ ਵਧਾਈਆ ਜਾਂਦੀਆਂ ਹਨ। ਜੇਕਰ ਸੰਸਾਰ ਵਿੱਚੋਂ ਦੁਸ਼ਮਣੀ ਦੀ ਸੋਚ ਦਾ ਅੰਤ ਹੋ ਜਾਵੇ ਫਿਰ ਆਪਸੀ ਝਗੜਿਆਂ ਦਾ ਵੀ ਅੰਤ ਹੋ ਜਾਵੇਗਾ। ਜਦੋਂ ਆਪਸੀ ਝਗੜੇ ਖ਼ਤਮ ਹੋ ਜਾਣ ਤਾਂ ਫਿਰ ਨਫ਼ਰਤਾਂ ਦਾ ਵੀ ਅੰਤ ਹੋ ਜਾਂਦਾ ਹੈ, ਹਉਮੈ ਦੀ ਮੈਲ ਲੱਥ ਜਾਂਦੀ ਹੈ ਅਤੇ ਹਰ ਪਾਸੇ ਪਿਆਰ ਹੀ ਪਿਆਰ ਵਿਖਰ ਜਾਂਦਾ ਹੈ। ਨਫ਼ਰਤ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਦੁਸ਼ਮਣੀ ਵਿਚ ਵਾਧਾ ਹੁੰਦਾ ਹੈ। ਇਹ ਬਰਬਾਦੀ ਦੀ ਨਿਸ਼ਾਨੀ ਹੈ ਜਦੋਂ ਕਿ ਪ੍ਰੇਮ ਕਰਨ ਵਾਲੇ ਤਾਂ ਰੱਬ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਮਨੁੱਖ ਹੀ ਨਹੀਂ ਸਗੋਂ ਸੰਸਾਰ ਦਾ ਕੋਈ ਵੀ ਅਜਿਹਾ ਜੀਵ ਨਹੀਂ ਹੈ ਜਿਸ ਅੰਦਰ ਪਿਆਰ ਨਾ ਹੋਵੇ ਅਤੇ ਪਿਆਰ ਪ੍ਰਾਪਤੀ ਦੀ ਭੁੱਖ ਨਾ ਹੋਵੇ। ਅਸਲ ਵਿਚ ਜਦੋਂ ਇਹ ਭੁੱਖ ਪੂਰੀ ਨਹੀਂ ਹੁੰਦੀ ਉਦੋਂ ਹੀ ਜੀਵ ਹਿੰਸਕ ਬਣ ਜਾਂਦਾ ਹੈ। ਜੇਕਰ ਮਨੁੱਖ ਦੀ ਪਿਆਰ ਭੁੱਖ ਪੂਰੀ ਹੋ ਜਾਵੇ ਤਾਂ ਸ਼ਾਇਦ ਸੰਸਾਰ ਵਿੱਚੋਂ ਹਿੰਸਾ ਖ਼ਤਮ ਹੋ ਜਾਵੇਗੀ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਮਤਲਬ ਜਾਂ ਲੋਭ ਦੀ ਖ਼ਾਤਰ ਦੁਸ਼ਮਣੀਆਂ ਨਾ ਪਾਲੀਏ ਸਗੋਂ ਸਾਰੇ ਪਾਸੇ ਦੋਸਤੀ ਦਾ ਹੱਥ ਵਧਾਈਏ। ਅਜੇਹੇ ਸੱਜਣ ਬਣਾਈਏ ਅਤੇ ਬਣੀਏ ਜਿਨ੍ਹਾਂ ਨੂੰ ਮਿਲਿਆਂ ਰੂਹ ਖਿੜ ਜਾਵੇ, ਬੁਰੇ ਵਿਚਾਰ ਨਸ਼ਟ ਹੋ ਜਾਣ ਅਤੇ ਸੱਚਾਈ ਦੇ ਰਾਹ ਉਤੇ ਤੁਰਨ ਦੀ ਪ੍ਰੇਰਨਾ ਮਿਲੇ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ :

ਜਿਨਾ ਦਿਸੰਦੜਿਆ ਦੁਰਮਤਿ ਵੰਞੈ

ਮਿਤ੍ਰ ਅਸਾਡੇ ਸੇਈ॥ (520)

ਮਨੁੱਖ ਇਕ ਮਮਾਜਿਕ ਜੀਵ ਹੈ। ਆਪਸੀ ਸਾਂਝ ਅਤੇ ਰਿਸ਼ਤੇਦਾਰੀ ਹੀ ਸਮਾਜ ਦਾ ਆਧਾਰ ਹੈ। ਸਾਂਝ ਅਤੇ ਰਿਸ਼ਤੇਦਾਰੀਆਂ ਦੀ ਨੀਂਹ ਤਾਂ ਪਿਆਰ ਉੱਤੇ ਹੀ ਰੱਖੀ ਜਾਂਦੀ ਹੈ। ਇਕ ਦੂਜੇ ਦੇ ਕੰਮ ਆਉਣਾ, ਆਪਸੀ ਪ੍ਰੇਮ ਨਿਭਾਉਣਾ ਅਤੇ ਰਲ ਮਿਲ ਕੇ ਰਹਿਣਾ ਹੀ ਸਮਾਜ ਦੀ ਨਿਸ਼ਾਨੀ ਹੈ। ਸੁੱਖ ਵੇਲੇ ਤਾਂ ਸਾਰੇ ਸੰਗੀ ਬਣ ਜਾਂਦੇ ਹਨ ਪਰ ਅਸਲ ਰਿਸ਼ਤੇਦਾਰੀ ਅਤੇ ਰਿਸ਼ਤਾ ਤਾਂ ਉਹ ਹੀ ਹੁੰਦਾ ਹੈ ਜਿਹੜਾ ਦੁੱਖ ਵੇਲੇ ਨਾਲ ਖੜ੍ਹਾ ਹੋਵੇ, ਪੂਰਾ ਸਾਥ ਦੇਵੇ ਭਾਵੇਂ ਆਪਾ ਹੀ ਕੁਰਬਾਨ ਨਾ ਕਰਨਾ ਪਵੇ। ਗੁਰੂ ਨਾਨਕ ਦੇਵ ਜੀ ਨੇ ਇਸ ਸਬੰਧੀ ਬੜੇ ਸਪਸ਼ਟ ਸ਼ਬਦਾਂ ਵਿਚ ਆਦੇਸ਼ ਦਿੱਤਾ ਹੈ।

ਸਜਣ ਸੇਈ ਨਾਲਿ ਮੈ

ਚਲਦਿਆ ਨਾਲ ਚਲੰਨਿ॥

ਜਿਥੇ ਲੇਖਾ ਮੰਗੀਅੇ

ਤਿਥੈ ਖੜੇ ਦਿਸੰਨਿ॥ (ਅੰਗ 729)

ਸਮਾਜਿਕ ਰਿਸ਼ਤਿਆਂ ਦੀ ਜਿੰਦ ਜਾਨ ਆਪਸੀ ਪਿਆਰ ਹੁੰਦਾ ਹੈ। ਰਿਸ਼ਤੇਦਾਰੀ ਦੇ ਨਾਲੋ ਨਾਲ ਦੋਸਤੀ ਹੋਣੀ ਜ਼ਰੂਰੀ ਹੈ, ਕਿਉਂਕਿ ਪ੍ਰੇਮ ਹੀ ਦੋਸਤੀ ਦੀ ਬੁਨਿਆਦ ਹੁੰਦਾ ਹੈ। ਪਿਆਰ ਅਤੇ ਸਾਥ ਤੋਂ ਬਿਨਾਂ ਜੀਵਨ ਅਧੂਰਾ ਅਤੇ ਨੀਰਸ ਹੋ ਜਾਂਦਾ ਹੈ। ਇਕੱਲਤਾ ਮਨੁੱਖ ਲਈ ਸਰਾਪ ਹੈ ਜਦੋਂ ਕਿ ਦੋਸਤਾਂ ਦਾ ਸਾਥ ਵਰਦਾਨ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਇਕੱਲਾ ਤਾਂ ਜੰਗਲ ਵਿਚ ਰੁੱਖ ਵੀ ਨਹੀਂ ਹੋਣਾ ਚਾਹੀਦਾ। ਰਿਸ਼ਤੇਦਾਰੀ, ਸਾਥੀਆਂ ਅਤੇ ਗਵਾਂਢ ਦਾ ਅਨੰਦ ਵੀ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਉਸ ਵਿਚ ਦੋਸਤੀ ਦੀ ਮਿਠਾਸ ਹੋਵੇ। ਦੋਸਤੀ ਦੀਆਂ ਤੰਦਾਂ ਨਾਲ ਹੀ ਪਿਉ ਪੁੱਤਰ ਅਤੇ ਮਾਂ ਧੀ ਵਿਚ ਨਜ਼ਦੀਕੀਆਂ ਬਣਦੀਆਂ ਹਨ। ਜਦੋਂ ਪਰਿਵਾਰ ਵਿਚ ਅਜਿਹੀਆਂ ਨਜ਼ਦੀਕੀਆਂ ਹੋਣ ਉਦੋਂ ਹੀ ਉਸ ਨੂੰ ਸੁਖੀ ਪਰਿਵਾਰ ਅਤੇ ਜੀਵਨ ਨੂੰ ਸਫ਼ਲ ਸੁਖਾਵਾਂ ਆਖਿਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਜਦੋਂ ਸਮਾਜ ਵਿਚ ਈਰਖਾ ਦੀ ਥਾਂ ਪਿਆਰ ਦੀ ਗੰਗਾ ਵਗਦੀ ਹੋਵੇ ਤਾਂ ਉਹ ਸਮਾਜ ਅਤੇ ਕੌਮ ਖ਼ੁਸ਼ਹਾਲ ਅਤੇ ਸੁਖੀ ਹੁੰਦੀ ਹੈ। ਗਵਾਂਢੀਆਂ ਨਾਲ ਪਿਆਰ ਦੀ ਸਾਂਝ ਹੀ ਮਾਹੌਲ ਨੂੰ ਸੁਖਾਵਾਂ ਬਣਾਉਂਦੀ ਹੈ। ਗਵਾਂਢੀ ਭਾਵੇਂ ਨਾਲ ਦੇ ਘਰ ਦੇ ਰੂਪ ਵਿਚ ਜਾਂ ਨਾਲ ਲਗਦੇ ਦੇਸ਼ ਦੇ ਰੂਪ ਵਿਚ ਹੋਵੇ।ਸੰਸਾਰ ਵਿੱਚੋਂ ਨਫ਼ਰਤ, ਈਰਖਾ ਅਤੇ ਕੁੜਤਣ ਦੂਰ ਕਰਨ ਲਈ ਸਮੇਂ-ਸਮੇਂ ਸਿਰ ਅਵਤਾਰੀ ਪੁਰਸ਼ਾਂ ਨੇ ਇਥੇ ਜਨਮ ਲਿਆ। ਇੰਝ ਕਈ ਧਰਮ ਹੋਂਦ ਵਿਚ ਆਏ। ਬਦਕਿਸਮਤੀ ਸਵਾਰਥੀ ਪੁਰਸ਼ਾਂ ਨੇ ਧਰਮ ਨੂੰ ਸੰਪ੍ਰਦਾਇਕ ਦਾ ਰੂਪ ਦੇ ਕੇ ਸਗੋਂ ਨਫ਼ਰਤ ਵਿਚ ਹੋਰ ਵਾਧਾ ਕੀਤਾ। ਧਰਮ ਜਿਹੜੇ ਪ੍ਰੇਮ ਦੇ ਪ੍ਰਚਾਰ ਪਸਾਰ ਲਈ ਬਣੇ ਸਨ ਉਹ ਹੀ ਝਗੜਿਆਂ ਦਾ ਕਾਰਨ ਬਣੇ। ਸੰਸਾਰ ਵਿਚ ਸਭ ਤੋਂ ਵੱਧ ਝਗੜੇ ਅਤੇ ਲੜਾਈਆਂ ਧਰਮ ਦੇ ਨਾਮ ਉੱਤੇ ਹੀ ਹੋਈਆਂ ਹਨ। ਕੋਈ ਵੀ ਧਰਮ ਨਫ਼ਰਤ ਦਾ ਪਾਠ ਨਹੀਂ ਪੜ੍ਹਾਉਂਦਾ ਸਗੋਂ ਸਭਨਾਂ ਨੂੰ ਗਲੇ ਲਗਾਉਂਦਾ ਹੈ। ਜੇਕਰ ਬੱਚਿਆਂ ਨੂੰ ਘਰੇ ਅਤੇ ਸਕੂਲ ਵਿਚ ਆਪਸੀ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਵਿੱਚੋਂ ਨਫ਼ਰਤ ਘਟ ਜਾਵੇਗੀ। ਉਹ ਆਪਣੇ ਸੰਗੀ ਸਾਥੀਆਂ ਨਾਲ ਈਰਖਾ ਕਰਨ ਦੀ ਥਾਂ ਦੋਸਤੀਆਂ ਪਾਲਣਗੇ। ਇੰਝ ਘਰ, ਸਕੂਲ ਅਤੇ ਭਾਈਚਾਰੇ ਵਿਚ ਨਫ਼ਰਤ ਦੀ ਥਾਂ ਆਪਸੀ ਸਾਂਝ ਵਧੇਗੀ ਅਤੇ ਹਰ ਪਾਸੇ ਸਕੂਨ ਅਤੇ ਖ਼ੁਸ਼ੀ ਦਾ ਮਾਹੌਲ ਬਣ ਜਾਵੇਗਾ। ਲੋਕਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਨਫ਼ਰਤ ਅਤੇ ਝਗੜਾ ਕਿਸੇ ਵੀ ਮਸਲੇ ਦਾ ਹਲ ਨਹੀਂ ਹੈ। ਇਹ ਸੰਸਾਰ ਬਹੁਤ ਖ਼ੂਬਸੂਰਤ ਹੈ, ਜੀਵਨ ਬਹੁਤ ਛੋਟਾ ਹੈ। ਇਸ ਜੀਵਨ ਦਾ ਪੂਰਨ ਅਨੰਦ ਉਦੋਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਨਫ਼ਰਤ, ਈਰਖਾ ਅਤੇ ਹਊਮੈ ਨੂੰ ਤਿਆਗ ਪਿਆਰ ਦੀ ਜੋਤ ਜਗਾਈ ਜਾਵੇ। ਇੱਥੋਂ ਤੀਕ ਕਿ ਪਰਮਾਤਮਾ ਦੀ ਪ੍ਰਾਪਤੀ ਵੀ ਸਭਨਾਂ ਨਾਲ ਪ੍ਰੇਮ ਕੀਤਿਆਂ ਹੀ ਹੋ ਸਕਦੀ ਹੈ।

ਸਾਡੀ ਖ਼ੁਸ਼ਕਿਸਮਤੀ ਹੈ ਕਿ ਸਾਨੂੰ ਮਨੁੱਖੀ ਜੂਨ ਪ੍ਰਾਪਤ ਹੋਈ ਹੈ। ਇਸ ਕਾਇਆ ਨੂੰ ਨਫ਼ਰਤ, ਈਰਖਾ ਅਤੇ ਗੁੱਸੇ ਨਾਲ ਗਾਲਣ ਦੀ ਥਾਂ ਪਿਆਰ ਦੇ ਨੀਰ ਨਾਲ ਸਿੰਜ ਕੇ ਹਰਾ ਭਰਾ ਰੱਖੀਏ। ਆਵੋ ਸਾਰੇ ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਨਫ਼ਰਤ ਦੀ ਥਾਂ ਪ੍ਰੇਮ ਦਾ ਪ੍ਰਚਾਰ ਕਰਾਂਗੇ। ਦੁਸ਼ਮਣੀਆਂ ਦੀ ਥਾਂ ਦੋਸਤੀਆਂ ਪਾਲਾਂਗੇ ਅਤੇ ਈਰਖਾ ਦੀ ਥਾਂ ਆਪਸੀ ਸਹਿਯੋਗ ਕਰਾਂਗੇ। ਇੰਝ ਸੰਸਾਰ ਸਵਰਗ ਬਣ ਜਾਵੇਗਾ, ਵਿਤਕਰੇ ਅਤੇ ਨਫ਼ਰਤ ਦਾ ਅੰਤ ਹੋ ਜਾਵੇਗਾ। ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਇਸ ਹੁਕਮ ਨੂੰ ਮਨ ਵਿਚ ਵਸਾ ਕੇ ਇਸ ਉਤੇ ਪੂਰੀ ਇਮਾਨਦਾਰੀ ਨਾਲ ਅਮਲ ਕਰਨਾ ਚਾਹੀਦਾ ਹੈ।

ਸਭੁ ਕੋ ਮੀਤ ਹਮ ਆਪਨਕੀਨਾ

ਹਮ ਸਭਨਾ ਕੇ ਸਾਜਨ॥ (671)

ਆਵੋ ਸਭਨਾਂ ਦੇ ਸਾਜਨ ਬਣੀਏ ਆਪਣੇ ਘਰ, ਸਮਾਜ, ਦੇਸ਼ ਅਤੇ ਸੰਸਾਰ ਨੂੰ ਸਵਰਗ ਬਣਾਈਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਸੰਸਾਰ ਵਿਚ ਕੇਵਲ ਮਨੁੱਖ ਹੀ ਹੈ ਜਿਸ ਉਤੇ ਬਾਣੀ ਅਤੇ ਹੱਸਣ ਦੀ ਬਖਸ਼ਿਸ਼ ਹੋਈ ਹੈ। ਹੱਸਣ ਨਾਲ ਤਨ ਤੇ ਮਨ ਤੰਦਰੁਸਤ ਹੋ ਜਾਂਦੇ ਹਨ। ਚਿਹਰੇ ਉਤੇ ਮੁਸਕਾਨ ਦੋਸਤੀਆਂ ਵਿਚ ਵਾਧਾ ਕਰਦੀ ਹੈ ਤੇ ਆਪਸੀ ਝਗੜਿਆਂ ਨੂੰ ਦੂਰ ਕਰਦੀ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ‘ਹੱਸਦਿਆਂ ਦੇ ਘਰ ਵਸਦੇ।’ ਇਸੇ ਤਰ੍ਹਾਂ ਬਾਣੀ ਦੀ ਵਰਤੋਂ ਆਪਸੀ ਪਿਆਰ ਵਧਾਉਣ ਲਈ ਕਰਨੀ ਚਾਹੀਦੀ ਹੈ। ਨਫ਼ਰਤਾਂ ਵਿਚ ਵਾਧੇ ਲਈ ਨਹੀਂ। ਜੀਭ ਇਕ ਅਜਿਹੀ ਦੋ ਧਾਰੀ ਤਲਵਾਰ ਹੈ ਜਿਹੜੀ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜ ਸਕਦੀ ਹੈ ਅਤੇ ਮਜ਼ਬੂਤ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਆਪਣੇ ਦੋ ਬੋਲਾਂ ਨਾਲ ਤੋੜ ਵੀ ਸਕਦੀ ਹੈ। ਜਦੋਂ ਅਸੀਂ ਫਿੱਕਾ ਬੋਲਦੇ ਹਾਂ ਤਾਂ ਦੂਸਰਿਆਂ ਤੋਂ ਹੀ ਨਫ਼ਰਤ ਪ੍ਰਾਪਤ ਨਹੀਂ ਹੁੰਦੀ ਸਗੋਂ ਸਾਡਾ ਆਪਣਾ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ :

ਨਾਨਕ ਫਿਕੈ ਬੋਲਿਐ

ਤਨੁ ਮਨੁ ਫਿਕਾ ਹੋਇ॥

ਗੁਰੂ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਮਿੱਠੇ ਬੋਲ ਪ੍ਰੀਤ ਪੱਕੀ ਕਰਦੇ ਹਨ ਜਦੋਂ ਕਿ ਬੁਰੇ ਬੋਲ ਪ੍ਰੀਤ ਨੂੰ ਤੋੜਦੇ ਹਨ :

ਗੰਢੁ ਪ੍ਰੀਤੀ ਮਿਠੇ ਬੋਲ॥ (143)

ਟੂਟਿ ਪਰੀਤਿ ਗਈ ਬੁਰ ਬੋਲ॥ (933)

ਆਓ ਹਮੇਸ਼ਾ ਮੁਸਕੁਰਾਈਏ, ਮਿੱਠੇ ਬੋਲ ਬੋਲੀਏ ਤੇ ਦੋਸਤੀਆਂ ਬਣਾਈਏ ਤੇ ਨਿਭਾਈਏ। ਚੜ੍ਹਦੀ ਕਲਾ ਵਿਚ ਰਹਿੰਦਿਆਂ ਆਪਣੇ ਜੀਵਨ ਸਫ਼ਰ ਨੂੰ ਖ਼ੁਸ਼ੀ ਖ਼ੁਸ਼ੀ ਪੂਰਾ ਕਰੀਏ।

ਰੱਬ ਲਈ ਕਾਇਨਾਤ ਨਾਲ ਪ੍ਰੇਮ ਜ਼ਰੂਰੀ

ਦੋਸਤੀ ਅੰਤਰ ਆਤਮਾ ਦੇ ਮਿਲਾਪ ਦਾ ਨਾਮ ਹੈ। ਜਿਸ ਦੇ ਅੰਦਰ ਪਿਆਰ ਦੀ ਨਦੀ ਵਗਦੀ ਹੈ ਉਹ ਹੀ ਰੱਬ ਦੇ ਨੇੜੇ ਹੋ ਸਕਦਾ ਹੈ। ਰੱਬ ਦਾ ਵਾਸਾ ਤਾਂ ਹਰੇਕ ਜੀਵ ਵਿਚ ਹੈ। ਰੱਬ ਨਾਲ ਮੇਲ ਲਈ ਉਸ ਦੀ ਕਾਇਨਾਤ ਨਾਲ ਪ੍ਰੇਮ ਕਰਨਾ ਜ਼ਰੂਰੀ ਹੈ ਜਾਂ ਆਖ ਲਵੋ ਕਿ ਮੁਢਲੀ ਲੋੜ ਹੈ। ਪਿਆਰ ਦੀ ਸਿਖ਼ਰ ਉਦੋਂ ਹੀ ਹੁੰਦੀ ਹੈ ਜਦੋਂ ‘ਮੈਂ’ ਅਤੇ ‘ਤੂੰ’ ਦਾ ਅੰਤਰ ਖ਼ਤਮ ਹੋ ਜਾਵੇ। ਦੋਸਤੀ ਜਾਂ ਪ੍ਰੇਮ ਦੀ ਖਿੱਚ ਜਦੋਂ ਆਪਣੇ ਸਿਖ਼ਰ ਉੱਤੇ ਪੁੱਜ ਜਾਂਦੀ ਹੈ ਤਾਂ ਕੇਵਲ ਦੋਸਤ ਹੀ ਨਹੀਂ ਸਗੋਂ ਸਾਰੀ ਲੋਕਾਈ ਦੀ ਆਪਣੀ ਜਾਪਣ ਲਗ ਪੈਂਦੀ ਹੈ। ਜਦੋਂ ਅਜਿਹੀ ਅਵਸਥਾ ਆ ਜਾਵੇ ਤਾਂ ਨਫ਼ਰਤ, ਈਰਖਾ ਅਤੇ ਕੁੜਤਣ ਦਾ ਅੰਤ ਹੋ ਜਾਂਦਾ ਹੈ। ਹਰ ਪਾਸੇ ਅਪਣੱਤ, ਅਨੰਦ ਤੇ ਖੇੜਾ ਨਜ਼ਰ ਆਉਂਦਾ ਹੈ।

- ਡਾ. ਰਣਜੀਤ ਸਿੰਘ

Posted By: Harjinder Sodhi