ਨਵੀਂ ਦੁਨੀਆ : Kumbh Mela 2021 : ਤੀਰਥ ਨਗਰੀ ਹਰਿਦੁਆਰ ’ਚ ਕੁੰਭ ਮੇਲਾ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ।

ਕੁੰਭ ਮੇਲੇ ਦੇ ਇਤਿਹਾਸ ਨੂੰ ਲੈ ਕੇ ਦੁਨੀਆ ਭਰ ’ਚ ਹੁਣ ਤਕ ਕਈ ਖੋਜਾਂ ਵੀ ਹੋ ਚੁੱਕੀਆਂ ਹਨ ਪਰ ਹੁਣ ਤਕ ਕੋਈ ਇਹ ਪਤਾ ਨਹੀਂ ਲਗਾ ਸਕਿਆ ਕਿ ਆਖਰ ਕੁੰਭ ਮੇਲੇ ਦੀ ਸ਼ੁਰੂਆਤ ਕਿਸ ਤਰ੍ਹਾਂ ਤੇ ਕਦੋਂ ਹੋਈ ਸੀ। ਵੈਸੇ ਇਤਿਹਾਸਕਾਰਾਂ ਦਾ ਵੀ ਮੰਨਣਾ ਹੈ ਕਿ ਕੁੰਭ ਮੇਲਾ ਹਜ਼ਾਰਾਂ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਕੁਝ ਮਹਾਨ ਧਾਰਮਿਕ ਗ੍ਰੰਥਾਂ ’ਚ ਵੀ ਜ਼ਿਕਰ ਮਿਲਦਾ ਹੈ। ਆਓ ਜਾਣਦੇ ਹਾਂ ਕੁੰਭ ਮੇਲੇ ਬਾਰੇ ਕੀ ਕਹਿੰਦੇ ਹਨ ਮਹਾਨ ਗ੍ਰੰਥ ...


ਸਕੰਦ ਪੁਰਾਣ ’ਚ ਵੀ ਕੁੰਭ ਮੇਲੇ ਦਾ ਜ਼ਿਕਰ


ਸਕੰਦ ਪੁਰਾਣ ’ਚ ਜ਼ਿਕਰ ਹੈ ਕਿ ਦੇਵ-ਅਸੁਰ ਸੰਗ੍ਰਾਮ ’ਚ ਮਰੇ ਹੋਏ ਅਸੁਰਾਂ ਨੂੰ ਜਦੋਂ ਉਨ੍ਹਾਂ ਦੇ ਗੁਰੂ ਸ਼ੁਕਰਾਚਾਰੀਆ ਨੇ ਆਪਣੀ ਸੰਜੀਵਨੀ ਵਿਦਿਆ ਨਾਲ ਮੁੜ ਜ਼ਿੰਦਾ ਕਰ ਦਿੱਤਾ ਸੀ ਤਾਂ ਇੰਦਰ ਦੇਵਤਾ ਚਿੰਤਤ ਹੋ ਗਏ। ਉਦੋਂ ਇੰਦਰ ਦੇਵਤਾ ਨੇ ਬ੍ਰਹਮਾ ਜੀ ਦੀ ਸਲਾਹ ’ਤੇ ਸਮੁੰਦਰ ਸੰਥਨ ਕੀਤਾ ਤੇ ਉਸ ਦੌਰਾਨ ਜਦੋਂ 13 ਰਤਨ ਨਿਕਲਣ ਤੋਂ ਬਾਅਦ 14ਵਾਂ ਰਤਨ ਅੰਮ੍ਰਿਤ ਕਲਸ਼ ਨਿਕਲਿਆ ਤਾਂ ਭਗਵਾਨ ਧਨਵੰਤਰੀ ਦੇ ਹੱਥੋਂ ਗੁਰੂ ਬ੍ਰਹਿਸਪਤੀ ਲੈ ਕੇ ਭੱਜ ਗਏ। ਇਸ ਦੌਰਾਨ ਅਸੁਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਸੰਘਰਸ਼ ਦੌਰਾਨ ਚਾਰ ਥਾਵਾਂ ’ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗ ਗਈਆਂ ਤੇ ਉਨ੍ਹਾਂ ਚਾਰਾਂ ਥਾਵਾਂ ’ਤੇ ਕੁੰਭ ਮੇਲਾ ਕਰਵਾਇਆ ਜਾਂਦਾ ਹੈ।


ਪਦਮ ਪੁਰਾਣ


ਜ਼ਿਕਰਯੋਗ ਹੈ ਕਿ ਸਨਾਤਨ ਧਰਮ ’ਚ ਲਿਖੇ ਸਾਰੇ ਗ੍ਰੰਥਾਂ ਦੀ ਰਚਨਾ ਵੱਖ-ਵੱਖ ਕਾਲ ’ਚ ਹੋਈ ਹੈ। ਕੁੰਭ ਮੇਲੇ ਨੂੰ ਲੈ ਕੇ ਜਿਸ ਘਟਨਾ ਦਾ ਜ਼ਿਕਰ ਸਕੰਦ ਪੁਰਾਣ ’ਚ ਕੀਤਾ ਗਿਆ ਹੈ, ਉਸ ਘਟਨਾ ਦਾ ਜ਼ਿਕਰ ਪਦਮ ਪੁਰਾਣ ’ਚ ਵੀ ਕੀਤਾ ਗਿਆ ਹੈ। ਦੋਵਾਂ ’ਚ ਫ਼ਰਕ ਬਸ ਇੰਨਾ ਹੈ ਕਿ ਸਕੰਦ ਪੁਰਾਣ ’ਚ ਦੱਸਿਆ ਗਿਆ ਹੈ ਕਿ ਭਗਵਾਨ ਧਨਵੰਤਰੀ ਦੇ ਹੱਥਾਂ ’ਚੋਂ ਬ੍ਰਹਿਸਪਤੀ ਦੇ ਇਸ਼ਾਰਾ ਕਰਨ ’ਤੇ ਇੰਦਰ ਦੇਵਤਾ ਦੇ ਪੁੱਤਰ ਜੈਅੰਤ ਅੰਮ੍ਰਿਤ ਕਲਸ਼ ਨੂੰ ਲੈ ਕੇ ਭੱਜੇ ਸੀ। ਇਸ ਤੋਂ ਬਾਅਦ ਹੀ ਅਸੁਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਜੋ ਕਰੀਬ 12 ਸਾਲ ਤਕ ਚੱਲਿਆ ਸੀ। ਇਹੀ ਕਾਰਨ ਹੈ ਕਿ ਕੁੰਭ ਮੇਲਾ ਵੀ 12 ਸਾਲ ਦੇ ਬਾਅਦ ਕਰਵਾਇਆ ਜਾਂਦਾ ਹੈ।

Posted By: Rajnish Kaur