ਜੇਐੱਨਐੱਨ, ਨਵੀਂ ਦਿੱਲੀ : Karva Chauth 2020 Rules : ਅਖੰਡ ਸੌਭਾਗਿਆ ਲਈ ਕੀਤਾ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 4 ਨਵੰਬਰ ਦਿਨ ਬੁੱਧਵਾਰ ਨੂੰ ਹੈ। ਹਰ ਵਰਤ ਦੇ ਕੁਝ ਆਪਣੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਬੇਹੱਦ ਜ਼ਰੂਰੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਵਰਤ ਨਾਲ ਜੁੜੇ ਕੁਝ ਰੀਤੀ-ਰਿਵਾਜ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਿਭਾਇਆ ਜਾਂਦਾ ਹੈ। ਕਰਵਾ ਚੌਥ ਦੇ ਵੀ ਕੁਝ ਨਿਯਮ ਤੇ ਰਿਵਾਜ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਇਨ੍ਹਾਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ। ਆਓ ਜੋਤਿਸ਼ ਆਚਾਰੀਆ ਪੰਡਤ ਗਣੇਸ਼ ਪ੍ਰਸਾਦ ਮਿਸ਼ਰ ਤੋਂ ਜਾਣਦੇ ਹਾਂ ਕਰਵਾ ਚੌਥ ਨਾਲ ਜੁੜੇ ਕੁਝ ਨਿਯਮ ਤੇ ਰਿਵਾਜਾਂ ਬਾਰੇ...

1. ਸਰਗੀ ਦਾ ਤੋਹਫ਼ਾ

ਸਰਗੀ ਤੋਂ ਹੀ ਕਰਵਾ ਚੌਥ ਵਰਤ ਦਾ ਆਰੰਭ ਮੰਨਿਆ ਗਿਆ ਹੈ। ਹਰ ਸੱਸ ਆਪਣੀ ਨੂੰਹ ਨੂੰ ਸਰਗੀ ਦਿੰਦੀ ਹੈ ਤੇ ਵਰਤ ਪੂਰਨ ਹੋਣ ਦਾ ਅਸ਼ੀਰਵਾਦ ਦਿੰਦੀ ਹੈ। ਸਰਗੀ 'ਚ ਮਠਿਆਈ, ਫਲ ਆਦਿ ਹੁੰਦੇ ਹਨ ਜੋ ਤੜਕਸਾਰ ਯਾਨੀ ਤਾਰਿਆਂ ਦੀ ਛਾਵੇਂ ਨੂੰਹ ਵਰਤ ਤੋਂ ਪਹਿਲਾਂ ਖਾਂਦੀ ਹੈ। ਇਸ ਨਾਲ ਪੂਰਾ ਦਿਨ ਉਸ ਨੂੰ ਊਰਜਾ ਮਿਲਦੀ ਹੈ ਤਾਂ ਜੋ ਉਹ ਵਰਤ ਆਸਾਨੀ ਨਾਲ ਪੂਰਾ ਕਰ ਸਕੇ।

2. ਨਿਰਜਲਾ ਵਰਤ ਦਾ ਵਿਧਾਨ

ਕਰਵਾ ਚੌਥ ਦਾ ਵਰਤ ਨਿਰਜਲਾ ਰੱਖਿਆ ਜਾਂਦਾ ਹੈ। ਇਸ ਦੌਰਾਨ ਵਰਤ ਕਰਨ ਵਾਲੀ ਔਰਤ ਨੂੰ ਪੂਰਾ ਦਿਨ ਤਕ ਕੁਝ ਵੀ ਖਾਣਾ ਤੇ ਪੀਣਾ ਮਨ੍ਹਾਂ ਹੁੰਦਾ ਹੈ। ਜਲ ਤਿਆਗ ਕਰਨਾ ਪੈਂਦਾ ਹੈ। ਔਰਤਾਂ ਕਠੋਰ ਵਰਤ ਰਾਹੀਂ ਮਾਂ ਗੌਰੀ ਤੇ ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਦਾ ਯਤਨ ਕਰਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਅਖੰਡ ਸੁਹਾਗ ਤੇ ਸੁਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਪ੍ਰਾਪਤ ਹੋਵੇ। ਹਾਲਾਂਕਿ ਗਰਭਵਤੀ, ਬਿਮਾਰ ਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੁੱਧ, ਚਾਹ, ਜਲ ਆਦਿ ਗ੍ਰਹਿਣ ਕਰ ਸਕਦੀਆਂ ਹਨ।

3. ਸ਼ਿਵ ਤੇ ਗੌਰੀ ਦੀ ਪੂਜਾ

ਕਰਵਾ ਚੌਥ ਦੇ ਵਰਤ 'ਚ ਸਵੇਰ ਤੋਂ ਹੀ ਸ਼੍ਰੀ ਗਣੇਸ਼, ਭਗਵਾਨ ਸ਼ਿਵ ਤੇ ਮਾਤਾ ਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਅਖੰਡ ਸੌਭਾਗਿਆ, ਯਸ਼ ਤੇ ਕੀਰਤੀ ਪ੍ਰਾਪਤ ਹੋ ਸਕੇ। ਪੂਜਾ 'ਚ ਮਾਤਾ ਗੌਰੀ ਤੇ ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ।

4. ਸ਼ਿਵ-ਗੌਰੀ ਦੀ ਮਿੱਟੀ ਦੀ ਮੂਰਤੀ

ਕਰਵਾ ਚੌਥ 'ਚ ਪੂਜਾ ਲਈ ਸ਼ੁੱਧ ਪੀਲੀ ਮਿੱਟੀ ਨਾਲ ਸ਼ਿਵ, ਗੌਰੀ ਤੇ ਗਣੇਸ਼ ਜੀ ਦੀ ਮੂਰਤੀ ਬਣਾਈ ਜਾਂਦੀ ਹੈ। ਫਿਰ ਉਨ੍ਹਾਂ ਨੂੰ ਚੌਕੀ 'ਤੇ ਲਾਲ ਕੱਪੜਾ ਵਿਛਾ ਕੇ ਸਥਾਪਿਤ ਕੀਤਾ ਜਾਂਦਾ ਹੈ। ਮਾਤਾ ਗੌਰੀ ਨੂੰ ਸੰਧੂਰ, ਬਿੰਦੀ, ਚੁੰਨੀ ਤੇ ਭਗਵਾਨ ਸ਼ਿਵ ਨੂੰ ਚੰਦਨ, ਫੁੱਲ ਤੇ ਕੱਪੜੇ ਆਦਿ ਪਾਏ ਜਾਂਦੇ ਹਨ।

ਸ਼੍ਰੀਗਣੇਸ਼ ਉਨ੍ਹਾਂ ਦੀ ਗੋਦੀ 'ਚ ਬੈਠਦੇ ਹਨ। ਕਈ ਥਾਵਾਂ 'ਤੇ ਕੰਧ 'ਤੇ ਚਿੱਤਰ ਬਣਾਉਂਦੇ ਹਨ। ਫਿਰ ਦੂਸਰੇ ਦਿਨ ਕਰਵਾ ਚੌਥ ਦੀ ਪੂਜਾ ਸਮਾਪਤ ਹੋਣ ਤੋਂ ਬਾਅਦ ਘਿਉ-ਬੂਰੇ ਦਾ ਭੋਗ ਲਗਾ ਕੇ ਉਨ੍ਹਾਂ ਵਿਸਰਜਿਤ ਕਰਦੇ ਹਨ।

5. ਕਰਵਾ ਚੌਥ ਦੀ ਕਥਾ ਸੁਣਨੀ

ਦਿਨ ਵਿਚ ਪੂਜਾ ਦੀ ਤਿਆਰੀ ਤੋਂ ਬਾਅਦ ਸ਼ਾਮ ਨੂੰ ਔਰਤਾਂ ਇਕ ਜਗ੍ਹਾ ਇਕੱਤਰ ਹੁੰਦੀਆਂ ਹਨ, ਉੱਥੇ ਹੀ ਪੰਡਿਤ ਜੀ ਜਾਂ ਉਮਰਦਰਾਜ ਔਰਤਾਂ ਕਰਵਾ ਚੌਥ ਵਰਤ ਦੀ ਕਥਾ ਸੁਣਾਉਂਦੀਆਂ ਹਨ।

6. ਥਾਲੀ ਘੁਮਾਉਣੀ

ਕਰਵਾ ਚੌਥ ਦੀ ਕਥਾ ਸੁਣਨ ਤੋਂ ਬਾਅਦ ਸਾਰੀਆਂ ਔਰਤਾਂ ਸੱਤ ਵਾਰ ਥਾਲੀ ਘੁਮਾਉਂਦੀਆਂ ਹਨ। ਥਾਲੀ 'ਚ ਉਹੀ ਸਾਮਾਨ ਤੇ ਪੂਜਾ ਸਮੱਗਰੀ ਰੱਖਦੀਆਂ ਜਿਹੜਾ ਸੱਸ ਨੂੰ ਦਿੱਤਾ ਜਾਵੇਗਾ। ਪੂਜਾ ਤੋਂ ਬਾਅਦ ਸੱਸ ਦੇ ਪੈਰ ਛੂਹ ਕੇ ਇਹ ਸਾਮਾਨ ਭੇਟ ਸਰੂਪ ਦਿੱਤਾ ਜਾਂਦਾ ਹੈ।

7. ਕਰਵੇ ਜਾਂ ਗੜਵੀ ਨੂੰ ਸੱਤ ਵਾਰ ਘੁਮਾਉਣਾ

ਕਰਵੇ ਜਾਂ ਗੜਵੀ ਨੂੰ ਸੱਤ ਵਾਰ ਘੁਮਾਉਣ ਦਾ ਰਿਵਾਜ ਹੈ। ਇਸ ਦਾ ਮਤਲਬ ਹੈ ਕਿ ਘਰ ਦੀਆਂ ਔਰਤਾਂ 'ਚ ਆਪਸੀ ਪਿਆਰ ਦਾ ਬੰਧਨ ਹੈ। ਇਕੱਠੇ ਮਿਲ ਕੇ ਪੂਜਾ ਕਰਨ ਤੇ ਕਹਾਣੀ ਸੁਣਨ ਤੋਂ ਬਾਅਦ ਦੋ-ਦੋ ਔਰਤਾਂ ਆਪਣੇ ਕਰਵੇ ਸੱਤ ਵਾਰ ਘੁਮਾਉਂਦੀਆਂ ਹਨ ਜਿਸ ਨਾਲ ਘਰ 'ਚ ਸਾਰੇ ਪਿਆਰ ਦੇ ਬੰਧਨ 'ਚ ਮਜ਼ਬੂਤੀ ਨਾਲ ਬੱਝੇ ਰਹਿਣ।

Posted By: Seema Anand