ਸਤਵਿੰਦਰ ਸਿੰਘ ਧੜਾਕ, ਮੋਹਾਲੀ : ਅੱਜ 3 ਅਗਸਤ ਹੈ ਤੇ ਮਹਾਨ ਕ੍ਰਿਸਟੋਫਰ ਕੋਲੰਬਸ ਨੂੰ ਯਾਦ ਕਰਨ ਦਾ ਦਿਨ ਹੈ ਜਿਹੜਾ ਲੱਭਣ ਤਾਂ ਭਾਰਤ ਚੱਲਿਆ ਸੀ ਪਰ ਉਸ ਨੂੰ ਮਿਲਿਆ ਅਮਰੀਕਾ। 3 ਅਗਸਤ ਦੀ ਇਤਿਹਾਸ ਦੇ ਸਿਆਹ ਪੰਨਿਆਂ 'ਤੇ ਇਸ ਲਈ ਵੀ ਪੜ੍ਹਿਆ ਜਾਂਦਾ ਹੈ ਕਿਉਂਕਿ ਇਸੇ ਦਿਨ ਸਾਲ 1914 ਈ. 'ਚ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਈ ਸੀ ਜਦੋਂ ਜਰਮਨੀ ਤੇ ਫ਼ਰਾਂਸ ਨੇ ਯੁੱਧ ਦਾ ਐਲਾਨ ਕਰ ਦਿੱਤਾ ਸੀ। ਉਸ ਦੇ 26 ਸਾਲਾਂ ਪਿੱਛੋਂ 1940 'ਚ ਇਸੇ ਦਿਨ ਦੂਜੀ ਵਿਸ਼ਵ ਜੰਗ ਦੇ ਅਰੰਭ ਵਿੱਚ ਇੰਗਲੈਂਡ ਦੀਆਂ ਫ਼ੌਜਾਂ ਨੇ ਜਰਮਨੀ ਉੱਤੇ ਹਵਾਈ ਹਮਲਾ ਬੋਲਿਆ> ਉਸ ਤੋਂ ਵੀ ਕਈ ਸਦੀਆਂ ਪਹਿਲਾਂ(ਅੱਜ ਤੋਂ 528 ਸਾਲ) ਉਹ ਅੱਜ ਦਾ ਹੀ ਦਿਨ ਸੀ ਜਦੋਂ ਇਤਾਲਵੀ ਯਾਤਰੀ ਨੇ 3 ਅਗਸਤ 1442 ਨੂੰ ਆਪਣੀ ਇਤਿਹਾਸਕ ਵਿਸ਼ਵ-ਯਾਤਰਾ ਸਪੇਨ ਦੇ ਪੋਲਿਸ ਬੰਦਰਗਾਹ ਤੋਂ ਸ਼ੁਰੂ ਕਰ ਦਿੱਤੀ, ਕਿਹਾ- ਜਿਸ ਨਾਲ ਅਮਰੀਕੀ ਉਪਮਹਾਂਦੀਪ ਨੂੰ ਲੱਭਣ ਦਾ ਸਬੱਬ ਬਣਿਆ।

Sovereign Gold Bonds : ਅੱਜ ਤੋਂ ਮਾਰਕੀਟ ਰੇਟ ਤੋਂ ਘੱਟ 'ਚ ਸੋਨਾ ਖਰੀਦਣ ਦਾ ਮੌਕਾ, ਜਾਣੋ ਇਸ ਸਕੀਮ ਦੀਆਂ ਖ਼ਾਸ ਗੱਲਾਂ

ਮਹਾਨ ਕੋਲਬੰਸ ਕੋਈ ਰਹੀਸਜ਼ਾਦਾ ਨਹੀਂ ਸੀ ਬਲਕਿ ਸਧਾਰਨ ਜੁਲਾਹੇ ਦਾ ਪੁੱਤਰ ਸੀ। ਉਸ ਦਾ ਪਿਤਾ ਚਾਹੁੰਦਾ ਸੀ ਕਿ ਕੋਲੰਬਸ ਪਿਤਾ-ਪੁਰਖੀ ਧੰਦੇ ਨੂੰ ਅੱਗੇ ਤੋਰੇ, ਪਰ ਉਸ ਦੇ ਹਿੱਸੇ ਦੁਨੀਆਂ ਨੂੰ ਕੁਝ ਵੱਡਾ ਦੇਣ ਦੀ ਜ਼ਿੰਮੇਵਾਰੀ ਸੀ ਤੇ ਐਦਾਂ ਹੀ ਹੋਇਆ। ਉਸ ਦੀ ਖੋਜ ਨੇ ਦੁਨੀਆ ਦੇ ਨਕਸ਼ੇ 'ਤੇ ਕਾਮਯਾਬੀ ਦੀ ਅਨੋਖੀ ਦਾਸਤਾਨ ਲਿਖ ਦਿੱਤੀ। ਉਸ ਨੂੰ ਸਮੁੰਦਰੀ ਰਸਤਿਆਂ ਦੀ ਖੋਜ ਤੇ ਲਹਿਰਾਂ ਨਾਲ ਬੜਾ ਮੋਹ ਸੀ, ਦਿਸ਼ਾਵਾਂ ਦਾ ਗਿਆਨ ਹਾਸਿਲ ਕਰਨ ਲਈ ਉਹ ਕਿਤਾਬਾਂ ਪੜ੍ਹਦਾ ਤੇ 'ਭਾਰਤ' ਨੂੰ ਲੱਭਣ ਦਾ ਹੌਸਲਾ ਰੱਖਦਾ ਤੇ ਕੋਸ਼ਿਸ਼ਾਂ ਕਰਦਾ ਰਿਹਾ।

ਉਹ ਕੋਲੰਬਸ ਦੀ ਮਹਿਜ਼ ਕੋਈ ਲੰਮੇਰੀ ਸਮੁੰਦਰੀ ਯਾਤਰਾ ਹੀ ਨਹੀਂ ਸੀ, ਸਗੋਂ ਕੌਮਾਂਤਰੀ ਭਾਈਚਾਰੇ ਤੇ ਵਿਸ਼ਵ ਨਾਗਰਿਕਤਾ ਦੀ ਮੌਜੂਦਾ ਧਾਰਨਾ ਦੀ ਇਕ ਮਹਾਨ ਸ਼ੁਰੂਆਤ ਸੀ। ਅਜਿਹੇ ਮੌਕਿਆਂ ਨੂੰ ਸਾਡਾ ਸਮਾਜ ਅਕਸਰ ਭੁੱਲ ਜਾਂਦਾ ਹੈ। ਆਪਣੇ ਪਾਠਕਾਂ ਨੂੰ ਅਜਿਹੇ ਕੁਝ ਵਿੱਸਰ ਚੁੱਕੇ ਛਿਣ ਮੁੜ ਚੇਤੇ ਕਰਵਾਉਣ ਲਈ 'ਪੰਜਾਬੀ ਜਾਗਰਣ' ਨੇ ਇਹ ਇਕ ਨਿਵੇਕਲੀ ਸ਼ੁਰੂਆਤ ਕੀਤੀ ਹੈ।

ਕੋਲੰਬਸ ਦੀ ਉਸ ਲੰਮੀ ਯਾਤਰਾ ਨਾਲ ਯੁਰਪ ਦਾ ਪਹਿਲੀ ਵਾਰ ਕੈਰੀਬੀਅਨ, ਕੇਂਦਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਮੁਲਕਾਂ ਨਾਲ ਪਹਿਲੀ ਵਾਰ ਰਾਬਤਾ ਕਾਇਮ ਹੋਇਆ। ਕੋਲੰਬਸ ਦੀ ਉਸ ਯਾਤਰਾ ਦਾ ਸਾਰਾ ਖ਼ਰਚਾ ਸਪੇਨ ਦੇ ਰੋਮਨ ਕੈਥੋਲਿਕ ਰਾਜੇ ਨੇ ਚੁੱਕਿਆ ਸੀ।

31 ਅਕਤੂਬਰ, 1451 ਨੂੰ ਜੇਨੋਆ ਗਣਰਾਜ ਵਿੱਚ ਜਨਮੇ ਕੋਲੰਬਸ ਨੂੰ ਆਪਣੇ ਬਚਪਨ ਤੋਂ ਹੀ ਸਮੁੰਦਰੀ ਯਾਤਰਾਵਾਂ ਦਾ ਸ਼ੌਕ ਸੀ। ਆਪਣੇ ਜੀਵਨ ਦੀ ਪਹਿਲੀ ਸਮੁੰਦਰੀ ਯਾਤਰਾ ਉਸ ਨੇ 10 ਸਾਲਾਂ ਦੀ ਉਮਰੇ ਹੀ ਕਰ ਲਈ ਸੀ। 1492 'ਚ 3 ਅਗਸਤ ਨੂੰ ਜਦੋਂ ਉਸ ਨੇ ਆਪਣੀ ਪਹਿਲੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਤਦ ਉਸ ਨਾਲ 3 ਸਮੁੰਦਰੀ ਜਹਾਜ਼ਾਂ ਉੱਤੇ ਸਵਾਰ ਪੂਰੀ ਟੀਮ ਸੀ। ਅਮਰੀਕਾ ਦੀ ਖੋਜ ਤੋਂ ਪਹਿਲਾਂ ਉਨ੍ਹਾਂ ਕਿਊਬਾ ਤੇ ਹੈਤੀ ਜਿਹੇ ਦੇਸ਼ਾਂ ਦੀ ਧਰਤੀ ਉੱਤੇ ਵੀ ਪੈਰ ਧਰਿਆ ਸੀ।

ਕੋਲੰਬਸ ਦਰਅਸਲ ਸਪੇਨ ਤੋਂ ਜਦੋਂ ਰਵਾਨਾ ਹੋਇਆ ਸੀ, ਤਦ ਉਸ ਸਾਹਵੇਂ ਭਾਰਤੀ ਉਪਮਹਾਂਦੀਪ ਦੀ ਖੋਜ ਕਰਨ ਦਾ ਟੀਚਾ ਸੀ। ਇਸੇ ਲਈ ਜਦੋਂ ਕੋਲੰਬਸ ਤੇ ਉਸ ਦੇ ਸਾਥੀਆਂ ਨੇ ਅਮਰੀਕਾ ਦੀ ਧਰਤੀ ਵੇਖੀ ਤਾਂ ਉਨ੍ਹਾਂ ਇਹੋ ਸਮਝਿਆ ਕਿ ਉਹ ਭਾਰਤ ਪੁੱਜ ਗਏ ਹਨ। ਉਨ੍ਹਾਂ ਨੇ ਉੱਥੋਂ ਦੇ ਜਿਹੜੇ ਵੀ ਬਾਸ਼ਿੰਦਿਆਂ ਨੂੰ ਵੇਖਿਆ, ਉਨ੍ਹਾਂ ਨੂੰ 'ਇੰਡੀਅਨਜ਼' ਹੀ ਆਖਿਆ ਤੇ ਉਨ੍ਹਾਂ ਦੇ ਲਾਲ ਰੰਗ ਦੇ ਸਰੀਰ ਵੇਖ ਕੇ ਉਨ੍ਹਾਂ ਨੂੰ 'ਰੈੱਡ ਇੰਡੀਅਨਜ਼' ਦਾ ਨਾਂ ਦਿੱਤਾ। ਅਮਰੀਕੀ ਉਪਮਹਾਂਦੀਪ ਦੇ ਮੂਲ ਨਿਵਾਸੀਆਂ ਨੂੰ ਅੱਜ ਵੀ ਰੈੱਡ ਇੰਡੀਅਨਜ਼ ਹੀ ਆਖਿਆ ਜਾਂਦਾ ਹੈ।

1492 ਤੋਂ ਲੈ ਕੇ 1503 ਤਕ ਕੋਲੰਬਸ ਨੇ ਅਮਰੀਕਾ ਦੀ ਯਾਤਰਾ ਚਾਰ ਵਾਰ ਕੀਤੀ ਸੀ ਪਰ ਉਸ ਨੂੰ ਪਹਿਲੀ ਯਾਤਰਾ ਤੋਂ ਬਾਅਦ ਹੀ ਇੰਡੀਜ਼ ਦਾ ਵਾਇਸਰਾਏ ਤੇ ਗਵਰਨਰ ਨਿਯੁਕਤੀ ਦਾ ਵੱਡਾ ਤੋਹਫ਼ਾ ਮਿਲ ਗਿਆ ਸੀ।

ਆਪਣੀ ਤੀਜੀ ਯਾਤਰਾ ਤੱਕ ਕੋਲੰਬਸ ਸਰੀਰਕ ਤੌਰ 'ਤੇ ਡਾਢਾ ਥੱਕ ਗਿਆ ਸੀ। ਸਮੁੰਦਰ ਦੀਆਂ ਸਲੂਣੀਆਂ ਤੇ ਸਿੱਲ੍ਹੀਆਂ ਹਵਾਵਾਂ ਦਾ ਲਗਾਤਾਰ ਟਾਕਰਾ ਕਰਦੇ ਰਹਿਣ ਕਾਰਣ ਉਹ ਗਠੀਏ ਦਾ ਮਰੀਜ਼ ਹੋ ਗਿਆ ਸੀ ਤੇ ਉਸ ਦੀਆਂ ਅੱਖਾਂ ਵਿੱਚ ਸੋਜ਼ਿਸ਼ ਰਹਿਣ ਲੱਗ ਪਈ ਸੀ।

ਕੋਲੰਬਸ ਜਦੋਂ ਯੂਰੋਪੀਅਨ ਬਸਤੀ ਇੰਡੀਜ਼ ਦਾ ਗਵਰਨਰ ਸੀ, ਤਦ ਉਸ ਦੌਰਾਨ ਉਸ ਦੇ ਜ਼ੁਲਮਾਂ ਦੇ ਵੀ ਕੁਝ ਕਿੱਸੇ ਮਸ਼ਹੂਰ ਹੋਏ ਸਨ। ਇੱਕ ਵਾਰ ਇੱਕ ਵਿਅਕਤੀ ਨੇ ਆਪਣੇ ਖਾਣ ਲਈ ਮੱਕੀ ਚੋਰੀ ਕਰ ਲਈ ਸੀ, ਤਦ ਕੋਲੰਬਸ ਨੇ ਉਸ ਨੂੰ ਦੋਸ਼ੀ ਮੰਨਦਿਆਂ ਉਸ ਦੇ ਨੱਕ ਤੇ ਕੰਨ ਕਟਵਾ ਕੇ ਉਸ ਨੂੰ ਗ਼ੁਲਾਮ ਵਜੋਂ ਅੱਗੇ ਵੇਚ ਦਿੱਤਾ ਸੀ।

ਇਸ ਤੋਂ ਇਲਾਵਾ ਜਦੋਂ ਵੀ ਉਸ ਨੂੰ ਆਪਣੇ ਰਾਜ ਵਿੱਚ ਕਿਤੋਂ ਬਗ਼ਾਵਤ ਦੀ ਖ਼ਬਰ ਮਿਲਦੀ ਸੀ, ਤਾਂ ਉਹ ਬਾਗ਼ੀਆਂ ਨੂੰ ਬੇਰਹਿਮੀ ਨਾਲ ਕਤਲ ਕਰਵਾ ਕੇ ਉਨ੍ਹਾਂ ਮਨੁੱਖੀ ਸਰੀਰਕ ਅੰਗਾਂ ਨੂੰ ਘੋੜਿਆਂ ਤੇ ਹਾਥੀਆਂ ਦੇ ਪਿੱਛੇ ਬੰਨ੍ਹ ਕੇ ਸ਼ਹਿਰਾਂ ਤੇ ਪਿੰਡਾਂ ਦੀਆਂ ਗਲ਼ੀਆਂ ਵਿਚ ਘੁਮਾਇਆ ਜਾਂਦਾ ਸੀ; ਤਾਂ ਜੋ ਅੱਗੇ ਤੋਂ ਕੋਈ ਹੋਰ ਵਿਅਕਤੀ ਬਗ਼ਾਵਤ ਦੀ ਜੁੱਰਅਤ ਨਾ ਕਰ ਸਕੇ।

ਸੱਤ ਕੁ ਸਾਲਾਂ ਬਾਅਦ ਰਾਜੇ ਨੇ ਕੋਲੰਬਸ ਤੋਂ ਨਾਖ਼ੁਸ਼ ਹੋ ਕੇ ਗਵਰਨਰ ਦੇ ਅਹੁਦੇ ਤੋਂ ਉਸ ਨੂੰ ਲਾਂਭੇ ਕਰ ਦਿੱਤਾ ਸੀ। ਕੋਲੰਬਸ ਨੂੰ ਗਠੀਆ ਰੋਗ ਤਾਂ ਸੀ ਤੇ ਫਿਰ ਉਸ ਨੂੰ ਇਨਫ਼ਲੂਐਂਜ਼ਾ (ਸਖ਼ਤ ਸਰਦੀਜ਼ੁਕਾਮ) ਨਾਲ ਬੁਖ਼ਾਰ ਵੀ ਹੋ ਗਿਆ ਸੀ। ਉਸ ਦੀਆਂ ਅੱਖਾਂ 'ਚੋਂ ਖ਼ੂਨ ਵਗਣ ਲੱਗ ਪਿਆ ਸੀ ਤੇ ਉਹ ਅਸਥਾਈ ਤੌਰ 'ਤੇ ਨੇਤਰਹੀਣ ਵੀ ਹੋ ਗਿਆ ਸੀ। ਉਦੋਂ ਉਸ ਨੂੰ ਕਈ ਮਹੀਨੇ ਬਿਸਤਰੇ 'ਤੇ ਹੀ ਰਹਿਣਾ ਪਿਆ ਸੀ। ਫਿਰ ਉਸ ਦੀ ਬਿਮਾਰੀ ਵਧਦੀ ਚਲੀ ਗਈ ਤੇ 14 ਸਾਲਾਂ ਪਿੱਛੋਂ 20 ਮਈ, 1506 ਨੂੰ 55 ਸਾਲਾਂ ਦੀ ਉਮਰ 'ਚ ਉਸ ਦਾ ਦੇਹਾਂਤ ਹੋ ਗਿਆ।

ਅਮਰੀਕਾ 'ਚ 12 ਅਕਤੂਬਰ ਵਾਲੇ ਦਿਨ ਹਰ ਸਾਲ ਕੋਲੰਬਸ ਨੂੰ ਚੇਤੇ ਕੀਤਾ ਜਾਂਦਾ ਹੈ ਕਿਉਂਕਿ ਉਸ ਨੇ ਉਸੇ ਦਿਹਾੜੇ ਅਮਰੀਕਾ ਦੀ ਧਰਤੀ ਉੱਤੇ ਪਹਿਲੀ ਵਾਰ ਪੈਰ ਧਰਿਆ ਸੀ। ਉਸ ਤੋਂ ਬਾਅਦ ਯੂਰਪੀਅਨਾਂ ਨੇ ਅਮਰੀਕੀ ਧਰਤੀ ਦੀ ਨਿੱਠ ਕੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ।

Posted By: Seema Anand