ਪਿਛਲੇ ਡੇਢ ਸਾਲ ਤੋਂ ਅਸੀਂ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੇ ਹਾਂ। ਕੋਰੋਨਾ ਦੀ ਦੂਜੀ ਲਹਿਰ ’ਤੇ ਫਤਹਿ ਹਾਸਲ ਕਰਨ ਤੋਂ ਬਾਅਦ ਹੁਣ ਤੀਜੀ ਲਹਿਰ ਨਾਲ ਲੜਨ ਲਈ ਕਮਰਕੱਸੇ ਕੀਤੇ ਜਾ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੀ ਹੈ। ਇਸ ਲਈ ਪਹਿਲਾਂ ਤੋਂ ਬੱਚਿਆਂ ਦੀ ਸਿਹਤ ਦਾ ਪੂਰਾ ਖਿਆਲ ਰੱਖੋ। ਜਿਥੇ ਇਸ ਲਈ ਖੁਰਾਕ ’ਤੇ ਤਵੱਜੋ ਦੇਣਾ ਲਾਜ਼ਮੀ ਹੈ ਉਥੇ ਨਾਂਲ ਹੀ ਇਮਊਨਿਟੀ ਵਧਾਉਣ ਲਈ ਯੋਗ ਕਰਨਾ ਬਹੁਤ ਜ਼ਰੂਰੀ ਹੈ। ਮਾਪੇ ਬੱਚਿਆ ਦੇ ਦਿਨ ਦੀ ਸ਼ੁਰੂਆਤ ਯੋਗਾ ਨਾਲ ਕਰਨ। ਲਾਕਡਾਊਨ ਹੋਣ ਕਾਰਨ ਬੱਚੇ ਘਰਾਂ ਵਿਚ ਹੀ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਵਿਚ ਕਮੀ ਆਈ ਹੋਈ ਹੈ। ਯੋਗਾ ਕਰਨ ਨਾਲ ਬੱਚਿਆਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਯੋਗਾ ਕਰਨ ਨਾਲ ਜਿਥੇ ਬੱਚੇ ਸਿਹਤਮੰਦ ਰਹਿਣਗੇ ਉਥੇ ਉਹ ਫੁਰਤੀਲੇ ਵੀ ਹੋਣਗੇ। ਇਸ ਲਈ ਬੱਚਿਆਂ ਨੂੰ ਰੂਟੀਨ ਵਿਚ ਯੋਗਾ ਕਰਨਾ ਚਾਹੀਦਾ ਹੈ। ਰੋਜ਼ਾਨਾ ਯੋਗਾ ਕਰਨ ਨਾਲ ਬੱਚਿਆਂ ਦੀ ਮਾਨਸਕ ਅਤੇ ਸਰੀਰਕ ਵਿਕਾਸ ਵਿਚ ਤੇਜ਼ੀ ਆਵੇਗੀ। ਆਓ ਜਾਣਦੇ ਹਾਂ ਬੱਚਿਆਂ ਲਈ ਕੁਝ ਖਾਸ ਯੋਗਾਸਨ

ਪ੍ਰਣਾਮ ਆਸਨ

ਬੱਚਿਆਂ ਲਈ ਇਹ ਆਸਣ ਬਹੁਤ ਸੌਖਾ ਹੈ। ਇਸ ਆਸਣ ਨਾਲ ਨਰਵਸ ਸਿਸਟਮ ਨੂੰ ਆਰਾਮ ਮਿਲਦਾ ਹੈ। ਇਸ ਲਈ ਬੱਚੇ ਇਸ ਆਸਣ ਨੂੰ ਰੋਜ਼ਾਨਾ ਜ਼ਰੂਰ ਕਰਨ।

ਇਸ ਆਸਣ ਨੂੰ ਕਰਨ ਲਈ ਪਹਿਲਾਂ ਆਪਣੀਆਂ ਦੋਵੇਂ ਹਥੇਲੀਆਂ ਨੂੰ ਆਪਸ ਵਿਚ ਮਿਲਾ ਕੇ ਉਂਗਲੀਆਂ ਉਪਰ ਉਂਗਲੀ ਰੱਖ ਕੇ ਹੱਥਾਂ ਨੂੰ ਆਪਸ ਵਿਚ ਦਬਾਓ। ਇਸ ਤੋਂ ਬਾਅਦ ਆਪਣੀਆਂ ਅੱਖਾਂ ਬੰਦ ਕਰ ਲਓ। ਹੁਣ ਆਪਣੇ ਹੱਥ ਪ੍ਰਣਾਮ ਮੁਦਰਾ ਵਿਚ ਲਿਆ ਕੇ ਆਪਣੀ ਛਾਤੀ ਨਾਲ ਲਾਓ। ਫਿਰ ਆਪਣੇ ਦੋਵਾਂ ਹੱਥਾਂ ਨੂੰ ਕੂਹਣੀਆਂ ਤਾਣਦੇ ਹੋਏ ਸਿਰ ਊਪਰ ਲੈ ਜਾਓ। ਇਸ ਨੂੰ ਰੈਗੂਲਰ ਕਰੋ।


ਬ੍ਰਿਸ਼ ਆਸਣ

ਇਸ ਆਸਣ ਵਿਚ ਸਿਧੇ ਖਡ਼ੇ ਹੋ ਜਾਓ। ਹੁਣ ਆਪਣੇ ਦੋਵੇਂ ਹੱਥਾਂ ਨੂੰ ਪੱਟਾਂ ਕੋਲ ਲੈ ਜਾਓ। ਹੌਲੀ ਹੌਲੀ ਸਾਹ ਖਿਚਦੇ ਹੋਏ ਦੋਵੇਂ ਹੱਥਾਂ ਨੂੰ ਉਪਰ ਵੱਲ ਚੁੱਕਦੇ ਹੋਏ ਨਮਸਕਾਰ ਮੁਦਰਾ ਵਿਚ ਆਓ ਅਤੇ ਗਹਿਰੀ ਸਾਹ ਅੰਦਰ ਖਿਚੋ। ਹੁਣ ਸਾਹ ਛੱਡਦੇ ਹੋਏ ਸਰੀਰ ਨੂੰ ਢਿੱਲਾ ਛੱਡ ਦਿਓ ਅਤੇ ਹੌਲੀ ਹੌਲੀ ਹੱਥਾਂ ਨੂੰ ਹੇਠਾਂ ਵੱਲ ਲੈ ਕੇ ਆਓ। ਤੁਸੀਂ ਆਪਣੇ ਅੰਦਰ ਫੁਰਤੀ ਮਹਿਸੂਸ ਕਰੋਗੇ।

Posted By: Tejinder Thind