ਆਧੁਨਿਕ ਯੁੱਗ ਵਿਚ ਹਰ ਕੋਈ ਮੁਸ਼ਕਿਲਾਂ, ਸਮੱਸਿਆਵਾਂ ਵਿਚ ਉਲਝਿਆ ਹੋਇਆ ਨਜ਼ਰ ਆ ਰਿਹਾ ਹੈ। ਤਣਾਅ ਅੱਜ ਦੇ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਬਣਦਾ ਨਜ਼ਰ ਆ ਰਿਹਾ ਹੈ। ਸਮੱਸਿਆ ਤਾਂ ਹਰ ਇਕ ਦੀ ਜ਼ਿੰਦਗੀ ਵਿਚ ਆਉਂਦੀ ਹੈ ਪਰ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਤਣਾਅ ਦਾ ਸ਼ਿਕਾਰ ਜਲਦੀ ਹੋ ਜਾਂਦਾ ਹੈ। ਅੱਜ ਦੇ ਮਸ਼ੀਨੀਕਰਨ ਅਤੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਦੀਆਂ ਮਾਨਸਿਕ ਉਲਝਣਾਂ ਬਹੁਤ ਵੱਧ ਗਈਆਂ ਹਨ । ਵੱਧ ਰਹੇ ਮਸ਼ੀਨੀਕਰਨ ਨੇ ਅਸਲ ਵਿਚ ਸਾਡੇ ਅੰਦਰਲੇ ਮਿਹਨਤ ਕਰਨ ਦੇ ਜਜ਼ਬੇ ਨੂੰ ਢਾਹ ਲਾਈ ਹੈ। ਆਰਥਿਕ ਵਸੀਲਿਆਂ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਲਾਲਸਾ ਨੇ ਮਨੁੱਖ ਨੂੰ ਇਕੱਲਾ ਕਰ ਦਿੱਤਾ ਹੈ। ਵਿਗਿਆਨ ਦੀ ਹੋਈ ਤਰੱਕੀ ਨੇ ਅਜਿਹੀਆਂ ਮਸ਼ੀਨਾਂ ਨੂੰ ਜਨਮ ਦਿੱਤਾ ਹੈ ਜੋ ਆਪਣੇ ਆਪ ਹੀ ਕੰਮ ਕਰਦੀਆਂ ਹਨ ਤੇ ਇਨ੍ਹਾਂ ਨੂੰ ਚਲਾਉਣ ਲਈ ਮਨੁੱਖੀ ਸਰੀਰਕ ਮਿਹਨਤ ਦੀ ਬਹੁਤੀ ਜ਼ਰੂਰਤ ਹੀ ਨਹੀਂ ਪੈਂਦੀ।

ਜਦ ਵਿਗਿਆਨ ਨੇ ਬਹੁਤੀ ਤਰੱਕੀ ਨਹੀਂ ਸੀ ਕੀਤੀ ਤਾਂ ਸਾਰਾ ਕੰਮ ਲੋਕਾਂ ਦੁਆਰਾ ਹੱਥੀਂ ਹੀ ਆਪਣੀ ਸਰੀਰਕ ਸ਼ਕਤੀ ਤੇ ਬਲ ਰਾਹੀਂ ਕੀਤਾ ਜਾਂਦਾ ਸੀ । ਕੰਮ ਕਰ ਕੇ ਥੱਕਿਆ ਟੁੱਟਿਆ ਵਿਅਕਤੀ ਰੱਜ ਕੇ ਸਂੌਦਾ ਸੀ ਤੇ ਭਰਪੂਰ ਨੀਂਦ ਦਾ ਆਨੰਦ ਮਾਣਦਾ ਸੀ। ਚੰਗੀ ਨੀਂਦ ਸਾਡੇ ਸਰੀਰ ਦੀ ਥਕਾਵਟ ਨੂੰ ਤਾਂ ਦੂਰ ਕਰਦੀ ਹੀ ਹੈ ਨਾਲ ਹੀ ਮਾਨਸਿਕ ਤਣਾਅ ਨੂੰ ਵੀ ਦੂਰ ਰੱਖਦੀ ਹੈ। ਵਧੀ ਤਕਨੀਕ ਨੇ ਮਨੁੱਖ ਨੂੰ ਸਰੀਰਕ ਤੌਰ 'ਤੇ ਕੰਮ ਕਰਨ ਤੋਂ ਤਾਂ ਨਿਜ਼ਾਤ ਦਿਵਾ ਦਿੱਤੀ ਹੈ ਪਰ ਨਾਲ ਹੀ ਇਸ ਨੇ ਉਸਦੀ ਮਾਨਸਿਕ ਸ਼ਕਤੀ ਨੂੰ ਵੀ ਸੁੰਗੜਾ ਦਿੱਤਾ ਹੈ, ਹੱਥੀਂ ਕੰਮ ਨਾ ਕਰਨ ਕਾਰਨ ਉਹ ਅੰਦਰੋਂ ਆਪਣੀ ਮਜ਼ਬੂਤੀ ਨੂੰ ਖੋਹ ਚੁੱਕਿਆ ਹੈ। ਭਵਿੱਖ ਦੇ ਸੁਪਨਿਆਂ ਦੀ ਪੂਰਤੀ ਕਰਨ ਹਿੱਤ ਆਪਣੇ ਅਸਲ ਟੀਚਿਆਂ ਤੋਂ ਇੰਨਾ ਕੁ ਭਟਕ ਗਿਆ ਹੈ ਕਿ ਉਹ ਭਵਿੱਖ ਨੂੰ ਸੰਵਾਰਨ ਦੇ ਚੱਕਰ ਵਿਚ ਆਪਣੇ ਵਰਤਮਾਨ ਨੂੰ ਵੀ ਖ਼ਰਾਬ ਕਰ ਰਿਹਾ ਹੈ। ਮਾਨਸਿਕ ਉਲਝਣਾਂ ਨੇ ਉਸਦੇ ਅੰਦਰਲੇ ਸਬਰ, ਸੰਤੋਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ। ਸਾਡੀਆਂ ਭਾਵਨਾਵਾਂ ਸਾਡੇ ਕਾਬੂ ਤੋਂ ਬਾਹਰ ਹੋ ਚੁੱਕੀਆਂ ਹਨ। ਭਵਿੱਖ ਦੇ ਸੁਪਨੇ ਦੀ ਪੂਰਤੀ ਕਰਨ ਹਿੱਤ ਅਸੀਂ ਆਪਣੇ ਵਰਤਮਾਨ ਨੂੰ ਵੀ ਕੁਰਬਾਨ ਕਰ ਰਹੇ ਹਾਂ। ਸ਼ਾਇਦ ਤਣਾਅ ਦਾ ਸਭ ਤੋਂ ਵੱਡਾ ਕਾਰਨ ਸਾਂਝੇ ਪਰਿਵਾਰਾਂ ਦੀ ਪ੍ਰੰਪਰਾ ਦਾ ਖ਼ਤਮ ਹੋਣਾ, ਪੁਰਾਤਨ ਜੀਵਨ ਸ਼ੈਲੀ ਦਾ ਖ਼ਾਤਮਾ, ਤਕਨੀਕੀ ਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ ਆਦਿ ਅਜਿਹੇ ਹੀ ਕਾਰਨ ਹਨ। ਲੋੜ ਹੈ ਚੰਗੀ ਸੋਚ, ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਨ ਦੀ ਕਿÀੁਂਕਿ ਤਣਾਅ ਅਤੇ ਪਰੇਸ਼ਾਨੀਆਂ ਦਾ ਹੱਲ ਲੱਭਣ ਲਈ ਮਜ਼ਬੂਤ ਮਨ ਅਤੇ ਸਰੀਰ ਦੋਵੇਂ ਹੀ ਅਸਲ ਵਿਚ ਇਸ ਤੋਂ ਨਿਜ਼ਾਤ ਦਿਵਾ ਸਕਦੇ ਹਨ।

- ਲਖਵੀਰ ਸਿੰਘ

98556-00701

Posted By: Harjinder Sodhi