ਅਸਲ ਵਿਚ ਖ਼ੁਸ਼ੀ ਦੀ ਲਹਿਰ ਮਨੁੱਖ ਅੰਦਰ ਸਮੋਈ ਹੁੰਦੀ ਹੈ ਜਦੋਂ ਕਿ ਉਹ ਇਸ ਦੀ ਬਾਹਰੋਂ ਤਲਾਸ਼ ਕਰਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਦਾ ਮੁੱਖ ਮਨੋਰਥ ਜਿੱਥੇ ਢਿੱਡ ਭਰਨਾ ਰਿਹਾ ਹੈ ਉੱਥੇ ਸਦੀਵੀ ਸ਼ਾਂਤੀ ਖ਼ੁਸ਼ੀ ਲਈ ਵੀ ਰਿਹਾ ਹੈ। ਖ਼ੁਸ਼ੀ ਦੀ ਤਾਂਘ ਮਨੁੱਖ ਦੇ ਅਚੇਤ ਮਨ ਦੀ ਕਿਸ ਤਹਿ ਵਿਚ ਛੁਪੀ ਹੋਈ ਹੁੰਦੀ ਹੈ। ਭਾਵੇਂ ਸਮੁੱਚੀ ਮਾਨਵ ਜਾਤੀ ਦਾ ਵਧੇਰੇ ਸਮਾਂ ਜੰਗਾਂ ਯੁੱਧਾਂ ਵਿਚ ਹੀ ਵਾਪਰਿਆ ਹੈ ਪ੍ਰੰਤੂ ਸੁਤੇਸਿਧ ਹੀ ਮਨੁੱਖ ਦਾ ਸਾਰਾ ਸੰਘਰਸ਼ ਇਸੇ ਮਨੋਰਥ ਵੱਲ ਸੇਧਤ ਰਿਹਾ ਹੈ। ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਨਿੱਜੀ ਤੌਰ 'ਤੇ ਅਜੋਕਾ ਮਨੁੱਖ ਵਧੇਰੇ ਪਰੇਸ਼ਾਨ ਹੈ। ਮਨੁੱਖ ਬਹੁਤ ਸਾਰੀਆਂ ਗ਼ਲਤ ਫਹਿਮੀਆਂ ਦਾ ਸ਼ਿਕਾਰ ਹੋ ਗਿਆ, ਇਸ ਨੇ ਰਾਈ ਨੂੰ ਪਹਾੜ ਬਣਾ ਲਿਆ ਹੈ। ਨਾਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਹੈ ਲੋਕ ਲੱਜਤਾ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ ਜਦੋਂ ਅਸੀਂ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਂਦੇ ਹਾਂ। ਸਾਡੇ ਜਾਂ ਸਾਡੇ ਪਰਿਵਾਰ 'ਚ ਕੋਈ ਖਾਮੀ ਆ ਜਾਂਦੀ ਹੈ ਤਾਂ ਅਸੀਂ ਲੋਕ ਲੱਜਤਾ ਬਾਰੇ ਸੋਚਣ ਲੱਗ ਜਾਂਦੇ ਹਾਂ। ਇਸ ਤੋਂ ਬਚਣ ਲਈ ਸਾਨੂੰ ਦੁਨੀਆ ਨੂੰ ਸਮਝਣਾ ਪਵੇਗਾ।

ਜੇ ਅਸੀਂ ਕਿਸੇ ਗੱਲੋਂ ਉੂਣੇ ਹਾਂ ਤਾਂ ਲੱਖਾਂ ਲੋਕ ਹੋਰ ਹਨ ਜਿਹੜੇ ਸਾਡੇ ਨਾਲੋਂ ਵੀ ਵੱਧ ਉੂਣੇ ਹਨ। ਕੁਝ ਹੱਦ ਤਕ ਇਹ ਵੀ ਭੁਲੇਖਾ ਹੁੰਦਾ ਹੈ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ। ਲੋਕਾਂ ਕੋਲ ਆਪਣੇ ਹੀ ਇੰਨੇ ਝਮੇਲੇ ਹੁੰਦੇ ਹਨ ਸਾਡੇ ਕਿ ਬਾਰੇ ਸੋਚਣ ਦਾ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਹੈ। ਦੁਨੀਆ ਨਾ ਚੰਗੀ ਹੈ ਨਾ ਮਾੜੀ, ਸਾਡਾ ਨਜ਼ਰੀਆ ਹੀ ਇਸ ਨੂੰ ਚੰਗਾ ਜਾ ਮਾੜਾ ਬਣਾਉਂਦਾ ਹੈ। ਸਾਡਾ ਨਜ਼ਰੀਆ ਸਕਾਰਾਤਮਕ ਹੋਣਾ ਚਾਹੀਦਾ ਹੈ। ਸਕਾਰਾਤਕ ਨਜ਼ਰੀਏ ਨਾਲ ਹੌਸਲਾ ਬਣਦਾ ਹੈ ਤੇ ਹੌਸਲੇ ਨਾਲ ਪ੍ਰਸੰਨਤਾ ਉਪਜਦੀ ਹੈ। ਜੋ ਕਰਨਾ ਹੈ ਜਾਂ ਨਹੀਂ ਕਰਨਾ ਉਸ ਪ੍ਰਤੀ ਸੋਚ ਸਪਸ਼ਟ ਹੋਵੇ ਕੋਈ ਦੁਬਿਧਾ ਨਾ ਹੋਵੇ, ਦੁਬਿਧਾ ਤਣਾਉ ਸਿਰਜਦੀ ਹੈ। ਦੋਚਿੱਤੀ ਵਾਲਿਆਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਜਿਨ੍ਹਾਂ ਦੀ ਸਾਫ਼ ਤੇ ਸਪਸ਼ਟ ਸੋਚ ਨਹੀਂ ਹੁੰਦੀ ਉਹ ਰਾਹਾਂ ਵਿਚ ਦਰੜੇ ਜਾਂਦੇ ਹਨ। ਅਸਲ ਵਿਚ ਮਨੁੱਖ ਕੁਝ ਭਰਮ ਭੁਲੇਖਿਆਂ ਵਿਚ ਜਿਉਂਦਾ ਹੈ, ਉਹ ਦੂਜਿਆਂ ਨੂੰ ਦੇਖ ਕੇ ਪ੍ਰਭਾਵਤ ਹੁੰਦਾ ਰਹਿੰਦਾ ਹੈ। ਉਸ ਨੂੰ ਲੱਗਦਾ ਹੈ ਕਿ ਬਹੁਤੀ ਧਨ ਦੌਲਤ ਵਾਲੇ ਜਾਂ ਵੱਡੇ ਰਾਜਨੀਤਕ ਲੋਕ ਚੰਗੀ ਕਿਸਮਤ ਵਾਲੇ ਸੁਖੀ ਲੋਕ ਹੋਣਗੇ। ਅਮੀਰਾਂ ਵਾਲੀ ਮਾਨਸਿਕਤਾ ਬਾਰੇ ਅਮੀਰ ਹੋ ਕੇ ਜਾਣਿਆ ਜਾ ਸਕਦਾ ਹੈ। ਅਮੀਰ ਹਮੇਸ਼ਾ ਤਣਾਓ ਗ੍ਰਸਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅਨੇਕਾਂ ਬਿਮਾਰੀਆਂ ਹੁੰਦੀਆਂ ਹਨ।

ਅਮਰੀਕਾ 'ਚ ਜੇ ਕਿਸੇ ਨੂੰ ਸੱਠ ਸਾਲ ਦੀ ਉਮਰ ਤਕ ਹਾਰਟ ਅਟੈਕ ਨਾ ਹੋਇਆ ਹੋਵੇ ਉਸ ਨੂੰ ਸਫ਼ਲ ਵਿਅਕਤੀ ਨਹੀਂ ਸਮਝਿਆ ਜਾਂਦਾ ਹੈ। ਸੰਤ ਮਸਕੀਨ ਜੀ ਕਿਹਾ ਕਰਦੇ ਸਨ ਕਿ ਅਮੀਰੀ ਦਾ ਇਕ ਫ਼ਾਇਦਾ ਜ਼ਰੂਰ ਹੈ ਕਿ ਉਸ ਨੂੰ ਅੰਦਰਲੀ ਗ਼ਰੀਬੀ ਨਜ਼ਰ ਆਉਣ ਲਗ ਜਾਂਦੀ ਹੈ। ਜ਼ਿਆਦਾ ਪੈਸੇ ਵਾਲਿਆਂ ਦੀ ਸੰਵੇਦਨਾ ਕਿਤੇ ਗੁੰਮ ਹੋ ਜਾਂਦੀ ਹੈ। ਸੰਵੇਦਨਾ ਤੋਂ ਬਿਨਾਂ ਮਨੁੱਖ ਆਤਮ ਚਿੰਤਨ ਨਹੀਂ ਕਰਦਾ। ਆਤਮ ਚਿੰਤਨ ਨਾਲ ਹੀ ਅਚੇਤ ਮਨ ਵੱਲ ਜਾਇਆ ਜਾ ਸਕਦਾ ਹੈ। ਅਚੇਤ ਮਨ ਵਿਚ ਹੀ ਸ਼ਾਂਤੀ ਹੈ ਤੇ ਉੱਥੋਂ ਹੀ ਮੌਲਿਕ ਵਿਚਾਰ ਪੈਦਾ ਹੁੰਦੇ ਹਨ। ਜ਼ਿਆਦਾਤਰ ਮਨੁੱਖ ਚੇਤ ਮਨ ਨਾਲ ਜਿਉਂਦੇ ਹਨ। ਇਸ ਕਰਕੇ ਪਰੇਸ਼ਾਨ ਰਹਿੰਦੇ ਹਨ ਅਤੇ ਕੋਈ ਵੱਡਾ ਕਾਰਜ ਨਹੀਂ ਕਰ ਪਾਉਂਦੇ।

ਮਨੁੱਖ ਅੰਦਰ ਹੀ ਸਮੋਈ ਖ਼ੁਸ਼ੀ ਦੀ ਬਾਹਰੋਂ ਤਲਾਸ਼ ਕਰਦਾ ਹੈ। ਕਈ ਵਾਰ ਖ਼ੁਸ਼ੀ ਨੂੰ ਮਾਨਣ ਲਈ ਵੱਖ-ਵੱਖ ਤਰ੍ਹਾਂ ਦੇ ਟੂਰ ਪ੍ਰੋਗਰਾਮ ਬਣਾਏ ਜਾਂਦੇ ਹਨ। ਕੁਝ ਸਮੇਂ ਬਾਅਦ ਉਹੀ ਵਾਰ-ਵਾਰ ਦੇਖੇ ਪਹਾੜ, ਝੀਲਾਂ, ਬੀਚਾਂ ਤੋਂ ਮਨ ਭਰ ਜਾਂਦਾ ਹੈ। ਫਿਰ ਉਸ ਨੂੰ ਆਪਣਾ ਘਰ ਚੰਗਾ ਲੱਗਣ ਲੱਗ ਜਾਂਦਾ ਹੈ। ਬਾਹਰੋਂ ਖ਼ੁਸ਼ੀ ਤਾਂ ਹੀ ਮਾਣੀ ਜਾ ਸਕਦੀ ਹੈ ਜੇ ਅੰਦਰ ਇਕਸੁਰਤਾ ਹੋਵੇ। ਦੂਜਾ ਭੁਲੇਖਾ ਸਾਨੂੰ ਰਾਜਨੀਤਕ ਲੋਕਾਂ ਬਾਰੇ ਲਗਦਾ ਹੈ ਕਿ ਇਨ੍ਹਾਂ ਦਾ ਜੀਵਨ ਬਹੁਤ ਵਧੀਆ ਹੋਵੇਗਾ।

ਅਸਲ ਵਿਚ ਅਸੀਂ ਇਸ ਗੱਲ ਨੂੰ ਭੁੱਲੇ ਬੈਠੇ ਹਾਂ ਕਿ ਖ਼ੁਸ਼ੀ ਮਿਲਣੀ ਕਿੱਥੋਂ ਹੈ। ਅਸੀਂ ਉਸ ਬੱਸ ਸਟੌਪੇਜ 'ਤੇ ਖੜ੍ਹੇ ਹਾਂ ਜਿੱਥੇ ਬੱਸ ਰੁਕਣੀ ਨਹੀਂ। ਅਸੀਂ ਉਸ ਕੰਧ 'ਤੇ ਪੌੜੀ ਲਾ ਰਹੇ ਹਾਂ ਜਿੱਥੇ ਅੱਗੇ ਛੱਤ ਹੀ ਨਹੀਂ ਹੈ। ਸਵਾਲ ਪੈਦਾ ਹੋ ਰਿਹਾ ਹੈ ਕਿ ਅਸਲ ਵਿਚ ਖ਼ੁਸ਼ੀ ਮਿਲਦੀ ਕਿੱਥੋਂ ਹੈ। ਦਿਲਚਸਪ ਗੱਲ ਇਹ ਹੈ ਕਿ ਖ਼ੁਸ਼ੀ ਲਈ ਸਾਨੂੰ ਕੋਈ ਬਹੁਤੇ ਵੱਡੇ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਇਹ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਮਿਲਦੀ ਹੈ। ਖ਼ੁਸ਼ੀ ਇਕਸੁਰਤਾ, ਇਮਾਨਦਾਰੀ ਤੇ ਕੁਦਰਤ ਨੂੰ ਮਾਨਣ 'ਚ ਹੈ। ਖ਼ੁਸ਼ੀ ਛੋਟੇ ਬੱਚਿਆਂ ਨਾਲ ਖੇਡਣ ਤੇ ਤੰਦਰੁਸਤੀ ਵਿਚ ਹੈ। ਖ਼ੁਸ਼ੀ ਮਨ ਭਾÀੁਂਦਾ ਪਹਿਨਣ ਅਤੇ ਖਾਣ 'ਚ ਹੈ, ਮੁਹੱਬਤ 'ਚ ਹੈ। ਖ਼ੁਸ਼ੀ ਕਿਸੇ ਦੀ ਸੇਵਾ ਕਰਨ, ਸੰਗੀਤ ਸੁਣਨ 'ਚ ਹੈ। ਖ਼ੁਸ਼ੀ ਪਰਿਵਾਰਕ ਏਕਤਾ 'ਚ ਹੈ। ਖ਼ੁਸ਼ੀ ਕੋਈ ਉਲਝੀ ਹੋਈ ਗੁੰਝਲ ਖੋਲ੍ਹਣ 'ਚ ਹੈ। ਇਹ ਕਿਸੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ 'ਚ ਹੈ। ਖ਼ੁਸ਼ੀ ਸਿਮਰਨ ਸਾਧਨਾ, ਕਸਰਤ ਕਰਨ ਤੇ ਇਕਾਗਰਤਾ 'ਚ ਹੈ। ਇਕਾਗਰ ਹੋਇਆ ਮਨ ਜਦੋਂ ਕੋਈ ਕਾਰਜ ਕਰਦਾ ਹੈ ਤਾਂ ਬੇਥਾਹ ਖ਼ੁਸ਼ੀ ਹੁੰਦੀ ਹੈ। ਖ਼ੁਸ਼ੀ ਆਪਣੇ ਆਪ ਨੂੰ ਜਾਨਣ ਵਿਚ ਹੈ। ਅਸੀਂ ਇੰਨੇ ਰੁਝੇ ਹੋਏ ਹਾਂ ਕਿ ਕਦੇ ਆਪਣੇ ਆਪ ਨਾਲ ਗੱਲ ਹੀ ਨਹੀਂ ਕੀਤੀ। ਸਾਨੂੰ ਇਕਾਂਤ ਵਿਚ ਬੈਠ ਕੇ ਆਪਣੇ ਆਪ ਨੂੰ ਫਰੋਲਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਅਤੀਤ ਨੂੰ ਫਰੋਲੋਗੇ ਤਾਂ ਜੋ ਆਨੰਦ ਤੁਹਾਨੂੰ ਅਨੁਭਵ ਹੋਵੇਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਆਪਣੇ ਅਤੀਤ ਨੂੰ ਭੁੱਲ ਜਾਂਦਾ ਹੈ, ਉਸ ਦਾ ਕੋਈ ਭਵਿੱਖ ਨਹੀਂ ਹੁੰਦਾ ਹੈ।

ਖ਼ੁਸ਼ੀ ਦਾ ਵੱਡਾ ਰਾਜ਼ ਪ੍ਰੇਮ ਵਿਚ ਛੁਪਿਆ ਹੋਇਆ ਹੈ। ਪ੍ਰੇਮ ਤੋਂ ਬਿਨਾਂ ਤਾਂ ਭਗਤੀ ਵੀ ਕੋਈ ਅਰਥ ਨਹੀ ਰੱਖਦੀ। ਗੁਰੂ ਸਾਹਿਬਾਨ ਨੇ ਸਾਨੂੰ ਪ੍ਰੇਮ ਭਗਤੀ 'ਚ ਲੀਨ ਹੋਣ ਲਈ ਕਿਹਾ ਹੈ। ਪ੍ਰੇਮ ਦੇ ਢਾਈ ਅੱਖਰ ਸਾਨੂੰ ਸਾਰੀ ਮਨੁੱਖਤਾ, ਜੀਵ ਜੰਤੂ ਪੰਛੀ ਸਾਰੇ ਹੀ ਜਗਤ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਤੁਸੀਂ ਕਿਸੇ ਵਸਤੂ ਨੂੰ ਵੀ ਇਸ ਤਰ੍ਹਾਂ ਚੁੱਕੋ ਕਿ ਉਸਨੂੰ ਕੋਈ ਤਕਲੀਫ ਨਾ ਹੋਵੇ। ਸਾਡੇ ਅੰਦਰੋਂ ਖ਼ੁਸ਼ੀ ਦੀਆਂ ਲਹਿਰਾਂ ਉੱਠਣਗੀਆਂ। ਪ੍ਰੇਮ ਨਾਲ ਭਰਿਆ ਮਨੁੱਖ ਹਰ ਟਾਇਮ ਅਨੰਦਿਤ ਰਹਿੰਦਾ ਹੈ ਅਤੇ ਰੱਬੀ ਰੂਪ ਹੋ ਨਿਬੜਦਾ ਹੈ। ਲੜਾਈ ਝਗੜਾ ਕਰਨ ਵਾਲੇ ਹਮੇਸ਼ਾ ਦੁਖੀ ਰਹਿੰਦੇ ਹਨ।

ਕਈ ਮਨੁੱਖ ਤਿੱਖੀਆਂ ਨੁੱਕਰਾਂ ਵਾਲੇ ਹੁੰਦੇ ਹਨ। ਇਹ ਆਪ ਤਾ ਚਿੰਤਾ ਗ੍ਰਸਤ ਹੁੰਦੇ ਹੀ ਹਨ ਦੂਜਿਆਂ ਨੂੰ ਵੀ ਨੁਕਰਾਂ ਨਾਲ ਜ਼ਖ਼ਮੀ ਕਰਦੇ ਰਹਿੰਦੇ ਹਨ। ਦੂਜੇ ਨੂੰ ਨੀਵਾਂ ਕਰਨ ਲਈ ਬਿਨਾਂ ਮਤਲਬ ਦੀ ਬਹਿਸ ਕਰਦੇ ਹਨ। ਸਮਾਜ ਵਿਚ ਵਿਚਰਨ ਲਈ ਸਾਨੂੰ ਗੇਂਦ ਵਾਂਗ ਗੋਲ ਹੋਣਾ ਪਵੇਗਾ। ਨੁਕਰਾਂ ਭੋਰਨੀਆਂ ਪੈਣਗੀਆਂ। ਇਹੀ ਸਾਡੀ ਕਾਮਯਾਬੀ ਤੇ ਖ਼ੁਸ਼ੀ ਦਾ ਰਾਜ਼ ਹੈ।

ਜੇ ਅਸੀਂ ਕਿਸੇ ਤੋਂ ਪ੍ਰੇਮ ਦੀ ਇੱਛਾ ਰੱਖਦੇ ਹਾਂ ਤਾਂ ਪਹਿਲ ਸਾਨੂੰ ਕਰਨੀ ਪਵੇਗੀ। ਜ਼ਰਾ ਸੋਚ ਕੇ ਦੇਖੋ, ਤੁਹਾਡਾ ਗੁਆਂਢੀ ਤੁਹਾਨੂੰ ਉਡੀਕ ਰਿਹਾ ਹੈ ਕਿ ਕਦੋਂ ਇਹ ਸੱਜਣ ਮੇਰੇ ਕੋਲੇ ਆਵੇ ਤੇ ਅਸੀਂ ਚਾਰ ਗੱਲਾਂ ਕਰੀਏ। ਬਜ਼ੁਰਗ ਕਹਿੰਦੇ ਹਨ ਕਿ ਪਹਿਲਾਂ ਨਾਲੋਂ ਪਿਆਰ ਘੱਟ ਗਿਆ, ਮੈਂ ਕਹਿੰਦਾ ਹਾਂ ਕਿ ਪਿਆਰ ਖ਼ਤਮ ਹੋ ਗਿਆ। ਗੁਆਂਢੀ ਦੀ ਗੱਲ ਛੱਡੋ ਪ੍ਰੇਮ ਪਰਿਵਾਰਾਂ ਵਿਚ ਵੀ ਨਹੀਂ ਰਿਹਾ। ਇਸ ਕਰਕੇ ਅਜੋਕਾ ਮਨੁੱਖ ਬੇਚੈਨ ਹੈ ਅਤੇ ਸਮੁੱਚੀ ਮਾਨਵ ਜਾਤੀ ਡੂੰਘੇ ਸੰਕਟ ਵਿਚ ਘਿਰੀ ਨਜ਼ਰ ਆਉਂਦੀ ਹੈ। ਖ਼ੁਸ਼ੀਆਂ ਕਿਧਰੇ ਮਰ ਮੁੱਕ ਗਈਆਂ ਹਨ। ਜਦੋਂ ਕਦੇ ਅਸੀਂ ਆਪਣੇ ਪਿੰਡ ਜਾਂਦੇ ਹਾਂ, ਪੁਰਾਣੇ ਘਰ ਰਾਤ ਗੁਜ਼ਾਰਦੇ ਹਾਂ। ਉਹ ਗਲੀਆਂ, ਖੇਤ, ਖੂਹ ਟੋਬੇ ਅਤੇ ਖੇਤ ਬੰਨਿਆਂ 'ਤੇ ਗੇੜਾ ਮਾਰਦੇ ਹਾਂ ਜੋ ਅੰਨਦ ਤੇ ਖੇੜਾ ਸਾਨੂੰ ਉੱਥੋਂ ਮਿਲਦਾ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।

J ਗੁਰਅਵਤਾਰ ਸਿੰਘ ਗੋਗੀ

7814607700

Posted By: Harjinder Sodhi