ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ। ਬਚਪਨ ਦੀਆਂ ਆਦਤਾਂ ਬੁਢਾਪੇ ਤੱਕ ਨਾਲ ਹੀ ਜਾਂਦੀਆਂ ਹਨ। ਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂਕਾਵਿ ‘ਹੀਰ‘ ਜੋ ਹੀਰ ਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖ਼ੂਬੀ ਬਿਆਨਦਾ ਹੈ, ਦੇ ਰਚਣਹਾਰੇ ਮੀਆਂ ਵਾਰਸ ਸ਼ਾਹ ਜੀ ਆਪਣੇ ਇਸ ਸ਼ਾਹਕਾਰ ਵਿਚ ਫ਼ਰਮਾਉਂਦੇ ਹਨ:

‘‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।‘‘

ਵਾਰਸ ਸ਼ਾਹ ਹੋਰਾਂ ਦੇ ਇਸ ਕਥਨ ਦਾ ਸਾਰ-ਅੰਸ਼ ਹੈ ਕਿ ਮਨੁੱਖੀ ਆਦਤਾਂ ਨੂੰ ਬਦਲਣਾ ਮੁਸ਼ਕਲ ਹੀ ਨਹੀਂ, ਸਗੋਂ ਇਹ ਲੱਗਭੱਗ ਅਸੰਭਵ ਹੈ ਅਤੇ ਇਹ ਮਨੁੱਖ ਦੇ ਨਾਲ ਹੀ ਉਸ ਦੇ ਅੰਤ ਤੱਕ ਨਿਭਦੀਆਂ ਹਨ। ਉਨ੍ਹਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਪ੍ਰਚੱਲਤ ਲੋਕ-ਅਖਾਣ ‘‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ‘‘ ਵੀ ਪੂਰੀ ਤਰ੍ਹਾਂ ਕਰਦਾ ਹੈ। ਆਦਤਾਂ ਦੋ ਤਰ੍ਹਾਂ ਦੀਆਂ ਹਨ, ਚੰਗੀਆਂ ਅਤੇ ਮਾੜੀਆਂ। ਇਹ ਵੀ ਹੋ ਸਕਦਾ ਹੈ ਕਿ ਵਾਰਸ ਸ਼ਾਹ ਹੋਰਾਂ ਨੇ ਇਹ ਗੱਲ ਮਾੜੀਆਂ ਆਦਤਾਂ ਦੇ ਨਾਚੰਗੀਆਂ ਆਦਤਾਂ ਲਈ ਵੀ ਆਖੀ ਹੋਵੇ। ਵੈਸੇ,ਆਮ ਲੋਕਾਂ ਦਾ ਮਾੜੀਆਂ ਆਦਤਾਂ ਬਾਰੇ ਖ਼ਿਆਲ ਹੈ ਕਿ ਮਨੁੱਖ ਲਈ ਬਚਪਨ ਜਾਂ ਜਵਾਨੀ ਵਿਚ ਪਈਆਂ ਮਾੜੀਆਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੈ ਅਤੇ ਇਹ ਉਸ ਦੇ ਨਾਲ ਜੀਵਨ-ਭਰ ਚੱਲਦੀਆਂ ਹਨ। ਉਨ੍ਹਾਂ ਅਨੁਸਾਰ ਝੂਠ ਬੋਲਣ, ਲੜਨ, ਝਗੜਨ, ਲੋਭ, ਲਾਲਚ, ਈਰਖਾ ਜਾਂ ਸਾੜਾ ਕਰਨ ਵਰਗੀਆਂ ਆਦਤਾਂ ਮਨੁੱਖ ਦੇ ਮਰਨ ਤੱਕ ਉਸ ਦਾ ਪਿੱਛਾ ਨਹੀਂ ਛੱਡਦੀਆਂ ਅਤੇ ਇਹ ਉਸ ਦੇ ਨਾਲ ਹੀ ਨਿਭਦੀਆਂ ਹਨ।

ਕਰੋਨਾ ਦੇ ਇਸ ਚੱਲ ਰਹੇ ਅਜੋਕੇ ਪ੍ਰਕੋਪ ਦੌਰਾਨ ਮਹੀਨਾ ਕੁ ਪਹਿਲਾਂ ਮੈਂ ਮਨੁੱਖੀ ਆਦਤਾਂ ਬਾਰੇ ਜੇਮਜ਼ ਕਲੀਅਰ ਦੀ 306 ਪੰਨਿਆਂ ਦੀ ਵੱਡ-ਆਕਾਰੀ ਪੁਸਤਕ ‘ਐਟੌਮਿਕ ਹੈਬਿਟਸ‘ ‘ਐਮਾਜ਼ੋਨ ਵਾਲਿਆਂ ਕੋਲੋਂ ਡਾਕ ਰਾਹੀਂ ਮੰਗਵਾ ਕੇ ਅੱਖਰ-ਅੱਖਰ ਪੜ੍ਹੀ ਹੈ। ਇਸ ਪੁਸਤਕ ਵਿਚ ਚੰਗੀਆਂ ਆਉਣ ਅਤੇ ਮਾੜੀਆਂ ਆਦਤਾਂ ਛੁਡਵਾਉਣ ਬਾਰੇ ਇਸ ਵਿਚ ਦਰਸਾਏ ਗਏ ਢੰਗਾਂ-ਤਰੀਕਿਆਂ ਦੀ ਖ਼ੂਬਸੂਰਤ ਝਲਕ ਪਵਾਉਂਦਾ ਹੈ। ਲੇਖਕ ਨੇ ਜਿੱਥੇ ਇਸ ਪੁਸਤਕ ਵਿਚ ਮਨੁੱਖ ਦੀਆਂ ਛੋਟੀਆਂ-ਛੋਟੀਆਂ ਆਦਤਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਉੱਥੇ ਇਸ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣ ਅਤੇ ਮਾੜੀਆਂ ਨੂੰ ਛੱਡਣ ਦੇ ਢੰਗ-ਤਰੀਕਿਆਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਰਜ ਕੀਤੀ ਹੈ। ਉਸ ਦਾ ਕਹਿਣਾ ਕਿ ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ। ਇਸ ਦੇ ਲਈ ਮਨੁੱਖ ਨੂੰ ਆਪਣਾ ਮਨ ਪੱਕਾ ਕਰਨ ਅਤੇ ਲੋੜੀਂਦਾ ਫ਼ੈਸਲਾ ਲੈ ਕੇ ਉਸ ਨੂੰ ਦੁਹਰਾਉਣ ਅਤੇ ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨ ਲਈ ਅਭਿਆਸ ਕਰਨ ਦੀ ਲੋੜ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਪੁਸਤਕ ਦੇ ਲੇਖਕ ਜੇਮਜ਼ ਕਲੀਅਰ ਦੇ ਆਰਟੀਕਲ ਸੰਸਾਰ ਪ੍ਰਸਿੱਧ ਰਿਸਾਲਿਆਂ ‘ਟਾਈਮ,‘ਐਂਟਰਪ੍ਰੀਨੀਅਰ ਅਤੇ ‘ਨਿਊ ਯੌਰਕ ਟਾਈਮਜ’ ਵਰਗੀਆਂ ਮਿਆਰੀ ਅਖ਼ਬਾਰਾਂ ਵਿਚ ਅਕਸਰ ਛਪਦੇ ਰਹਿੰਦੇ ਹਨ, ਅਤੇ ਉਸ ਨੂੰ ਵੱਡੇ-ਵੱਡੇ ਪਲੇਟਫ਼ਾਰਮਾਂ ‘ਤੇ ਵੱਖ-ਵੱਖ ਵਿਸ਼ਿਆਂ ਉੱਪਰ ਬੋਲਣ ਦੀ ਮੁਹਾਰਤ ਹਾਸਲ ਹੈ।

ਮਨੁੱਖੀ ਆਦਤਾਂ ਨੂੰ ਬਦਲਣ ਲਈ ਚਾਰ ਨਿਯਮ

ਮਨੁੱਖੀ ਆਦਤਾਂ ਨੂੰ ਬਦਲਣ ਲਈ ਜਿਨ੍ਹਾਂ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣਾ ਅਤੇ ਮਾੜੀਆਂ ਆਦਤਾਂ ਨੂੰ ਤਿਆਗਣਾ ਸ਼ਾਮਲ ਹੈ, ਦੇ ਲਈ ਜੇਮਜ਼ ਕਲੀਅਰ ਨੇ ਚਾਰ ਨਿਯਮ ਦੱਸੇ ਹਨ ਅਤੇ ਇਹ ਚਾਰੇ ਹੀ ਬੜੇ ਮਹੱਤਵਪੂਰਨ ਹਨ।

ਆਓ! ਇਨ੍ਹਾਂ ਦੇ ਬਾਰੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।

ਪਹਿਲਾ ਨਿਯਮ ਹੈ, ਕੋਈ ਵੀ ਕੰਮ ਕਰਨ ਲਈ ਮਨ ਬਨਾਉਣਾ ਅਤੇ ਇਸ ਪਹਿਲੇ ਨਿਯਮ ਨੂੰ ਉਸ ਨੇ ਚਾਰ ਪੜਾਆਂ ਵਿਚ ਵੰਡਿਆ ਹੈ:

1. ਖ਼ਿਆਲ ਮਨ ਵਿਚ ਆਉਣਾ

2. ਮਨ ਵਿਚ ਚਾਹਤ ਪੈਦਾ ਹੋਣੀ

3. ਚਾਹਤ ਦਾ ਮਨ ਅਤੇ ਸਰੀਰ ’ਤੇ ਅਸਰ ਹੋਣਾ

4. ਹੋਏ ਅਸਰ ਦਾ ਇਨਾਮ ਮਿਲਣਾ

ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਨ ਲਈ ਸੱਭ ਤੋਂ ਪਹਿਲਾਂ ਇਸ ਦਾ ਖ਼ਿਆਲ ਸਾਡੇ ਮਨ (ਦਿਮਾਗ਼) ਵਿਚ ਆਉਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ। ਆਮ ਪ੍ਰਚੱਲਤ ਭਾਸ਼ਾ ਵਿਚ ਇਸ ਨੂੰ ‘ਫ਼ੁਰਨਾ ਵੀ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਸ ਦਾ ਸਮਾਨਅੰਤਰ ਸ਼ਬਦ ‘ਕਿਊ ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਸਟਿਮੂਲੱਸ ਕਿਹਾ ਜਾਂਦਾ ਹੈ ਅਤੇ ਮਨੋਵਿਗਿਆਨਕ ਭਾਸ਼ਾ ਵਿਚ ‘ਉਤਸ਼ਾਹੀ-ਇਸ਼ਾਰੇ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਸਾਡਾ ਦਿਮਾਗ਼ ਸੋਚਾਂ ਦੀ ਮਸ਼ੀਨ ਹੈ। ਇਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਜਨਮ ਲੈਂਦੀਆਂ ਹਨ। ਰਾਤ ਨੂੰ ਸੁੱਤੇ ਪਿਆਂ ਵੀ ਸੁਪਨਿਆਂ ਵਿਚ ਅਚੇਤ ਮਨ ਵਿਚ ਘੁੰਮਦੀਆਂ ਰਹਿੰਦੀਆਂ ਹਨ। ਇਸ ਖ਼ਿਆਲ ਦਾ ਚਾਹਤ ਵਿਚ ਬਦਲਣਾ ਸਾਡੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਵੱਖ-ਵੱਖ ਹਾਰਮੋਨਾਂ ਅਤੇ ਰਸਾਇਣ-ਪਦਾਰਥਾਂ ਦੇ ਕਾਰਨ ਹੈ।

ਦੂਸਰੇ ਨਿਯਮ ਵਿਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਦਿਲਕਸ਼, ਭਾਵ ਮਨ-ਭਾਉਂਦੀਆਂ ਬਨਾਉਣ ਅਤੇ ਮਾੜੀਆਂ ਆਦਤਾਂ ਨੂੰ ਨਫ਼ਰਤਯੋਗ ਬਨਾਉਣ ਦੀ ਗੱਲ ਕੀਤੀ ਗਈ ਹੈ। ਆਦਤ ਜਿੰਨੀ ਮਨ-ਭਾਉਂਦੀ ਹੋਵੇਗੀ, ਉਸ ਨੂੰ ਅਪਨਾਉਣ ਵਿਚ ਓਨਾ ਹੀ ਘੱਟ ਸਮਾਂ ਲੱਗੇਗਾ। ਮਾੜੀ ਆਦਤ ਛੱਡਣ ਲਈ ਇਸ ਦਾ ਓਨਾ ਹੀ ਨਫ਼ਰਤਯੋਗ ਹੋਣਾ ਜ਼ਰੂਰੀ ਹੈ। ਸਾਡੇ ਦਿਮਾਗ਼ ਵਿਚ ਖ਼ਾਸ ਕਿਸਮ ਦੇ ਰਸਾਇਣ ‘ਡੋਪਾਮੀਨ ਦੀ ਵੱਧ ਜਾਂ ਘੱਟ ਮਾਤਰਾ ਦਾ ਰਿਸਣਾ ਇਨ੍ਹਾਂ ਆਦਤਾਂ ਦੇ ਜਲਦੀ ਜਾਂ ਦੇਰੀ ਨਾਲ ਅਪਨਾਉਣ ਜਾਂ ਛੱਡਣ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ। ਆਦਤਾਂ ਨੂੰ ਬਦਲਣ ਵਿਚ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ। ਇਸ ਦੁਨੀਆਂ ਦੇ ਛੋਟੇ ਜਿਹੇ ਦੇਸ਼ ਹੰਗਰੀ ਦੇ ਇਕ ਵੱਡੇ ਵਿਦਵਾਨ ਲੈਜ਼ਲੋ ਪੋਲਗਰ ਦਾ ਕਹਿਣਾ ਹੈ,‘‘ਕੋਈ ਵੀ ਵਿਦਵਾਨ ਉਸ ਦੇ ਜਨਮ ਤੋਂ ਨਹੀਂ ਹੁੰਦਾ, ਪ੍ਰੰਤੂ ਇੰਜ ਦਾ ਉਸ ਨੂੰ ਪੜ੍ਹਾ-ਲਿਖਾ ਕੇ ਅਤੇ ਸਿਖਲਾਈ ਦੇ ਕੇ ਬਣਾਇਆ ਜਾਂਦਾ ਹੈ।” ਤੇ ਇਸ ਸਾਰੇ ਕੁਝ ਵਿਚ ਉਸ ਦੇ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਉਸ ਦੀ ਪੜ੍ਹਾਈ ਦਾ ਅਤੇ ਅਗਲੇਰੀ ਲੋੜੀਂਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਾਤਾਵਰਣ ਅਤੇ ਸੱਭਿਆਚਾਰ ਵਿਚ ਉਹ ਵਿਚਰਦਾ ਹੈ, ਉਸ ਦਾ ਵੀ ਉਸ ਦੇ ਮਨ ‘ਤੇ ਡੂੰਘਾ ਅਸਰ ਹੁੰਦਾ ਹੈ, ਕਿਉਂਕਿ ਉਹ ਸਮਾਜ ਵਿਚ ਰਹਿੰਦਿਆਂ ਹੋਇਆਂ ਦੋਸਤਾਂ-ਮਿੱਤਰਾਂ, ਗਵਾਂਢੀਆਂ ਅਤੇ ਆਲੇ-ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ।

ਆਸੇ-ਪਾਸੇ ਦਾ ਮਾਹੌਲ ਅਤੇ ਵਾਤਾਵਰਣ ਇਸ ਵਿਚ ਆਪਣੀ ਅਹਿਮ ਭੁਮਿਕਾ ਨਿਭਾਉਂਦਾ ਹੈ। ਮਨੁੱਖ ਆਲੇ-ਦੁਆਲੇ ਦੀ ਸੰਗਤ ਤੋਂ ਬੜਾ ਕੁਝ ਸਿੱਖਦਾ ਹੈ। ਪੰਜਾਬੀ ਵਿਚ ਆਮ ਕਹਾਵਤ ਪ੍ਰਚੱਲਤ ਹੈ, ‘‘ਜਿਹੀ ਸੰਗਤ, ਤਿਹੀ ਰੰਗਤ”, ਭਾਵ ਜਿਨ੍ਹਾਂ ਲੋਕਾਂ ਨਾਲ ਮਨੁੱਖ ਦਾ ਮੇਲ-ਜੋਲ ਹੈ, ਉਸ ਦਾ ਅਸਰ ਉਸ ਮਨੁੱਖ ‘ਤੇ ਜ਼ਰੂਰ ਹੁੰਦਾ ਹੈ ਅਤੇ ਇਹ ਸੰਗਤ ਚੰਗੀ ਅਤੇ ਮਾੜੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈ। ਫਿਰ ਸੰਗਤ ਜ਼ਰੂਰੀ ਨਹੀਂ ਕਿ ਮਨੁੱਖੀ ਰੂਪ ਵਿਚ ਹੀ ਹੋਵੇ, ਇਹ ਆਲੇ-ਦੁਆਲੇ ਪਈਆਂ ਚੀਜ਼ਾਂ-ਵਸਤਾਂ, ਪੁਸਤਕਾਂ, ਖੇਣ-ਮੱਲਣ ਦੇ ਸਮਾਨ ਅਤੇ ਮਨੋਰੰਜਨ ਦੇ ਸਾਧਨਾਂ ਦੇ ਰੂਪ ਵਿਚ ਵੀ ਹੋ ਸਕਦੀ ਹੈ। ਵੇਖਣ ਵਿਚ ਆਇਆ ਹੈ ਕਿ ਚੰਗੀ ਸੰਗਤ ਨਾਲੋਂ ਮਾੜੀ ਸੰਗਤ ਦਾ ਅਸਲ ਬੜੀ ਜਲਦੀ ਹੁੰਦਾ ਅਤੇ ਇਹ ਹੁੰਦਾ ਵੀ ਵਧੇਰੇ ਤੀਬਰਤਾ ਨਾਲ ਹੈ। ਚੰਗੀਆਂ ਆਦਤਾਂ ਸਿੱਖਣ ਲਈ ਆਲੇ-ਦੁਆਲੇ ਦਾ ਮਾਹੌਲ ਖੁਸ਼ਗੁਆਰ ਹੋਣਾ ਚਾਹੀਦਾ ਹੈ, ਕਿਉਂਕਿ ਮਾੜਾ ਮਾਹੌਲ ਹਮੇਸ਼ਾ ਮਾੜੀਆਂ ਆਦਤਾਂ ਨੂੰ ਹੀ ਜਨਮ ਦਿੰਦਾ ਹੈ। ਮਨ ਵਿਚ ਉਪਜੀ ਕਿਸੇ ਵੀ ਚਾਹਤ ਦਾ ਸਾਡੇ ਸਰੀਰ ‘ਤੇ ਡੂੰਘਾ ਅਸਰ ਹੁੰਦਾ ਹੈ ਅਤੇ ਉਹ ਅੱਗੋਂ ਉਸ ਚਾਹਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਮਨ ਅਤੇ ਸਰੀਰ ਉੱਪਰ ਹੋਏ ਇਸ ਅਸਰ ਦਾ ਇਨਾਮ (ਪ੍ਰਭਾਵ) ਵੀ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਬਣਦੀ ਹੈ।

ਤੀਸਰੇ ਨਿਯਮ ਵਿਚ ਜੇਮਜ਼ ਨੇ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਆਸਾਨ ਬਨਾਉਣ ਅਤੇ ਮਾੜੀਆਂ ਨੂੰ ਮੁਸ਼ਕਲ ਕਰਾਰ ਦੇਣ ਦੀ ਗੱਲ ਕੀਤੀ ਹੈ। ਇਸ ਦੇ ਲਈ ਉਹ ਆਪਣੀ ਮੰਜ਼ਲ ਵੱਲ ਹੌਲੀ-ਹੌਲੀ ਅੱਗੇ ਵੱਧਣ ਅਤੇ ਪਿੱਛੇ ਮੁੜ ਕੇ ਨਾ ਵੇਖਣ ਦੀ ਸਲਾਹ ਦਿੰਦਾ ਹੈ। ਮਨੁੱਖ ਦਾ ਕੇਂਦਰ-ਬਿੰਦੂ ‘ਕਰਮ ਹੋਣਾ ਚਾਹੀਦਾ ਹੈ, ਨਾ ਕਿ ‘ਚੱਲਣ ਦੀ ਤਿਆਰੀ ਵਿਚ। ਕਿਸੇ ਵੀ ਚੰਗੀ ਆਦਤ ਨੂ ਅਪਨਾਉਣ ਤੋਂ ਬਾਅਦ ਇਸ ਦੇ ਲਈ ਅਭਿਆਸ ਜ਼ਰੂਰੀ ਹੈ। ਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਹੀ ਉਹ ਆਦਤ ਪੱਕ ਜਾਂਦੀ ਹੈ ਅਤੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ। ਮਨੁੱਖੀ ਸੁਭਾਅ ਹੈ ਕਿ ਉਹ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤਾ ਕੁਝ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ‘ਛੋਟੇ-ਰਸਤੇ ਅਪਨਾਉਂਦਾ ਹੈ। ਪਰ ਜ਼ਰੂਰੀ ਨਹੀ ਕਿ ਇਹ ਛੋਟੇ ਰਸਤੇ ਉਸ ਨੂੰ ਸਫ਼ਲਤਾ ਵੱਲ ਲਿਜਾਣ ਵਿਚ ਸਹਾਈ ਹੋਣ ਅਤੇ ਬਹੁਤੀ ਵਾਰ ਇਹ ਸਹੀ ਸਾਬਤ ਨਹੀਂ ਹੁੰਦੇ। ਆਪਣੇ ਨਿੱਜੀ ਤਜਰਬੇ ਤੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹੌਲੀ-ਹੌਲੀ ਅੱਗੇ ਵੱਧ ਕੇ ਹੀ ਸਫ਼ਲਤਾ ਦੀ ਪੌੜੀ ਦੇ ਉੱਪਰਲੇ ਡੰਡੇ ਵੱਲ ਵਧਿਆ ਜਾ ਸਕਦਾ ਹੈ। ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋ ਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ਇਹ ਦੋ ਕਿਲੋ ਮੀਟਰ ਹੀ ਚੱਲਦੀ ਰਹੀ। ਫਿਰ ਆਪਣੇ ਮਨ ਨਾਲ ਫ਼ੈਸਲਾ ਕਰਕੇ ਮੈਂ ਇਸ ਨੂੰ ਪਹਿਲਾਂ ਚਾਰ ਅਤੇ ਫਿਰ ਪੰਜ ਕਿਲੋਮੀਟਰ ਤੱਕ ਵਧਾਇਆ। ਹੌਲੀ-ਹੌਲੀ ਇਸ ਨੂੰ ਹੋਰ ਵਧਾ ਕੇ ਮੈਂ ਇਸ ਸੈਰ ਤੇ ਹਲਕੀ ਦੌੜ ਨੂੰ 10 ਕਿਲੋਮੀਟਰ ਤੱਕ ਲਿਜਾਣ ਵਿਚ ਸਫ਼ਲ ਹੋਇਆ ਹਾਂ। ਬੇਸ਼ਕ, ਇਸ ਵਿਚ ਮੇਰੇ ਆਪਣੇ ਫ਼ੈਸਲਿਆਂ ਦੇ ਨਾਲ ਇੱਥੇ ਪਿਛਲੇ ਬਰੈਂਪਟਨ ਵਿਚ 6-7 ਸਾਲਾਂ ਤੋਂ ਵਿਚਰ ਰਹੀ ਰੱਨਰਜ਼ ਕਲੱਬ ‘ਟੀ.ਪੀ.ਏ.ਆਰ. ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਕੁਝ ਮੈਂਬਰ-ਦੋਸਤਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਪੂਰਾ ਹੱਥ ਹੈ ਜਿਨ੍ਹਾਂ ਵਿੱਚੋਂ ਕਈਆਂ ਨੇ ਇਹ ਸੈਰ ਤੇ ਦੌੜ ਮੇਰੇ ਵਾਂਗ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਉਹ ਇਸ ਨੂੰ ‘ਹਾਫ਼-ਮੈਰਾਥਨ ਤੱਕ ਲੈ ਗਏ।

ਚੌਥੇ ਨਿਯਮ ਵਿਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਤਸੱਲੀ-ਪੂਰਵਕ ਬਨਾਉਣ ਅਤੇ ਮਾੜੀਆਂ ਨੂੰ ਤਸੱਲੀ-ਰਹਿਤ ਕਰਾਰ ਦੇਣ ਦੀ ਗੱਲ ਕੀਤੀ ਗਈ ਹੈ। ਮਾੜੀਆਂ ਆਦਤਾਂ ਸ਼ੁਰੂ-ਸ਼ੁਰੂ ਵਿਚ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਪਰ ਅੱਗੇ ਜਾ ਕੇ ਕੁਝ ਸਮੇਂ ਬਾਅਦ ਇਨ੍ਹਾਂ ਦਾ ਮਾੜਾ ਪੱਖ ਸਾਡੇ ਸਾਹਮਣੇ ਆਉਣ ਲੱਗਦਾ ਹੈ ਅਤੇ ਫਿਰ ਇਹ ਸਾਨੂੰ ਭੈੜੀਆਂ ਲੱਗਣ ਲੱਗਦੀਆਂ ਹਨ। ਅਸੀਂ ਮਾੜੀਆਂ ਆਦਤਾਂ ਨੂੰ ਕਿਉਂ ਦੁਹਰਾਉਂਦੇ ਹਾਂ? ਉਹ ਇਸ ਲਈ ਕਿ ਸਾਨੂੰ ਇਨ੍ਹਾਂ ਵਿੱਚੋਂ ਵਕਤੀ ਖ਼ੁਸ਼ੀ ਹਾਸਲ ਹੁੰਦੀ ਹੈ। ਇਹ ਸਦੀਵੀ ਨਹੀਂ ਹੈ। ਚੰਗੀਆਂ ਆਦਤਾਂ ਦਾ ਵਰਤਾਰਾ ਇਸ ਦੇ ਉਲਟ ਹੈ। ਇਹ ਸ਼ੁਰੂ ਵਿਚ ਸਾਨੂੰ ਔਖੀਆਂ ਜਾਪਦੀਆਂ ਹਨ ਪਰ ਬਾਅਦ ਵਿਚ ਜਦੋਂ ਇਨ੍ਹਾਂ ਦੀ ਚੰਗਿਆਈ ਸਾਡੇ ਸਾਹਮਣੇ ਆਉਣ ਲੱਗਦੀ ਹੈ ਤਾਂ ਹੌਲੀ-ਹੌਲੀ ਇਹ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨ। ਮਿਸਾਲ ਵਜੋਂ, ਕਾਰ ਵਿਚ ਸਫ਼ਰ ਕਰਨ ਲਈ ਸੀਟ-ਬੈੱਲਟ ਪਹਿਨਣ ਦਾ ਨਿਯਮ ਸੱਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਨਿਊ ਯੋਰਕ ਵਿਚ 1 ਦਸੰਬਰ 1984 ਨੂੰ ਪਾਸ ਕੀਤਾ ਗਿਆ ਅਤੇ ਉਦੋਂ ਅਮਰੀਕਾ ਵਿਚ ਕੇਵਲ਼ 14¿ ਲੋਕਾਂ ਨੇ ਇਸ ਦੀ ਪਾਲਣਾ ਕੀਤੀ। ਲੋਕ ਇਸ ਨੂੰ ਵਾਧੂ ਜਿਹਾ ਵਰਤਾਰਾ (ਝੰਜਟ) ਹੀ ਸਮਝਦੇ ਸਨ। ਪੰਜਾਂ ਸਾਲਾਂ ਬਾਅਦ ਅਮਰੀਕਾ ਦੀ ਅੱਧੀ ਤੋਂ ਵਧੇਰੇ ਵਸੋਂ ਨੇ ਇਸ ਨੂੰ ਸਹੀ ਸਮਝਦਿਆਂ ਹੋਇਆਂ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਇਹ ਨਿਯਮ ਦੁਨੀਆਂ-ਭਰ ਦੇ ਦੇਸ਼ਾਂ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ।

ਮਨੁੱਖ ਵਿਚ ਚੰਗੀਆਂ ਆਦਤਾਂ ਦਾ ਹੋਣਾ ਜ਼ਰੂਰੀ ਹੈ ਪਰ ਇਹ ਸੱਭ ਕੁਝ ਨਹੀਂ ਹੈ, ਸਗੋਂ ਇਨ੍ਹਾਂ ਵਿਚ ਮੁਹਾਰਤ ਹਾਸਲ ਕਰਨਾ ਵਧੇਰੇ ਮਹੱਤਵਪੂਰਨ ਹੈ। ਉਂਜ ਵੀ ਕਿਸੇ ਵੀ ਕੰਮ ਵਿਚ ਮੁਹਾਰਤ ਹਾਸਲ ਕਰਨ ਲਈ ਉਸ ਦੀ ਆਦਤ ਪਾਉਣਾ ਅਤੇ ਉਸ ਦਾ ਅਭਿਆਸ ਕਰਨਾ ਦੋਵੇਂ ਹੀ ਮਹੱਤਵਪੂਰਨ ਪੱਖ ਹਨ। ਇਨ੍ਹਾਂ ਦੋਹਾਂ ਦਾ ਸੁਮੇਲ ਮੁਹਾਰਤ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਗਵਾਹੀ ਭਰਦਾ ਹੈ।

ਆਦਤਾਂ + ਲੋੜੀਂਦਾ ਅਭਿਆਸ ] ਮੁਹਾਰਤ

ਮਨੁੱਖ ਦੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਸ੍ਰੀ ਗੁਰ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚ ਗੁਣ ਅਤੇ ਅਵਗੁਣ ਸ਼ਬਦਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬਾਨ ਅਤੇ ਕਈ ਮਹਾਂ-ਪੁਰਖ਼ਾਂ ਨੇ ਸਾਨੂੰ ਚੰਗੀਆਂ ਆਦਤਾਂ ਨੂੰ ‘ਗੁਣ ਤੇ ਮਾੜੀਆਂ ਨੂੰ ‘ਅਵਗੁਣ ਦਾ ਦਰਜਾ ਦਿੱਤਾ ਹੈ ਅਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਤੋਂ ਦੂਰ ਰਹਿ ਕੇ ਨੇਕੀ ਕਰਨ, ਸਰਬੱਤ ਦਾ ਭਲਾ ਚਾਹੁਣ ਅਤੇ ਪ੍ਰਮਾਤਮਾ ਦਾ ਨਾਂ ਲੈਣ ਵਾਲੇ ਗੁਣ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ।

ਗੁਰਵਾਕ ਹਨ :

ਅਵਗੁਣ ਛੋਡਿ ਗੁਣਾ ਕਓ ਧਾਵਹੁ ਕਰ ਅਵਗੁਣ ਪਛਤਾਹੀ ਜੀਉ।।

------------------

ਲੋਕ ਅਵਗੁਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਝੇ ਕੋਇ।

ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ।।

ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਕੌੜਾ ਬੋਲਣ ਵਰਗੀ ਮਾੜੀ ਆਦਤ ਬਾਰੇ ਫ਼ਰਮਾਉਂਦੇ ਹਨ:

ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ।।

ਬਾਬਾ ਫ਼ਰੀਦ ਜੀ ਵੀ ਆਪਣੇ ਇਕ ਸਲੋਕ ਵਿਚ ਮਾੜੀਆਂ ਆਦਤਾਂ (ਕੰਮ) ਤਿਆਗਣ ਲਈ ਕਹਿੰਦੇ ਹਨ:

ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵਿਸਾਰਿ।

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ।।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨ ਵਿਚ ਇੱਛਾ ਸ਼ਕਤੀ ਪੈਦਾ ਕਰਕੇ ਜੇਕਰ ਅਸੀ ਆਪਣੀ ਕੋਈ ਆਦਤ ਬਦਲਣੀ ਚਾਹੀਏ ਅਤੇ ਉਸ ਦੇ ਲਈ ਲੋੜੀਂਦਾ ਅਭਿਆਸ ਕਰੀਏ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ। ਗੁਰਬਾਣੀ ਅਤੇ ਕਈ ਮਹਾਂ-ਪੁਰਖਾਂ ਦੇ ਕਥਨ ਵੀ ਇਸ ਦੇ ਲਈ ਸਾਡੀ ਅਗਵਾਈ ਕਰਦੇ ਹਨ। ਇਹ ਵੀ ਵੇਖਣ ਵਿਚ ਆਇਆ ਹੈ ਕਿ ਜਵਾਨੀ ਵੇਲੇ ਕਈ ਕਿਸਮ ਦਾ ਨਸ਼ਾ ਕਰਨ ਵਾਲੇ ਕਈ ਮਨੁੱਖ ਮਗਰਲੀ ਉਮਰੇ ਜਾ ਕੇ ਆਪਣੀ ਇੱਛਾ ਸ਼ਕਤੀ ਨਾਲ ਇਹ ਨਸ਼ੇ ਤਿਆਗ ਵੀ ਦਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ-ਭਗਤੀ ਵਾਲੇ ਮਾਰਗ ਵੱਲ ਤੁਰ ਪੈਂਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੀਆਂ ਵਾਰਸ ਸ਼ਾਹ ਹੋਰਾਂ ਦਾ ਇਸ ਆਰਟੀਕਲ ਦੇ ਆਰੰਭ ਵਿਚ ਦਿੱਤਾ ਗਿਆ ਕਥਨ ‘ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ ਹਰੇਕ ਮਨੁੱਖ ਉੱਪਰ ਲਾਗੂ ਨਹੀਂ ਹੁੰਦਾ, ਸਗੋਂ ਇਸ ਦੇ ਉਲਟ ਜੇਮਜ਼ ਕਲੀਅਰ ਦੇ ਆਦਤਾਂ ਬਦਲਣ ਲਈ ਦਿੱਤੇ ਗਏ ਚਾਰ ਨਿਯਮ ਵੀ ਸਾਰਥਿਕ ਸਾਬਤ ਹੋ ਸਕਦੇ ਹਨ। ਫਿਰ ਤਾਂ ਇਹ ਵੀ ਕਿਹਾ ਜਾ ਸਕਦਾ ਹੈ:

‘ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਨੇ ਜੇ ਬਦਲਣ ਦੀ ਇੱਛਾ ਤੇ ਲਗਨ ਹੋਵੇ।’

ਚੰਗੀਆਂ ਆਦਤਾਂ ’ਤੇ ਲੱਗਦੈ ਜ਼ਿਆਦਾ ਸਮਾਂ

ਜੇਮਜ਼ ਕਲੀਅਰ ਅਨੁਸਾਰ ‘ਆਦਤ‘ ਇਕ ‘‘ਅਜਿਹਾ ਵਰਤਾਰਾ ਹੈ ਜਿਸ ਨੂੰ ਮਨੁੱਖ ਜਾਂ ਕਿਸੇ ਜੀਵ ਵੱਲੋਂ ਬਾਰ-ਬਾਰ ਦੁਹਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਵਰਤਾਰਾ ‘ਸਵੈਚਾਲਕ‘ ਹੋ ਜਾਂਦਾ ਹੈ।‘‘ ਮਨੁੱਖੀ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਅਤੇ ਮਾੜੀਆਂ ਵੀ। ਇਹ ‘ਦੋ-ਧਾਰੀ ਤਲਵਾਰ‘ ਹਨ। ਉਦਾਹਰਣ ਵਜੋਂ, ਸਿਗਰਟ-ਨੋਸ਼ੀ ਜਾਂ ਤੰਮਾਕੂ ਪੀਣ ਦੀ ਆਦਤ ਦਮੇਂ ਦੀ ਬੀਮਾਰੀ ਦੇ ਮਰੀਜ਼ ਲਈ ਉਸ ਨੂੰ ਸਾਹ ਸੌਖੀ ਤਰ੍ਹਾਂ ਲੈਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ ਪਰ ਨਾਲ਼ ਹੀ ਇਹ ਉਸ ਦੇ ਫੇਫੜਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦੀ ਹੈ ਜੋ ਫੇਫੜਿਆਂ ਦੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਚੰਗੀਆਂ ਆਦਤਾਂ ਸੁਧਾਰ ਰੂਪੀ ਮੂਲਧੰਨ ਵਿਚ ਇਨ੍ਹਾਂ ਦੇ ਵਿਆਜ ਨੂੰ ਜਮ੍ਹਾ ਕਰ ਕੇ ਉਸ ਨੂੰ ਵਧੀਆ ਜੀਵਨ-ਜਾਚ ਦੇ ‘ਮਿਸ਼ਰਧੰਨ’ ਵਿਚ ਬਦਲ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਦੇ ਸੰਦਰਭ ਵਿਚ ਇਹ ਉਸ ਦੇ ‘ਵਿਗਾੜਾਂ ਦਾ ਮਿਸ਼ਰਧੰਨ‘ ਵੀ ਬਣ ਜਾਂਦੀਆਂ ਹਨ। ਮਨ ਮਾੜੀਆਂ ਆਦਤਾਂ ਨੂੰ ਬੜੀ ਜਲਦੀ ਸਵੀਕਾਰਦਾ ਹੈ ਜਦਕਿ ਚੰਗੀਆਂ ਆਦਤਾਂ ਅਪਣਉਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਸ਼ਖ਼ਸੀਅਤ ਦਾ ਹਿੱਸਾ ਬਣਦੀਆਂ ਆਦਤਾਂ

ਆਦਤਾਂ ਸਾਡੇ ਜੀਵਨ ਵਿਚ ਛੋਟੇ-ਛੋਟੇ ‘ਅਣੂਆਂ(ੳਟੋਮਸ)ਵਾਂਗ ਹਨ ਜੋ ਵਿਖਾਈ ਨਹੀਂ ਦਿੰਦੀਆਂ ਪਰ ਇਹ ਸਾਡੀ ਸ਼ਖ਼ਸੀਅਤ ਉੱਪਰ ਡੂੰਘਾ ਅਸਰ ਪਾਉਂਦੀਆਂ ਹਨ। ਅਣੂ ਮਿਲ ਕੇ ਜਿਵੇਂ ਇਕ ਵੱਡੇ ਯੁਨਿਟ ‘ਮੌਲੀਕਿਊਲ ਦਾ ਰੂਪ ਧਾਰਨ ਕਰ ਲੈਂਦੇ ਹਨ, ਏਸੇ ਤਰ੍ਹਾਂ ਸਾਡੀਆਂ ਆਦਤਾਂ ਵੀ ਮਿਲ ਕੇ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਤੀਕ ਬਣ ਜਾਂਦੀਆਂ ਹਨ। ਜੇਮਜ਼ ਕਲੀਅਰ ਨੇ ਛੋਟੀਆਂ-ਛੋਟੀਆਂ ਆਦਤਾਂ ਨੂੰ ‘ਐਟੌਮਿਕ ਹੈਬਿਟਸ ਦਾ ਨਾਂ ਦਿੱਤਾ ਹੈ। ਉਸ ਦੇ ਅਨੁਸਾਰ ਇਹ ਅਣੂ-ਆਦਤਾਂ (ਐਟੌਮਿਕ ਹੈਬਿਟਸ) ਬੜੀਆਂ ਹੀ ਸੂਖ਼ਮ ਪਰ ਬੜੀਆਂ ਤਾਕਤਵਰ ਹੁੰਦੀਆਂ ਹਨ। ਸ਼ੁਰੂ-ਸ਼ੁਰੂ ਵਿਚ ਇਹ ਬੜੀਆਂ ਮਾਮੂਲੀ ਜਿਹੀਆਂ ਲੱਗਦੀਆਂ ਹਨ ਅਤੇ ਕਾਫ਼ੀ ਕਮਜ਼ੋਰ ਜਾਪਦੀਆਂ ਹਨ, ਪਰ ਫਿਰ ਇਹ ਆਪਸ ਵਿਚ ਜਮ੍ਹਾਂ ਅਤੇ ਜ਼ਰਬ (ਗੁਣਾ) ਹੋ ਕੇ ਕਈ ਗੁਣਾਂ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਸੁਭਾਅ ਅਤੇ ਉਸ ਦੀ ਸ਼ਖ਼ਸੀਅਤ ਦਾ ਅਹਿਮ ਅੰਗ ਬਣ ਜਾਂਦੀਆਂ ਹਨ।

- ਡਾ. ਸੁਖਦੇਵ ਸਿੰਘ ਝੰਡ

Posted By: Harjinder Sodhi