ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਯੂਨਾਨੀ ਦਾਰਸ਼ਿਨਕ ਸੁਕਰਾਤ ਨੇ ਕਿਹਾ ਸੀ ‘ਜੇ ਤੁਸੀਂ ਕਿਸੇ ਮਰੀਜ਼ ਦੀ ਅੱਖ ਦਾ ਇਲਾਜ ਕਰਨਾ ਹੈ ਤਾਂ ਪਹਿਲਾਂ ਤੁਹਾਨੂੰ ਉਸ ਦੇ ਮਨ ਦਾ ਇਲਾਜ ਕਰਨਾ ਹੋਵੇਗਾ। ਇਸ ਤੋਂ ਪਤਾ ਚਲਦਾ ਹੈ ਸਦੀਆਂ ਪਹਿਲਾਂ ਵੀ ਵਿਦਵਾਨ ਦਾਰਸ਼ਨਿਕ ਸਾਇਕੋਲਾਜੀ ਦੇ ਮਹੱਤਵ ਨੂੰ ਸਮਝਦੇ ਸਨ। ਭਾਵੇਂ ਸਾਇਕਾਲੋਜੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਣ ਲੱਗਿਆ ਹੈ।

ਸਾਇਕਾਲੋਜੀ ਮਨ ਨੂੰ ਸਮਝਣ ਦਾ ਵਿਗਿਆਨ ਹੈ। ਇਸ ਸਬੰਧ ਵਿਚ ਹੋਈਆਂ ਖੋਜਾਂ ਨੇ ਬਹੁਤ ਸਾਰੀਆਂ ਅਜਿਹੀਆਂ ਮਾਨਤਾਵਾਂ ਤੋਂ ਪਰਦਾ ਹਟਾ ਦਿੱਤਾ ਜੋ ਪਹਿਲਾਂ ਰਹੱਸ ਬਣੀਆਂ ਹੋਈਆਂ ਸਨ। ਮਨੋਵਿਗਿਆਨ ਦੇ ਖੇਤਰ ਵਿਚ ਸਭ ਤੋਂ ਮਹੱਤਵਪੂਰਨ ਕੰਮ ਸਿਗਮੰਡ ਫਰਾਇਡ ਨੇ ਕੀਤਾ ਉਸ ਨੂੰ ਆਧੁਨਿਕ ਮਨੋ ਵਿਗਿਆਨ ਦਾ ਪਿਤਾਮਾ ਕਿਹਾ ਜਾਦਾ ਹੈ। ਉਸ ਦਾ ਨਾਂ ਆਧੁੁਨਿਕ ਸੰਸਾਰ ਦੇ ਉਨ੍ਹਾਂ ਮਹਾਨ ਚਿੰਤਕਾਂ ਵਿਚ ਗਿਣਿਆਂ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖ ਨੂੰ ਨਵੀ ਚਿੰਤਨ ਦਿ੍ਰਸ਼ਟੀ ਦਿੱਤੀ ਹੈ। ਉਸ ਦੀ ਮਹਾਨ ਦੇਣ ਇਹ ਹੈ ਕਿ ਉਸ ਨੇ ਆਪਣਾ ਧਿਆਨ ਮਨੁੱਖੀ ਵਿਹਾਰ ਦੇ ਨਿਗੁੂਣੇ ਪੱਖਾਂ ਉੱਤੇ ਕੇਂਦਿ੍ਰਤ ਕੀਤਾ ਤੇ ਮਨੁੱਖ ਦੇ ਅੰਦਰੂਨੀ ਵਿਹਾਰ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਅਜਿਹਾ ਕਰਨ ਨਾਲ ਉਸ ਨੇੇ ਮਨੋ ਵਿਗਿਆਨ ਦੇ ਅਰਥ ਤੇ ਇਸ ਦੇ ਅਧਿਐਨ ਖੇਤਰ ਨੂੰ ਬਦਲ ਕੇ ਰੱਖ ਦਿੱਤਾ। ਉਸ ਨੇ ਮਨੁੱਖੀ ਮਨ ਵਿਚ ਬੰਦ ਬੂਹੇ- ਬਾਰੀਆਂ ਨੂੰ ਖੋਲ੍ਹਿਆ ਅਤੇ ਮਨੁੱਖੀ ਮਨ ਦੀ ਵਿਆਖਿਆ ਦੀ ਥਾਂ ਵਿਸ਼ਲੇਸ਼ਣ ਕਰਨਾ ਆਰੰਭ ਕੀਤਾ। ਫਰਾਇਡ ਨੇ ਹੀ ਸਭ ਤੋਂ ਪਹਿਲਾਂ ਇਹ ਖੋਜਿਆ ਕਿ ਮਨੁੱਖੀ ਸਰੀਰ ਦੀ ਤਰ੍ਹਾਂ ਮਨੁੱਖੀ ਮਨ ਵੀ ਰੋਗੀ ਹੋ ਜਾਂਦਾ ਹੈ।

ਪਹਿਲਾਂ ਮਨੁੱਖ ਮਨ ਦੀ ਬਜਾਏ ਦਿਲ ਤੋਂ ਸੋਚਣ ਦੀ ਗੱਲ ਕਹਿੰਦਾ ਸੀ ਪਰ ਸਮੇਂ ਦੇ ਅਨੁਸਾਰ ਜਦ ਵੱਖ- ਵੱਖ ਖੋਜ ਕਾਰਜਾਂ ਦਾ ਆਰੰਭ ਹੋਇਆ ਤਾਂ ਇਹ ਸਿੱਟਾ ਸਾਹਮਣੇ ਆਇਆ ਕਿ ਸੋਚਣ ਤੇ ਸਮਝਣ ਦੀ ਸ਼ਕਤੀ ਮਨੁੱਖੀ ਦਿਮਾਗ਼ ਕੋਲ ਹੈ ਜਦਕਿ ਦਿਲ ਦਾ ਕੰਮ ਸਰੀਰ ਨੂੰ ਖ਼ੂਨ ਦੀ ਸਪਲਾਈ ਦੇਣਾ ਹੈ। ਦਿਲ ਦੀ ਧੜਕਣ ਮਾਂ ਦੇ ਪੇਟ ਵਿੱਚ ਸ਼ੁਰੂ ਹੁੰਦੀ ਹੈ ਅਤੇ ਇਹ ਮਨੁੱਖ ਦੇ ਸੌਂਦਿਆਂ ਜਾਗਦਿਆਂ ਨਿਰੰਤਰ ਆਪਣਾ ਕੰਮ ਜਾਰੀ ਰੱਖਦਾ ਹੈ, ਉਦੋਂ ਤਕ ਜਦੋਂ ਤਕ ਮਨੁੱਖ ਜ਼ਿੰਦਾ ਹੈ ਜਦਕਿ ਦਿਮਾਗ਼ ਜਿੱਥੇ ਫੁਰਨੇ ਪਣਪਦੇ ਹਨ, ਨੂੰ ਸਰੀਰ ਵਾਂਗ ਆਰਾਮ ਦੀ ਲੋੜ ਹੁੰਦੀ ਹੈ।

ਮਨੋਵਿਗਿਆਨ ਨੇ ਮਨੁੱਖੀ ਮਨ ਨੂੰ ਤਿੰਨ ਭਾਗਾਂ ਵਿਚ ਵੰਡਿਆ: ਸੁਚੇਤ ਮਨ, ਅਚੇਤ ਮਨ ਅਤੇ ਅਰਧ ਚੇਤਨ ਮਨ। ਮਨੁੱਖੀ ਮਨ ਦੀ ਸੁਚੇਤ ਜਾਂ ਚੇਤਨ ਅਵਸਥਾ ਉਹ ਹੁੰਦੀ ਹੈ, ਜਦੋਂ ਮਨੁੱਖ ਜਾਗਰਤ ਹੁੰਦਾ ਹੈ, ਆਪਣੇ ਰੂਟੀਨ ਦੇ ਕਾਰਵਿਹਾਰ ਕਰਦੇ ਹੋ, ਮਨ ਸਰੀਰ ਨੂੰ ਸਹੀ ਦਿਸ਼ਾ ਵਿਚ ਰੱਖਣ ਲਈ ਦਿਸ਼ਾ- ਨਿਰਦੇਸ਼ ਦਿੰਦਾ ਹੈ। ਮਨ ਦਾ ਦੂਜਾ ਭਾਗ ਅਵਚੇਤਨ ਮਨ ਹੈ, ਜਿਸ ਵਿਚ ਮਨੁੱਖ ਦੀਆਂ ਯਾਦਾਂ, ਉਸ ਦੇ ਮਨ ਵੱਲੋਂ ਗ੍ਰਹਿਣ ਕੀਤਾ ਗਿਆਨ ਦਾ ਵਿਸ਼ਾਲ ਭੰਡਾਰ ਹੁੰਦਾ ਹੈ। ਤੀਜਾ ਭਾਗ ਹੈ ਅਰਧ ਚੇਤਨ ਮਨ ਅਵਚੇਤਨ ਦੇ ਵਿਚ ਪਏ ਯਾਦਾਂ ਦੇ ਖ਼ਜ਼ਾਨੇ ਨੂੰ ਚੇਤਨ ਤਕ ਆਉਣ ਦੀ ਪ੍ਰਕਿਰਿਆ ਨੂੰ ਅਰਧ ਚੇਤਨ ਮਨ ਦੀ ਪ੍ਰੀਕਿਰਿਆ ਕਿਹਾ ਜਾਂਦਾ ਹੈ।

ਜਦੋਂ ਤੋਂ ਮਾਨਸ ਜਾਤ ਨੇ ਵਿਕਸਤ ਹੋਈ, ਉਦੋਂ ਤੋਂ ਹੀ ਇਸ ਅੰਦਰ ਡਰ ਸਹਿਮ ਬਰਕਰਾਰ ਰਹੇ। ਇਹ ਪੱਥਰ ਯੁੱਗ ਵਿਚ ਵੀ ਸਨ ਤੇ ਅੱਜ ਵੀ ਹਨ। ਮਨੁੱਖੀ ਮਨ ਨੂੰ ਸਮਝਣ ਵਾਲੇ ਮਨੁੱਖ ਦੇ ਇਸ ਡਰ ਦਾ ਰੱਜ ਕੇ ਫ਼ਾਇਦਾ ਉਠਾਉਂਦੇ ਹਨ। ਇੱਥੋਂ ਤਕ ਕਿ ਚਾਤੁਰ ਲੋਕ ਲੋੜ ਅਨੁਸਾਰ ਬਣਾਉਟੀ ਡਰ ਵੀ ਪੈਦਾ ਕਰ ਲੈਂਦੇ ਹਨ ਕਿਉਂਕਿ ਮਨੁੱਖ ਦੀ ਅਗਿਆਨਤਾ ਤੋਂ ਫ਼ਾਇਦਾ ਲੈਣ ਵਾਲੇ ਜਾਣਦੇ ਹਨ ਕਿ ਜਨਮਾਨਸ ਨੂੰ ਵੱਖ- ਵੱਖ ਤਰ੍ਹਾਂ ਦੇ ਡਰ ਦੇ ਕੇ ਆਸਾਨੀ ਨਾਲ ਲੁੱਟਿਆ ਜਾ ਸਕਦਾ ਹੈ। ਰਾਜਨੀਤਕ ਲੋਕ ਅਤੇ ਅਖੌਤੀ ਬਾਬੇ ਲੋਕਾਂ ਨੂੰ ਆਪਣੇ ਮਗਰ ਤੋਰਦੇ ਹਨ ਤੇੇ ਆਪਣੇ ਕਾਰੋਬਾਰਾਂ ਨੂੰ ਫੈਲਾਉਂਦੇ ਤੁਰੇ ਜਾਂਦੇ ਹਨ। ਇਹੀ ਅਖੌਤੀ ਬਾਬਿਆਂ ਦੇ ਝਾਂਸੇ ’ਚ ਫਸ ਕੇ ਕਈ ਵਾਰ ਲੋਕ ਗ਼ਲਤ ਕੰਮ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਤੇ ਕਈ ਵਾਰ ਇਸਦੇ ਸਿੱਟੇ ਬਹੁਤ ਭਿਆਨਕ ਨਿਕਲਦੇ ਹਨ। ਅੱਜਕੱਲ੍ਹ ਅਖ਼ਬਾਰਾਂ ਅਤੇ ਟੀਵੀ ਚੈਨਲਾਂ ’ਤੇ ਇਹ ਖ਼ਬਰਾਂ ਆਮ ਦੇਖਣ ਨੂੰ ਮਿਲਦੀਆਂ ਹਨ ਕਿ ਇਸ ਬਾਬੇ ਦੇ ਕਹਿਣ ’ਤੇ ਇਕ ਵਿਅਕਤੀ ਨੇ ਦੂਸਰੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਾਂ ਆਪਣੇ ਪੂਰੇ ਪਰਿਵਾਰ ਨਾਲ ਆਤਮ ਹੱਤਿਆ ਕਰ ਲਈ। ਇਸ ਇਸ ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਤੋਂ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਪੁਰਾਣੇ ਸਮੇਂ ’ਚ ਸਮਝਾਇਆ ਜਾਂਦਾ ਸੀ ਕਿ ਵਹਿਮ ਦਾ ਕੋਈ ਇਲਾਜ ਨਹੀਂ ਪਰ ਮਨੋਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਵਹਿਮ ਦਾ ਇਲਾਜ ਹੈ ਅਤੇ ਮਨੁੱਖ ਦੀਆਂ ਆਦਤਾਂ ਵੀ ਮਾਹੌਲ ਅਤੇ ਸਮੇਂ ਦੇ ਬਦਲਣ ਨਾਲ ਬਦਲਦੀਆਂ ਰਹਿੰਦੀਆਂ ਹਨ। ਕਈ ਇਤਿਹਾਸਕ ਹਵਾਲੇ ਮਿਲਦੇ ਹਨ ਕਿ ਡਾਕੂ, ਚੋਰ, ਲੁਟੇਰੇ ਸਾਧ ਬਣ ਗਏ ਅਤੇ ਮਾੜੀਆਂ ਆਦਤਾਂ ਵਾਲੇ ਲੋਕਾਂ ਦਾ ਸਮੇਂ ਨਾਲ ਵਿਹਾਰ ਬਦਲਿਆ ਤੇ ਉਹ ਚੰਗੇ ਇਨਸਾਨ ਬਣ ਗਏ।

ਅੱਜਕੱਲ੍ਹ ‘ਡਿਪਰੈਸ਼ਨ’ ਅਤੇ ‘ਟੈਨਸ਼ਨ’ ਸ਼ਬਦ ਸਾਡੀ ਆਮ ਬੋਲਚਾਲ ਵਿਚ ਸ਼ਾਮਲ ਹੋ ਗਏ ਹਨ। ਬਦਲਦੀ ਜੀਵਨ ਸ਼ੈਲੀ ਨਾਲ ਸਭ ਕੁਝ ਬੜੀ ਤੇਜ਼ੀ ਨਾਲ ਬਦਲਣ ਲੱਗਿਆ ਹੈ। ਸਾਡੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਵੀ ਬੜੀ ਤੇਜ਼ੀ ਨਾਲ ਬਦਲਣ ਲੱਗੀਆਂ ਹਨ। ਸੰਚਾਰ ਸਾਧਨਾਂ ਖ਼ਾਸ ਕਰਕੇ ਮੋਬਾਈਲ ਫੋਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਜਿੱਥੇ ਮੋਬਾਈਲ ਫੋਨ ਸਾਡੇ ਲਈ ਕਈ ਪੱਖਾਂ ਤੋਂ ਵਰਦਾਨ ਸਿੱਧ ਹੋਇਆ ਹੈ, ਉੱਥੇ ਇੰਟਰਨੈੱਟ ਦੀ ਸਹੂਲਤ ਨਾਲ ਅਜੋਕੀ ਨੌਜਵਾਨ ਪੀੜ੍ਹੀ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ।

ਨਸ਼ਿਆਂ ਵਾਂਗ ਇੰਟਰਨੈੱਟ ਦਾ ਨਸ਼ਾ ਮਨੱੁਖੀ ਜ਼ਿੰਦਗੀ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਲੱਗਿਆ ਹੈ। ਕਈ ਦੇਸ਼ਾਂ ਵਿਚ ਸਾਇਕਲੋਜੀਕਲ ਰੋਗਾਂ ਦੇ ਵੱਧ ਰਹੇ ਵਰਤਾਰੇ ਨੂੰ ਦੇਖਦੇ ਹੋਏ ਹੁਣ ਕਈ ਦੇਸ਼ਾਂ ਵਿਚ ਨਸ਼ਾ ਛੁਡਾਊ ਕੇਦਰਾਂ ਦੀ ਤਰ੍ਹਾਂ ਮੋਬਾਈਲ ਡਿਆਡੀਕਸ਼ਨ ਸੇਟਰ ਵੀ ਖੁੱਲ ਰਹੇ ਹਨ। ਇਸ ਕਰਕੇ ਮਨੋਰੋਗਾਂ ਦੇ ਸ਼ਿਕਾਰ ਵਿਅਕਤੀ ਨੂੰ ਜਿੰਨੀ ਇਲਾਜ ਦੀ ਜ਼ਰੂਰਤ ਹੁੰਦੀ ਹੈ, ਓਨੀ ਹੀ ਉਸ ਦੇ ਪਰਿਵਾਰਕ ਮੈਬਰਾਂ ਦੇ ਸਹਾਰੇ ਦੀ ਵੀ ਲੋੜ ਹੁੰਦੀ ਹੈ।

ਸਮੇਂ ਦੇ ਬਦਲਦੇ ਦੌਰ ਵਿਚ ਬਹੁਤ ਸਾਰੀਆਂ ਨਵੇਂ ਢੰਗ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਜਿਸ ਕਰਕੇ ਦੁਨੀਆ ਭਰ ਵਿਚ ਵੱਡੀ ਗਿਣਤੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਪਏ ਹਨ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ , ਕੰਮ ਦਾ ਜ਼ਿਆਦਾ ਬੋਝ ਹੋਣ ਕਰਕੇ, ਜ਼ਿਆਦਾ ਸਮਾਂ ਮੋਬਾਈਲ ਫੋਨ ’ਤੇ ਜਾਂ ਸੋਸ਼ਲ ਮੀਡੀਆ ’ਤੇ ਬਿਤਾਉਣ ਕਰਕੇ ਅਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੇਪਰੇ ਨਾ ਚੜਨ ਕਰਕੇ ਬਜ਼ੁਰਗਾਂ ਤੋਂ ਇਲਾਵਾ ਹੁਣ ਨੌਜਵਾਨਾਂ ਅਤੇ ਬੱਚਿਆਂ ਵਿਚ ਵੀ ਮਾਨਸਿਕ ਵਿਕਾਰ ਦੇਖਣ ਨੂੰ ਮਿਲਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਮਾਤਾ ਪਿਤਾ ਦਾ ਕੰਮ ਜ਼ਿਆਦਾ ਰੁਝੇਵੇਂ ਭਰਿਆ ਹੋਣ ਕਰਕੇ ਉਹ ਆਪਣੇ ਬੱਚਿਆਂ ਵੱਲ ਧਿਆਨ ਨਾ ਦੇ ਸਕਣਾ, ਪੜ੍ਹਾਈ ਦਾ ਜ਼ਿਆਦਾ ਬੋਝ ਹੋਣ ਕਰਕੇ , ਬੱਚਿਆਂ ਦਾ ਵੀ ਜ਼ਿਆਦਾ ਫੋਨ ਚਲਾਉਣ ਕਰਕੇ । ਪਹਿਲਾਂ ਮਾਨਸਿਕ ਰੋਗਾਂ ਦਾ ਵਰਤਾਰਾ ਜ਼ਿਆਦਾ ਪੱਛਮੀ ਦੇਸ਼ਾਂ ਵਿਚ ਦੇਖਣ ਨੂੰ ਮਿਲਦਾ ਸੀ ਪਰ ਪਿਛਲੇ ਕੁਝ ਕੁ ਸਮੇਂ ਦੌਰਾਨ ਇਸ ਦਾ ਰੁਝਾਨ ਭਾਰਤ ਵਿਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।

ਪੁਰਾਣੇ ਸਮੇਂ ਵਿਚ ਜਦ ਵੀ ਕੋਈ ਵਿਅਕਤੀ ਮਾਨਸਿਕ ਰੋਗ ਦਾ ਸ਼ਿਕਾਰ ਹੁੰਦਾ ਤਾਂ ਉਸ ਦੇ ਪਰਿਵਾਰਕ ਮੈਂਬਰ ਇਸ ਨੂੰ ਕਿਸੇ ਜੰਤਰ- ਮੰਤਰ ਜਾਂ ਓਪਰੀ ਕਸਰ ਦਾ ਸਾਇਆ ਮੰਨਦੇ ਸਨ। ਸਬੰਧਤ ਮਰੀਜ਼ ਨੂੰ ਕਿਸੇ ਬਾਬੇ ਕੋਲ ਲੈ ਜਾਂਦੇ ਹਨ, ਜੋ ਉਸ ਵਿਅਕਤੀ ਦਾ ਇਲਾਜ ਕਿਸੇ ਤੰਤਰ ਮੰਤਰ ਨਾਲ ਜਾਂ ਕਈ ਤਰ੍ਹਾਂ ਦੇ ਸਰੀਰਕ ਕਸ਼ਟ ਦੇ ਕੇ ਕਰਦੇ ਹਨ ਪਰ ਇਸ ਨਾਲ ਉਸ ਵਿਅਕਤੀ ਨੂੰ ਕੋਈ ਵੀ ਆਰਾਮ ਨਹੀਂ ਮਿਲਦਾ ਅਤੇ ਲੋਕ ਬਾਬਿਆਂ ਦੇ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਜਾਦੇ ਹਨ।

ਮਨੋਰੋਗਾਂ ਦਾ ਸ਼ਿਕਾਰ ਹੋਣ ਕਾਰਨ ਕਈ ਵਾਰ ਵਿਅਕਤੀ ਇਹ ਸੋਚਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਕੁਝ ਵੀ ਨਹੀਂ ਬਚਿਆ। ਇਸ ਕਰਕੇ ਕਈ ਵਾਰ ਉਹ ਖ਼ੁਦਕੁਸ਼ੀ ਦੇ ਰਾਹ ਵੱਲ ਤੁਰ ਪੈਂਦੇ ਹਨ ਤੇ ਕਈ ਵਾਰ ਨਸ਼ਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਜਾਂ ਫਿਰ ਕਈ ਹੋਰ ਉਲਟੇ ਢੰਗ ਤਰੀਕੇ ਵਰਤਦੇ ਹਨ। ਮਨੋਰੋਗ ਮਾਹਿਰ ਡਾਕਟਰ ਅਜਿਹੇ ਸਭ ਤਰ੍ਹਾਂ ਦੇ ਵਿਕਾਰਾਂ ਦਾ ਇਲਾਜ ਕਰਨ ਦੇ ਸਮਰੱਥ ਹੁੰਦੇ ਹਨ। ਕੋਈ ਕਿਸੇ ਵਿਅਕਤੀ ਦੇ ਵਿਵਹਾਰ ਵਿਚ ਤੇਜ਼ੀ ਆ ਗਈ ਹੈ ਜਾਂ ਇਸ ਦੇ ਉਲਟ ਕੋਈ ਬਹੁਤ ਸੁਸਤ ਹੈ, ਘਰੋਂ ਬਾਹਰ ਜਾਣ ’ਤੇ ਜੀਅ ਨਾ ਲੱਗਣਾ, ਕਦੇ ਕਈ ਤਰ੍ਹਾਂ ਦੀਆਂ ਘਟਨਾਵਾਂ ਅਤੇ ਵਰਤਾਰਿਆਂ ਬਾਰੇ ਸੋਚ ਕੇ ਡਰ ਲੱਗਣਾ ਆਦਿ ਵਿਕਾਰਾਂ ਦਾ ਇਲਾਜ ਸੰਭਵ ਹੈ।

ਕਈ ਸ਼ਾਖਾਵਾਂ ਆਈਆਂ ਹੋਂਦ ’ਚ

ਜਿਵੇ ਮਨੁੱਖੀ ਵਿਵਹਾਰ ਦੀਆਂ ਕੋਈ ਸੀਮਾਵਾਂ ਨਹੀ ,ਉਵੇਂ ਹੀ ਮਨੋਵਿਗਿਆਨ ਦਾ ਖੇਤਰ ਵੀ ਵਿਸ਼ਾਲ ਹੈ। ਮਾਨਵ ਦੇ ਆਪਣੇ ਆਲੇ -ਦੁਆਲੇ ਨਾਲ ਸਬੰਧਾਂ ਦਾ ਸਮੁੱਚਾ ਖੇਤਰ ਮਨੋਵਿਗਿਆਨ ਦਾ ਖੇਤਰ ਹੈ। ਸਾਈਕਾਲੌਜੀ ਹੁਣ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਸ਼ੇ ਵਜੋਂ ਪੜ੍ਹਾਈ ਜਾਣ ਲੱਗੀ ਹੈ ਅਤੇ ਇਸ ਦੀਆਂ ਅਨੇਕ ਸ਼ਾਖਾਵਾਂ ਹੋਂਦ ’ਚ ਆ ਗਈਆਂ ਹਨ, ਜਿਨ੍ਹਾਂ ’ਚੋਂ ਜਾਤੀ ਮਨੋਵਿਗਿਆਨ, ਅਸਾਧਾਰਨ ਮਨੋਵਿਗਿਆਨ, ਸਮਾਜਿਕ ਮਨੋਵਿਗਿਆਨ , ਉਦਯੋਗਿਕ ਮਨੋਵਿਗਿਆਨ ਆਦਿ ਪ੍ਰਮੁੱਖ ਹਨ।

- ਡਾ ਰਜਨੀਤ ਕੌਰ ਜੀਰਾ

Posted By: Harjinder Sodhi