ਅਖਾਣ ਅਤੇ ਮੁਹਾਵਰੇ ਭਲੀਭਾਂਤ ਪ੍ਰਚੀਨ ਲੋਕਾਂ ਦੀ ਰਹਿਣੀ-ਬਹਿਣੀ ਅਤੇ ਸੋਚਣੀ ਦੀ ਕਹਾਣੀ ਬਿਆਨ ਕਰਦੇ ਹਨ। ਉਦਾਹਰਨ ਵਜੋਂ ‘‘ਕਾਹਲੀ ਅੱਗੇ ਟੋਏ’’ ਦੇ ਅਖਾਣ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਦਾ ਮਨੁੱਖ ਕਾਹਲੀ ਨਹੀਂ ਸੀ ਕਰਦਾ, ਉਹ ਜਾਣਦਾ ਸੀ ਕਿ ਕਾਹਲੀ ਨਾਲ ਕੀਤਾ ਕੋਈ ਵੀ ਕੰਮ ਖਰਾਬ ਜਾਂ ਅਧੂਰਾ ਹੋ ਜਾਂਦਾ ਹੈ। ‘‘ਸਹਿਜ ਪਕੇ ਸੋ ਮੀਠਾ ਹੋਏ’’ ਇਹ ਮੁਹਾਵਰਾ ਵੀ ਇਹੋ ਹੀ ਸਿੱਖਿਆ ਦਿੰਦਾ ਹੈ ਕਿ ਕਾਹਲੀ ਨਾਲ ਪਕਾਇਆ ਭੋਜਨ ਸੁਆਦਲਾ ਨਹੀਂ ਹੁੰਦਾ। ਹਿੰਦੀ ਦੇ ਇਕ ਕਵੀ ਨੇ ਆਪਣੀ ਕਵਿਤਾ ਵਿਚ ਠੀਕ ਹੀ ਲਿਖਿਆ ਹੈ ਕਿ ‘‘ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁੱਛ ਹੋਏ, ਮਾਲੀ ਸੀਂਚੇ ਸੌ ਘੜਾ ਰਿਤੂ ਆਏ ਫਲ ਹੋਏ’’। ਅਰਥਾਤ ਸਹਿਜੇ-ਸਹਿਜੇ ਕੰਮ ਹੋ ਜਾਂਦੇ ਹਨ। ਅੰਬ ਜਾਂ ਜਾਮਣ ਦੇ ਰੁੱਖ ਨੂੰ ਸੌ-ਸੌ ਘੜੇ ਪਾਣੀ ਦੇ ਰੋਜ਼ ਪਾਓ, ਪਰ ਫਲ ਤਾਂ ਉਸ ਨੂੰ ਰਿਤੂ ਭਾਵ ਮੌਸਮ ਆਉਣ ’ਤੇ ਹੀ ਲੱਗਦੇ ਹਨ। ਇਸ ਤਰ੍ਹਾਂ ਮਨੁੱਖ ਨੂੰ ਸਬਰ ਤੇ ਸੰਤੋਖ ਤੋਂ ਕੰਮ ਲੈਂਦੇ ਹੋਏ ਹੌਲੀ-ਹੌਲੀ ਆਪਣਾ ਕੰਮ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਕੋਈ ਵੀ ਕੰਮ ਸਾਫ਼ ਸੋਹਣਾ ਅਤੇ ਤਰਤੀਬ, ਲਗਨ ਅਤੇ ਮਿਹਨਤ ਨਾਲ ਜੀਅ ਲਗਾ ਕੇ ਕਰਨਾ ਚਾਹੀਦਾ ਹੈ। ਕਾਹਲੀ ਨਹੀਂ ਕਰਨੀ ਚਾਹੀਦੀ, ਜਦੋਂ ਸਮਾਂ ਆਵੇਗਾ ਸਫਲਤਾ ਆਪਣੇ-ਆਪ ਮਿਲ ਜਾਵੇਗੀ। ਗੱਲ ਇਕ ਨਿੱਕੇ ਬੱਚੇ ’ਤੇ ਹੀ ਲੈ ਲਵੋ। ਨਿੱਕਾ ਬੱਚਾ ਸਹਿਜੇ-ਸਹਿਜੇ ਹੀ ਬੈਠਣਾ ਸਿੱਖਦਾ ਅਤੇ ਡਿੱਗ-ਡਿੱਗ ਕੇ ਹੀ ਖੜ੍ਹਾ ਹੁੰਦਾ ਹੈ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਉਸ ਨੂੰ ਤੁਰਨਾ ਆਉਂਦਾ ਹੈ। ਇਸੇ ਤਰ੍ਹਾਂ ਤੋਤਲੀਆਂ ਗੱਲਾਂ ਕਰਦਾ-ਕਰਦਾ ਰੋਟੀ ਨੂੰ ਓਟੀ ਤੇ ਪਾਣੀ ਨੂੰ ਮਾਣੀ ਕਹਿੰਦਾ ਹੀ ਉਹ ਬੋਲਣਾ ਸਿੱਖ ਜਾਂਦਾ ਹੈ। ਬੱਚੇ ਵਿਚ ਜੇਕਰ ਸਬਰ ਨਾ ਹੋਵੇ ਜਾਂ ਉਹ ਫਜ਼ੂਲ ਕਰੇ ਤਾਂ ਉਹ ਸੱਟਾਂ ਹੀ ਖਾਵੇਗਾ ਅਤੇ ਉਸ ਦੀ ਸਿੱਖੀ ਹੋਈ ਹਰ ਚੀਜ਼ ਅਧੂਰੀ ਹੀ ਹੋਵੇਗੀ।

ਅੱਜ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਇਹ ਕਾਹਲੀ ਅਤੇ ਤੇਜ਼ੀ ਦਾ ਦੌਰ ਹੈ, ਜਲਦੀ ਭੋਜਨ ਪਕਾਉਣ ਵਾਸਤੇ ਪ੍ਰੈਸ਼ਰ ਕੁੱਕਰ ਆ ਗਿਆ ਹੈ, ਤੁਰੰਤ ਕੌਫੀ ਜਾਂ ਚਾਹ ਤਿਆਰ ਕਰਨ ਲਈ ਇਨਸਟੈਂਟ ਕੌਫੀ ਬਾਜ਼ਾਰ ਵਿਚ ਆ ਗਈ ਹੈ। ਰਸਨਾ ਥਮਜ ਅੱਪ, ਕੈਂਪੇ ਵਰਗੇ ਬਣੇ-ਬਣਾਏ ਸ਼ਰਬਤ ਵਿਕਣ ਲੱਗ ਪਏ ਹਨ, ਹੋਰ ਤਾਂ ਹੋਰ ਕੱਪੜੇ ਵੀ ਰੈਡੀਮੇਡ ਵਿਕਦੇ ਹਨ। ਦਵਾਈਆਂ ਆਦਿ ਨੂੰ ਹੁਣ ਕੁੱਟਣਾ, ਛਾਣਨਾ ਅਤੇ ਉਬਾਲਣਾ ਨਹੀਂ ਪੈਂਦਾ। ਬਣੀਆਂ -ਬਣਾਈਆ ਗੋਲੀਆਂ ਮਿਲ ਜਾਂਦੀਆਂ ਹਨ। ਲੋਕਾਂ ਵਿਚ ਸਬਰ ਰਿਹਾ ਹੀ ਨਹੀਂ, ਉਹ ਕਾਹਲੀ ਨਾਲ ਤੁਰਦੇ ਹਨ ਤੇ ਗੱਲਾਂ ਵੀ ਕਾਹਲੀ-ਕਾਹਲੀ ਨਾਲ ਕਰਦੇ ਹਨ। ਹੋਰ ਤਾਂ ਹੋਰ ਅਧਿਆਪਕ ਵੀ ਕਾਹਲੀ-ਕਾਹਲੀ ਹੀ ਪੜ੍ਹਾਉਂਦੇ ਹਨ ਤੇ ਬੱਚੇ ਵੀ ਕਾਹਲੀ-ਕਾਹਲੀ ਸਕੂਲ ਦਾ ਕੰਮ ਕਰਕੇ ਪਰ੍ਹਾਂ ਮਾਰਦੇ ਹਨ। ਕਾਹਲੀ-ਕਾਹਲੀ ਵਿਚ ਅਸੀਂ ਜਦੋਂ ਵਹੀਕਲ ਚਲਾਉਂਦੇ ਹਾਂ ਤਾਂ ਦੁਰਘਟਨਾ ਦਾ ਸ਼ਿਕਾਰ ਹੋਣ ਦਾ ਡਰ ਰਹਿੰਦਾ ਹੈ। ਆਪਰੇਸ਼ਨ ਕਰਦੇ ਸਮੇਂ ਜਦੋਂ ਡਾਕਟਰ ਕਾਹਲੀ -ਕਾਹਲੀ ਨਾਲ ਟਾਂਕੇ ਲਗਾ ਦਿੰਦੇ ਹਨ ਤਾਂ ਕਈ ਵਾਰ ਕੈਂਚੀਆਂ ਅਤੇ ਪੱਟੀਆਂ ਮਰੀਜ਼ ਦੇ ਪੇਟ ਵਿਚ ਹੀ ਰਹਿ ਜਾਂਦੀਆਂ ਹਨ, ਜਿਸ ਨਾਲ ਉਸ ਨੂੰ ਜੋ ਤਕਲੀਫ ਝੱਲਣੀ ਪੈਂਦੀ ਹੈ, ਉਹ ਅਸਹਿ ਹੁੰਦੀ ਹੈ।

ਇਹ ਸਹੀ ਹੈ ਕਿ ਸਾਨੂੰ ਕਿਸੇ ਵੀ ਕੰਮ ਵਿਚ ਸੁਸਤ ਨਹੀਂ ਹੋਣਾ ਚਾਹੀਦਾ। ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਪਾਉਣਾ ਚਾਹੀਦਾ, ਪਰ ਕਿਸੇ ਕੰਮ ਵਿਚ ਕਾਹਲੀ ਵੀ ਨਹੀਂ ਕਰਨੀ ਚਾਹੀਦੀ। ਜਿਵੇਂ ਕੁਦਰਤ ਵਿਚ ਹਰ ਚੀਜ਼ ਦੇ ਨਿਯਮ ਬਣੇ ਹੋਏ ਹਨ, ਹਰ ਕੰਮ ਸਮੇਂ ਨਾਲ ਹੀ ਹੁੰਦਾ ਹੈ। ਇਸੇ ਤਰ੍ਹਾਂ ਹਰ ਕੰਮ ਦੇ ਨੇਪਰੇ ਚੜ੍ਹਨ ਦਾ ਵੀ ਸਮਾਂ ਹੁੰਦਾ ਹੈ। ਕਾਹਲੀ ਕਰਨ ਵਾਲੇ ਲੋਕਾਂ ਨੂੰ ਉਸੇ ਤਰ੍ਹਾਂ ਪਛਤਾਉਣਾ ਪੈਂਦਾ ਹੈ, ਜਿਵੇਂ ਸੁਸਤੀ ਨਾਲ ਲੰਙੇ ਡੰਗ ਕਰਨ ਵਾਲੇ ਪਛਤਾਉਂਦੇ ਹਨ। ਸਿੱਖਿਆ ਦੇ ਖੇਤਰ ਦਾ ਇਕ ਅਸੂਲ ਹੈ ਕਿ ਬੇਸਬਰਾ ਵਿਅਕਤੀ ਨਾ ਵਧੀਆ ਅਧਿਆਪਕ ਬਣ ਸਕਦਾ ਹੈ ਅਤੇ ਨਾ ਹੀ ਵਿਦਿਆਰਥੀ। ਹੌਲੀ-ਹੌਲੀ ਅਤੇ ਲਗਾਤਾਰ ਕੰਮ ਕਰਨ ਵਾਲੇ ਲੋਕ ਹੀ ਹਰ ਖੇਤਰ ਵਿਚ ਕਾਮਯਾਬ ਹੁੰਦੇ ਹਨ।

- ਸੁਖਮੰਦਰ ਸਿੰਘ ਤੂਰ

Posted By: Harjinder Sodhi