Haridwar Kumbh Mela 2021 : ਸਟੇਟ ਬਿਊਰੋ, ਦੇਹਰਾਦੂਨ : ਕੋਰੋਨਾ ਸੰਕਟ ਦੇ ਪਰਛਾਵੇਂ ਹੇਠ ਹੋਣ ਜਾ ਰਹੇ ਹਰਿਦੁਆਰ ਕੁੰਭ ਮੇਲੇ ਲਈ ਹੁਣ ਰਜਿਸਟ੍ਰੇਸ਼ਨ ਲਾਜਮ਼ੀ ਕਰ ਦਿੱਤੀ ਗਈ ਹੈ। ਸ਼ਾਸਨ ਵੱਲੋਂ ਸ਼ਨਿਚਰਵਾਰ ਨੂੰ ਕੁੰਭ ਲਈ ਜਾਰੀ ਕੀਤੀ ਗਈ SoP 'ਚ ਇਹ ਵਿਵਸਥਾ ਕੀਤੀ ਗਈ ਹੈ। ਰਜਿਸਟ੍ਰੇਸ਼ਨ ਲਈ ਵੈੱਬ ਪੋਰਟਲ ਦਾ ਐਡਰੈੱਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਆਉਣ ਤੋਂ 72 ਘੰਟੇ ਪਹਿਲਾਂ ਦੀ ਆਰਟੀਪੀਸੀਆਰ ਜਾਂਚ ਦੀ ਨੈਗੇਟਿਵ ਰਿਪੋਰਟ ਤੋਂ ਬਾਅਦ ਹੀ ਸ਼ਰਧਾਲੂ ਕੁੰਭ 'ਚ ਆ ਸਕਣਗੇ। ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਪਵੇਗੀ।

ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਬੀਤੀ ਨੌਂ ਫਰਵਰੀ ਨੂੰ ਕੁੰਭ ਮੇਲਾ ਖੇਤਰ 'ਚ ਕੋਰੋਨਾ ਇਨਫੈਕਸ਼ਨ ਨਾਲ ਦੋ-ਚਾਰ ਹੋ ਰਹੇ 10 ਸੈਕਟਰਾਂ ਲਈ ਐੱਸਓਪੀ ਜਾਰੀ ਕੀਤੀ ਸੀ। ਇਨ੍ਹਾਂ ਸੈਕਟਰ 'ਚ ਆਸ਼ਰਮ-ਧਰਮਸ਼ਾਲਾ, ਹੋਟਲ-ਰੈਸਟੋਰੈਂਟ ਤੇ ਗੈਸਟ ਹਾਊਸ, ਦੁਕਾਨ-ਵਣਜ ਅਦਾਰੇ, ਧਾਰਮਿਕ ਸਥਾਨ, ਜਨਤਕ ਟਰਾਂਸਪੋਰਟ, ਵਾਹਨ ਪਾਰਕਿੰਗ ਵਾਲੀ ਜਗ੍ਹਾ, ਆਰਾਮ ਘਰ, ਘਾਟ, ਰੇਲਵੇ ਤੇ ਬਸ ਸਟੇਸ਼ਨ ਸ਼ਾਮਲ ਹਨ। ਕੁੰਭ ਮੇਲੇ ਦਾ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੀ ਐੱਸਓਪੀ ਅਸਰਦਾਰ ਮੰਨੀ ਜਾਵੇਗੀ। ਹਰਿਦੁਆਰ 'ਚ ਕੁੰਭ ਹੁਣ ਇਕ ਅਪ੍ਰੈਲ ਤੋਂ ਤਜ਼ਵੀਜ਼ਸ਼ੁਦਾ ਹੈ।

ਕੁੰਭ ਦੇ ਮੱਦੇਨਜ਼ਰ ਸਰਕਾਰ ਤਿਆਰੀਆਂ 'ਚ ਜੁਟੀ ਹੈ। ਕੁੰਭ 'ਚ ਕੋਰੋਨਾ ਦੀ ਰੋਕਥਾਮ ਦੇ ਮੱਦੇਨਜ਼ਰ ਸ਼ਾਸਨ ਨੇ ਹੁਣ ਇਕ ਹੋਰ ਐੱਸਓਪੀ ਜਾਰੀ ਕੀਤੀ ਹੈ। ਸਕੱਤਰ ਆਫ਼ਤ ਪ੍ਰਬੰਧਨ ਐੱਸਓ ਮੁਰੂਗੇਸ਼ਨ ਵੱਲੋਂ ਜਾਰੀ ਐੱਸਓਪੀ ਅਨੁਸਾਰ ਕੁੰਭ 'ਚ ਸ਼ਰਧਾਲੂਆਂ, ਸਥਾਨਕ ਨਿਵਾਸੀਆਂ, ਯਾਤਰੀਆਂ, ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਸਾਰੇ ਹਿੱਤਧਾਰਕਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਸਖ਼ਤਾਈ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਐੱਸਓਪੀ ਮੁਤਾਬਿਕ ਕੁੰਭ ਮੇਲੇ 'ਚ ਆਉਣ ਵਾਲੇ ਹਰੇਕ ਵਿਅਕਤੀ ਤੇ ਯਾਤਰੀ ਨੂੰ ਵੈੱਬ ਪੋਰਟਲ www.haridwarkumbhmela2021.com/ www.haridwarkumbhpolice2021.com 'ਤੇ ਲਾਜ਼ਮੀ ਰੂਪ 'ਚ ਰਜਿਸਟ੍ਰੇਸ਼ਨ ਕਰਨੀ ਪਵੇਗੀ। ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਕੁੰਭ 'ਚ ਆਉਣ ਨਾਲ 72 ਘੰਟੇ ਪਹਿਲਾਂ ਦੀ ਆਰਟੀਪੀਸੀਆਰ ਜਾਂਚ ਦੀ ਨੈਗੇਟਿਵ ਰਿਪੋਰਟ, ਮੈਡੀਕਲ ਫਿਟਨੈੱਸ ਸਰਟੀਫਿਕੇਟ ਵੀ ਅਪਲੋਡ ਕਰਨਾ ਪਵੇਗਾ. ਇਸ ਤੋਂ ਬਾਅਦ ਹੀ ਈ-ਪਾਸ ਤੇ ਈ-ਪਰਮਿਟ ਜਾਰੀ ਕੀਤੇ ਜਾਣਗੇ। ਇਨ੍ਹਾਂ ਦੇ ਆਧਾਰ 'ਤੇ ਹੀ ਸ਼ਰਧਾਲੂ ਤੇ ਯਾਤਰੀ ਕੁੰਭ ਮੇਲੇ 'ਚ ਆ ਸਕਣਗੇ। ਬਾਰਡਰ 'ਤੇ ਈ-ਪਾਸ ਤੇ ਪਰਮਿਟ ਦੀ ਅਚਨਚੇਤ ਜਾਂਚ ਵੀ ਕੀਤੀ ਜਾਵੇਗੀ।

ਲਿਹਾਜ਼ਾ ਸ਼ਰਧਾਲੂਆਂ ਨੂੰ ਆਪਣੇ ਕੋਲ ਤੇ ਫੋਨ 'ਤੇ ਜ਼ਰੂਰੀ ਦਸਤਾਵੇਜ਼ ਵੀ ਰੱਖਣੇ ਪੈਣਗੇ। ਬਿਨਾਂ ਈ-ਪਾਸ ਦੇ ਕੁੰਭ ਮੇਲਾ ਖੇਤਰ 'ਚ ਕਿਸੇ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ। ਐੱਸਓਪੀ ਮੁਤਾਬਿਕ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਕੇਂਦਰ ਸਰਕਾਰ ਦੀ ਗਾਈਡਲਾਈਨ ਦੀ ਪਾਲਣਾ ਕਰਨੀ ਪਵੇਗੀ। ਨਾਲ ਹੀ ਰਜਿਸਟ੍ਰੇਸ਼ਨ ਸਬੰਧੀ ਨਿਯਮਾਂ ਦੀ ਵੀ ਪਾਲਣਾ ਲਾਜ਼ਮੀ ਹੋਵੇਗੀ। ਐੱਸਓਪੀ 'ਚ ਨੌਂ ਫਰਵਰੀ ਨੂੰ ਵੱਖ-ਵੱਖ ਸੈਕਟਰਾਂ ਦੇ ਜਾਰੀ ਗਾਈਡਲਾਈਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Posted By: Seema Anand