Haridwar Kumbh 2021 Shahi Snan : ਦੇਵਭੂਮੀ ਉੱਤਰਾਖੰਡ ਦੇ ਹਰਿਦੁਆਰ 'ਚ ਕੁੰਭ ਮੇਲੇ ਦਾ ਆਰੰਭ ਹੋ ਗਿਆ ਹੈ। ਹਰਿਦੁਆਰ ਕੁੰਭ ਲਈ ਸੂਬਾ ਸਰਕਾਰ ਨੇ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਹਨ। ਦੇਸ਼ ਭਰ ਤੋਂ ਲੋਕ ਪਵਿੱਤਰ ਗੰਗਾ 'ਚ ਆਸਥਾ ਦੀ ਡੁਬਕੀ ਲਗਾਉਣ ਪਹੁੰਚ ਰਹੇ ਹਨ। ਕੁੰਭ ਮੇਲੇ 'ਚ ਸਭ ਤੋਂ ਵੱਡੇ ਖਿੱਚ ਦਾ ਕੇਂਦਰ ਸ਼ਾਹੀ ਇਸ਼ਨਾਨ ਹੁੰਦੇ ਹਨ। ਇਸ ਵਿਚ ਦੇਸ਼ ਦੁਨੀਆ ਦੇ ਲੋਕ ਅਖਾੜਿਆਂ ਦੇ ਸਾਧੂਆਂ ਤੇ ਉਨ੍ਹਾਂ ਤੋਂ ਬਾਅਦ ਇਸ਼ਨਾਨ ਕਰਦੇ ਹਨ। ਸ਼ਾਹੀ ਇਸ਼ਨਾਨ ਲਈ ਨਿਕਲਣ ਵਾਲੇ ਅਖਾੜਿਆਂ ਦੀ ਯਾਤਰਾ ਸ਼ਾਨਦਾਰ ਤੇ ਆਕਰਸ਼ਕ ਹੁੰਦੀ ਹੈ ਜੋ ਭਾਰਤ ਦੀ ਖੁਸ਼ਹਾਲ ਸੰਸਕ੍ਰਿਤੀ ਤੇ ਅਧਿਆਤਮਕ ਵਿਰਾਸਤ ਦੀ ਝਲਕ ਪੂਰੀ ਦੁਨੀਆ ਸਾਹਮਣੇ ਪੇਸ਼ ਕਰਦੀ ਹੈ। ਲਲਾਟ 'ਤੇ ਤ੍ਰਿਪੁੰਡ, ਸਰੀਰ 'ਤੇ ਭਸਮ ਲਾਈ ਨਾਗਾ ਸਾਧੂਆਂ ਦਾ ਹਠ ਯੋਗ ਹੋਵੇ ਜਾਂ ਫਿਰ ਸਾਧਨਾ, ਵਿਦਵਾਨਾਂ ਦੇ ਪ੍ਰਵਚਨ, ਅਖਾੜਿਆਂ ਦੇ ਲੰਗਰ, ਅਧਿਆਤਮ ਤੇ ਧਰਮ 'ਤੇ ਚਰਚਾ ਆਦਿ ਸਭ ਕੁਝ ਕੁੰਭ 'ਚ ਦੇਖਣ ਨੂੰ ਮਿਲਦਾ ਹੈ। ਜਾਗਰਣ ਅਧਿਆਤਮ 'ਚ ਅੱਜ ਜਾਣਦੇ ਹਾਂ ਕਿ ਹਰਿਦੁਆਰ ਕੁੰਭ ਦੇ ਸ਼ਾਹੀ ਇਸ਼ਨਾਨ ਕਿਸ ਤਰੀਕ ਨੂੰ ਹੋਣਗੇ।

ਹਰਿਦੁਆਰਾ ਕੁੰਭ 2021 ਦੇ ਸ਼ਾਹੀ ਇਸ਼ਨਾਨ

1. ਪਹਿਲਾ ਸ਼ਾਹੀ ਇਸ਼ਨਾਨ

ਹਰਿਦੁਆਰ ਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ 11 ਮਾਰਚ ਦਿਨ ਵੀਰਵਾਰ ਨੂੰ ਹੋਵੇਗਾ। ਇਹ ਦਿਨ ਬਹੁਤ ਵਿਸ਼ੇਸ਼ ਹੈ ਕਿਉਂਕਿ ਇਸ ਦਿਨ ਮਹਾਸ਼ਿਵਰਾਤਰੀ ਹੈ। ਇਸ ਦਿਨ ਵੱਖ-ਵੱਖ ਅਖਾੜਿਆਂ ਦੇ ਸਾਧੂ ਤੇ ਸੰਨਿਆਸੀ ਆਪਣੇ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਗੰਗਾ ਇਸ਼ਨਾਨ ਕਰਨਗੇ।

2. ਦੂਸਰਾ ਸ਼ਾਹੀ ਇਸ਼ਨਾਨ

ਹਰਿਦੁਆਰ ਕੁੰਭ ਦਾ ਦੂਸਰਾ ਸ਼ਾਹੀ ਇਸ਼ਨਾਨ 12 ਅਪ੍ਰੈਲ ਦਿਨ ਸੋਮਵਾਰ ਨੂੰ ਹੈ। ਇਹ ਦਿਨ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਸੋਮਵਤੀ ਮੱਸਿਆ ਹੈ। ਮੱਸਿਆ ਵਾਲੇ ਦਿਨ ਤਾਂ ਉਂਝ ਵੀ ਇਸ਼ਨਾਨ ਤੇ ਦਾਨ ਆਦਿ ਕਰਨ ਦਾ ਬਹੁਤ ਪੁੰਨ ਪ੍ਰਾਪਤ ਹੁੰਦੀ ਹੈ। ਇਸ ਦਿਨ ਲੋਕ ਵਿਸ਼ੇਸ਼ ਤੌਰ 'ਤੇ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਦੇ ਹਨ ਤੇ ਆਪਣੇ ਪਿੱਤਰਾਂ ਦਾ ਤਰਪਣ ਕਰਦੇ ਹਨ। ਪਿੱਤਰਾਂ ਦੀ ਤ੍ਰਿਪਤੀ ਲਈ ਪਿੰਡਦਾਨ ਆਦਿ ਕੀਤਾ ਜਾਂਦਾ ਹੈ।

3. ਤੀਸਰਾ ਮੁੱਖ ਸ਼ਾਹੀ ਇਸ਼ਨਾਨ

ਹਰਿਦੁਆਰ ਕੁੰਭ ਦਾ ਤੀਸਰਾ ਸ਼ਾਹੀ ਇਸ਼ਨਾਨ 14 ਅਪ੍ਰੈਲ ਦਿਨ ਬੁੱਧਵਾਰ ਨੂੰ ਹੈ। ਇਸ ਦਿਨ ਮੇਖ ਸੰਕ੍ਰਾਂਤੀ ਹੈ। ਇਸ ਦਿਨ ਵੀ ਦੇਸ਼ ਦੁਨੀਆ ਤੋਂ ਆਏ ਹੋਏ ਸਾਧੂ ਸੰਤ ਪਵਿੱਤਰ ਗੰਗਾ ਨਦੀ 'ਚ ਆਸਥਾ ਦੀ ਡੁਬਕੀ ਲਗਾਉਂਦੇ ਹਨ।

4. ਚੌਥਾ ਸ਼ਾਹੀ ਇਸ਼ਨਾਨ

ਹਰਿਦੁਆਰ ਕੁੰਭ ਦਾ ਚੌਥਾ ਤੇ ਅੰਤਿਮ ਸ਼ਾਹੀ ਇਸ਼ਨਾਨ 27 ਅਪ੍ਰੈਲ ਦਿਨ ਮੰਗਲਵਾਰ ਨੂੰ ਹੋਵੇਗਾ। ਇਸ ਦਿਨ ਬੈਸਾਖ ਪੂਰਨਿਮਾ ਹੈ।

Posted By: Seema Anand