ਜੇਐੱਨਐੱਨ, ਨਵੀਂ ਦਿੱਲੀ : ਪਹਿਲੇ ਪੁਲਾੜ ਯਾਤਰੀ ਦੇ ਤੌਰ 'ਤੇ ਸਕਵਾਰਡਨ ਲੀਡਰ ਰਾਕੇਸ਼ ਸ਼ਰਮਾ ਦਾ ਨਾਂ ਕੋਈ ਕਦੀ ਨਹੀਂ ਭੁੱਲ ਸਕਦਾ। 80 ਦੇ ਦਹਾਕੇ 'ਚ ਜਦੋਂ ਰਾਕੇਸ਼ ਸ਼ਰਮਾ ਬੱਦਲਾਂ ਨੂੰ ਚੀਰਦੇ ਹੋਏ ਪੁਲਾੜ ਵੱਲ ਵਧੇ ਤਾਂ ਕਰੋੜਾਂ ਭਾਰਤੀਆਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਸਨ। ਉਸ ਵੇਲੇ ਉਨ੍ਹਾਂ ਦੇ ਨਾਲ ਇਕ ਹੋਰ ਨਾਂ ਦੀ ਵੀ ਚਰਚਾ ਜ਼ੋਰਾਂ ਨਾਲ ਹੁੰਦੀ ਸੀ। ਇਹ ਨਾਂ ਰਵੀਸ਼ ਮਲਹੋੱਤਰਾ ਦਾ ਸੀ। ਉਂਝ ਤਾਂ ਇਹ ਦੋਵੇਂ ਹੀ ਭਾਰਤੀ ਹਵਾਈ ਫੌਜ ਦੇ ਤਜਰਬੇਕਾਰ ਤੇ ਜਾਂਬਾਜ਼ ਪਾਇਲਟ ਸਨ ਪਰ ਪੁਲਾੜ 'ਚ ਜਾਣ ਦੇ ਜੇਕਰ ਗੱਲ ਕਰੀਏ ਤਾਂ ਇਸ ਵਿਚ ਰਾਕੇਸ਼ ਸ਼ਰਮਾ ਉਨ੍ਹਾਂ ਤੋਂ ਅੱਗੇ ਨਿਕਲ ਗਏ ਸਨ। ਇਹ ਹਰੇਕ ਭਾਰਤੀ ਲਈ ਗੌਰਵਮਈ ਪਲ਼ ਸੀ।

ਸਾਰੇ ਜਹਾਂ ਸੇ ਅੱਛਾ

ਉਸ ਦੌਰ 'ਚ ਅਖ਼ਬਾਰ ਤੋਂ ਲੈ ਕੇ ਮੈਗਜ਼ੀਨ ਤਕ 'ਚ ਰਾਕੇਸ਼ ਸ਼ਰਮਾ ਬਾਰੇ ਲਿਖਿਆ ਜਾਂਦਾ ਸੀ। ਉਨ੍ਹਾਂ ਪੁਲਾੜ 'ਚ ਸੱਤ ਦਿਨ ਗੁਜ਼ਾਰੇ ਸਨ। ਇਕ ਵਾਰ ਜਦੋਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਪੁਲਾੜ ਤੋਂ ਭਾਰਤ ਕਿਵੇਂ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੇ ਮੁਸਕਰਾ ਕੇ ਕਿਹਾ, 'ਸਾਰੇ ਜਹਾਂ ਸੇ ਅੱਛਾ'। ਅੱਜ ਰਾਕੇਸ਼ ਸ਼ਰਮਾ ਦਾ ਜਨਮਦਿਨ ਹੈ। ਰਾਕੇਸ਼ ਸ਼ਰਮਾ ਦੀ ਪੁਲਾੜ ਮੁਹਿੰਮ ਨੂੰ ਉਂਝ ਤਾਂ ਅੱਜ 36 ਸਾਲ ਬੀਤ ਚੁੱਕੇ ਹਨ ਪਰ ਉਸ ਦੌਰ ਨੂੰ ਦੇਖਣ ਵਾਲਿਆਂ ਦੇ ਜ਼ਿਹਨ 'ਚ ਉਨ੍ਹਾਂ ਦਾ ਚਿਹਰਾ ਅੱਜ ਵੀ ਪਹਿਲਾਂ ਵਾਂਗ ਹੀ ਹੈ।

ਲਈ ਦੋ ਸਾਲ ਦੀ ਸਖ਼ਤ ਟ੍ਰੇਨਿੰਗ

ਇਸ ਗੱਲ ਦੀ ਜਾਣਕਾਰੀ ਬੇਹੱਦ ਹੀ ਘੱਟ ਲੋਕਾਂ ਨੂੰ ਹੋਵੇਗਾ ਕਿ ਜਦੋਂ ਉਨ੍ਹਾਂ ਦਾ ਨਾਂ ਪੁਲਾੜ ਯਾਤਰੀ ਦੇ ਤੌਰ 'ਤੇ ਫਾਈਨਲ ਹੋਇਆ ਸੀ ਤਾਂ ਉਹ ਮਾਸਕੋ 'ਚ ਯੂਰੀ ਗਾਗਰਿਨ ਸਪੇਸ ਸੈਂਟਰ 'ਚ ਆਪਣੀ ਟ੍ਰੇਨਿੰਗ ਲੈ ਰਹੇ ਸਨ। ਉਦੋਂ ਉਨ੍ਹਾਂ ਦੀ 6 ਸਾਲਾ ਧੀ ਦਾ ਦੇਹਾਂਤ ਹੋ ਗਿਆ ਸੀ। ਉਹ ਸਮਾਂ ਉਨ੍ਹਾਂ ਲਈ ਕਾਫ਼ੀ ਮੁਸ਼ਕਲਾਂ ਭਰਿਆ ਸੀ ਪਰ ਉਨ੍ਹਾਂ ਨੇ ਹਿੰਮਤ ਨਾਲ ਇਸ ਪਲ਼ ਦਾ ਸਾਹਮਣਾ ਕੀਤਾ ਤੇ ਆਪਣੇ ਕਦਮਾਂ ਨੂੰ ਡਗਮਗਾਉਣ ਨਹੀਂ ਦਿੱਤਾ। ਉਨ੍ਹਾਂ ਉੱਪਰ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਟਿਕੀਆਂ ਸਨ। ਉਨ੍ਹਾਂ ਨੇ ਸਪੇਸ ਜਾਣ ਤੋਂ ਪਹਿਲਾਂ ਕਰੀਬ 2 ਸਾਲ ਕੜੀ ਟ੍ਰੇਨਿੰਗ ਲਈ ਸੀ। ਦੋ ਸਾਲ ਬਾਅਦ ਉਹ ਪਲ਼ ਆਇਆ ਜਦੋਂ 3 ਅਪ੍ਰੈਲ 1984 ਨੂੰ ਸੋਵੀਅਤ ਯਾਨ ਸੁਯੋਜ ਟੀ-11 ਰੂਸੀ ਪੁਲਾੜ ਯਾਤਰੀਆਂ ਦੇ ਨਾਲ ਉਨ੍ਹਾਂ ਨੂੰ ਲੈ ਕੇ ਬੱਦਲਾਂ ਨੂੰ ਚੀਰਦਾ ਹੋਇਆ ਪੁਲਾੜ ਵੱਲ ਵਧਿਆ।

ਝੂਮ ਉੱਠਿਆ ਸੀ ਦੇਸ਼

ਉਸ ਵੇਲੇ ਟੀਵੀ ਦੀ ਸਹੂਲਤ ਹਰ ਜਗ੍ਹਾ ਉਪਲਬਧ ਨਹੀੰ ਸੀ। ਇਸ ਤੋਂ ਬਾਅਦ ਵੀ ਸਾਰੇ ਦੇਸ਼ਵਾਸੀ ਉਸ ਪਲ਼ ਨੂੰ ਮਹਿਸੂਸ ਕਰ ਸਕਦੇ ਸਨ। ਸਾਰਿਆਂ ਦੇ ਸਾਹ ਰੁਕੇ ਹੋਏ ਸਨ। ਸਾਰੇ ਖ਼ਬਰਾਂ ਜ਼ਰੀਏ ਜਾਣਨਾ ਚਾਹੁੰਦੇ ਸਨ ਕਿ ਆਖ਼ਿਰ ਕੀ ਹੋਇਆ। ਫਿਰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਜ਼ਰੀਏ ਲੋਕਾਂ ਨੂੰ ਇਸ ਬਾਰੇ ਪਤਾ ਚੱਲਿਆ ਕਿ ਉਹ ਠੀਕ-ਠਾਕ ਪੁਲਾੜ ਪਹੁੰਚ ਗਏ ਹਨ ਤਾਂ ਦੇਸ਼ਵਾਸੀਆਂ ਦੀ ਛਾਤੀ ਸਨਮਾਨ ਨਾਲ ਚੌੜੀ ਹੋ ਗਈ। ਰਾਕੇਸ਼ ਸ਼ਰਮਾ ਨੇ ਪੁਲਾੜ 'ਚ 7 ਦਿਨ 21 ਘੰਟੇ ਤੇ 40 ਮਿੰਟ ਸੈਲਿਊਤ 7 ਸਪੇਸ ਸਟੇਸ਼ਨ 'ਚ ਗੁਜ਼ਾਰੇ ਸਨ। ਪੁਲਾੜ 'ਚ ਹਰ ਰੋਜ਼ 10 ਮਿੰਟ ਯੋਗ ਕੀਤਾ।

ਹੀਰੋ ਆਫ ਸੋਵੀਅਤ ਯੂਨੀਅਨ

ਜਦੋਂ ਉਹ ਧਰਤੀ 'ਤੇ ਵਾਪਸ ਆਏ ਤਾਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ। ਸੋਵੀਅਤ ਯੂਨੀਅਨ ਨੇ ਉਨ੍ਹਾਂ ਨੂੰ 'ਹੀਰੋ ਆਫ ਸੋਵੀਅਤ ਯੂਨੀਅਨ' ਦੇ ਪੁਰਸਕਾਰ ਨਾਲ ਨਵਾਜਿਆ ਸੀ।

ਚੀਫ ਟੈਸਟ ਪਾਇਲਟ

ਭਾਰਤੀ ਹਵਾਈ ਫ਼ੌਜ ਤੋਂ 1984 'ਚ ਬਤੌਰ ਵਿੰਗ ਕਮਾਂਡਰ ਰਿਟਾਇਰ ਹੋਣ ਤੋਂ ਬਾਅਦ ਉਹ ਹਿੰਦੋਸਤਾਨ ਏਅਰੋਨਾਟਿਕਸ 'ਚ ਚੀਫ ਟੈਸਟ ਪਾਇਲਟ ਬਣੇ। ਇਕ ਵਾਰ ਟੈਸਟ ਫਲਾਈੰਗ ਦੌਰਾਨ ਉਨ੍ਹਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ ਜਿਸ ਵਿਚ ਉਹ ਵਾਲ-ਵਾਲ ਬਚੇ। ਤੁਹਾਨੂੰ ਦੱਸ ਦੇਈਏ ਕਿ ਰਾਕੇਸ਼ ਦਾ ਜਨਮ 13 ਜਨਵਰੀ 1949 ਨੂੰ ਪਟਿਆਲਾ 'ਚ ਹੋਇਆ ਸੀ। ਹੈਦਰਾਬਾਦ 'ਚ ਉਨ੍ਹਾਂ ਦੀ ਪੜ੍ਹਾਈ-ਲਿਖਾਈ ਹੋਈ। ਬੈਂਗਲੁਰੂ 'ਚ ਵੀ ਕਾਫੀ ਲੰਬਾ ਸਮਾਂ ਬੀਤਿਆ। ਮੌਜੂਦਾ ਸਮੇਂ ਉਹ ਤਾਮਿਲਨਾਡੂ ਦੇ ਕੁੰਨੂਰ 'ਚ ਰਹਿੰਦੇ ਹਨ ਤੇ ਬੈਂਗਲੁਰੂ ਦੀ ਇਕ ਕੰਪਨੀ ਕੈਡਿਲਾ ਲੈਬਜ਼ 'ਚ ਨਾਨ ਐਗਜ਼ੀਕਿਊਟਿਵ ਚੇਅਰਮੈਨ ਵੀ ਹਨ।

Posted By: Seema Anand