ਖ਼ੁਸ਼ੀ, ਸੁੰਦਰਤਾ ਤੇ ਆਨੰਦ ਦੀ ਪ੍ਰਾਪਤੀ ਲਈ ਕੀ ਨਹੀਂ ਕਰਦਾ ਇਨਸਾਨ। ਪਰ ਇਹ ਮਿਲਦੀਆਂ ਤਦ ਹਨ ਜਦ ਇਨਸਾਨ ਬੁੱਧ ਵਾਂਗ ਅਮੀਰੀ ਠਾਠ-ਬਾਠ ਨੂੰ ਤਿਆਗ ਕੇ ਇਕ ਸਧਾਰਨ ਇਨਸਾਨ ਬਣ ਸਕੇ। ਕਈ ਲੋਕ ਇਹ ਸਮਝਦੇ ਹਨ ਕਿ ਧਨ ਇਕੱਠਾ ਕਰ ਕੇ, ਸਭ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪਰ ਅਜਿਹਾ ਨਹੀਂ ਹੈ। ਵਰ੍ਹਦੇ ਮੀਂਹ ਤੇ ਘਨਘੋਰ ਘਟਾਵਾਂ ਨੂੰ ਵੇਖ ਕੇ ਕਈ ਵਾਰ ਇਨਸਾਨ ਦਾ ਮਨ ਪੈਲਾਂ ਪਾਉਣ ਲੱਗਦਾ ਹੈ। ਇਕ ਧੁੱਪ ਦਾ ਸਤਾਇਆ ਰਾਹੀ ਜਦ ਕਿਸੇ ਸੰਘਣੀ ਛਾਂ ਵਾਲੇ ਰੁੱਖ ਹੇਠ ਬੈਠ ਕੇ, ਸਾਹ ਲੈਂਦਾ ਹੈ ਤੇ ਖ਼ੁਸ਼ ਵਿਖਾਈ ਦਿੰਦਾ ਹੈ। ਇੰਜ ਹੀ ਜੰਗਲ ਬੇਲੇ ਗਾਹੁੰਦਿਆਂ ਜੰਗਲ ਦੇ ਉੱਚੇ ਲੰਬੇ ਰੁੱਖ ਵੇਖ ਕੇ ਮਨ ਪ੍ਰਸੰਨ ਹੋ ਜਾਂਦਾ ਹੈ ਜਾਂ ਖਿੜੇ ਫੁੱਲਾਂ ਤੇ ਬਸੰਤੀ ਰੁੱਤ ਦੇ ਨਜ਼ਾਰੇ ਵੀ ਇਨਸਾਨ ਨੂੰ ਖ਼ੁਸ਼ੀ ਦਿੰਦੇ ਹਨ। ਜਦ ਸਾਰੀ ਕੁਦਰਤ ਖ਼ੁਸ਼ੀ ਤੇ ਆਨੰਦ ਦੀ ਅਵਸਥਾ ਵਿਚ ਝੂਮਦੀ ਤੇ ਜਲ ਦੀਆਂ ਧਾਰਾਂ ਜਦ ਗੀਤ ਗਾਉਂਦੀਆਂ ਹੇਠਾਂ ਆਉਂਦੀਆਂ ਹਨ ਤੇ ਕਿੰਨੀਆਂ ਸੁੰਦਰ ਲੱਗਦੀਆਂ ਹਨ। ਝੂਮ ਦੇ ਰੁੱਖ, ਗਾਉਂਦੇ ਮੋਰ, ਬੰਬੀਹੇ ਤੇ ਵਨ-ਪੰਛੀ ਸਾਨੂੰ ਪੈਲਾਂ ਪਾ ਕੇ ਤੇ ਗਾ ਕੇ ਖ਼ੁਸ਼ ਕਰਦੇ ਹਨ। ਬੰਬੀਹਾ ਅੰਮ੍ਰਿਤ ਵੇਲੇ ਬੋਲ ਕੇ ਇਨਸਾਨ ਨੂੰ ਡੂੰਘੀ ਨੀਂਦ ਤੋਂ ਜਗਾ ਦਿੰਦਾ ਹੈ ਕਿ ਉਠੋ! ਭਾਈ ਰੱਬ ਦੀ ਯਾਦ ਵਿਚ ਸਿਮਰਨ ਕਰੋ ਤੇ ਆਨੰਦਿਤ ਹੋ ਜਾਓ!

ਕਿਸੇ ਸੁੰਦਰ ਚਿਹਰੇ ਦੀ ਮੁਸਕਾਨ, ਸਾਨੂੰ ਖ਼ੁਸ਼ੀ ਦਿੰਦੀ ਹੈ, ਜਦ ਅੱਖਾਂ ਚਾਰ ਹੁੰਦੀਆਂ ਹਨ ਤੇ ਪ੍ਰੇਮ ਦੀ ਲੋਰ ਵਿਚ ਬੱਝੇ ਦੋ ਦਿਲ ਇਕ ਦੂਜੇ ਲਈ ਤੜਪਦੇ ਤੇ ਹੌਕੇ ਭਰਦੇ ਹਨ। ਇਸ਼ਕ ਦੀ ਸੰਗਲੀ ਨਾਲ ਨੂੜਿਆ ਰਾਂਝਾ 12 ਸਾਲ ਹੀਰ ਦੇ ਦਰਸ਼ਨਾਂ ਲਈ ਮੱਝੀਆਂ ਚਾਰਦਾ ਹੈ ਤੇ ਗ਼ੁਲਾਮ ਹੋ ਕੇ ਵੀ, ਖ਼ੁਸ਼ੀਆਂ 'ਚ ਨੱਚਦਾ ਟੱਪਦਾ ਹੈ। ਵੰਝਲੀ ਵਜਾ ਕੇ, ਮੱਝਾਂ ਚਾਰਦਾ ਢੋਲੇ ਦੀਆਂ ਲਾਉਂਦਾ ਹੈ। ਹੀਰ ਦੇ ਦਰਸ਼ਨ ਕਰ ਕੇ ਨਿਹਾਲ ਹੋਇਆ, ਭੋਰਾ ਵੀ ਸ਼ਕਾਇਤ ਨਹੀਂ ਕਰਦਾ।

ਪਹਾੜਾਂ, ਆਬਸ਼ਾਰਾਂ ਤੇ ਫੁੱਟਦੇ ਚਸ਼ਮਿਆਂ ਦਾ ਨਿਰਮਲ ਜਲ ਇਨਸਾਨ ਨੂੰ ਸਕੂਨ ਬਖ਼ਸ਼ਦਾ ਹੈ। ਇਸੇ ਲਈ ਕਈ ਮਤਵਾਲੇ ਮਨ ਵਾਲੇ ਇਨਸਾਨ ਪਹਾੜਾਂ ਦੀ ਸੈਰ ਲਈ ਇਨ੍ਹਾਂ ਥਾਵਾਂ 'ਤੇ ਜਾ ਕੇ ਆਨੰਦ

ਲੁੱਟਦੇ ਹਨ। ਆਪਣੇ ਆਪ ਨੂੰ ਭੁੱਲੇ ਕਈ-ਕਈ ਦਿਨ ਘਰ ਨਹੀਂ ਮੁੜਦੇ। ਨਿਯਮਾਂ ਵਿਚ ਬੱਧੀ ਜ਼ਿੰਦਗੀ ਕਈ ਵਾਰ ਇਨਸਾਨ ਨੂੰ ਬੋਰ ਕਰ ਦਿੰਦੀ ਹੈ। ਉਂਜ ਵੀ ਨਿਯਮਾਂ ਨੂੰ ਤੋੜ ਕੇ ਇਨਸਾਨ ਵਧੇਰੇ ਖ਼ੁਸ਼ ਹੁੰਦਾ ਹੈ। ਇਹ ਖ਼ੁਸ਼ੀ ਭਾਵੇਂ ਥੋੜ੍ਹਚਿਰੀ ਹੀ ਹੋਵੇ।

ਰਾਤ ਵੇਲੇ ਅਸਮਾਨ 'ਚ ਖਿੜੇ ਤਾਰੇ ਇਨਸਾਨ ਨੂੰ ਖ਼ੁਸ਼ੀ ਦਿੰਦੇ ਸਨ। ਪਰ ਹੁਣ ਇਹ ਕਿਧਰੇ ਦਿਖਾਈ ਨਹੀਂ ਦਿੰਦੇ, ਕਿਉਂਕਿ ਇਨਸਾਨ ਨੇ ਹਰ ਥਾਂ ਵਾਤਾਵਰਨ ਨੂੰ ਗੰਧਲਾ ਕਰ ਕੇ ਤੇ ਪ੍ਰਦੂਸ਼ਣ ਫੈਲਾ ਕੇ ਇਨਸਾਨ ਲਈ ਸਾਫ਼ ਹਵਾ ਵਿਚ ਸਾਹ ਲੈਣ ਦੀ ਮੁਸ਼ਕਲ ਪੈਦਾ ਕਰ ਦਿੱਤੀ ਹੈ।

ਜਿੰਨੀ ਖ਼ੁਸ਼ੀ ਤੇ ਅਨੰਦ ਮਹਿੰਗੀਆਂ ਚੀਜ਼ਾਂ ਨੂੰ ਤਿਆਗ ਕੇ ਇਨਸਾਨ ਨੂੰ ਮਿਲ ਸਕਦੀ ਹੈ, ਓਨੀ ਇਨ੍ਹਾਂ ਦੀ ਪ੍ਰਾਪਤੀ ਕਰ ਕੇ ਨਹੀਂ ਮਿਲ ਸਕਦੀ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕੋਈ ਯੋਗੀ ਜਾਂ ਫ਼ਕੀਰ ਗਲੀਆਂ ਵਿਚ ਰੱਬੀ ਬਾਣੀ ਦੇ ਗੀਤ ਗਾਉਂਦਾ ਸਵੇਰੇ-ਸਵੇਰੇ ਸਾਡੇ ਦਰਾਂ 'ਤੇ ਆਉਂਦਾ ਹੈ ਤਾਂ ਉਹ ਪੂਰੇ ਆਨੰਦ ਦੀ ਪ੍ਰਾਪਤੀ ਵਿਚ ਹੀ ਹੁੰਦਾ ਹੈ। ਭਾਵੇਂ ਉਹ ਇਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੁੰਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਾਦਾ ਰਹਿ ਕੇ ਇਨਸਾਨ ਵਧੇਰੇ ਖ਼ੁਸ਼ ਰਹਿ ਸਕਦਾ ਹੈ। ਇਨਸਾਨ ਖ਼ੁਸ਼ ਤਦ ਹੀ ਹੋ ਸਕਦਾ ਹੈ, ਜੇ ਉਸ ਦੀ ਜ਼ਿੰਦਗੀ ਆਪਣੀ ਮਿਹਨਤ ਦੀ ਕਮਾਈ 'ਤੇ ਨਿਰਭਰ ਹੋਵੇ ਤੇ ਉਹ ਆਪਣੀ ਲਹੂ ਪਸੀਨਾ ਵਹਾ ਕੇ ਆਪਣਾ ਗੁਜ਼ਾਰਾ ਤੋਰੇ। ਧਨ ਦੀ ਲਾਲਸਾ, ਅਮੀਰ ਹੋਣ ਦੀ ਚਾਹਨਾ, ਕਈ ਵਾਰ, ਇਨਸਾਨ ਨੂੰ ਅਜਿਹੇ ਪਿੰਜਰੇ ਵਿਚ ਬੰਦ ਕਰ ਦਿੰਦੀ ਹੈ, ਜਿੱਥੇ ਇਨਸਾਨ ਆਪਣੀ ਜ਼ਿੰਦਗੀ ਦਾ ਪੂਰਾ ਲੁਤਫ਼ ਨਹੀਂ ਲੈ ਸਕਦਾ। ਉਂਜ ਵੀ ਸਿਆਣਿਆਂ ਨੇ ਕਿਹਾ ਹੈ ਕਿ ਕਿਸੇ ਵੀ ਚੀਜ਼ ਦੀ ਬਹੁਲਤਾ ਇਨਸਾਨ ਨੂੰ ਗੁਮਰਾਹ ਕਰ ਦਿੰਦੀ ਹੈ।

ਆਜ਼ਾਦ ਰਹਿ ਕੇ ਤੇ ਸਾਧਾਰਨ ਜੀਵਨ ਜੀਅ ਕੇ ਇਨਸਾਨ, ਖ਼ੁਸ਼ੀ, ਸੁੰਦਰਤਾ ਤੇ ਆਨੰਦ ਦੀ ਪ੍ਰਾਪਤੀ ਕਰ ਸਕਦਾ ਹੈ। ਜੇ ਉਸ ਦੀ ਜ਼ਿੰਦਗੀ ਦੀ ਡੋਰ ਉਸ ਦੇ ਆਪਣੇ ਹੱਥਾਂ ਵਿਚ ਹੈ। ਉਹ ਆਪਣੀ ਸ਼ੁੱਧ-ਕਮਾਈ ਨਾਲ ਗੁਜ਼ਾਰਾ ਕਰਦਾ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਤੇ ਬੱਚਿਆਂ ਨਾਲ ਖੇਡਦਾ ਤੇ ਆਪਣੇ ਘਰ ਵਿਚ ਖ਼ੁਸ਼ੀਆਂ ਮਨਾਉਂਦਾ ਹੈ। ਉਹ ਕਿਸੇ ਦਾ ਗ਼ੁਲਾਮ ਤੇ ਮੁਥਾਜ ਵੀ ਨਹੀਂ ਹੈ।

ਕਈ ਵਾਰ ਇਕ ਸੁਆਣੀ ਦਾ ਤਿਆਰ ਕੀਤਾ ਲਜ਼ੀਜ਼ ਖਾਣਾ ਖਾ ਕੇ ਇਕ ਇਨਸਾਨ ਆਨੰਦਿਤ ਹੋਇਆ ਮਹਿਸੂਸ ਕਰਦਾ ਹੈ।

ਖ਼ੁਸ਼ੀ ਤੇ ਆਨੰਦ ਮਨ ਦੀ ਅਵਸਥਾ ਹੈ, ਉਸ ਦਾ ਅਮੀਰੀ ਜਾਂ ਗ਼ਰੀਬੀ ਨਾਲ ਕੋਈ ਸਬੰਧ ਨਹੀਂ ਹੈ।

ਸੋਹਣਾ ਚਿਹਰਾ ਰੱਬ ਦੀ ਕਰਾਮਾਤ ਹੈ। ਇਹ ਕੇਵਲ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ। ਖ਼ੁਸ਼ੀ ਤੇ ਆਨੰਦ ਮਾਣਨ ਲਈ ਇਕ ਸੁਹਣੇ ਤੇ ਸਾਫ਼ ਮਨ ਦੀ ਜ਼ਰੂਰਤ ਹੈ। ਪਹਿਲਾਂ ਆਪਣਾ ਮਨ ਸਾਫ਼ ਤੇ ਪਵਿੱਤਰ ਕਰ ਲਵੋ। ਫਿਰ ਹੀ ਇਹ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ। ਉਂਜ ਵੀ ਰੱਬ ਇਹ ਦਾਤਾਂ ਕੇਵਲ ਭਾਗਾਂ ਵਾਲਿਆਂ ਨੂੰ ਹੀ ਦਿੰਦਾ ਹੈ।

- ਅਜੀਤ ਸਿੰਘ ਚੰਦਨ

Posted By: Harjinder Sodhi