ਹਾਲਾਂਕਿ ਵਾਲਾਂ ਦੀਆਂ ਸਮੱਸਿਆਵਾਂ ਹਰ ਮੌਸਮ 'ਚ ਰਹਿੰਦੀਆਂ ਹਨ ਪਰ ਸਰਦੀਆਂ 'ਚ ਵਾਲਾਂ ਦੇ ਰੁੱਖੇਪਣ ਤੇ ਵਾਲਾਂ ਦੇ ਝੜਨ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜੋ ਮੌਸਮ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੁੰਦੀਆਂ ਹਨ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਅਸੀਂ ਘਰ ਦੀ ਛੱਤ 'ਤੇ ਬੈਠ ਕੇ ਧੁੱਪ ਦਾ ਅਨੰਦ ਲੈਣਾ ਚਾਹੁੰਦੇ ਹਾਂ। ਇਸ ਮੌਸਮ 'ਚ ਅਸੀਂ ਨਹਾਉਣ ਤੇ ਵਾਲਾਂ ਨੂੰ ਧੋਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਵਾਲ ਖੁਸ਼ਕ ਹੋ ਜਾਂਦੇ ਹਨ। ਇਸੇ ਮੌਸਮ 'ਚ ਸੂਰਜ ਦੀ ਗਰਮੀ ਤੇ ਗਰਮ ਪਾਣੀ ਦੀ ਵਰਤੋਂ ਨਾਲ ਸਰੀਰ 'ਚ ਖੁਸ਼ਕੀ ਆਉਂਦੀ ਹੈ। ਵਾਲ ਖੁਸ਼ਕ ਹੋ ਜਾਣ ਕਾਰਨ ਇਨ੍ਹਾਂ ਦਾ ਧਿਆਨ ਰੱਖਣਾ ਮੁਸ਼ਕਲ ਹੋ ਜਾਂਦਾ ਹੈ।

ਅਸਲ 'ਚ ਸਰਦੀਆਂ 'ਚ ਠੰਢੀਆਂ ਹਵਾਵਾਂ ਚੱਲਣ ਨਾਲ ਵਾਤਾਵਰਨ 'ਚ ਆਈ ਨਮੀ ਕਾਰਨ ਸਾਡੀ ਖੋਪੜੀ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਵਾਲਾਂ 'ਚ ਰੁੱਖਾਪਣ ਆ ਜਾਂਦਾ ਹੈ ਤੇ ਵਾਲ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਹੀਟਰ, ਗਰਮ ਏਅਰ ਕੰਡੀਸ਼ਨਰ, ਅੰਗੀਠੀਆਂ ਆਦਿ ਦੀ ਵਰਤੋਂ ਨਾਲ ਵਾਤਾਵਰਨ 'ਚ ਨਮੀ ਘਟ ਜਾਂਦੀ ਹੈ, ਜਿਸ ਕਾਰਨ ਵੀ ਵਾਲ ਖ਼ਰਾਬ ਹੁੰਦੇ ਹਨ। ਘਰ ਦੇ ਕਮਰਿਆਂ 'ਚ ਹੀਟਰ, ਗਰਮ ਏਸੀ ਤੇ ਅੰਗੀਠੀ ਸੇਕਣ ਆਦਿ ਨਾਲ ਵਾਲ ਰੁੱਖੇ ਹੋ ਜਾਂਦੇ ਹਨ ਤੇ ਸਿਰ 'ਚ ਖੁਰਕ ਆਦਿ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਵਾਲਾਂ ਨੂੰ ਔਰਤਾਂ ਦੀ ਖ਼ੂਬਸੂਰਤੀ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਤੇ ਲੰਬੇ, ਸੰਘਣੇ, ਨਰਮ, ਚਮਕੀਲੇ ਵਾਲਾਂ ਦੀ ਚਾਹਤ ਰੱਖਣ ਵਾਲੀਆਂ ਜ਼ਿਆਦਾਤਰ ਔਰਤਾਂ ਆਰਗੈਨਿਕ ਘਰੇਲੂ ਟਿਪਸ ਦੀ ਬਜਾਏ ਘੱਟ ਸਮੇਂ 'ਚ ਨਤੀਜਾ ਲੈਣ ਦੇ ਚੱਕਰ 'ਚ ਜ਼ਿਆਦਾਤਰ ਮਹਿੰਗੇ ਬਿਊਟੀ ਸੈਲੂਨ ਤੇ ਸ਼ੈਂਪੂਆਂ ਦਾ ਸਹਾਰਾ ਲੈਂਦੀਆਂ ਹਨ। ਵਾਲਾਂ ਦੀਆਂ ਸਮੱਸਿਆਵਾਂ ਨਾਲ ਜ਼ਿਆਦਾਤਰ ਔਰਤਾਂ ਜੂਝਦੀਆਂ ਰਹਿੰਦੀਆਂ ਹਨ ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਮਨਚਾਹੇ ਨਤੀਜੇ ਨਹੀਂ ਮਿਲਦੇ।

ਖੁਸ਼ਕੀ ਕਾਰਨ ਹੋ ਜਾਂਦੀ ਹੈ ਸਿੱਕਰੀ ਦੀ ਸਮੱਸਿਆ

ਸਰਦੀਆਂ ਦੇ ਮੌਸਮ 'ਚ ਖੁਸ਼ਕੀ ਕਾਰਨ ਸਿੱਕਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਸਿੱਕਰੀ ਤੇ ਦੋਮੂੰਹੇ ਵਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਗਰਮ ਤੇਲ ਨਾਲ ਮਾਲਿਸ਼ ਕਾਫ਼ੀ ਲਾਭਦਾਇਕ ਸਾਬਤ ਹੁੰਦੀ ਹੈ। ਹਫ਼ਤੇ 'ਚ ਇਕ ਜਾਂ ਦੋ ਵਾਰ ਸ਼ੁੱਧ ਨਾਰੀਅਲ ਤੇਲ ਨੂੰ ਗਰਮ ਕਰ ਕੇ ਇਸ ਨੂੰ ਸਿਰ ਤੇ ਖੋਪੜੀ 'ਤੇ ਲਾਓ। ਇਸ ਤੋਂ ਬਾਅਦ ਇਕ ਤੌਲੀਏ ਨੂੰ ਗਰਮ ਪਾਣੀ 'ਚ ਡੁਬੋ ਕੇ ਨਿਚੋੜ ਲਓ ਤੇ ਗਰਮ ਤੌਲੀਏ ਨੂੰ 5 ਮਿੰਟ ਤਕ ਸਿਰ 'ਤੇ ਬੰਨ੍ਹ ਲਓ। ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾ ਲਓ ਤੇ ਤੇਲ ਨੂੰ ਰਾਤ ਭਰ ਵਾਲਾਂ 'ਚ ਲੱਗਿਆ ਰਹਿਣ ਦਿਓ।

ਜੇ ਤੁਹਾਡੇ ਵਾਲਾਂ 'ਚ ਸਿੱਕਰੀ ਹੈ ਤਾਂ ਅਗਲੀ ਸਵੇਰ ਵਾਲਾਂ ਤੇ ਖੋਪੜੀ 'ਚ ਨਿੰਬੂ ਦਾ ਜੂਸ ਲਾ ਕੇ 15 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਵਾਲਾਂ ਨੂੰ ਧੋਣ ਲਈ ਕੋਸੇ ਪਾਣੀ ਦੀ ਹੀ ਵਰਤੋਂ ਕਰੋ ਤੇ ਤੇਜ਼ ਗਰਮ ਪਾਣੀ ਦੀ ਵਰਤੋਂ ਕਦੇ ਨਾ ਕਰੋ। ਸੈਂਪੂ ਤੋਂ ਬਾਅਦ ਪਾਣੀ ਵਾਲੇ ਮੱਘ 'ਚ ਦੋ ਚਮਚ ਸਿਰਕਾ ਪਾ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਇਕ ਕੱਪ ਔਲਿਆਂ ਦਾ ਪਾਊਡਰ, ਦੋ ਚਮਚ ਅਰਿੰਡੀ ਦਾ ਤੇਲ ਤੇ ਇਕ ਅੰਡੇ ਨੂੰ ਫੈਂਟ ਕੇ ਮਿਸ਼ਰਣ ਬਣਾ ਕੇ ਇਸ ਨੂੰ ਸਿਰ ਤੇ ਵਾਲਾਂ 'ਤੇ ਅੱਧਾ ਘੰਟਾ ਲਾਉਣ ਤੋਂ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਸਰਦੀਆਂ 'ਚ ਨਾਰੀਅਲ ਤੇਲ ਤੋਂ ਇਲਾਵਾ ਬ੍ਰਹਮੀ, ਬਦਾਮ, ਤਿਲ ਆਦਿ ਕੈਮੀਕਲ ਰਹਿਤ ਤੇਲ ਵਾਲਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ।

ਦਹੀਂ ਤੇ ਨਿੰਬੂ ਦੀ ਵਰਤੋਂ ਸਰਦੀਆਂ 'ਚ ਵਾਲਾਂ ਨੂੰ ਸਿੱਕਰੀ ਤੋਂ ਛੁਟਕਾਰਾ ਦਿਵਾਉਣ 'ਚ ਅਹਿਮ ਭੂਮਿਕਾ ਅਦਾ ਕਰਦਾ ਹੈ। ਦਹੀਂ 'ਚ ਨਿੰਬੂ ਦੀਆਂ ਬੂੰਦਾਂ ਮਿਲਾ ਕੇ ਪੇਸਟ ਬਣਾ ਕੇ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਹੌਲੀ-ਹੌਲੀ ਲਗਾ ਕੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਵੋ।

ਤੇਲ ਨਾਲ ਕੀਤੀ ਜਾਵੇ ਹਲਕੀ ਮਾਲਿਸ਼

ਵਾਲਾਂ ਨੂੰ ਤੇਲ ਨਾਲ ਹਲਕੀ ਮਾਲਿਸ਼ ਕਰੋ। ਤੇਲ ਨੂੰ ਰਾਤ ਭਰ ਵਾਲਾਂ 'ਚ ਲੱਗਿਆ ਰਹਿਣ ਦਿਓ ਤੇ ਅਗਲੇ ਦਿਨ ਸਵੇਰੇ ਵਾਲਾਂ ਨੂੰ ਤਾਜ਼ਾ ਕੋਸੇ ਪਾਣੀ ਨਾਲ ਧੋ ਲਓ। ਵਾਲਾਂ ਨੂੰ ਤੌਲੀਏ ਨਾਲ ਰਗੜਨ ਦੀ ਬਜਾਏ ਤੌਲੀਏ ਨੂੰ ਸਿਰ 'ਤੇ ਬੰਨ੍ਹੋ ਤਾਂ ਕਿ ਵਾਲਾਂ 'ਚ ਮੌਜੂਦ ਪਾਣੀ ਤੌਲੀਏ 'ਚ ਰਚ ਜਾਵੇ। ਜੇ ਵਾਲ ਖੁਸ਼ਕ ਤੇ ਨਾਜ਼ੁਕ ਹੋਣ ਤਾਂ ਆਈਨਿੰਗ ਨਾ ਕਰੋ ਤੇ ਜੇ ਤੁਸੀਂ ਹੇਅਰ ਡਰਾਇਰ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਘੱਟੋ-ਘੱਟ 10 ਇੰਚ ਦੂਰੀ 'ਤੇ ਰੱਖੋ।

ਵਾਲਾਂ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਓ ਤੇ ਜਦੋਂ ਤਕ ਵਾਲ ਕੁਦਰਤੀ ਤੌਰ 'ਤੇ ਨਾ ਸੁੱਕ ਜਾਣ, ਉਦੋਂ ਤਕ ਹੇਅਰ ਡਰਾਇਰ ਦੀ ਬਿਲਕੁਲ ਵਰਤੋਂ ਨਾ ਕਰੋ। ਸਰਦੀਆਂ 'ਚ ਵਾਲਾਂ ਦੀ ਰੈਗੂਲਰ ਮਾਲਿਸ਼ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਵਾਲਾਂ ਨੂੰ ਜੈਤੂਨ , ਬਦਾਮ, ਸਰ੍ਹੋਂ ਦੇ ਤੇਲ ਜਾਂ ਨਾਰੀਅਲ ਤੇਲ ਨਾਲ ਹਫ਼ਤੇ 'ਚ ਤਿੰਨ ਦਿਨ ਤਕ ਉਂਗਲੀਆਂ ਨੂੰ ਹੌਲੀ-ਹੌਲੀ ਖੋਪੜੀ 'ਚ ਘੁਮਾਅਦਾਰ ਤਰੀਕੇ ਨਾਲ ਮਾਲਿਸ਼ ਕਰਨ ਨਾਲ ਵਾਲਾਂ ਨੂੰ ਖ਼ੁਰਾਕ ਮਿਲਦੀ ਹੈ। ਔਸਤਨ ਅੱਧਾ ਘੰਟਾ ਮਾਲਿਸ਼ ਕਰਨ ਤੋਂ ਬਾਅਦ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਸਕਦੇ ਹੋ। ਜਦੋਂ ਵੀ ਧੁੱਪ 'ਚ ਬੈਠੋ ਤਾਂ ਵਾਲਾਂ ਨੂੰ ਹਮੇਸ਼ਾ ਢਕ ਕੇ ਰੱਖੋ। ਨਹੀਂ ਤਾਂ ਵਾਲ ਰੁੱਖੇ ਹੋ ਸਕਦੇ ਹਨ। ਹੈੱਡ ਸਕਾਰਫ ਵਰਤਣ ਦੀ ਆਦਤ ਪਾਓ ਤੇ ਜੂੜਾ ਜਾਂ ਬਿਗਸ ਬਣਾ ਕੇ ਵਾਲਾਂ ਨੂੰ ਢਕ ਕੇ ਰੱਖੋ।

ਰੋਜ਼ ਵਾਲ ਧੋਣ ਤੋਂ ਕਰੋ ਗੁਰੇਜ਼

ਸਰਦੀਆਂ 'ਚ ਵਾਲਾਂ ਨੂੰ ਰੋਜ਼ ਧੋਣ ਤੋਂ ਬਚੋ ਕਿਉਂਕਿ ਇਸ ਨਾਲ ਖੋਪੜੀ 'ਚ ਮੌਜੂਦ ਕੁਦਰਤੀ ਤੇਲ ਸੁੱਕ ਜਾਵੇਗਾ ਤੇ ਤੁਹਾਡੇ ਵਾਲ ਬੇਜਾਨ ਤੇ ਰੁੱਖੇ ਹੋ ਜਾਣਗੇ।

ਵਾਲਾਂ ਨੂੰ ਹੁੰਦੀ ਹੈ ਵਾਧੂ ਖ਼ੁਰਾਕ ਦੀ ਲੋੜ

ਸਰਦੀਆਂ 'ਚ ਵਾਲਾਂ ਨੂੰ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਵਾਧੂ ਖ਼ੁਰਾਕ ਦੀ ਲੋੜ ਵੀ ਪੈਂਦੀ ਹੈ। ਮੌਸਮ 'ਚ ਖੁਸ਼ਕੀ ਕਾਰਨ ਵਾਲ ਵੀ ਰੁੱਖੇ ਹੋ ਜਾਂਦੇ ਹਨ, ਜਿਸ ਨਾਲ ਵਾਲਾਂ ਲਈ ਖ਼ੁਰਾਕ ਦੀ ਜ਼ਰੂਰਤ ਜ਼ਿਆਦਾ ਵਧ ਜਾਂਦੀ ਹੈ। ਵਾਲਾਂ 'ਚ ਨਾਰੀਅਲ ਤੇਲ ਦੀ ਮਾਲਿਸ਼ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਜੇ ਤੁਸੀਂ ਨਾਰੀਅਲ ਤੇਲ ਲਾ ਕੇ ਹਲਕੀ-ਹਲਕੀ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਵਾਲਾਂ ਦੀਆਂ ਕੋਸ਼ਿਕਾਵਾਂ 'ਚ ਖ਼ੂਨ ਦਾ ਸੰਚਾਰ ਵਧ ਜਾਂਦਾ ਹੈ।

ਸ਼ਹਿਨਾਜ਼ ਹੁਸੈਨ

Posted By: Harjinder Sodhi