ਜ਼ਿੰਦਗੀ ਕਦੇ ਰੁਕਦੀ ਨਹੀਂ। ਰੁਕਣਾ ਇਸ ਦਾ ਸੁਭਾਅ ਨਹੀਂ। ਦੁੱਖ ਹੋਣ ਜਾਂ ਖ਼ੁਸ਼ੀਆਂ ਨਾਲ ਪੱਲੇ ਲੱਦੇ ਹੋਣ ਜ਼ਿੰਦਗੀ ਸਦਾ ਚੱਲਦੀ ਰਹਿੰਦੀ ਹੈ। ਮਾੜੇ ਵਕਤ ਸਿਆਣੇ ਲੋਕ ਹੌਸਲਾ ਦਿੰਦੇ ਹੋਏ ਕਹਿੰਦੇ ਹਨ, ਇਹ ਸਮਾਂ ਵੀ ਲੰਘ ਜਾਏਗਾ। ਸਿਆਣਿਆਂ ਦਾ ਇਹ ਕਥਨ ਸਦਾ ਚੱਲਦੇ ਰਹਿਣ ਵਾਲੇ ਸਮੇਂ ਦੇ ਸੁਭਾਅ ਦੀ ਬਾਤ ਪਾਉਂਦਾ ਹੈ। ਸਮੇਂ ਨੂੰ ਬੇਸ਼ੱਕ ਤਕਨੀਕੀ ਮਾਹਿਰਾਂ ਨੇ ਘੜੀਆਂ ਵਿਚ ਬੰਨ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਸ ਨੇ ਆਪਣਾ ਸੁਭਾਅ ਨਹੀਂ ਬਦਲਿਆ। ਇਸੇ ਤਰ੍ਹਾਂ ਹੀ ਜ਼ਿੰਦਗੀ ਹੈ। ਜ਼ਿੰਦਗੀ ਵਿਚ ਨਿਰਾਸ਼ ਹੋਣਾ ਤੇ ਥੱਕ ਹਾਰ ਕੇ ਬੈਠਣਾ ਇਨਸਾਨ ਦੇ ਹਿੱਸੇ ਨਹੀਂ ਆਉਂਦਾ। ਇਨਸਾਨ ਦਾ ਧਰਮ ਸਦਾ ਚੱਲਦੇ ਰਹਿਣਾ ਹੈ।

ਜ਼ਿੰਦਗੀ ਵਿਚ ਜਦੋਂ ਕਦੇ ਪ੍ਰਸਥਿਤੀਆਂ ਸਾਡੀ ਸੋਚ ਦੇ ਉੱਲਟ ਬਣਨ ਤਾਂ ਸਾਨੂੰ ਆਪਣਾ ਮਨ ਪ੍ਰਸਥਿਤੀਆਂ ਨੂੰ ਸਹਿਣ ਕਰਨ ਦੇ ਸਮਰੱਥ ਰੱਖਣਾ ਚਾਹੀਦਾ ਹੈ। ਆਪਣੀ ਮਿੱਥੀ ਮੰਜ਼ਿਲ ਲਈ ਸਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਸੱਚੀ ਲਗਨ ਇਕ ਨਾ ਇਕ ਦਿਨ ਜ਼ਰੂਰ ਤੁਹਾਨੂੰ ਮੰਜ਼ਿਲ 'ਤੇ ਲੈ ਕੇ ਪਹੁੰਚੇਗੀ। ਮਾਨਸ ਜਨਮ ਬਹੁਤ ਕੀਮਤੀ ਹੈ। ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ। ਆਉਣ ਵਾਲਾ ਕੱਲ੍ਹ ਤੁਹਾਡੇ ਹੱਥ ਵਿਚ ਨਹੀਂ ਹੈ। ਅੱਜ ਤੁਹਾਡੇ ਕੋਲ ਹੈ। ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਜੇ ਤੁਸੀਂ ਆਉਣ ਵਾਲਾ ਸਮਾਂ ਸੋਹਣਾ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਅੱਜ ਨੂੰ ਹੀ ਸੋਹਣਾ ਕਰ ਕੇ ਗੁਜ਼ਾਰੋ। ਹਰ ਇਨਸਾਨ ਨੂੰ ਹਰ ਰੋਜ਼ ਜ਼ਿੰਦਗੀ ਰੂਪੀ ਸਾਫ਼ ਕਾਗਜ਼ ਮਿਲਦਾ ਹੈ। ਇਹ ਇਨਸਾਨ 'ਤੇ ਨਿਰਭਰ ਹੈ ਕਿ ਉਸਨੇ ਇਸ ਕਾਗਜ਼ 'ਤੇ ਕਿਹੋ ਜਿਹੀਆਂ ਲਕੀਰਾਂ ਖਿੱਚਣੀਆਂ ਹਨ। ਇਨਸਾਨ ਉਸ ਕਾਗਜ਼ ਉੱਤੇ ਜਿਹੋ ਜਿਹਾ ਲਿਖਦਾ ਹੈ ਉਵੇਂ ਦਾ ਹੀ ਫਲ ਉਸਨੂੰ ਜੀਵਨ ਦੇ ਰੂਪ ਵਿਚ ਮਿਲਦਾ ਹੈ। ਭਾਵ ਇਨਸਾਨ ਜੋ ਬੀਜਦਾ ਉਹੀ ਵੱਢਦਾ।

ਜ਼ਿੰਦਗੀ ਸੋਚ 'ਤੇ ਹੀ ਨਿਰਭਰ ਹੈ। ਸੋਚ ਹੀ ਸਾਨੂੰ ਪਰੇਸ਼ਾਨ ਕਰਦੀ ਹੈ। ਸੋਚ ਹੀ ਸਾਨੂੰ ਸ਼ਕਤੀ ਸ਼ਾਲੀ ਬਣਾਉਦੀ ਹੈ। ਜ਼ਿੰਦਗੀ ਵਿਚ ਕਿਸੇ ਪੜਾਅ 'ਤੇ ਅਸੀਂ ਬਹੁਤ ਪਰੇਸ਼ਾਨ ਅਤੇ ਬੇਵਸ ਹੋ ਜਾਂਦੇ ਹਾਂ। ਬੇਵਸੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ ਅਤੇ ਅਰਦਾਸ ਦੇ ਮਾਰਗ ਵੱਲ ਪ੍ਰੇਰਦੀ ਹੈ। ਪਰੇਸ਼ਾਨੀਆਂ ਮਨੁੱਖ ਵਿਚ ਨਿਮਰਤਾ ਤੇ ਸੇਵਾ ਭਾਵਨਾ ਵਰਗੇ ਗੁਣ ਭਰਦੀਆਂ ਹਨ। ਪਰਮਾਤਮਾ ਸਾਨੂੰ ਸੁਚੱਜੀ ਸੋਚ ਬਖਸ਼ਦਾ ਹੈ ਜਿਸ ਕਾਰਨ ਪਰੇਸ਼ਾਨੀਆਂ ਛੋਟੀਆਂ ਲੱਗਣ ਲਗਦੀਆਂ ਹਨ। ਇਸ ਲਈ ਸਾਨੂੰ ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਸੋਚ ਬਦਲਣ ਨਾਲ ਅਸੀਂ ਜੀਵਨ ਦੀ ਨੁਹਾਰ ਬਦਲ ਸਕਦੇ ਹਾਂ। ਜ਼ਿੰਦਗੀ ਨੂੰ ਸੁਖਾਵਾਂ ਕਰਨ ਲਈ ਚਿੰਤਾਵਾਂ ਨੂੰ ਚਿੰਤਨ ਵਿਚ ਬਦਲਣ ਦੀ ਲੋੜ ਹੈ ਤਾਂ ਜੋ ਔਖੇ ਰਾਹ ਸੌਖੇ ਹੋ ਜਾਣ।

ਜ਼ਿੰਦਗੀ ਖ਼ੁਦ ਨੂੰ ਲੱਭਣ ਸਬੰਧੀ ਨਹੀਂ ਹੈ ਸਗੋਂ ਖ਼ੁਦ ਨੂੰ ਤਿਆਰ ਕਰਨ ਸਬੰਧੀ ਹੈ। ਸੁੱਖੀ ਰਹਿਣ ਲਈ ਸਹਿਣਸ਼ਕਤੀ ਤੇ ਸਮਝ ਸ਼ਕਤੀ ਦੀ ਲੋੜ ਪੈਂਦੀ ਹੈ। ਸਮਝਦਾਰੀ ਵਿਚ ਹੀ ਸੁਰੱਖਿਆ ਹੈ। ਜੋ ਇਨਸਾਨ ਰੱਬ ਦੀ ਰਜ਼ਾ ਵਿਚ ਰਹਿੰਦਾ ਹੈ ਉਹੀ ਸਹੀ ਤਰੀਕੇ ਨਾਲ ਜੀਵਨ ਦਾ ਮਜ਼ਾ ਲੈ ਸਕਦਾ ਹੈ। ਜੋ ਵੀ ਵਿਅਕਤੀ ਉਸ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਾ ਹੈ। ਉਹ ਉਸਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ। ਸਾਨੂੰ ਰੱਬ ਤੋਂ ਮਿਲੀਆਂ ਦਾਤਾਂ ਲਈ ਉਸਦਾ ਸ਼ੁਕਰੀਆ ਅਦਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਸਦੀ ਕਰੋਪੀ ਤੋਂ ਬਚਿਆ ਜਾ ਸਕੇ।

ਹਰ ਵਿਅਕਤੀ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਜਦੋਂ ਦੂਸਰਿਆਂ ਨੂੰ ਅੱਗੇ ਵਧਦੇ ਦੇਖਕੇ ਅਸੀਂ ਈਰਖਾ, ਨਫ਼ਰਤ ਕਰਦੇ ਹਾਂ ਤਾਂ ਉਹ ਸਾਡੇ ਆਪਣੇ ਵਿਕਾਸ 'ਚ ਅੜਚਣ ਬਣ ਜਾਂਦੇ ਹਨ। ਨਿੰਦਾ-ਚੁਗਲੀ, ਈਰਖਾ ਮਨੁੱਖੀ ਮਨ ਦੇ ਖਲਾਅ ਦੀ ਨਿਸ਼ਾਨੀ ਹਨ ਜਿਸ ਤੋਂ ਬੇਚੈਨੀ, ਇਕੱਲਤਾ, ਤਲਖ਼ੀ ਉਪਜਦੀ ਹੈ। ਨਿੰਦਾ-ਚੁਗਲੀ ਨਾਲ ਆਪਸੀ ਰਿਸ਼ਤਿਆਂ ਦੇ ਪਿਆਰ ਵਿਚ ਵਿਘਨ ਪੈਂਦਾ ਹੈ। ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਵਿਦਵਾਨਾਂ ਨੇ ਅਸਲੀ ਜ਼ਿੰਦਗੀ ਜਿਊਣ ਲਈ ਸਾਨੂੰ ਨਫ਼ਰਤ, ਨਿੰਦਾ-ਚੁਗਲੀ, ਅਗਿਆਨਤਾ ਅਤੇ ਅੰਧ ਵਿਸ਼ਵਾਸ ਤੋਂ ਸੁਚੇਤ ਕੀਤਾ ਹੈ ਅਤੇ ਇਨਸਾਨੀਅਤ ਨੂੰ ਹੀ ਵੱਡਾ ਦਰਜਾ ਦਿੱਤਾ ਹੈ। ਨਿੰਦਾ-ਚੁਗਲੀ ਤੇ ਨਫਰਤ ਮਨੁੱਖੀ ਸ਼ਖਸੀਅਤ ਲਈ ਵੱਡੇ ਔਗੁਣ ਹਨ। ਦੁੱਖ ਸੁੱਖ ਵਿਚ ਭਾਈਵਾਲੀ, ਹਮਦਰਦੀ ਦੇ ਅਸਲ ਮਾਅਨੇ ਬਦਲ ਗਏ ਹਨ। ਸਬਰ, ਸੰਤੋਖ, ਸਲੀਕਾ ਘਟਦਾ ਜਾ ਰਿਹਾ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਸਮਾਜ ਨੂੰ ਸੁੰਦਰ ਬਣਾਉਣ ਵਿਚ ਹਰ ਇਕ ਵਿਅਕਤੀ ਦੇ ਯੋਗਦਾਨ ਦੀ ਲੋੜ ਹੈ। ਮਨੁੱਖੀ ਪਿਆਰ ਦੀ ਇਸ ਮਾਲਾ ਵਿਚ ਸਭ ਨੂੰ ਸਮੋ ਕੇ ਚੰਗੇ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ। ਮਨੁੱਖ ਨੂੰ ਖ਼ੁਦ ਦੀ ਤਰੱਕੀ 'ਚ ਇੰਨਾ ਸਮਾਂ ਲਗਾ ਦੇਣਾ ਚਾਹੀਦਾ ਹੈ ਕਿ ਉਸ ਕੋਲ ਦੂਜਿਆਂ ਦੀ ਬੁਰਾਈ ਲਈ ਸਮਾਂ ਹੀ ਨਾ ਮਿਲੇ।

ਜ਼ਿੰਦਗੀ ਨੂੰ ਖ਼ੂਬਸੂਰਤ ਜਿਊਣ ਲਈ ਚੰਗੇ ਲੋਕਾਂ ਦਾ ਸਾਥ ਬੇਹੱਦ ਜ਼ਰੂਰੀ ਹੈ। ਚੰਗੀਆਂ ਕਿਤਾਬਾਂ, ਚੰਗੇ ਦੋਸਤ ਅਤੇ ਬਜ਼ੁਰਗਾਂ ਦਾ ਸਾਥ ਜੀਵਨ ਨੂੰ ਉਚਾਈਆਂ ਤਕ ਲੈ ਜਾਂਦਾ ਹੈ। ਇਨ੍ਹਾਂ ਤਿੰਨਾਂ ਦਾ ਸਾਥ ਮਿਲਣਾ ਬਹੁਤ ਵੱਡਾ ਸੁਭਾਗ ਹੁੰਦਾ ਹੈ। ਸਾਨੂੰ ਹਮੇਸ਼ਾ ਬਜ਼ੁਰਗਾਂ ਦੇ ਸਾਥ ਦਾ ਨਿੱਘ ਮਾਣਨ ਦੇ ਨਾਲ-ਨਾਲ ਉਨ੍ਹਾਂ ਦੀ ਸਿੱਖਿਆ ਨੂੰ ਵੀ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ। ਬਜ਼ੁਰਗਾਂ ਅਨੁਸਾਰ ਜ਼ਿੰਦਗੀ ਵਿਚ ਸਫਲ ਹੋਣ ਲਈ ਸਾਨੂੰ ਕਦੇ ਵੀ ਸ਼ਾਰਟ ਕੱਟ ਰਸਤਾ ਨਹੀਂ ਅਪਣਾਉਣਾ ਚਾਹੀਦਾ। ਸਫਲਤਾ ਹਮੇਸ਼ਾ ਹੌਲੀ-ਹੌਲੀ ਅਤੇ ਮਿਹਨਤ ਤੇ ਸਿਦਕ ਸਿਰੜ ਨਾਲ ਹੀ ਮਿਲਦੀ ਹੈ। ਸਾਨੂੰ ਆਪਣਾ ਵਧੇਰੇ ਧਿਆਨ ਆਪਣੇ ਅਤੇ ਪਰਿਵਾਰ 'ਤੇ ਸੀਮਤ ਕਰਨਾ ਚਾਹੀਦਾ ਹੈ। ਘਰ ਪਰਿਵਾਰ ਦੀ ਖ਼ੁਸ਼ੀ ਤੇ ਖ਼ੁਸ਼ਹਾਲੀ ਲਈ ਸੋਚਣਾ ਤੇ ਸਹੀ ਕਰਮ ਕਰਨਾ ਬਿਹਤਰ ਹੁੰਦਾ ਹੈ ਪਰ ਦੂਜਿਆਂ ਬਾਰੇ ਵਧੇਰੇ ਸੋਚਣਾ ਤੇ ਪੁੱਛ ਪ੍ਰਤੀਤ ਕਰਨਾ ਜ਼ਿੰਦਗੀ ਦੇ ਉਸਾਰੂ ਨਜ਼ਰੀਏ ਪੱਖ ਤੋਂ ਸਹੀ ਨਹੀਂ ਹੁੰਦਾ। ਕਦੇ ਵੀ ਜ਼ਿਆਦਾ ਖ਼ੁਸ਼ੀ ਜਾਂ ਗੁੱਸੇ 'ਚ ਤੁਰੰਤ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ। ਕਈ ਵਾਰ ਅਜਿਹੇ ਫ਼ੈਸਲੇ ਆਪ ਵਿਰੋਧੀ ਹੋ ਨਿਬੜਦੇ ਹਨ। ਜਦੋਂ ਵੀ ਸਾਨੂੰ ਭਟਕਣ ਦੀ ਸਥਿਤੀ ਦਾ ਅਨੁਭਵ ਹੋਵੇ ਤਾਂ ਆਪਣੇ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਜਦੋਂ ਅਸੀਂ ਆਪਣੇ ਦਿਲ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜੀਵਨ ਵਿਚ ਸਹੀ ਫ਼ੈਸਲੇ ਲੈਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਬਿਹਤਰ ਢੰਗ ਨਾਲ ਗੁਜ਼ਾਰ ਸਕਦੇ ਹਾਂ ਅਤੇ ਜੀਵਨ ਦੀਆਂ ਅਨੇਕਾਂ ਅਣਚਾਹੀਆਂ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ।

ਗਤੀਸ਼ੀਲ ਜੀਵਨ ਜਿਊਣਾ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਹਫ਼ਤੇ ਘੱਟ ਤੋਂ ਘੱਟ 150 ਮਿੰਟ ਤੇਜ਼ ਗਤੀ ਵਾਲਾ ਕੰਮ ਜਿਵੇਂ ਤੇਜ਼ ਤੁਰਨਾ ਜਾਂ ਖੇਡਣਾ ਜ਼ਰੂਰ ਕਰਨਾ ਚਾਹੀਦਾ ਹੈ। 65 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਹਰ ਹਫ਼ਤੇ ਘੱਟ ਤੋਂ ਘੱਟ 150 ਮਿੰਟ ਸੈਰ, ਸਾਈਕਲਿੰਗ ਜਾਂ ਹਲਕੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਸਰੀਰਕ ਸਰਗਰਮੀ ਨਾਲ ਸਾਡੀਆਂ ਮਾਸਪੇਸ਼ੀਆਂ, ਦਿਲ ਅਤੇ ਫੇਫੜਿਆਂ ਦੀ ਫਿਟਨੈੱਸ ਵਧਦੀ ਹੈ। ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਖ਼ੂਨ ਦਾ ਦਬਾਅ, ਦਿਲ ਦੇ ਰੋਗ ਅਤੇ ਕਈ ਤਰ੍ਹਾਂ ਦੇ ਕੈਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਕਸਰਤ ਕਰਨਾ ਖੁਰਾਕ ਵਿਚ ਤਬਦੀਲੀ ਕਰਨ ਨਾਲੋਂ ਜ਼ਿਆਦਾ ਆਸਾਨ ਹੈ। ਤੰਦਰੁਸਤ ਲੋਕ ਜੇ 30 ਮਿੰਟ ਤਕ ਲਗਾਤਾਰ ਹਰ ਰੋਜ਼ ਯੋਗਾ, ਸੈਰ ਜਾ ਕੋਈ ਹੋਰ ਖੇਡ ਖੇਡਣ ਤਾਂ ਉਹ ਨਾ ਸਿਰਫ਼ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਨ ਬਲਕਿ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤ ਜੀਵਨ ਬਿਤਾ ਸਕਦੇ ਹਨ।

ਮਾਨਸਿਕ ਸਿਹਤ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੀ ਹੈ। ਜ਼ਿੰਦਗੀ ਦੀ ਦੌੜ ਭੱਜ 'ਚ ਹਰ ਦਸਵਾਂ ਵਿਅਕਤੀ ਮਾਨਸਿਕ ਉਲਝਣ ਦੇ ਰੋਗ ਦਾ ਸ਼ਿਕਾਰ ਹੈ। ਮਾਨਸਿਕ ਸਿਹਤਮੰਦ ਵਿਅਕਤੀ ਮਨੋਵਿਗਿਆਨਕ ਬਿਮਾਰੀਆਂ ਤੋਂ ਮੁਕਤ ਹੁੰਦਾ ਹੈ। ਉਸ ਦੇ ਟੀਚੇ ਉੱਚੇ ਹੁੰਦੇ ਹਨ ਅਤੇ ਉਹ ਦੂਜੇ ਲੋਕਾਂ ਨਾਲ ਮਿਲਵਰਤਨ ਤੇ ਇਕਸਾਰਤਾ ਵਾਲੇ ਸਬੰਧ ਕਾਇਮ ਕਰਦਾ ਹੈ। ਮਾਨਸਿਕ ਤੰਦਰੁਸਤ ਵਿਅਕਤੀ 'ਚ ਹਾਰਾਂ ਤੇ ਅਸਫਲਤਾਵਾਂ ਦਾ ਮੁਕਾਬਲਾ ਕਰਨ ਦੀ ਬਰਦਾਸ਼ਤ ਸ਼ਕਤੀ ਵੱਧ ਹੁੰਦੀ ਹੈ। ਉਸ ਵਿਚ ਸਵੈ ਭਰੋਸਾ, ਸਵੈ ਨਿਰਭਰਤਾ ਤੇ ਚੜ੍ਹਦੀਕਲਾ ਦੀਆਂ ਭਾਵਨਾਵਾਂ ਹੁੰਦੀਆਂ ਹਨ। ਉਹ ਸਰਬੱਤ ਦਾ ਭਲਾ ਮੰਗਦਾ ਹੈ। ਉਸ ਦਾ ਵਿਵਹਾਰ ਲਚਕੀਲਾ ਹੁੰਦਾ ਹੈ। ਮਾਨਸਿਕ ਸਿਹਤ ਵਿਅਕਤੀ ਨੂੰ ਵਿਕਾਰਾਂ, ਵਿਵਹਾਰ, ਅਸਧਾਰਨਤਾ ਅਤੇ ਬਿਮਾਰੀਆਂ ਤੋਂ ਬਚਾਉਂਦੀ ਹੈ। ਜ਼ਿੰਦਗੀ ਵਿਚ ਸਫਲਤਾ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਬੇਹੱਦ ਜ਼ਰੂਰੀ ਹੈ। ਮਨੁੱਖ ਦੇ ਵਿਕਾਸ ਤੇ ਤਬਾਹੀ ਦੀ ਜੜ੍ਹ ਚੰਗੀ ਤੇ ਮੰਦੀ ਬੁੱਧੀ ਮੰਨੀ ਗਈ ਹੈ। ਚੰਗੀ ਬੁੱਧੀ ਧਾਰਨ ਕਰਨ 'ਤੇ ਵਿਅਕਤੀ ਦਾ ਵਿਕਾਸ ਹੁੰਦਾ ਹੈ। ਜਦਕਿ ਮੰਦੀ ਬੁੱਧੀ ਵਿਅਕਤੀ ਦੇ ਪਤਨ ਦਾ ਕਾਰਨ ਬਣਦੀ ਹੈ।

ਚੰਗੀ ਬੁੱਧੀ ਕਾਰਨ ਬੇਸਹਾਰਾ ਗ਼ਰੀਬ ਦੀਨ ਦੁਖੀ ਵਿਅਕਤੀ ਵੀ ਆਪਣਾ ਗੁਜ਼ਾਰਾ ਚਲਾ ਲੈਂਦਾ ਹੈ। ਜਦਕਿ ਮੰਦਬੁੱਧੀ ਵਿਅਕਤੀ ਪੈਰ-ਪੈਰ 'ਤੇ ਠੋਕਰਾਂ ਖਾ ਕੇ ਬੇਇੱਜ਼ਤੀ, ਦੁੱਖ ਸੰਤਾਪ ਸਹਾਰਦਾ ਹੈ। ਮੰਦ ਬੁੱਧੀ ਦੀ ਸਾਰੀ ਧਨ ਦੌਲਤ, ਜ਼ਮੀਨ ਜਾਇਦਾਦ ਨਸ਼ਟ ਹੋ ਜਾਂਦੀ ਹੈ। ਚੰਗੀ ਬੁੱਧੀ ਵਾਲੇ ਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਪੈਂਦੀ। ਆਤਮਿਕ ਤਰੱਕੀ ਤੇ ਜੀਵਨ ਦੀ ਸਾਰਥਕਤਾ ਦਾ ਸੁਨਹਿਰੀ ਮੌਕਾ ਚੰਗੀ ਬੁੱਧੀ ਕਾਰਨ ਹੀ ਸੰਭਵ ਹੁੰਦਾ ਹੈ।

ਜ਼ਿੰਦਗੀ ਦੀ ਜਦੋ-ਜਹਿਦ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹੇਗੀ। ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਹਾਲਾਤ ਕਦੇ ਮਨੁੱਖ ਲਈ ਸਾਜ਼ਗਰ ਤੇ ਕਦੇ ਉਲਟ ਹੁੰਦੇ ਹਨ। ਸੰਘਰਸ਼ ਹੀ ਜ਼ਿੰਦਗੀ ਹੈ। ਇਸ ਲਈ ਸੰਘਰਸ਼ ਵਾਸਤੇ ਵਿਅਕਤੀ ਨੂੰ ਹਰ ਸਮੇਂ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਹੋਂਦ ਅਤੇ ਚੜ੍ਹਤ ਦੀ ਲੜਾਈ ਵਿਚ ਸਬਰ ਸੰਤੋਖੀ ਵਿਅਕਤੀ ਹੀ ਸਫਲਤਾ ਦੀ ਮੰਜ਼ਿਲ ਸਰ ਕਰ ਸਕਦੇ ਹਨ। ਜੀਵਨ ਵਿਚ ਕੁਝ ਕੀਤੇ ਬਿਨਾਂ ਹੀ ਜੈ-ਜੈਕਾਰ ਸੰਭਵ ਨਹੀਂ ਹੈ। ਵਿਅਕਤੀ ਦੇ ਕਰਮ ਹੀ ਉਸ ਨੂੰ ਜਗਤ ਵਿਚ ਜਸ, ਕੀਰਤੀ ਅਤੇ ਮਾਣ ਸਨਮਾਨ ਦਿਵਾਉਂਦੇ ਹਨ। ਜੋ ਵਿਅਕਤੀ ਸੰਘਰਸ਼ ਤੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਤੋਂ ਜ਼ਿੰਦਗੀ ਦੀਆਂ ਤਮਾਮ ਖ਼ੁਸ਼ੀਆਂ ਵੀ ਦੂਰ ਹੋ ਜਾਂਦੀਆਂ ਹਨ। ਭੌਤਿਕ ਹਾਲਾਤ ਮਜ਼ਬੂਤ ਇੱਛਾ ਸ਼ਕਤੀ ਅੱਗੇ ਬੌਣੇ ਹੁੰਦੇ ਹਨ। ਸਰੀਰ ਬਿਮਾਰੀਆਂ ਦਾ ਘਰ ਹੈ ਅਤੇ ਮੌਤ ਹਰ ਵਿਅਕਤੀ ਲਈ ਲਾਇਲਾਜ ਹੈ।

ਪਰ ਮਨ ਦੀ ਸ਼ਕਤੀ ਇਨ੍ਹਾਂ ਬਿਮਾਰੀਆਂ ਨਾਲ ਲੜਨ ਦੀ ਅਦਭੁਤ ਸਮਰੱਥਾ ਰੱਖਦੀ ਹੈ। ਡਾਕਟਰਾਂ ਨੂੰ ਲੱਗਦਾ ਸੀ ਕਿ ਸਟੀਫਨ ਹਾਕਿੰਗ ਦੀ ਉਮਰ ਲੰਬੀ ਨਹੀਂ ਹੋਵੇਗੀ। ਪਰ ਹੋਇਆ ਇਸ ਦੇ ਉਲਟ। ਉਹ ਕਾਫ਼ੀ ਲੰਬਾ ਸਮਾਂ ਜਿÀੁਂਦੇ ਰਹੇ। ਅਜਿਹਾ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਕਾਰਨ ਹੀ ਸੰਭਵ ਹੋਇਆ। ਮੁਸ਼ਕਲਾਂ ਵੇਲੇ ਵੀ ਸਾਨੂੰ ਆਪਣੇ ਅੰਦਰ ਉਮੀਦ ਦੀ ਕਿਰਨ ਜਗਾਈ ਰੱਖਣੀ ਜ਼ਰੂਰੀ ਹੈ ਜਿਸ ਕਾਰਨ ਤਮਾਮ ਮਾਨਸਿਕ ਰੁਕਾਵਟਾਂ ਤੋਂ ਪਾਰ ਪਾਇਆ ਜਾ ਸਕਦਾ ਹੈ।

ਜ਼ਿੰਦਗੀ ਵਿਚ ਹਾਂ-ਪੱਖੀ ਨਜ਼ਰੀਏ ਦਾ ਬਹੁਤ ਮਹੱਤਵ ਹੈ। ਅਸੀਂ ਸਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਦੌਰ 'ਚੋਂ ਗੁਜ਼ਰਦੇ ਰਹੇ ਹੁੰਦੇ ਹਾਂ। ਜੀਵਨ ਦੇ ਹਰੇਕ ਮੋੜ 'ਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਜੇ ਅਸੀਂ ਆਪਣੀ ਨਾਂਹ ਪੱਖੀ ਸੋਚ ਅਤੇ ਨਜ਼ਰੀਏ ਨੂੰ ਹਟਾ ਕੇ ਕਰੀਏ ਤਾਂ ਸਾਡੀ ਸਫਲਤਾ ਦੀ ਦਰ ਕਾਫ਼ੀ ਹੱਦ ਤਕ ਵਧ ਜਾਵੇਗੀ। ਵਿੰਸਟਲ ਚਰਚਿਲ ਅਨੁਸਾਰ ਇਕ ਆਸ਼ਾਵਾਦੀ ਵਿਅਕਤੀ ਨੂੰ ਹਰ ਕਠਿਨਾਈ ਵਿਚ ਮੌਕਾ ਦਿਖਾਈ ਦਿੰਦਾ ਹੈ। ਦਰਅਸਲ ਹਾਂ ਪੱਖੀ ਸੋਚ ਹੀ ਸਫਲਤਾ ਦੀ ਮੂਲ ਬੁਨਿਆਦ ਹੁੰਦੀ ਹੈ। ਕਿÀੁਂਕਿ ਇਸੇ 'ਤੇ ਹੀ ਅੱਗੇ ਚਲਕੇ ਮਨੁੱਖ ਦੇ ਅੰਦਰ ਸੰਘਰਸ਼, ਸਬਰ ਅਤੇ ਪ੍ਰੇਰਨਾ ਜਿਹੇ ਭਾਵ ਤੇ ਗੁਣ ਵਿਕਸਤ ਹੁੰਦੇ ਹਨ ਜੋ ਸੰਕਲਪ ਦੇ ਭਾਵ ਨੂੰ ਜਗਾਉਂਦੇ ਹਨ। ਹਾਂ ਪੱਖੀ ਨਜ਼ਰੀਆ ਮਨੁੱਖ ਅੰਦਰ ਉਮੀਦ ਨੂੰ ਜਨਮ ਦਿੰਦਾ ਹੈ। ਜਿਸ ਸਦਕਾ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਆਪਣੇ ਅੰਦਰ ਲੁਕੇ ਹੁਨਰ ਨੂੰ ਉਘਾੜਦਾ ਹੈ। ਹਾਂ ਪੱਖੀ ਸੋਚ ਵਾਲਾ ਵਿਅਕਤੀ ਆਪਣੀਆਂ ਕਮੀਆਂ ਨੂੰ ਦੂਰ ਕਰ ਕੇ ਹਾਂ ਪੱਖੀ ਮਨ ਨਾਲ ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਦਾ ਹੈ। ਹਾਂ ਪੱਖੀ ਨਜ਼ਰੀਏ ਵਾਲੇ ਮਨੁੱਖ ਵਿਚ ਆਤਮ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਹਾਂ ਪੱਖੀ ਨਜ਼ਰੀਏ ਨਾਲ ਮਨੁੱਖ ਅੰਦਰ ਮੁਸ਼ਕਲਾਂ ਨਾਲ ਲੜਨ ਦੀ ਸਮਰੱਥਾ ਵਿਕਸਤ ਹੋ ਜਾਂਦੀ ਹੈ। ਹਾਂ ਪੱਖੀ ਨਜ਼ਰੀਏ ਨਾਲ ਮਨੁੱਖ ਅੰਦਰ ਭਾਈਚਾਰਕ ਸਾਂਝ, ਸਮਾਜਿਕ ਸਹਿਯੋਗ ਅਤੇ ਤਾਲਮੇਲ ਦੇ ਗੁਣ ਆ ਜਾਂਦੇ ਹਨ।

ਤਨ-ਮਨ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ ਲਈ ਜੀਵਨ ਵਿਚ ਸੰਜਮ ਦੀ ਪਾਲਣਾ ਬੇਹੱਦ ਜ਼ਰੂਰੀ ਹੈ। ਜਿੱਥੇ ਸੰਜਮ ਨਹੀਂ ਉੱਥੇ ਮਨੁੱਖ ਪੈਰ-ਪੈਰ 'ਤੇ ਜੋਖਮ ਸਹਾਰਦੇ ਹੋਏ ਜੀਵਨ ਬਸਰ ਕਰਦਾ ਰਹਿੰਦਾ ਹੈ। ਸੰਜਮ ਨਾਲ ਸਰੀਰ ਵਿਚ ਬਲ, ਬੁੱਧ ਦਾ ਵਾਧਾ ਹੁੰਦਾ ਹੈ। ਅਦੁੱਤੀ ਸ਼ਕਤੀਆਂ ਦੀ ਪ੍ਰਾਪਤੀ ਸੰਜਮ ਦੁਆਰਾ ਹੀ ਸੰਭਵ ਹੋ ਸਕਦੀ ਹੈ। ਸੰਜਮ ਵਾਲੇ ਵਿਅਕਤੀ ਨਿਯਮਾਂ ਸਿਧਾਤਾਂ ਦੀ ਪਾਲਣਾ ਕਰ ਕੇ ਦੂਜਿਆਂ ਦਾ ਕਲਿਆਣ ਕਰਦੇ ਹਨ ਅਤੇ ਈਸ਼ਵਰ ਤੋਂ ਦਯਾ ਦੀ ਭੀਖ ਨਹੀਂ ਮੰਗਦੇ। ਮੋਰੀ ਵਾਲੇ ਘੜੇ ਵਿਚ ਜਿਵੇਂ ਪਾਣੀ ਨਹੀਂ ਟਿਕਦਾ, ਉਸੇ ਤਰ੍ਹਾਂ ਸੰਜਮ ਰਹਿਤ ਵਿਅਕਤੀ ਦੇ ਸਰੀਰ ਤੋਂ ਸ਼ਕਤੀ ਬਾਹਰ ਹੋ ਜਾਂਦੀ ਹੈ ਤੇ ਉਹ ਰੋਗੀ ਬਣਿਆ ਰਹਿੰਦਾ ਹੈ। ਸੰਜਮ ਜੀਵਨ ਵਿਚ ਸੁੱਖ, ਖ਼ੁਸ਼ਹਾਲੀ, ਸ਼ਾਂਤੀ, ਸੁਰੱਖਿਆ ਤੇ ਕਲਿਆਣ ਪ੍ਰਦਾਨ ਕਰਦਾ ਹੈ। ਨਿਰੋਗੀ ਕਾਇਆ ਦਾ ਸੁਪਨਾ ਸੰਜਮ ਦੁਆਰਾ ਹੀ ਸੰਭਵ ਹੋ ਸਕਦਾ ਹੈ।

ਆਦਤਾਂ ਚੰਗੀਆਂ ਵੀ ਹੁੰਦੀਆਂ ਹਨ ਤੇ ਬੁਰੀਆਂ ਵੀ। ਚੰਗੀਆਂ ਆਦਤਾਂ ਇਨਸਾਨ ਦਾ ਗਹਿਣਾ ਹੁੰਦੀਆਂ ਹਨ ਤੇ ਬੁਰੀਆਂ ਉਸ ਦੇ ਪਤਨ ਦਾ ਖੁੱਲ੍ਹਾ ਮੈਦਾਨ। ਬੁਰੀਆਂ ਆਦਤਾਂ ਇਨਸਾਨ ਦੇ ਕਿਰਦਾਰ ਨੂੰ ਧੁੰਦਲਾ ਕਰਦੀਆਂ ਹਨ। ਕਿਸੇ ਵੀ ਮਾੜੀ ਆਦਤ ਨੂੰ ਲਾਉਣਾ ਜਿੰਨਾ ਆਸਾਨ ਹੁੰਦਾ ਹੈ ਉਸ ਨੂੰ ਛੱਡਣਾ ਓਨਾ ਹੀ ਮੁਸ਼ਕਲ। ਕਿਸੇ ਵੀ ਮਾੜੀ ਆਦਤ ਦਾ ਗ਼ੁਲਾਮ ਵਿਅਕਤੀ ਨਾ ਖ਼ੁਦ ਸੋਚਦਾ ਹੈ, ਨਾ ਖ਼ੁਦ ਫ਼ੈਸਲਾ ਲੈਂਦਾ ਹੈ। ਮਾੜੀਆਂ ਆਦਤਾਂ ਕਾਰਨ ਇਨਸਾਨ ਦੀ ਸਵੈ ਮਾਣ ਦੀ ਰੋਸ਼ਨੀ ਬੁਝ ਜਾਂਦੀ ਹੈ ਅਤੇ ਜੀਵਨ ਅਰਥਹੀਣ ਬਣ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਗ਼ਲਤ ਆਦਤਾਂ ਤੇ ਬੁਰਾਈਆ ਤੋਂ ਛੁਟਕਾਰਾ ਪਾ ਕੇ ਸਿਹਤਮੰਦ ਜੀਵਨ ਵਲ ਕਦਮ ਵਧਾਈਏ।

ਜੀਵਨ ਪ੍ਰਤੀ ਫ਼ਿਕਰਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਗੱਲ-ਗੱਲ 'ਤੇ ਖ਼ੁਦ ਨੂੰ, ਕਿਸਮਤ ਨੂੰ ਅਤੇ ਸਮੇਂ ਨੂੰ ਕੋਸਣਾ ਤੇ ਗੁੱਸਾ ਜ਼ਾਹਿਰ ਕਰਨਾ ਸਾਡੇ ਸੁਭਾਅ ਵਿਚ ਸ਼ਾਮਲ ਹੋ ਗਿਆ ਹੈ। ਅਸੀਂ ਸ਼ਾਇਦ ਭੁੱਲ ਜਾਂਦੇ ਹਾਂ ਕਿ ਇਸ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਅਜਿਹੇ ਲੋਕ ਸਾਰਿਆਂ ਤੋਂ ਅਲੱਗ-ਥਲੱਗ ਹੋ ਕੇ ਰਹਿ ਜਾਂਦੇ ਹਨ। ਦਾਰਸ਼ਨਿਕ ਤੇ ਲੇਖਕ ਜੇਮਸ ਐਲੇਨ ਦਾ ਕਥਨ ਹੈ ਕਿ,'ਵਿਅਕਤੀ ਸਵੇਰ ਤੋਂ ਸ਼ਾਮ ਤਕ ਕੰਮ ਕਰ ਕੇ ਇੰਨਾ ਨਹੀਂ ਥੱਕਦਾ, ਜਿੰਨਾ ਗੁੱਸੇ ਜਾ ਫ਼ਿਕਰ ਨਾਲ ਇਕ ਘੰਟੇ ਵਿਚ ਥੱਕ ਜਾਂਦਾ ਹੈ।' ਇਹ ਕਥਨ ਸਾਨੂੰ ਵੀ ਆਪਣੇ ਤਜਰਬਿਆਂ ਤੋਂ ਪਤਾ ਹੈ ਪਰ ਅਸੀਂ ਨਾ ਸਿਰਫ਼ ਉਸਨੂੰ ਬੇਧਿਆਨਾ ਕਰ ਦਿੰਦੇ ਹਾਂ, ਬਲਕਿ ਆਪਣੀ ਇਸ ਆਦਤ ਨੂੰ ਸੁਧਾਰਨ ਲਈ ਵੀ ਤਿਆਰ ਨਹੀਂ ਹੁੰਦੇ। ਸਹੀ ਦਿਸ਼ਾ ਵਿਚ ਸੋਚਣ ਦੀ ਜੋ ਸੂਈ ਦਿਮਾਗ਼ ਵਿਚ ਘੁੰਮਣੀ ਚਾਹੀਦੀ ਹੈ ਉਹ ਗ਼ਲਤ ਸਮੇਂ ਨਾਲ ਟੈਗ ਹੋ ਜਾਂਦੀ ਹੈ। ਇਕ ਰਾਜੇ ਨੇ ਆਪਣੇ ਤਿੰਨੋਂ ਰਾਜਕੁਮਾਰਾਂ ਨੂੰ ਸੱਦ ਕੇ ਇਕ-ਇਕ ਸੋਨੇ ਦੀ ਮੋਹਰ ਤਿੰਨਾਂ ਨੂੰ ਦਿੰਦੀਆ ਕਿਹਾ ਕਿ ਇਸ ਧਨ ਨਾਲ ਅੱਜ ਆਪਣੇ-ਆਪਣੇ ਮਹੱਲ ਨੂੰ ਭਰਨਾ ਹੈ। ਜਿਹੜਾ ਇਸ ਪ੍ਰੀਖਿਆ ਵਿਚ ਪਹਿਲੇ ਨੰਬਰ 'ਤੇ ਆਵੇਗਾ ਉਸ ਨੂੰ ਰਾਜ ਦਾ ਉੱਤਰਾਧਿਕਾਰੀ ਐਲਾਨਿਆ ਜਾਵੇਗਾ। ਵੱਡੇ ਰਾਜਕੁਮਾਰ ਨੇ ਸੋਨੇ ਦੀ ਮੋਹਰ ਜੂਏ ਵਿਚ ਲਾਈ ਤੇ ਹਾਰ ਗਿਆ। ਦੂਜੇ ਰਾਜਕੁਮਾਰ ਨੇ ਆਪਣੀ ਮਹੱਲ ਨੂੰ ਕੂੜੇ ਕਚਰੇ ਨਾਲ ਭਰ ਲਿਆ। ਜਦਕਿ ਛੋਟੇ ਰਾਜਕਮਾਰ ਨੇ ਉਸ ਨਾਲ ਕੁਝ ਮੋਮਬੱਤੀਆਂ, ਅਗਰਬੱਤੀਆਂ ਅਤੇ ਖ਼ੁਸ਼ਬੂਦਾਰ ਫੁੱਲ ਖਰੀਦੇ ਅਤੇ ਉਨ੍ਹਾਂ ਨਾਲ ਮਹੱਲ ਸਜਾ ਦਿੱਤਾ।

ਸ਼ਾਮ ਨੂੰ ਰਾਜੇ ਨੇ ਤਿੰਨਾਂ ਮਹੱਲਾਂ ਦਾ ਮੁਆਇਨਾ ਕੀਤਾ। ਉਹ ਆਪਣੇ ਵੱਡੇ ਦੋ ਰਾਜਕੁਮਾਰਾਂ ਦੇ ਕੰਮ ਤੋਂ ਬਹੁਤ ਦੁਖੀ ਹੋਈਆ ਅਤੇ ਛੋਟੇ ਰਾਜਕੁਮਾਰ ਦੇ ਕੰਮ ਨੂੰ ਹੈਰਾਨੀ ਨਾਲ ਦੇਖਦਾ ਰਹਿ ਗਿਆ। ਛੋਟੇ ਨੇ ਕਿਹਾ, 'ਪਿਤਾ ਜੀ, ਮੈ ਮਹੱਲ

ਨੂੰ ਰੋਸ਼ਨੀ ਅਤੇ ਖ਼ੁਸ਼ਬੂ ਨਾਲ ਭਰਿਆ ਹੈ।' ਰਾਜੇ ਨੇ ਉਸ ਨੂੰ ਆਪਣੀ ਰਾਜਗੱਦੀ 'ਤੇ ਬਿਠਾਇਆ।

ਤਿੰਨ ਰਾਜਕੁਮਾਰਾਂ ਨੂੰ ਬਰਾਬਰ ਸਿੱਖਿਆ ਮਿਲੀ ਸੀ। ਪਹਿਲੇ ਦੋ ਰਾਜਕੁਮਾਰ ਸਿੱਖਿਆ ਦੇ ਨਾਲ ਆਪਣੇ ਉੱਚੇ ਸੰਸਕਾਰਾਂ ਨੂੰ ਗ੍ਰਹਿਣ ਨਹੀਂ ਕਰ ਸਕੇ। ਇਸ ਲਈ ਉਹ ਜੀਵਨ ਦੀ ਬਾਜ਼ੀ ਹਾਰ ਗਏ। ਤੀਜਾ ਰਾਜਕੁਮਾਰ ਸੰਸਕਾਰ ਸੰਪਨ ਸੀ। ਇਸ ਲਈ ਰਾਜਗੱਦੀ ਦਾ ਹੱਕਦਾਰ ਬਣ ਗਿਆ। ਕਿਤਾਬੀ ਗਿਆਨ ਭਾਵੇਂ ਸਾਨੂੰ ਸਾਧਨ ਹੀ ਦਿਵਾ ਦੇਵੇ ਪਰ ਸਤਿਕਾਰ ਭਰਿਆ ਜੀਵਨ ਜਿਉੂਣ ਲਈ ਉੱਨਤ ਸੰਸਕਾਰ ਦਾ ਹੋਣਾ ਬੇਹੱਦ ਜਰੂਰੀ ਹੈ।

- ਨਰਿੰਦਰ ਸਿੰਘ

98146-62260

Posted By: Harjinder Sodhi