ਇਸ ਆਜ਼ਾਦੀ ਦਿਵਸ 'ਤੇ ਕਿਉਂ ਨਾ ਦੇਸ਼ ਨੂੰ ਪਲਾਸਟਿਕ ਤੋਂ ਬਣੇ ਤਿਰੰਗੇ ਝੰਡਿਆਂ ਤੋਂ ਵੀ ਆਜ਼ਾਦੀ ਦਿਵਾਈ ਜਾਵੇ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਨ੍ਹਾਂ ਪਲਾਸਟਿਕ ਦੇ ਤਿਰੰਗਿਆਂ ਦੇ ਬਦਲ ਦੇ ਰੂਪ 'ਚ ਤੁਸੀਂ ਵਰਤ ਸਕਦੇ ਹੋ ਸੀਡ ਪੇਪਰ ਨਾਲ ਬਣੇ ਈਕੋ ਫਰੈਂਡਲੀ ਤਿਰੰਗੇ, ਜਿਨ੍ਹਾਂ ਤੋਂ ਤੁਸੀਂ ਪੌਦੇ ਵੀ ਉਗਾ ਸਕੋਗੇ। ਅਜਿਹੇ ਹੀ ਵਾਤਾਵਰਨ ਰੱਖਿਅਕ ਤਿਰੰਗੇ ਝੰਡਿਆਂ ਬਾਰੇ ਜਾਣਕਾਰੀ ਦੇ ਰਹੀ ਹੈ ਵੰਦਨਾ ਵਾਲੀਆ ਬਾਲੀ...

ਆਜ਼ਾਦੀ ਦਿਵਸ 'ਤੇ ਦੇਸ਼ ਭਗਤੀ ਦਿਖਾਉਣ ਦਾ ਇਕ ਜ਼ਰੀਆ ਆਪਣੇ ਕੌਮੀ ਝੰਡੇ ਨੂੰ ਮਾਣ ਨਾਲ ਲਹਿਰਾਉਣਾ ਜਾਂ ਸ਼ਾਨ ਨਾਲ ਬਿੱਲੇ ਦੇ ਰੂਪ 'ਚ ਆਪਣੇ ਕੱਪੜਿਆਂ 'ਤੇ ਲਾ ਕੇ ਭਾਰਤ ਮਾਂ ਨੂੰ ਨਮਸਕਾਰ ਕਰਨਾ ਵੀ ਹੈ। ਦੇਸ਼ ਪਿਆਰ ਦੀ ਭਾਵਨਾ ਨੂੰ ਪ੍ਰਗਟ ਕਰਦੇ ਲੱਖਾਂ ਭਾਰਤੀਆਂ ਦੇ ਹੱਥਾਂ 'ਚ ਇਸ ਦਿਨ ਤਿਰੰਗੇ ਝੰਡੇ ਨਜ਼ਰ ਆਉਂਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਪਲਾਸਟਿਕ ਦੇ ਬਣੇ ਹੁੰਦੇ ਹਨ ਅਤੇ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਪਿੱਛੋਂ ਇਨ੍ਹਾਂ ਨੂੰ ਲੋਕ ਕਿਤੇ ਵੀ ਸੁੱਟ ਦਿੰਦੇ ਹਨ। ਇਸ ਨਾਲ ਇਕ ਪਾਸੇ ਉਹ ਕੌਮੀ ਝੰਡੇ ਦਾ ਨਿਰਾਦਰ ਕਰਦੇ ਹਨ ਅਤੇ ਦੂਜੇ ਪਾਸੇ ਨਾਨ-ਬਾਇਓਡੀਗ੍ਰੇਡੇਬਲ ਪਲਾਸਟਿਕ ਤੋਂ ਬਣੇ ਹੋਣ ਕਾਰਨ ਉਹ ਇਨ੍ਹਾਂ ਤਿਰੰਗਿਆਂ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹਾਲਾਂਕਿ ਸਰਕਾਰ ਦੁਆਰਾ ਜਨਤਾ ਨੂੰ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨਾਲ ਕਰਨ ਦੀ ਸਲਾਹ ਦਿੱਤੀ ਗਈ ਹੈ ਫਿਰ ਵੀ ਇਨ੍ਹਾਂ ਦੀ ਵਰਤੋਂ ਬਹੁਤ ਹੁੰਦੀ ਹੈ। ਹੁਣ ਇਨ੍ਹਾਂ ਦਾ ਬਿਹਤਰੀਨ ਬਦਲ ਕੱਢਿਆ ਗਿਆ ਹੈ।

ਵਾਤਾਵਰਨ ਸੁਰੱਖਿਆ

ਦਿੱਲੀ ਦੀ ਬਾਇਓ-ਟੈਕ ਇੰਜੀਨੀਅਰ ਕ੍ਰਿਤਿਕਾ ਸਕਸੈਨਾ ਨੇ ਇਸ ਸਮੱਸਿਆ ਦੇ ਹੱਲ ਦੇ ਤੌਰ 'ਤੇ ਅਜਿਹਾ ਤਿਰੰਗਾ ਤਿਆਰ ਕੀਤਾ ਹੈ ਜੋ ਵਾਤਾਵਰਨ ਰੱਖਿਅਕ ਸਿੱਧ ਹੋ ਰਿਹਾ ਹੈ। ਇਸ ਨੂੰ ਸੀਡ ਪੇਪਰ ਨਾਲ ਤਿਆਰ ਕੀਤਾ ਗਿਆ ਹੈ। ਇਹ ਝੰਡੇ ਵਾਤਾਵਰਨ ਦੀ ਰੱਖਿਆ ਦੇ ਸਮਰੱਥ ਹਨ। ਵਰਤੋਂ ਕਰਨ ਤੋਂ ਬਾਅਦ ਪਾਣੀ 'ਚ ਇਕ ਤੋਂ ਤਿੰਨ ਦਿਨ ਭਿਉਣ ਤੋਂ ਬਾਅਦ ਇਨ੍ਹਾਂ ਨੂੰ ਮਿੱਟੀ 'ਚ ਦਬਾਉਣ ਨਾਲ (ਜੋ ਕੌਮੀ ਝੰਡੇ ਲਈ ਬਣੇ ਨਿਯਮਾਂ ਅਨੁਸਾਰ ਸਹੀ ਹੈ) ਇਨ੍ਹਾਂ 'ਚ ਮੌਜੂਦ ਬੀਜਾਂ ਤੋਂ ਪੌਦੇ ਉੱਗ ਜਾਂਦੇ ਹਨ। ਇਸ ਨਾਲ ਇਨ੍ਹਾਂ ਤਿਰੰਗਿਆਂ ਤੋਂ ਦੋਹਰੀ ਵਾਤਾਵਰਨ ਸੁਰੱਖਿਆ ਹੁੰਦੀ ਹੈ। ਇਕ ਪਾਸੇ ਪਲਾਸਟਿਕ ਤੋਂ ਬਚਾਅ ਅਤੇ ਦੂਜੇ ਪਾਸੇ ਬੂਟੇ ਲਾਉਣ ਦਾ ਕਾਰਜ ਵੀ ਪੂਰਾ ਹੁੰਦਾ ਹੈ।

ਵੇਸਟ ਕਾਟਨ ਫਾਈਬਰ ਤੋਂ ਬਣਦਾ ਹੈ ਸੀਡ ਪੇਪਰ

ਹੱਥ ਨਾਲ ਬਣਾਏ ਜਾਣ ਵਾਲੇ ਸੀਡ ਪੇਪਰ ਨੂੰ ਵੇਸਟ ਕਾਟਨ ਫਾਈਬਰ ਨਾਲ ਮੌਸਮੀ ਪੌਦਿਆਂ ਦੇ ਬੀਜ ਪਾ ਕੇ ਤਿਆਰ ਕੀਤਾ ਜਾਂਦਾ ਹੈ। ਸੀਡ ਪੇਪਰ ਨਾਲ ਬਨਾਵਟੀ ਦੋ ਇੰਚ ਚੌੜੇ ਅਤੇ ਤਿੰਨ ਇੰਚ ਲੰਬੇ ਤਿਰੰਗੇ ਤਿਆਰ ਕਰ ਰਹੀ ਹੈ। ਸਕੂਲਾਂ ਆਦਿ 'ਚ ਇਨ੍ਹਾਂ ਦੀ ਕਾਫ਼ੀ ਮੰਗ ਹੈ। ਵਰਤੋਂ ਤੋਂ ਬਾਅਦ ਇਨ੍ਹਾਂ ਨੂੰ ਪਾਣੀ 'ਚ ਇਕ ਤੋਂ ਤਿੰਨ ਦਿਨ (ਬਰਸਾਤ 'ਚ ਇਕ ਅਤੇ ਸਰਦੀ 'ਚ ਤਿੰਨ ਦਿਨ) ਤਕ ਭਿਉਂ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਮਿੱਟੀ 'ਚ ਦਬਾ ਦੇਣ ਨਾਲ ਇਕ-ਦੋ ਹਫ਼ਤਿਆਂ 'ਚ ਇਨ੍ਹਾਂ 'ਚੋਂ ਪੌਦੇ ਉੱਗ ਆਉਂਦੇ ਹਨ।

'ਬ੍ਰਤ ਲਾਈਫਸਟਾਈਲ' ਨਾਂ ਨਾਲ ਇਕੱਲੇ ਹੀ ਇਸ ਕੰਮ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤਿਕਾ ਦੱਸਦੀ ਹੈ, 'ਮੈਂ ਵਾਤਾਵਰਨ ਪ੍ਰੇਮੀ ਹਾਂ। ਕਈ ਸਾਲਾਂ ਤੋਂ ਹਰ ਸੰਭਵ ਕੋਸ਼ਿਸ਼ ਕਰਦੀ ਹਾਂ ਕਿ ਜ਼ੀਰੋ ਵੇਸਟੇਜ ਵਾਲੀ ਜੀਵਨਸ਼ੈਲੀ ਜੀਵਾਂ। ਇਸ ਲਈ ਜਦ ਤਿਰੰਗਿਆਂ ਦੀ ਬੇਕਦਰੀ ਅਤੇ ਵਾਤਾਵਰਨ ਨੂੰ ਨੁਕਸਾਨ ਹੁੰਦਾ ਦੇਖਿਆ ਤਾਂ ਮੈਨੂੰ ਇਹ ਆਈਡੀਆ ਆਇਆ। ਹਾਲਾਂਕਿ ਇਸ ਦਾ ਮੇਰੀ ਪੜ੍ਹਾਈ ਨਾਲ ਕੋਈ ਨਾਤਾ ਨਹੀਂ ਪਰ ਮੇਰੇ ਸ਼ੌਕ ਅਤੇ ਸੁਭਾਅ ਨੇ ਮੈਨੂੰ ਇਸ ਪਾਸੇ ਖਿੱਚਿਆ ਹੈ।

ਇਸ ਤਰ੍ਹਾਂ ਮੁੰਬਈ ਦੀ ਸ਼ਿਰੁਤੀ ਦਾਧੀਚ ਨੇ ਵੀ ਇਸ ਸਾਲ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਸੀਡੀ ਪੇਪਰ ਨਾਲ ਕੌਮੀ ਝੰਡੇ ਬਣਾਉਣ ਦਾ ਬੀੜਾ ਚੁੱਕਿਆ ਹੈ। ਉਹ ਦੱਸਦੀ ਹੈ ਕਿ ਹੁਣ ਤਕ ਉਨ੍ਹਾਂ ਨੂੰ ਕਰੀਬ 60 ਹਜ਼ਾਰ ਝੰਡਿਆਂ ਦਾ ਆਰਡਰ ਮਿਲ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਪਿੱਛੇ ਉਨ੍ਹਾਂ ਦਾ ਇਰਾਦਾ ਹੈ ਕਿ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਤੋਂ ਬਾਅਦ ਸਾਡੇ ਦੇਸ਼ ਦੀ ਸ਼ਾਨ, ਸਾਡੇ ਤਿਰੰਗਿਆਂ ਦਾ ਅਨਾਦਰ ਨਾ ਹੋਵੇ ਬਲਕਿ ਉਸ ਨਾਲ ਅਜਿਹੇ ਪੌਦੇ ਉਗਾਏ ਜਾਣ ਜੋ ਵਿਸ਼ੇਸ਼ ਦਿਵਸ ਤੋਂ ਬਾਅਦ ਵੀ ਇਸ ਤਿਰੰਗੇ ਦੀ ਯਾਦ ਦਿਵਾ ਕੇ ਦੇਸ਼ ਪਿਆਰ ਦਾ ਜਜ਼ਬਾ ਹਰ ਦਿਨ ਵਧਾਉਂਦੇ ਰਹਿਣ।

Posted By: Harjinder Sodhi