ਮਨ ਦੀਆਂ ਭਾਵਨਾਵਾਂ

ਦੋਸਤੋ ਕਈ ਵਾਰ ਸਾਡੇ ਨਾਲ ਅਕਸਰ ਏਦਾਂ ਹੁੰਦਾ ਆ ਕਿ ਜ਼ਿੰਦਗੀ ਵਿਚ ਜਦੋਂ ਸਾਡਾ ਜਾਨ ਤੋਂ ਪਿਆਰਾ ਮਿੱਤਰ, ਪ੍ਰੇਮੀ ਸਾਡੇ ਨਾਲੋਂ ਸਬੰਧ ਤੋੜ ਜਾਂਦਾ ਹੈ ਤੇ ਸਾਡੀਆਂ ਮਾਨਸਿਕ ਭਾਵਨਾਵਾਂ ਨੂੰ ਉਦੋਂ ਗਹਿਰੀ ਚੋਟ ਪਹੁੰਚਦੀ ਹੈ। ਮਨ ਦੀਆਂ ਭਾਵਨਾਵਾਂ ਬਹੁਤ ਕੋਮਲ ਹੁੰਦੀਆਂ ਹਨ ਜਿਸ ਇਨਸਾਨ ਨਾਲ ਪਿਆਰ ਪੈਣ ਤੇ ਅਸੀਂ ਉਸ ਨਾਲ ਜਨਮ ਮਰਨ ਦੀਆਂ ਕਸਮਾਂ ਖਾਂਦੇ ਹਾਂ ਜੇ ਉਹ ਕਿਸੇ ਗੱਲ ਤੋਂ ਸਾਡੇ ਨਾਲ ਨਾਰਾਜ਼ ਹੋ ਕੇ ਹਮੇਸ਼ਾ ਲਈ ਸਾਡਾ ਸਾਥ ਛੱਡ ਜਾਂਦਾ ਹੈ ਤਾਂ ਅਸੀਂ ਮਾਨਸਿਕ ਪੱਖੋਂ ਟੁੱਟ ਜਾਂਦੇ ਹਾਂ। ਸਾਨੂੰ ਸਾਰੀ ਦੁਨੀਆ ਵੀਰਾਨ ਲੱਗਣ ਲੱਗ ਪੈਂਦੀ ਹੈ। ਇਸ ਸਮੇਂ ਅਸੀਂ ਰੋ ਕੇ ਜਾਂ ਚੁੱਪ ਰਹਿ ਕੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਇਸ ਸਮੇਂ ਅਸੀਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ। ਸਾਨੂੰ ਆਪਣਾ ਆਪ ਬੁਰਾ ਲੱਗਣ ਲੱਗ ਪੈਂਦਾ ਹੈ। ਅਸੀਂ ਆਪਣੇ ਆਪ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ।

ਕਈ ਲੋਕ ਇਸ ਸਮੇਂ ਕੋਈ ਵੱਸ ਨਾ ਚਲਦਾ ਦੇਖ ਕੇ ਗਹਿਰੇ ਦੁੱਖ ਦੇ ਚਲਦੇ ਆਤਮ ਹੱਤਿਆ ਕਰ ਲੈਂਦੇ ਹਨ ਪਰ ਦੋਸਤੋ ਆਤਮ ਹੱਤਿਆ ਕਰਨਾ ਦੁੱਖਾਂ ਤੋਂ ਬਚਣ ਦਾ ਕੋਈ ਹੱਲ ਨਹੀਂ। ਅਸੀਂ ਕਿਸੇ ਇਕ ਇਨਸਾਨ ਕਰਕੇ ਆਪਣੀ ਅਣਮੁੱਲੀ ਜ਼ਿੰਦਗੀ ਗੁਵਾ ਲੈਂਦੇ ਆ। ਇਹੋ ਜੇ ਹਾਲਾਤ ਵਿਚ ਸਾਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਹੌਲੀ-ਹੌਲੀ ਸਭ ਹਾਲਾਤ ਠੀਕ ਹੋ ਜਾਂਦੇ ਹਨ। ਸਮੇਂ ਨਾਲ ਹਰ ਜ਼ਖ਼ਮ ਭਰ ਜਾਂਦਾ ਹੈ। ਦੁਨੀਆ 'ਤੇ ਕੋਈ ਵੀ ਦੁੱਖ ਅਜਿਹਾ ਨਹੀਂ ਜਿਹੜਾ ਸਮੇਂ ਨਾਲ ਠੀਕ ਨਾ ਹੋਵੇ। ਸੋ ਦੁੱਖ ਦੇ ਸਮੇਂ ਇਹ ਗੱਲ ਯਾਦ ਰੱਖੋ ਇਹ ਤੁਹਾਨੂੰ ਕੁਝ ਨਾ ਕੁਝ ਸਿਖਾਉਣ ਹੀ ਆਉਂਦੇ ਹਨ। ਦੁੱਖਾਂ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਦੁੱਖਾਂ ਤੋਂ ਬਾਅਦ ਸੁੱਖ ਦਾ ਅਨੰਦ ਲੈਣ ਦਾ ਸਵਾਦ ਹੀ ਵੱਖਰਾ ਹੈ। ਸੋ ਹਿੰਮਤ ਨਾ ਹਾਰੋ। ਆਦਤਾਂ ਬਦਲੋ। ਘੁੰਮੋ ਫਿਰੋ ਰੌਣਕ ਵਾਲੀ ਜਗ੍ਹਾ 'ਤੇ ਜਾਵੋ। ਪਰਿਵਾਰ ਨਾਲ ਸਮਾਂ ਬਿਤਾਓ ਪੁਸਤਕਾਂ ਪੜ੍ਹੋ ਹੌਲੀ-ਹੌਲੀ ਹਾਲਾਤ ਬਦਲਦੇ ਜਾਣਗੇ ਤੇ ਦੁੱਖ ਚਲੇ ਜਾਣਗੇ। ਦੁੱਖ ਸਾਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਂਦੇ ਹਨ ਤੇ ਸਾਨੂੰ ਮਾਨਸਿਕ ਪੱਖੋਂ ਮਜ਼ਬੂਤ ਕਰਦੇ ਹਨ। ਸੋ ਹਿੰਮਤ ਨਾ ਹਾਰੋ। ਕੋਸ਼ਿਸ਼ ਕਰਦੇ ਰਹੋ। ਬੁਰਾ ਸਮਾਂ ਹਮੇਸ਼ਾ ਨਹੀਂ ਰਹਿੰਦਾ। ਸੋਚ ਬਦਲੋ ਨਜ਼ਾਰੇ ਬਦਲ ਜਾਣਗੇ।

- ਹਰਪ੍ਰੀਤ ਕੌਰ ਚੱਠਾ

Posted By: Harjinder Sodhi