ਕਿਸੇ ਸਮੇਂ ਅਰਪਾਨੈੱਟ ਵਾਲਿਆਂ ਨੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੁਆਰਾ ਖੋਜੀ ਗਈ ਤਕਨੀਕ ਤੇ ਸੀਤ ਦੁਨੀਆ ਪ੍ਰਮਾਣੂ ਰੂਪ ਧਾਰਨ ਕਰ ਲਵੇਗੀ। ਅਮਰੀਕਾ ਦੀ ਆਰਮੀ ਨੇ ਸੱਠਵਿਆਂ ਦੇ ਸ਼ੁਰੂ ਵਿਚ ਆਪਣੀ ਸੈਨਾ ਦੇ ਜਵਾਨਾਂ ਕੋਲ ਸੂਚਨਾ ਪਾਹੁੰਚਾਉਣ ਲਈ ਇਕ ਤਕਨੀਕ ਦੀ ਵਰਤੋਂ ਕੀਤੀ ਜਿਸ ਨੂੰ ਉਨ੍ਹਾਂ ਨੇ ਅਰਪਾਨੈੱਟ ਦਾ ਨਾਮ ਦਿੱਤਾ। ਜਿਸ ਦਾ ਅਰਥ ਸੀ ਐਡਵਾਂਸ ਰੀਸਰਚ ਪ੍ਰਾਜੈਕਟ ਏਜੰਸੀ ਨੈੱਟਵਰਕ, ਅਮਰੀਕਾ ਨੇ ਇਹ ਕੰਮ 1962 ਵਿਚ ਸ਼ੁਰੂ ਕਰ ਦਿੱਤਾ ਸੀ। ਇਸ ਦੇ ਪਿੱਛੇ ਬਹੁਤ ਹੀ ਕਮਾਲ ਦੀ ਕਹਾਣੀ ਹੈ। ਜਿਹੜੀ ਕਿ ਬਹੁਤ ਜ਼ਿਆਦਾ ਦਿਲਚਸਪ ਹੈ। ਉਨ੍ਹਾਂ ਨੇ ਇਸ ਦੀ ਖੋਜ ਕਰਨ ਵੇਲੇ ਸੋਚਿਆ ਤਕ ਨਹੀਂ ਹੋਣਾ ਕਿ ਉਨ੍ਹਾਂ ਦੀ ਇਹ ਖੋਜ ਇਕ ਦਿਨ ਪੂਰੀ ਦੁਨੀਆ ਨੂੰ ਇਕ ਪਿੰਡ ਬਣਾ ਕੇ ਰੱਖ ਦੇਵੇਗੀ।

ਪਹਿਲਾਂ ਅਸੀਂ ਇਹ ਸਾਫ਼ ਕਰ ਦੇਈਏ ਕਿ ਆਰਮੀ ਚਾਹੁੰਦੀ ਸੀ ਕਿ ਉਨ੍ਹਾਂ ਦੀ ਹਰ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇ। ਉਨ੍ਹਾਂ ਦੇ ਸਿਪਾਹੀ ਜਦੋਂ ਕੋਈ ਵੀ ਜਾਣਕਾਰੀ ਲਿਖਤੀ ਰੂਪ ਵਿਚ ਲੈ ਕੇ ਦੂਸਰੇ ਬੇਸ ਕੈਂਪ ਵਿਚ ਪਹੁੰਚਦੇ ਤਾਂ ਰਾਸਤੇ ਵਿਚ ਉਹ ਚੋਰੀ ਹੋ ਜਾਂਦੀ ਸੀ ਤੇ ਸਿਪਾਹੀਆਂ ਨੂੰ ਮਾਰ ਵੀ ਦਿੱਤਾ ਜਾਂਦਾ ਸੀ। ਉਸ ਸਮੇਂ ਅਮਰੀਕਾ ਰੂਸ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਸੀ। ਰੂਸ ਦੇ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਹੀ ਇਸ ਕੰਮ ਨੂੰ ਅੰਜਾਮ ਦਿੰਦੇ ਸਨ। ਇਸ ਲਈ ਆਰਮੀ ਨੇ ਇਕ ਐਸੀ ਖੋਜ ਕੀਤੀ ਜਿਸ ਨੂੰ ਉਨ੍ਹਾਂ ਨੇ ਆਰਪਾਨੈੱਟ ਦਾ ਨਾਂ ਦਿੱਤਾ। ਹੁਣ ਉਨ੍ਹਾਂ ਨੇ ਜੋ ਵੀ ਸੰਦੇਸ਼ ਇਕ ਦੂਜੇ ਕੋਲ ਪਹੁੰਚਦਾ ਕਰਨਾ ਹੋਵੇ ਤਾਂ ਉਹ ਆਪਣੀ ਇਸ ਤਕਨੀਕ ਰਾਹੀਂ ਹੀ ਪਹੁੰਚਦਾ ਕਰਦੇ ਸਨ। ਇਹ ਤਕਨੀਕ ਕਾਪਰ ਵਾਇਰਾਂ ਰਾਹੀਂ ਭੇਜੀ ਜਾਂਦੀ ਸੀ। ਇਹ ਤਕਨੀਕ ਇਕ ਖ਼ਾਸ ਕਿਸਮ ਦੇ ਚਿੰਨ੍ਹ ਹੁੰਦੇ ਸਨ ਜਿਨ੍ਹਾਂ ਨੂੰ ਆਰਮੀ ਦੇ ਜਵਾਨਾਂ ਨੂੰ ਖ਼ਾਸ ਟਰੇਨਿੰਗ ਦੇ ਰਾਹੀਂ ਸਿਖਾ ਦਿੱਤੇ ਜਾਂਦੇ ਸਨ। ਉਹ ਇਸ ਨੂੰ ਬਾਅਦ ਵਿਚ ਤਬਦੀਲ ਕਰ ਕੇ ਪੜ੍ਹ ਲੈਂਦੇ ਸਨ। ਇਹ ਤਰੀਕਾ ਬਹੁਤ ਹੀ ਕਾਮਯਾਬ ਰਿਹਾ। 1972 ਵਿਚ ਆ ਕੇ ਇਹ ਕੁਝ ਵਿਕਸਤ ਦੇਸ਼ਾਂ ਨੂੰ ਅਮਰੀਕਾ ਦੀ ਇਸ ਤਕਨਾਲੋਜੀ ਦਾ ਪਤਾ ਲੱਗ ਗਿਆ ਸੀ। ਇਸ ਤੋਂ ਛੇ ਸਾਲ ਬਾਅਦ ਆਰਮੀ ਨੇ ਇਸ ਤਕਨੀਕ ਦੀ ਵਰਤੋਂ ਦੇਸ਼ ਦੀ ਤਰੱਕੀ ਲਈ ਵਰਤਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੁਝ ਵਪਾਰਕ ਸੰਸਥਾਵਾਂ ਨੂੰ ਇਸ ਨਾਲ ਜੋੜ ਲਿਆ। ਉਹ ਸਾਰਾ ਲੈਣ ਦੇਣ ਤੇ ਸਮਝੌਤੇ ਇਸ ਰਾਹੀਂ ਕਰਨ ਲੱਗ ਪਏ। ਅੱਸੀਵੇਂ ਦੇ ਅੱਧ ਵਿਚ ਜਾ ਕੇ ਅਮਰੀਕਾ ਨੇ ਇਸ ਦਾ ਵਿਸਥਾਰ ਕਰ ਦਿੱਤਾ, ਭਾਵ ਇਸ ਦੇ ਨਾਲ ਯੂਨੀਵਰਸਿਟੀਜ਼ ਤੇ ਕੁਝ ਹੋਰ ਵਿੱਤੀ ਸੰਸਥਾਵਾਂ ਨੂੰ ਜੋੜ ਦਿੱਤਾ। ਇਸ ਤਰ੍ਹਾਂ ਕਰਨ ਨਾਲ ਅਮਰੀਕਾ ਦੀ ਤਰੱਕੀ ਚਾਰ ਗੁਣਾਂ ਹੋ ਗਈ। ਇਹ ਉਹ ਸਮਾਂ ਸੀ ਜਦੋਂ ਕੰਪਿਊਟਰ ਨੇ ਮਾਡਰਨ ਰੂਪ ਵਿਚ ਆਪਣਾ ਰੂਪ ਨਿਖਾਰਨਾ ਸ਼ੁਰੂ ਕਰ ਲਿਆ ਸੀ। ਅਰਪਾਨੈੱਟ ਵਾਲਿਆਂ ਨੇ ਇਹ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦੀ ਇਹ ਤਕਨੀਕ ਵਿਸ਼ਾਲ ਅਜਗਰ ਰੂਪੀ ਬਣ ਜਾਵੇਗੀ ਜਿਹੜੀ ਕਿ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੇ ਨਾਲ-ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਗੀ।

ਨੱਬੇ ਦੇ ਦਹਾਕੇ ਤਕ ਆਉਂਦਿਆਂ ਯਰੂਪ ਦੇ ਸਾਰੇ ਦੇਸ਼ ਇਸ ਨਾਲ ਜੁੜ ਚੁੱਕੇ ਸਨ। ਇਸ ਦੇ ਨਾਲ ਹੀ ਵਿਕਾਸਸ਼ੀਲ ਦੇਸ਼ ਵੀ ਇਸ ਨਾਲ ਜੁੜ ਗਏ ਸਨ ਜਿਨ੍ਹਾਂ ਵਿਚ ਭਾਰਤ ਵੀ ਸੀ। ਸਾਡੇ ਦੇਸ਼ 'ਚ ਇਹ ਤਕਨੀਕ 15 ਅਗਸਤ 1995 'ਚ ਸ਼ੁਰੂ ਹੋ ਗਈ ਸੀ। ਅੱਜ ਇਹ ਇੰਟਰਨੈੱਟ ਦੇ ਰੂਪ ਵਿਚ ਪੂਰੀ ਦੁਨੀਆ ਤੇ ਮਜ਼ਬੂਤ ਜਾਲ ਵਿਛਾ ਚੁੱਕੀ ਹੈ। ਇਸ ਤਕਨੀਕ ਨੇ ਹੀ ਹਾਰਡਵੇਅਰ ਤੇ ਸਾਫਟਵੇਅਰ ਦੀ ਦੁਨੀਆ ਅੰਦਰ ਜਲਜਲਾ ਪੈਦਾ ਕਰ ਕੇ ਰੱਖ ਦਿੱਤਾ ਹੈ। ਇਨਫਰਮੇਸ਼ਨ ਤਕਨਾਲੋਜੀ ਨੇ ਅੱਜ ਸਭ ਤੋਂ ਵੱਧ ਰੁਜ਼ਗਾਰ ਪੈਦਾ ਕੀਤਾ ਹੈ।

ਇੰਟਰਨੈੱਟ ਦੇ ਨਾਲ ਹਰ ਬੰਦਾ ਆਪਣੇ ਮੋਬਾਈਲ ਤੇ ਕੰਪਿਊਟਰ ਰਾਹੀਂ ਜੁੜਿਆ ਹੋਇਆ ਹੈ। ਇਸ ਸਮੇਂ ਪਤਾ ਨਹੀਂ ਕਿੰਨੀਆਂ ਕੁ ਵੈਬਸਾਈਟਸ ਹਨ ਤੇ ਕਿੰਨੇ ਕੁ ਪ੍ਰੋਗਰਾਮ ਹਨ। ਇਸ ਬਾਰੇ ਤਾਂ ਸੱਚਾਈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਇਸ ਤੇ ਕੰਟਰੋਲ ਕਰਨ ਵਾਲਾ ਬਿਲ ਗੇਟਸ ਹੀ ਦੱਸ ਸਕਦਾ ਹੈ।

ਜੇ ਅਸੀਂ ਹੁਣ ਗੱਲ ਕਰੀਏ ਮਹਾਂਯੁੱਧ ਦੀ ਤਾਂ ਅਸੀਂ ਸੋਸ਼ਲ ਸਾਈਟ 'ਤੇ ਉਲਝੇ ਅਰਬਾਂ ਬੰਦਿਆਂ ਦੀ ਗੱਲ ਕਰਦੇ ਹਾਂ। ਯੂ ਟਿਊਬ ਤੋਂ ਹਰ ਕੋਈ ਵਾਕਫ ਹੈ। ਇਹਦੇ 'ਤੇ ਹਰ ਕੋਈ ਆਪਣਾ ਚੈਨਲ ਬਣਾ ਕੇ ਉਸ ਦਾ ਮਾਲਕ ਬਣ ਕੇ ਬੈਠ ਜਾਂਦਾ ਹੈ। ਉਹ ਆਪਣੇ ਚੈਨਲ ਤੇ ਘਟੀਆ ਪੱਧਰ ਦੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰ ਦਿੰਦਾ ਹੈ। ਜਿਹੜੀ ਕਿ ਕਈ ਵਾਰੀ ਕਤਲ ਤਕ ਕਰਵਾ ਦਿੰਦੀ ਹੈ। ਹੁਣ ਹਰ ਬੰਦਾ ਟੈਲੀਵਿਜ਼ਨ ਨੂੰ ਆਪਣੀ ਜੇਬ ਵਿਚ ਪਾਈ ਬੈਠਾ ਹੈ। ਇਸ ਕਰਕੇ ਹੀ ਟੈਲੀਵਿਜ਼ਨਾਂ ਦੀ ਗਿਣਤੀ ਘਟ ਗਈ ਹੈ ਅਤੇ ਟੀ ਵੀ ਚੈਨਲਾਂ ਦੀ ਵੱਧ ਗਈ ਹੈ। ਬੇਸ਼ੱਕ ਯੂ ਟਿਊਬ ਦੀਆਂ ਆਪਣੀਆਂ ਕੁਝ ਸ਼ਰਤਾਂ ਹਨ ਪਰ ਫੇਰ ਵੀ ਉਹ ਉਮਰ ਵਾਲੀ ਸ਼ਰਤ ਪਾ ਕੇ ਬਚ ਨਹੀਂ ਸਕਦਾ। ਜਿਸ ਨੂੰ ਅਸੀਂ ਏਜ ਰਿਸਟਰਕਟਿਡ ਆਖਦੇ ਹਾਂ। ਕਿਸੇ ਵੀ ਵੀਡਿਉੂਜ਼ ਦੇ ਕਮੈਂਟ ਪੜ੍ਹ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਤਕਨੀਕ ਦੇ ਰੂਪ ਵਿਚ ਕੀ ਕਰ ਬੈਠੇ ਹਾਂ। ਜੇ ਅਸੀਂ ਪਹਿਲਾਂ ਟੀਵੀ ਦੇਖਦੇ ਸੀ ਤਾਂ ਗਵਾਂਢੀ ਨੂੰ ਨਹੀਂ ਪਤਾ ਸੀ ਕਿ ਇਸ ਨੂੰ ਇਹ ਪ੍ਰੋਗਰਾਮ ਪਸੰਦ ਹੈ ਜਾਂ ਨਹੀਂ ਪਰ ਹੁਣ ਯੂ ਟਿਊਬ 'ਤੇ ਗਾਲਾਂ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਕਿੰਨੇ ਬੰਦੇ ਇਸ ਨੂੰ ਪਸੰਦ ਕਰਦੇ ਹਨ ਤੇ ਕਿੰਨੇ ਨਹੀ? ਪੂਰੇ ਸੰਸਾਰ ਵਿਚ 25 ਫ਼ੀਸਦੀ ਲੋਕਾਂ ਨੇ ਯੂ ਟਿਊਬ 'ਤੇ ਚੈਨਲ ਬਣਾ ਰੱਖੇ ਹਨ ਤੇ ਹਰ ਮਿੰਟ ਵਿਚ 500 ਵੀਡੀਓਜ਼ ਅਪਲੋਡ ਹੁੰਦੀਆਂ ਹਨ। ਯੂ ਟਿਊਬ ਵਾਲਿਆਂ ਦਾ ਕਹਿਣਾ ਹੈ ਕਿ ਇਕ ਮਿਲੀਅਨ ਬੰਦੇ ਪਿੱਛੇ 16000 ਚੈਨਲ ਹਨ। ਉਹ ਇਸ ਨੂੰ ਇਕ ਡਾਇਨਾਸੋਰ ਦੇ ਰੂਪ ਵਿਚ ਪ੍ਰਭਾਸਿਤ ਕਰਦੇ ਹਨ। ਇਸ ਦੀ ਗਿਣਤੀ ਮਿਣਤੀ ਵਿਊਜ਼ ਦੇ ਰੂਪ ਵਿਚ ਕਰ ਦਿੱਤੀ ਜਾਂਦੀ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਬੰਦੇ ਇਕ ਵੀਡੀਓਜ਼ ਨੂੰ ਦੇਖ ਕੇ ਆਪਣਾ ਗੁੱਸਾ ਕਮੈਂਟ ਬਾਕਸ ਵਿਚ ਜਾ ਕੇ ਕੱਢਦੇ ਹਨ।

ਦੂਸਰੇ ਨੰਬਰ 'ਤੇ ਆਉਂਦੀ ਹੈ ਫੇਸਬੁੱਕ ਜਿਸ ਦੀ ਹਰ ਬੰਦੇ ਨੂੰ ਥੋੜ੍ਹੀ ਜਾਂ ਬਹੁਤੀ ਜਾਣਕਾਰੀ ਹੈ ਹੀ। ਅੱਜ ਕੱਲ੍ਹ ਹਰ ਬੰਦਾ ਬੈਂਕ ਅਕਾਉਂਟ ਨਾ ਖੁਲ੍ਹਵਾਏ ਪਰ ਉਸਦਾ ਫੇਸਬੁੱਕ ਅਕਾਊਂਟ ਜ਼ਰੂਰ ਹੈ। ਜੇ 2012 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2।45 ਬਿਲੀਅਨ ਲੋਕ ਇਕ ਮਹੀਨੇ ਵਿਚ ਐਕਟਿਵ ਹੁੰਦੇ ਸਨ। ਫੇਸਬੁੱਕ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕ ਸਾਈਟ ਹੈ। ਜੇ ਭਾਰਤ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ 300 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਫੇਸਬੁੱਕ ਅਕਾਊਟ ਇਕ ਮਹੀਨੇ ਵਿਚ ਐਕਟਿਵ ਰਹੇ ਹਨ। ਜਿਹੜਾ ਕਿ ਅੰਕੜਾ ਹੈਰਾਨੀਜਨਕ ਹੈ। ਇਨ੍ਹਾਂ ਅੰਕੜਿਆਂ ਕਰ ਕੇ ਹੀ ਮੌਬਾਈਲ ਫੋਨ ਕੰਪਨੀਆਂ ਨੇ ਭਾਰਤ ਵਿਚ ਪੈਰ ਪਸਾਰ ਲਏ ਹਨ। ਅੰਕੜੇ ਦੱਸਦੇ ਹਨ ਕਿ ਇਕੱਲੇ ਪੰਜਾਬ ਵਿਚ 28 ਫ਼ੀਸਦੀ ਲੋਕਾਂ ਕੋਲ ਤਿੰਨ-ਤਿੰਨ ਮੋਬਾਈਲ ਹਨ ਜੇ ਅਸੀਂ ਨੰਬਰਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਹੋ ਜਾਵੇਗੀ। ਇਸ ਲਈ ਕੰਪਿਊਟਰ ਉਦਯੋਗ ਜਾਣੀ ਕਿ ਆਈ ਟੀ ਸੈਕਟਰ ਦੇ ਮੁੱਢਲੇ ਹਾਰਡਵੇਅਰ ਨੂੰ ਸਭ ਤੋਂ ਤਕੜਾ ਝਟਕਾ 2012 ਵਿਚ ਲੱਗ ਚੁੱਕਾ ਹੈ ਜਿਹੜਾ ਕਿ ਹਾਲੇ ਤਕ ਜਾਰੀ ਹੈ। ਹੁਣ ਅਸੀਂ ਸੋਚ ਸਕਦੇ ਹਾਂ ਕਿ ਲੋਕ ਫੇਸ ਬੁੱਕ ਰਾਹੀਂ ਕਿੰਨੇ ਇਕ ਦੂਜੇ ਨੂੰ ਗਾਲਾਂ ਕੱਢਦੇ ਹਨ ਤੇ ਧਮਕੀਆਂ ਦਿੰਦੇ ਹਨ। ਇਸ ਕੰਮ ਲਈ ਸਭ ਤੋਂ ਵੱਧ ਫ਼ਾਇਦਾ ਰਾਜਨੀਤਕ, ਕਲਾਕਾਰਾਂ ਨੇ ਲਿਆ ਹੈ। ਹਰ ਇਕ ਕਲਾਕਾਰ ਤੇ ਰਾਜਨੀਤਕ ਲੋਕਾਂ ਵਿਚ ਹਰਮਨ ਪਿਆਰਾ ਹੈ। ਜੇ ਇਕ ਨੇ ਮਾੜੀ ਗੱਲ ਕਰ ਦਿੱਤੀ ਤਾਂ ਇੱਕਲੀ ਫੇਸਬੁੱਕ ਹੀ ਉਸਦਾ ਪੂਰਾ ਕਰੀਅਰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੀ ਤਾਜ਼ਾ ਮਿਸਾਲ ਅਸੀਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਦੇ ਸਕਦੇ ਹਾਂ ਕਿ ਉਸਨੇ ਕਿਵੇਂ ਲੋਕਾਂ ਦੀ ਪਰਸਨਲ ਆਈ ਡੀ ਵਿਚ ਜਾ ਕੇ ਆਪਣੇ ਹੱਕ ਵਿਚ ਵਿਊ ਭੁਗਤਾ ਲੈ ਸਨ। ਫੇਸਬੁੱਕ ਇਕ ਜ਼ਰੀਆ ਸੀ ਆਪਣੇ ਲੋਕਾਂ ਨਾਲ ਸੰਪਰਕ ਵਿਚ ਰਹਿਣ ਦਾ। ਇਹ ਮਨੁੱਖ ਦੁਆਰਾ ਕੱਢੀ ਗਈ ਬਿਹਤਰੀਨ ਖੋਜ ਸੀ ਜਿਸ ਕਰਕੇ ਅਸੀਂ ਸਾਲਾਂ ਤੋਂ ਵੱਖ ਹੋਏ ਆਪਣੇ ਦੋਸਤਾਂ ਮਿੱਤਰਾਂ ਨਾਲ ਸੰਪਰਕ ਵਿਚ ਰਹਿੰਦੇ ਹਾਂ। ਸਾਨੂੰ ਲੱਗਦਾ ਕਿ ਉਹ ਮੇਰੇ ਕੋਲ ਹੀ ਐ। ਪਰ ਇਸ ਦੀ ਗ਼ਲਤ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ।

ਮਾਰਕ ਜ਼ੁਕਰਬਰਗ ਜਿਹੜਾ ਕਿ ਦੁਨੀਆ ਦਾ 52ਵਾਂ ਅਮੀਰ ਆਦਮੀ ਹੈ,ਉਸ ਨੇ ਇਹ ਐਪ 4 ਫਰਵਰੀ 2004 ਵਿਚ ਸ਼ੁਰੂ ਕੀਤੀ ਸੀ। ਉਹ ਵੀ ਆਪਣੇ ਦੋਸਤਾਂ ਨੂੰ ਸੰਪਰਕ ਵਿਚ ਰੱਖਣ ਲਈ, ਬੇਸ਼ੱਕ ਇਸ ਨੂੰ ਬਣਿਆਂ 15 ਸਾਲ ਹੋ ਗਏ ਹਨ ਪਰ ਉਸ ਨੇ ਸੋਚਿਆ ਤਕ ਨਹੀਂ ਹੋਣਾ ਕਿ ਇਹ ਦੁਨੀਆ ਨੂੰ ਮਿਲਾ ਕੇ ਲੜਾ ਦਿਆ ਕਰੇਗੀ। ਹੁਣ ਲਗਪਗ ਸਾਰੀਆਂ ਰਾਜਨੀਤਕ ਪਾਰਟੀਆਂ ਇਸ 'ਤੇ ਆਪਣਾ ਪ੍ਰਚਾਰ ਕਰਦੀਆਂ ਹਨ। ਫੇਸਬੁੱਕ ਅੱਜ ਲੋਕਾਂ ਨੂੰ ਲੜਨ ਲਈ ਵਿਸ਼ਾਲ ਮੈਦਾਨ ਤਿਆਰ ਕਰ ਰਹੀ ਹੈ।

ਟਵਿਟਰ ਦੀ ਗੱਲ ਕਰੀਏ ਤਾਂ ਇਸਦੀ ਵਰਤੋਂ ਆਮ ਬੰਦੇ ਤੋਂ ਲੈ ਕੇ ਵੀ ਆਈ ਪੀ ਤਕ ਸਾਰੇ ਕਰਦੇ ਹਨ। ਇਸ ਦਾ ਨਿਰਮਾਣ 21 ਮਾਰਚ 2006 ਵਿਚ ਕੀਤਾ ਗਿਆ ਸੀ। ਪਹਿਲਾਂ ਇਸ 'ਤੇ ਸਿਰਫ਼ 140 ਸ਼ਬਦ ਹੀ ਲਿਖਦੇ ਸਕਦੇ ਸੀ। ਜਿਹੜਾ ਕਿ 2017 ਵਿਚ ਵਧਾ ਕੇ 280 ਕਰ ਦਿੱਤੇ ਗਏ ਸਨ। ਇਸ ਦੀ ਵਰਤੋਂ ਜਪਾਨੀ ਲੋਕ ਜ਼ਿਆਦਾ ਕਰਦੇ ਹਨ। ਇਸ ਦੀ ਵਰਤੋਂ ਦੀ ਗੱਲ ਕਰੀਏ ਤਾਂ 2012 ਦੇ ਅੰਕੜਿਆਂ ਮੁਤਾਬਕ 100 ਮਿਲੀਅਨ ਲੋਕਾਂ ਨੇ 380 ਮਿਲੀਅਨ ਟਵੀਟ ਕੀਤੇ, ਉਹ ਵੀ ਸਿਰਫ਼ ਇਕ ਦਿਨ ਵਿਚ। ਅਮਰੀਕਾ ਦੇ ਰਾਜਨੀਤਕ ਲੋਕ ਇਸ ਦੀ ਵਰਤੋਂ ਆਪਣਾ ਪ੍ਰਭਾਵ ਦਿਖਾਉਣ ਲਈ ਕਰਦੇ ਹਨ। ਟਵਿਟਰ ਕਿਸੇ ਖ਼ਾਸ ਕਮੈਂਟ ਨੂੰ ਬੋਲਡ ਕਰ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ। ਕੰਮ ਇਹ ਵੀ ਉਹੀ ਕਰਦਾ ਹੈ ਜਿਸ ਨੂੰ ਅਸੀਂ ਸ਼ਾਂਤ ਯੁੱਧ ਆਖਦੇ ਹਾਂ। ਕਮਾਈ ਦੇ ਪੱਖ ਤੋਂ ਇਹ ਕਿਸੇ ਨਾਲੋਂ ਵੀ ਘੱਟ ਨਹੀਂ। ਇਸ ਦੇ ਚਾਰ ਦਫ਼ਤਰ ਤਾਂ ਅਮਰੀਕਾਂ ਵਿਚ ਹਨ।

ਵੱਟਸ ਐਪ ਦੀ ਵਰਤੋਂ ਬੇਸ਼ੱਕ ਕੰਮਕਾਰ ਦੇ ਮਾਪਦੰਡਾਂ ਲਈ ਵੀ ਕੀਤੀ ਜਾਂਦੀ ਹੈ। ਕਈ ਵਾਰੀ ਇਸ ਦੀ ਵਰਤੋਂ ਇਸ ਦਾ ਬਾਰਕੋਡ ਸਕੈਨ ਕਰ ਕੇ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਵਰਤੋਂਕਾਰ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਸ ਦੀ ਜਾਣਕਾਰੀ ਆਸਾਨੀ ਨਾਲ ਹੀ ਚੋਰੀ ਹੋ ਰਹੀ ਹੈ। ਇਸ ਐਪ ਨੇ ਪੋਰਨ ਇੰਡਸਟਰੀ ਨੂੰ ਉਭਾਰਨ ਵਿਚ ਬਹੁਤ ਜ਼ਿਆਦਾ ਕੰਮ ਕੀਤਾ ਹੈ। ਇਸ ਰਾਹੀਂ ਜਿੱਥੇ ਸੀਮਤ ਰੂਪ 'ਚ ਤਸਵੀਰਾਂ, ਫਿਲਮਾਂ ਟੈਕਸਟ ਡਾਕੂਮੈਂਟ ਤੇ ਲਿੰਕ ਆਦਿ ਭੇਜੇ ਜਾਂਦੇ ਹਨ ਉੱਥੇ ਹੀ ਇਸ ਨੇ ਇਕ ਜਾਸੂਸ ਦੀ ਭੂਮਿਕਾ ਨਿਭਾਈ ਹੈ। ਕਿਸੇ ਵੀ ਥਾਂ 'ਤੇ ਲਾਈਵ ਹੋ ਕੇ ਆਪਣੇ ਆਪ ਨੂੰ ਪੇਸ਼ ਕਰਨਾ ਤੇ ਗੱਲਬਾਤ ਕਰਨੀ ਆਮ ਜਿਹੀ ਗੱਲ ਹੈ। ਹੁਣ ਹਰ ਬੰਦਾ ਇਸ ਰਾਹੀਂ ਆਪਣੀ ਗੱਲ ਪੂਰੀ ਦੁਨੀਆ 'ਤੇ ਫੈਲਾ ਸਕਦਾ ਹੈ। ਜੇਕਰ ਇਸ ਦੀ ਸਹੀ ਵਰਤੋਂ ਹੁੰਦੀ ਹੈ ਤਾਂ ਇਹ ਬਹੁਤ ਸਕੂਨ ਦਿੰਦੀ ਹੈ। ਇਸ ਰਾਹੀਂ ਗਰੁੱਪ ਬਣਾ ਕੇ ਸਾਂਝੀ ਕੀਤੀ ਜਾਣਕਾਰੀ ਕਈ ਵਾਰੀ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ। ਇਸ ਦੀਆਂ ਸੇਵਾਵਾਂ ਯਾਹੂ ਨੇ ਉਸ ਸਮੇਂ ਸ਼ੁਰੂ ਕੀਤੀਆਂ ਜਦੋਂ ਉਸ ਨੇ ਯਾਹੂ ਮੈਂਸੇਜਰ ਨੂੰ ਅਲਵਿਦਾ ਕਿਹਾ। 2009 ਵਿੱਚ ਪੂਰੀ ਦੁਨੀਆ ਨੇ ਇਸ ਦੀ ਵਰਤੋਂ ਨੂੰ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਨੇ ਆਪਣੀਆਂ ਸੇਵਾਵਾਂ ਫੇਸਬੁੱਕ ਨੂੰ ਦੇਣੀਆਂ ਚਾਹੀਆਂ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਇਸਦੇ ਕਰਤਾ ਬਰੈਨ ਐਕਟਨ ਨੇ ਵੱਖਰੇ ਤੌਰ 'ਤੇ ਸ਼ੁਰੂ ਕੀਤਾ। ਅੱਜ ਇਹ ਬੇਸਬੁੱਕ ਦਾ ਸ਼ਰੀਕ ਬਣ ਕੇ ਕੰਮ ਕਰ ਰਿਹਾ ਹੈ। 300 ਮਿਲੀਅਨ ਤੋਂ ਜ਼ਿਆਦਾ ਯੂਸਰਜ਼ ਇਸ ਦੇ ਐਕਟਿਵ ਰਹਿੰਦੇ ਹਨ।

2015 ਦੇ ਅੰਕੜਿਆਂ ਅਨੁਸਾਰ 2 ਬਿਲੀਅਨ ਤੋਂ ਵੀ ਜ਼ਿਆਦਾ ਲੋਕ ਸੋਸ਼ਲ ਸਾਈਟਾਂ 'ਤੇ ਲੱਗੇ ਰਹਿੰਦੇ ਹਨ। ਇਸ ਤੋਂ ਇਲਾਵਾ ਇੰਸਟਾਗਰਾਮ, ਟਿਊਮਬਰ, ਸਨੈਪਚੈਟ, ਈਮੋ, ਬਿਸਪਰ, ਸਕਾਈਪੀਆਦਿ ਪ੍ਰਮੁੱਖ ਹਨ। ਜੇ ਇਸ ਦੀ ਯੋਗ ਵਰਤੋਂ ਨਾ ਕੀਤੀ ਗਈ ਤਾਂ ਇਸ ਨੇ ਮਨੁੱਖੀ ਸੱਭਿਅਤਾ ਦਾ ਅੰਤ ਕਰ ਦੇਣਾ ਹੈ। ਸਾਡੀ ਹਾਲਤ ਉਸ ਅਜਗਰ ਵਰਗੀ ਹੋ ਜਾਣੀ ਐ ਜਿਹੜਾ ਕਿ ਆਪਣੇ ਆਪ ਨੂੰ ਹੀ ਖਾਣਾ ਸ਼ੁਰੁ ਕਰ ਦਿੰਦਾ ਹੈ ਤੇ ਅੰਤ ਵਿਚ ਖ਼ਤਮ ਹੋ ਜਾਂਦਾ ਹੈ।

- ਹਰਪ੍ਰੀਤ ਸਿੰਘ ਮੀਤ

97810-44931

Posted By: Harjinder Sodhi