ਚਿਹਰਾ ਸਾਡੇ ਵਿਅਕਤੀਤਵ ਦਾ ਮੁੱਖ ਆਕਰਸ਼ਨ ਹੈ। ਇਨਸਾਨ ਦੀ ਪਹਿਲੀ ਪਛਾਣ ਹੀ ਉਸਦੇ ਚਿਹਰੇ ਤੋਂ ਹੁੰਦੀ ਹੈ। ਜ਼ਰਾ ਗੌਰ ਕਰੀਏ ਤਾਂ ਚਿਹਰੇ ਦੋ ਨਹੀਂ, ਬਲਕਿ ਕਈ ਰੰਗਾਂ-ਰੂਪਾਂ ਵਿਚ ਮਿਲਦੇ ਨੇ। ਕੁਝ ਚਿਹਰੇ ਸਿਰਫ਼ ਗੋਰੇ ਹੁੰਦੇ। ਕੁਝ ਚਿਹਰੇ ਗੋਰੇ ਪਰ ਕੋਰੇ ਹੁੰਦੇ। ਕੁਝ ਸਾਂਵਲੇ ਜਿਹੇ। ਕੁਝ ਚਿਹਰੇ ਸਾਂਵਲੇ ਤੇ ਮਾਸੂਮੀਅਤ ਭਰੇ। ਕੁਝ ਚਿਹਰੇ ਗਹਿਰੇ ਸਾਂਵਲੇ ਤੇ ਡਰਾਵਣੇ ਜਿਹੇ ਤੇ ਕੁਝ ਬੜੇ ਲੁਭਾਵਣੇ ਜਿਹੇ।

ਕੁਝ ਚਿਹਰੇ ਗਹਿਰੀ ਸੋਚ ’ਚ ਡੁੱਬੇ ਜਾਪਦੇ ਹਨ। ਅਤੀਤ ਦੀਆਂ ਡੂੰਘਾਈਆਂ ਜਾਂ ਭਵਿੱਖ ਦੀਆਂ ਔਖਿਆਈਆਂ ’ਚ ਖੁੱਭੇ ਜਾਪਦੇ। ਕੁਝ ਚਿਹਰਿਆਂ ਨੂੰ ਵਾਰ-ਵਾਰ ਤੱਕਣ ਨੂੰ ਮਨ ਕਰਦਾ ਤੇ ਕਿਸੇ-ਕਿਸੇ ਚਿਹਰੇ ਨੂੰ ਤੱਕਣ ਤੋਂ ਬੰਦਾ ਗੁਰੇਜ਼ ਹੀ ਕਰਦਾ। ਕੁਝ ਚਿਹਰੇ ਖ਼ੂਬਸੂਰਤੀ ਅਤੇ ਕਲਾ ਦਾ ਮੁਜੱਸਮਾ ਹੋਇਆ ਕਰਦੇ ਨੇ। ਕੁਦਰਤ ਦਾ ਕੋਈ ਕਿ੍ਰਸ਼ਮਾ ਹੋਇਆ ਕਰਦੇ ਹਨ। ਅਜਿਹੇ ਚਿਹਰਿਆਂ ’ਤੇ ਇਕ ਅਨੋਖਾ ਹੀ ਨੂਰ ਹੁੰਦਾ, ਤੇ ਨੂਰ ਵੀ ਭਰਪੂਰ ਹੁੰਦਾ ਹੈ। ਅਜਿਹੇ ਚਿਹਰਿਆਂ ਨੂੰ ਸਿ੍ਰਸ਼ਟੀ ਦਾ ਸਿਰਜਣਹਾਰ ਵੀ ਸ਼ਾਇਦ ਕਿਤੇ ਛੁੱਟੀ ਵਾਲੇ ਦਿਨ ਵਿਹਲੇ ਬਹਿ ਕੇ ਘੜਦਾ ਹੋਵੇਗਾ... ਅੱਖਾਂ, ਕੰਨ, ਨੱਕ, ਹੋਂਠ ਸਭ ਅੰਗ ਬੜੇ ਸਲੀਕੇ ਨਾਲ ਜੜਦਾ ਹੋਵੇਗਾ!

ਕਿਸੇ ਚਿਹਰੇ ’ਚ ਜੇਕਰ ਕੋਈ ਨੁਕਸ ਵੀ ਹੋਵੇ ਤਾਂ ਵੀ ਪੂਰਾ ਜਲੌਅ ਹੁੰਦਾ, ਨਵਾਬੀ ਠਾਠ ਹੁੰਦਾ, ਇਕ ਅਦੁੱਤੀ ਚਮਕ ਹੁੰਦੀ। ਮਹਾਰਾਜਾ ਰਣਜੀਤ ਸਿੰਘ ਦੀ ਇਕ ਅੱਖ ਖ਼ਰਾਬ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ’ਤੇ ਏਨਾ ਤੇਜ਼ ਸੀ ਕਿ ਜਣਾ-ਖਣਾ ਉਨ੍ਹਾਂ ਨਾਲ ਨਜ਼ਰ ਮਿਲਾ ਕੇ ਗੱਲ ਨਹੀਂ ਸੀ ਕਰ ਸਕਦਾ। ਉਨ੍ਹਾਂ ਦੇ ਚਿਹਰੇ ਦਾ ਰੋਹਬ ਹੀ ਸੀ ਕਿ ਵੱਡੇ-ਵੱਡੇ ਸਰਦਾਰ ਵੀ ਉਨ੍ਹਾਂ ਤੋਂ ਥਰ-ਥਰ ਕੰਬਦੇ ਹਨ। ਕਹਿੰਦੇ-ਕਹਾਉਂਦੇ ਖੱਬੀ-ਖ਼ਾਨ ਵੀ ਨਹੀਂ ਸੀ ਖੰਘਦੇ। ਪਰ ਅਜੋਕੇ ਸਮਿਆਂ ’ਚ ਚਿਹਰੇ ’ਤੇ ਅਸਲੀਅਤ ਘੱਟ, ਮਖੌਟੇ ਜ਼ਿਆਦਾ ਹੁੰਦੇ ਨੇ। ਹਰ ਥਾਂ ’ਤੇ ਚਿਹਰੇ ਉਪਰ ਕੋਈ ਨਵਾਂ ਮਖੌਟਾ ਪਹਿਨ ਕੇ ਜਾਈਦਾ ਤੇ ਸਿਆਣੇ ਹੋਣ ਦਾ ਭਰਮ ਪਾਲ ਆਈਦਾ।

ਥੋੜ੍ਹੀ-ਬਹੁਤੀ ਤਾਂ ਲਿਆਕਤ ਰੱਖੀਏ। ਕਦੇ ਨੰਗੇ ਚਿਹਰੇ ਲੈ ਕੇ ਬਾਹਰ ਜਾਣ ਦੀ ਵੀ ਹਿਮਾਕਤ ਰੱਖੀਏ!

ਕਿੰਨੇ ਜ਼ਾਲਮ ਤੇ ਹੈਵਾਨ ਹੁੰਦੇ ਨੇ ਉਹ ਜੋ ਚਹਿਕਦੇ ਚਿਹਰਿਆਂ ਨੂੰ ਤੇਜ਼ਾਬ ਨਾਲ ਸਾੜ ਸੁੱਟਦੇ ਨੇ, ਕਲੀਆਂ ਨੂੰ ਖਿੜਨ ਤੋਂ ਪਹਿਲਾਂ ਹੀ ਮਸਲ ਸੁੱਟਦੇ ਨੇ, ਜਿਉਂਦੇ-ਜੀਅ ਮਾਰ ਸੁੱਟਦੇ ਨੇ। ਅਜਿਹੇ ਚਿਹਰੇ ਤਾਅ ਉਮਰ ਫਿਰ ਖ਼ੌਫ਼ ਤੇ ਹੀਣ-ਭਾਵਨਾ ਦੇ ਸਾਏ ਹੇਠ ਗੁਜ਼ਾਰਦੇ ਨੇ, ਕਈ ਵਾਰ ਮੌਤ ਨੂੰ ਹਾਕਾਂ ਵੀ ਮਾਰਦੇ ਨੇ... ਰਾਤੀਂ ਸੁਪਨੇ ’ਚ ਤ੍ਰਭਕ ਕੇ ਉੱਠਦੇ ਨੇ...

ਉਂਝ ਚਿਹਰੇ ਦਾ ਸਭ ਤੋਂ ਅਹਿਮ ਅੰਗ ਨੈਣ ਹੁੰਦੇ ਹਨ। ਚਿਹਰੇ ਨੂੰ ਤੱਕਣ ਤੋਂ ਪਹਿਲਾਂ ਨੈਣਾਂ ਨਾਲ ਨੈਣ ਮਿਲਦੇ ਹਨ। ਸਮੁੱਚੇ ਚਿਹਰੇ ਵਾਂਗ ਇਕੱਲੇ ਨੈਣ ਵੀ ਕਈ ਤਰ੍ਹਾਂ ਦੀਆਂ ਬੁਝਾਰਤਾਂ ਪਾਉਂਦੇ, ਸ਼ਰਾਰਤਾਂ ਕਰਦੇ ਹਨ। ਨੈਣਾਂ ਦੀ ਭਾਸ਼ਾ ਕੁਝ ਕੁ ਨੈਣ ਹੀ ਸਮਝ ਸਕਦੇ ਹਨ।

ਕੁਝ ਅੱਖੀਆਂ ਨੀਲੇ ਤੇ ਕੁਝ ਭੂਰੇ ਰੰਗ ਦਾ ਨਜ਼ਾਰਾ ਪੇਸ਼ ਕਰਦੀਆਂ ਹਨ। ਕੁਝ ਅੱਖਾਂ ’ਚ ਨਿਰੰਤਰ ਚਮਕ ਹੁੰਦੀ, ਕੁਝ ’ਚ ਰੋਹਬ। ਕੁਝ ਅੱਖਾਂ ’ਚ ਸੁਹਜ ਬੜਾ ਹੁੰਦ। ਕਿਸੇ-ਕਿਸੇ ਅੱਖ ’ਚੋਂ ਰੇਗਿਸਤਾਨ ਨਜ਼ਰ ਆਉਂਦਾ। ਅੱਥਰੂ ਸੁੱਕ ਗਏ ਲੱਗਦੇ ਹਨ ਤੇ ਕੁਝ ਨੈਣ ਹਰ ਪਲ ਭਰੇ-ਭਰੇ ਲੱਗਦੇ। ਕੁਝ ਨੈਣਾਂ ’ਚੋਂ ਸਾਉਣ ਦੀ ਬਰਸਾਤ ਸਾਰੀ ਰਾਤ ਹੁੰਦੀ ਹੈ। ਕੋਈ-ਕੋਈ ਅੱਖ ’ਚੋਂ ਸ਼ੈਤਾਨੀ ਝਲਕਦੀ, ਅਜਿਹੀ ਅੱਖ ਹਰ ਚੀਜ਼ ਨੂੰ ਪਰਖਦੀ ਹੈ।

ਕਲਾਕਾਰ ਦੀ ਅੱਖ ਆਮ ਅੱਖਾਂ ਤੋਂ ਹਟ ਕੇ ਹੁੰਦੀ। ਕਈ ਅੱਖਾਂ ਨੂੰ ਕਿਸੇ ਕਲਾ ਦੀ ਕਦਰ ਹੀ ਨਹੀਂ ਹੁੰਦੀ। ਅੱਖਾਂ ਵਾਂਗ ਨੱਕ, ਕੰਨ, ਹੋਂਠ, ਗੱਲ਼ਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਕਈ ਰੂਪ ਹੁੰਦੇ ਹਨ। ਕੁਝ ਸੁਣੱਖੇ ਤੇ ਕੁਝ ਚਿਹਰੇ ਬੜੇ ਕਰੂਪ ਹੁੰਦੇ ਹਨ।

ਹਿੰਦੀ, ਪੰਜਾਬੀ ਫ਼ਿਲਮਾਂ ’ਚ ਅਨੇਕਾਂ ਗੀਤ ਚਿਹਰੇ ਨੂੰ ਮੁੱਖ ਰੱਖਕੇ ਲਿਖੇ/ਗਾਏ ਗਏ ਜਿਵੇਂ ਕਾਲਾ ਚਸ਼ਮਾ ਜਚਦਾ ਏ, ਗੋਰੇ ਮੁਖੜੇ ’ਤੇ, ਯੇ ਕਾਲੀ-ਕਾਲੀ ਆਂਖੇਂ , ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ ਨਜ਼ਾਰੇ ਹਮ ਕਿਆ ਦੇਖੇਂ, ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ, ਕਿਤਾਬੇੇਂ ਬਹੁਤ ਸੀ ਪੜ੍ਹੀ ਹੋਂਗੀ ਤੁਮਨੇ ਕੋਈ ਚਿਹਰਾ ਭੀ ਪੜ੍ਹਾ ਹੈ ਕਿਆ, ਠੋਡੀ ’ਤੇ ਤਿਲ, ਬਾਂਹ ’ਤੇ ਮੋਰਨੀ, ਨੀ ਤੂੰ ਮੱਥੇ ਉੱਤੇ ਚੰਦ ਖੁਣਵਾਈ ਫਿਰਦੀ, ਕਿਤਨਾ ਹਸੀਨ ਚਿਹਰਾ ਕਿਤਨੀ ਪਿਆਰੀ ਆਂਖੇ ਹੈਂ ਆਖੋਂ ਸੇ ਛਲਕਤਾ ਪਿਆਰ, ਕੁਦਰਤ ਨੇ ਬਨਾਇਆ ਹੋਗਾ ਤੁਝੇ ਫ਼ੁਰਸਤ ਸੇ ਮੇਰੇ ਯਾਰ ਵਰਗੇ ਅਨੇਕਾਂ ਸਦਾ ਬਹਾਰ ਗੀਤ ਲਿਖੇ ਅਤੇ ਗਾਏ ਗਏ ਨੇ... ਤੇ ਹੁਣ ਵੀ ਲਿਖੇ ਤੇ ਗਾਏ ਜਾ ਰਹੇ ਨੇ। ਪੰਜਾਬੀ ਦਾ ਸ਼ਾਇਦ ਹੀ ਕੋਈ ਅਜਿਹਾ ਫ਼ਨਕਾਰ ਹੋਵੇ ਜਿਸਨੇ ਚਿਹਰੇ ’ਤੇ ਕੋਈ ਗੀਤ

ਨਾ ਗਾਇਆ ਹੋਵੇ, ਸ਼ਾਇਦ ਹੀ ਕੋਈ ਅਜਿਹਾ ਚਿੱਤਰਕਾਰ ਹੋਵੇ ਜਿਸ ਨੇ ਚਿਹਰੇ ਦੀ ਰੰਗਤ ਨੂੰ ਆਪਣੇ ਚਿੱਤਰਾਂ ਵਿਚ ਪੇਸ਼ ਨਾ ਕੀਤਾ ਹੋਵੇ।

ਕਿਤਾਬਾਂ ਨਾਲ ਗਹਿਰੀ ਦੋਸਤੀ ਗੰਢਣ ਵਾਲੇ ਅਕਸਰ ਚਿਹਰਿਆਂ ਨੂੰ ਪੜ੍ਹਨ ਦੇ ਵੀ ਸਮਰੱਥ ਹੋ ਜਾਇਆ ਕਰਦੇ ਨੇ। ਗਿਆਨੀ ਕਿਸੇ ਖ਼ਾਸ ਪਹਿਰਾਵੇ ਜਾਂ ਵੇਸ-ਭੂਸ਼ਾ ਵਾਲਾ ਵਿਅਕਤੀ ਹੀ ਨਹੀਂ, ਬਲਕਿ ਗਿਆਨ ਦੇ ਸਾਗਰ ’ਚ ਡੂੰਘੀਆਂ ਡੁੱਬਕੀਆਂ ਲਗਾ ਕੇ ਮਨੁੱਖੀ ਚਿਹਰਿਆਂ, ਮਨਾਂ ਸਮੇਤ ਪਸ਼ੂ-ਪੰਛੀਆਂ ਦੀਆਂ ਭਾਵਨਾਵਾਂ ਤੇ ਕੁਦਰਤੀ ਘਟਨਾਵਾਂ ਨੂੰ ਵੀ ਸਮਝਣ ਵਾਲਾ ਗਿਆਨੀ ਅਖਵਾਉਂਦਾ ਹੈ।ਚਿਹਰੇ ਵੱਖ-ਵੱਖ ਭਾਵਨਾਵਾਂ ਪ੍ਰਗਟਾਉਂਦੇ ਨੇ। ਕਦੇ ਉਲਝਦੇ ਨੇ, ਕਦੇ ਉਲਝਾਉਂਦੇ ਨੇ। ਕੁਝ ਚਿਹਰਿਆਂ ’ਤੇ ਸੱਧਰਾਂ, ਇਛਾਵਾਂ ਉਪਜਦੀਆਂ ਹੀ ਨਹੀਂ ਤੇ ਕੁਝ ਚਿਹਰੇ ਉਨ੍ਹਾਂ ਨਦੀਆਂ ਵਰਗੇ ਹੁੰਦੇ ਨੇ ਜੋ ਔੜਾਂ ’ਚ ਵੀ ਸੁੱਕਦੀਆਂ ਹੀ ਨਹੀਂ।

ਕਿਸੇ-ਕਿਸੇ ਚਿਹਰੇ ’ਤੇ ਫ਼ੈਲੀ ਮੁਸਕਾਨ ਤੁਹਾਡਾ ਮਨ ਮੋਹ ਲੈਂਦੀ ਹੈ। ਹੱਸਦੇ, ਮੁਸਕਰਾਉਂਦੇ ਚਿਹਰੇ ਸਭ ਨੂੰ ਭਾਉਂਦੇ ਨੇ। ਬੱਚਿਆਂ ਦੇ ਮਾਸੂਮ ਚਿਹਰਿਆਂ ਵੱਲ ਸਭ ਖਿੱਚੇ ਆਉਂਦੇ ਨੇ।

ਕੋਈ ਚਿਹਰਾ ਗੋਲ-ਮਟੋਲ ਜਿਹਾ, ਕੋਈ ਚਿਹਰਾ ਅਨਭੋਲ ਜਿਹਾ ਹੁੰਦਾ। ਕੋਈ ਚਿਹਰਾ ਲੰਮਾ ਤੇ ਕੋਈ ਰੁੱਖਾ ਜਿਹਾ, ਬਹਾਰਾਂ ’ਚ ਵੀ ਸੁੱਕਾ ਜਿਹਾ ਹੁੰਦਾ। ਕੋਈ-ਕੋਈ ਚਿਹਰਾ ਪਰੇਸ਼ਾਨ ਜਿਹਾ, ਹਮੇਸ਼ਾ ਹੈਰਾਨ ਜਿਹਾ ਰਹਿੰਦਾ ਤੇ ਕੋਈ-ਕੋਈ ਚਿਹਰਾ ਯਾਦਾਂ ਤੇ ਅਤੀਤ ਦੇ ਪਰਛਾਵਿਆਂ ’ਚ ਘਿਰਿਆ ਗੁੰਮ-ਸੁੰਮ, ਗ਼ਲਤਾਨ ਜਿਹਾ ਰਹਿੰਦਾ। ਚਿਹਰਾ ਅਸਲ ਵਿਚ ਤੁਹਾਡੇ ਮਨ ਦੀ ਕਿਤਾਬ ਹੁੰਦਾ ਹੈ। ਕੁਝ ਸੂਰਤਾਂ, ਕੁਝ ਚਿਹਰੇ, ਜੇ ਇਕ ਵਾਰ ਦਹਿਲੀਜ਼ਾਂ/ਜੂਹਾਂ ਲੰਘ ਜਾਣ ਤਾਂ ਮੁੜ ਵਾਪਸ ਪਰਤਣੇ ਮੁਸ਼ਕਿਲ ਹੁੰਦੇ ਹਨ। ਪੈਰਾਂ ਨੂੰ ਅਨੰਤ ਸਫ਼ਰ ਦਾ ਵਰਦਾਨ ਮਿਲ ਜਾਂਦੈ...ਅਜਿਹੇ ਚਿਹਰਿਆਂ ’ਚੋਂ ਕੁਝ ਚਿਹਰੇ ਤਾਂ ਗੁਮਨਾਮੀ ਦੇ ਹਨੇਰਿਆਂ ’ਚ ਭਟਕਦੇ ਅਤੀਤ ਬਣ ਜਾਂਦੇ, ਲੋਕ ਭੁੱਲ-ਭੁਲਾ ਜਾਂਦੇ ਨੇ... ਕੋਈ ਸੁਪਨਾ ਬਣ ਜਾਂਦੇ ਨੇ ਪਰ ਕੁਝ ਚਿਹਰੇ ਵਕਤ ਦੇ ਸਫ਼ਿਆਂ ’ਤੇ ਆਪਣੀ ਅਮਿੱਟ ਛਾਪ ਛੱਡਣ ਲੱਗ ਜਾਂਦੇ ਨੇ। ਪਿੱਛੇ ਰਹਿ ਗਿਆਂ ਨੂੰ ਉਨ੍ਹਾਂ ਬਾਰੇ ਅਕਸਰ ਕੁਝ ਨਵਾਂ ਤੇ ਸੋਹਣਾ ਸੁਣਨ ਨੂੰ ਮਿਲਦਾ ਰਹਿੰਦਾ ਏ, ਚਰਚਾ ਚਲਦੀ ਏ ਤੇ ਅਜਿਹੇ ਚਿਹਰੇ ਸੱਚਮੁੱਚ ਹੀ ਚਮਕ ਜਾਂਦੇ ਨੇ। ਕਈ ਵਾਰ ਸੂਰਤ ਦਾ ਅਤੇ ਕਈ ਵਾਰ ਸੀਰਤ ਦਾ ਮਹੱਤਵ ਵੱਧ ਜਾਂਦਾ ਹੈ। ਜੇ ਸੂਰਤ ਅਤੇ ਸੀਰਤ ਦੋਵੇਂ ਹੀ ਖ਼ੁਬਸੂਰਤ ਹੋਣ ਤਾਂ ਸੋਨੇ ’ਤੇ ਸੁਹਾਗੇ ਵਾਲੀ ਕਹਾਵਤ ਸਾਬਤ ਹੋ ਜਾਂਦੀ ਹੈ।

- ਕੁਲਵਿੰਦਰ ਵਿਰਕ

Posted By: Harjinder Sodhi