ਹਿੰਦੂ ਧਰਮ ’ਚ ਚੇਤਰ ਨਵਰਾਤਰੀ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ ਕਿਉਂਕਿ ਇਸੇ ਦਿਨ ਹਿੰਦੂਆਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਤਿਉਹਾਰ ਨੂੰ ਸ਼ਕਤੀ ਦੀ ਉਪਾਸਨਾ ਦੇ ਤੌਰ ’ਤੇ ਵੀ ਦੇਖਿਆ ਜਾਂਦਾ ਹੈ। ਹੋਲੀ ਤੋਂ ਬਾਅਦ ਚੇਤਰ ਨਵਰਾਤਰੀ ਦਾ ਆਰੰਭ ਹੁੰਦਾ ਹੈ ਤੇ ਇਸ ਦੌਰਾਨ ਮਾਂ ਦੁਰਗਾ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਸਾਲ ਚੇਤਰ ਨਵਰਾਤਰੇ 13 ਅਪ੍ਰੈਲ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਦੀ ਸਮਾਪਤੀ 22 ਅਪ੍ਰੈਲ ਨੂੰ ਹੋਵੇਗੀ। ਇਸ ਵਾਰ ਮਾਂ ਦੁਰਗਾ ਦਾ ਆਗਮਨ ਘੋੜੇ ’ਤੇ ਹੋਵੇਗਾ।

ਸੰਮਤ 2078 ਦਾ ਆਰੰਭ 13 ਅਪ੍ਰੈਲ ਨੂੰ ਹੋਵੇਗਾ। ਇਸੇ ਦਿਨ ਤੋਂ ਚੇਤਰ ਨਵਰਾਤਰੀ ਵੀ ਆਰੰਭ ਹੋ ਜਾਵੇਗੀ। ਇਸ ਦੌਰਾਨ ਗਣਗੌਰ ਪੂਜਾ 15, ਦੁਰਗਾ ਸਪਤਮੀ 19, ਦੁਰਗਾ ਅਸ਼ਟਮੀ 20 ਅਤੇ ਸ੍ਰੀ ਰਾਮਨੌਮੀ 21 ਅਪ੍ਰੈਲ ਨੂੰ ਹੋਵੇਗੀ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ 9 ਦਿਨ ਪੂਜਾ ਕੀਤੀ ਜਾਂਦੀ ਹੈ। ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਲਈ ਭਗਤ 9 ਦਿਨ ਤਕ ਵਰਤ ਰੱਖਦੇ ਹਨ। ਨਾਲ ਹੀ ਨਰਾਤੇ ਦੇ 9 ਦਿਨਾਂ ’ਚ ਮਾਂ ਦੁਰਗਾ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਹਰ ਦਿਨ ਦੇਵੀ ਦੁਰਗਾ ਦੇ ਇਕ ਰੂਪ ਦੀ ਪੂਜਾ ਹੁੰਦੀ ਹੈ।

ਮੰਦਰ ਦੀ ਸਫ਼ਾਈ

ਨਰਾਤੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਘਰ ਦੇ ਮੰਦਰ ਜਾਂ ਪੂਜਾ ਸਥਾਨ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਮੰਨਿਆ ਜਾਂਦਾ ਹੈ ਕਿ ਨਰਾਤੇ ਦੇ ਪਹਿਲੇ ਦਿਨ ਮਾਂ ਦੁਰਗਾ ਦਾ ਘਰ ’ਚ ਆਗਮਨ ਹੁੰਦਾ ਹੈ। ਇਸ ਲਈ ਮਾਂ ਦੇ ਆਗਮਨ ਤੋਂ ਪਹਿਲਾਂ ਪੂਰੇ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਲਓ।

ਸਵਾਸਤਿਕ ਬਣਾਓ

ਮਾਂ ਦੇ ਆਗਮਨ ਤੋਂ ਪਹਿਲਾਂ ਘਰ ਦੇ ਮੁੱਖ ਦਰਵਾਜ਼ੇ ’ਤੇ ਹਲਦੀ ਜਾਂ ਰੌਲੀ ਨਾਲ ਸਵਾਸਤਿਕ ਬਣਾਓ। ਹਲਦੀ ਤੋਂ ਬਣਿਆ ਸਵਾਸਤਿਕ ਗੁਰੂ ਗ੍ਰਹਿ ਨੂੰ ਜਦਕਿ ਰੌਲੀ ਨਾਲ ਬਣਿਆ ਸਵਾਸਤਿਕ ਚਿੰਨ੍ਹ ਸ਼ੁੱਕਰ ਨੂੰ ਸ਼ੁੱਧ ਕਰਦਾ ਹੈ ਤੇ ਜ਼ਿੰਦਗੀ ’ਚ ਸਕਾਰਾਤਮਿਕਤਾ ਲਿਆਉਂਦਾ ਹੈ।

ਕਲਸ਼ ਦੀ ਸਥਾਪਨਾ

ਕਲਸ਼ ਸਥਾਪਨਾ ’ਚ ਦਿਸ਼ਾ ਦਾ ਧਿਆਨ ਜ਼ਰੂਰ ਰੱਖੋ। ਨਰਾਤਿਆਂ ਦਾ ਕਲਸ਼ ਹਮੇਸ਼ਾ ਉੱਤਰ-ਪੂਰਬ ਦਿਸ਼ਾ ’ਚ ਸਥਾਪਤ ਕਰਨਾ ਚਾਹੀਦਾ ਹੈ। ਕਲਸ਼ ਨੂੰ ਸੁਪਾਰੀ, ਸਿੱਕਾ ਅਤੇ ਪਾਣੀ ਪਾ ਕੇ ਭਰਨਾ ਚਾਹੀਦਾ ਹੈ। ਤੁਸੀਂ ਸੋਨੇ, ਚਾਂਦੀ ਜਾਂ ਪਿੱਤਲ ਤੋਂ ਇਲਾਵਾ ਮਿੱਟੀ ਦੇ ਕਲਸ਼ ਦੀ ਵੀ ਵਰਤੋਂ ਕਰ ਸਕਦੇ ਹੋ।

ਵਿਛਾਓ ਲਾਲ ਰੰਗ ਦਾ ਕੱਪੜਾ

ਨਰਾਤਿਆਂ ’ਚ ਹਮੇਸ਼ਾ ਮਾਂ ਦੀ ਮੂਰਤੀ ਨੂੰ ਚੰਦਨ ਜਾਂ ਚਾਂਦੀ ਦੀ ਚੌਕੀ ’ਤੇ ਸਥਾਪਿਤ ਕਰਨਾ ਚਾਹੀਦਾ ਹੈ। ਇਸ ਚੌਕੀ ’ਤੇ ਲਾਲ ਕੱਪੜਾ ਜ਼ਰੂਰ ਵਿਛਾਓ। ਲਾਲ ਰੰਗ ਨੂੰ ਸੁਭਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਅਖੰਡ ਜੋਤ

ਚੇਤ ਦੇ ਨਰਾਤਿਆਂ ਦੌਰਾਨ ਆਪਣੇ ਪੂਜਾ ਸਥਾਨ ’ਤੇ ਅਖੰਡ ਜੋਤ ਜਗਾਓ। ਜੇ ਤੁਸੀਂ ਅਖੰਡ ਜੋਤ ਨਹੀਂ ਜਗਾ ਸਕਦੇ ਤਾਂ ਨਰਾਤਿਆਂ ਦੌਰਾਨ ਸਵੇਰ ਅਤੇ ਸ਼ਾਮ ਜੋਤ ਜ਼ਰੂਰ ਜਗਾਓ। ਇਸ ਨਾਲ ਮਾਂ ਦੁਰਗਾ ਦੀ ਿਪਾ ਤੁਹਾਡੇ ’ਤੇ ਬਣੀ ਰਹੇਗੀ।

ਅਸ਼ੋਕ ਦੇ ਪੱਤੇ

ਕਲਸ਼ ’ਤੇ ਅਸ਼ੋਕ ਦੇ ਪੱਤੇ ਜ਼ਰੂਰ ਰੱਖੋ। ਇਹ ਪੱਤੇ ਸ਼ੁਭ ਗਿਣਤੀਆਂ ’ਚ ਹੋਣੇ ਚਾਹੀਦੇ ਹਨ ਜਿਵੇਂ 9, 11, 21 ਆਦਿ। ਅਸ਼ੋਕ ਨੂੰ ਸ਼ੋਕ ਹਰਨ ਵਾਲਾ ਪੌਦਾ ਕਿਹਾ ਜਾਂਦਾ ਹੈ। ਇਸ ਲਈ ਪੂਜਾ-ਪਾਠ ’ਚ ਇਸ ਦੀ ਵਰਤੋਂ ਕਰਨ ਨਾਲ ਜ਼ਿੰਦਗੀ ’ਚ ਆਉਣ ਵਾਲੀਆਂ ਅੜਚਣਾਂ ਦੂਰ ਹੁੰਦੀਆਂ ਹਨ। ਕਲਸ਼ ’ਤੇ ਕਲਾਵਾ ਬੰਨ੍ਹ ਕੇ ਜਟਾਦਾਰ ਨਾਰੀਅਲ ਰੱਖੋ।

-ਹਨੀ ਸੋਢੀ

Posted By: Harjinder Sodhi