ਸੋਸ਼ਲ ਮੀਡੀਆ ਦੀ ਆਮਦ ਨਾਲ ਕੌਮਾਂ ਦੇ ਬੌਧਿਕ ਪੱਧਰ ਦਾ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਰੋਜ਼ਾਨਾ ਵਾਇਰਲ ਹੋ ਰਹੀਆਂ ਵੀਡੀਓਜ਼ 'ਚੋਂ 99 ਫ਼ੀਸਦੀ ਵਕਤ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੁੰਦੀਆਂ। ਇਨ੍ਹਾਂ ਵੀਡੀਓਜ਼ ਵਿਚ ਪੰਜਾਬੀਆਂ ਦੀ ਬੌਧਿਕ ਕੰਗਾਲੀ ਦੀ ਮੂੰਹ ਬੋਲਦੀ ਤਸਵੀਰ ਨੂੰ ਵੇਖਿਆ ਤੇ ਸਮਝਿਆ ਜਾ ਸਕਦਾ ਹੈ। ਇਕੱਲੇ ਪੰਜਾਬੀਆਂ 'ਚ ਹੀ ਸੋਸ਼ਲ ਮੀਡੀਆ ਉੱਪਰ ਗ਼ੈਰ ਜ਼ਰੂਰੀ ਤੇ ਫ਼ਜੂਲ ਵੀਡੀਓਜ਼ ਦੇਖਣ ਵਾਲੀ ਬਿਮਾਰੀ ਨਹੀਂ ਚਿੰਬੜੀ ਹੋਈ ਸਗੋਂ ਹਰ ਤਬਕੇ ਵਿਚ ਇਹ ਬਿਮਾਰੀ ਵੱਡਾ ਤੇ ਖ਼ਤਰਨਾਕ ਰੂਪ ਅਖ਼ਤਿਆਰ ਕਰ ਚੁੱਕੀ ਹੈ।

ਵੀਡੀਓਜ਼ ਰਾਹੀਂ 'ਸਟਾਰ' ਬਣਨਾ ਚਾਹੁੰਦੇ ਨੇ ਲੋਕ

ਅੱਜਕੱਲ੍ਹ ਸੋਸ਼ਲ ਮੀਡੀਆ ਉੱਪਰ ਪਤੀ- ਪਤਨੀ , ਸਕੂਲ- ਕਾਲਜ, ਖੇਤੀਬਾੜੀ, ਦਫ਼ਤਰਾਂ, ਲੜਾਈ- ਝਗੜੇ ਤੇ ਅਸ਼ਲੀਲਤਾ ਨਾਲ ਸਬੰਧਤ ਵੀਡੀਓ ਰੋਜ਼ ਵਾਇਰਲ ਹੋ ਰਹੀਆਂ ਹਨ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਨ੍ਹਾਂ ਵੀਡੀਓਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਚੰਗੇ ਪੜ੍ਹੇ- ਲਿਖੇ ਲੋਕ ਕੁਮੈਂਟ, ਲਾਈਕ ਤੇ ਸ਼ੇਅਰ ਕਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਵੀਡੀਓਜ਼ ਵਿਚ ਕਦੇ ਲੜਾਈ- ਝਗੜੇ ਨੂੰ ਕੌਮਾਂ ਦੀ ਅਣਖ਼ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਹਾਦਰੀ ਨਾਲ।

ਕਦੇ ਮਾਨਸਿਕ ਰੂਪ ਵਿਚ ਕਮਜ਼ੋਰ ਵਿਅਕਤੀ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬੇਸੁਰੇ ਬੰਦਿਆਂ ਨੂੰ ਗੀਤ ਗਾਉਂਦਿਆਂ। ਕਦੇ ਅਸ਼ਲੀਲ ਗੱਲਬਾਤ ਨੂੰ ਦੋਹਰੇ ਅਰਥਾਂ ਵਿਚ ਬੋਲਿਆ ਜਾਂਦਾ ਹੈ ਤੇ ਕਦੇ ਔਰਤਾਂ ਪ੍ਰਤੀ ਗੰਦੇ ਮਜ਼ਾਕ ਕੀਤੇ ਜਾਂਦੇ ਹਨ। ਬੇਸ਼ਰਮੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਬੀਬੀਆਂ ਵੀ ਅਸ਼ਲੀਲ ਗੱਲਬਾਤ, ਨਾਚ, ਕੱਪੜੇ ਤੇ ਲੜਾਈ ਨੂੰ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਉੱਪਰ ਪਾਉਂਦੀਆਂ ਤੇ ਪ੍ਰਮੋਟ ਕਰਦੀਆਂ ਹਨ। ਇਨ੍ਹਾਂ ਦਾ ਮੂਲ ਮਕਸਦ ਮਸ਼ਹੂਰੀ ਪ੍ਰਾਪਤ ਕਰਨਾ ਹੁੰਦਾ ਹੈ। ਇਹ ਲੋਕ ਆਪਣੇ ਆਪ ਨੂੰ 'ਸਟਾਰ' ਤੇ ਸਮਾਜ ਵਿਚ ਪਛਾਣ ਬਣਾਉਣਾ ਚਾਹੁੰਦੇ ਹਨ। ਇਸੇ ਲਈ ਹਜ਼ਾਰਾਂ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।

ਤੀਜੇ ਦਿਨ ਪੈਦਾ ਹੋ ਰਿਹਾ ਹੈ ਚੈਨਲ

ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਵੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਪਰ ਫ਼ਜ਼ੂਲ ਦੇ 'ਪੇਜ' ਧੜਾਧੜ ਬਣ ਰਹੇ ਹਨ। ਇਨ੍ਹਾਂ 'ਪੇਜਾਂ' ਨੂੰ ਲੱਖਾਂ ਲੋਕ ਫਾਲੋ ਕਰਦੇ ਹਨ। ਟੀਵੀ ਦੇਖਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਤੇ ਲੋਕ ਮੋਬਾਈਲ ਉੱਪਰ ਹੀ ਸਾਰੀਆਂ ਖ਼ਬਰਾਂ ਪ੍ਰਾਪਤ ਕਰਨਾ ਚਾਹੁੰਦੇ ਹਨ। ਸ਼ਾਇਦ ਇਸੇ ਕਰਕੇ ਹੀ ਵੈੱਬ ਟੀਵੀ ਦਾ ਰੁਝਾਨ ਸਿਖ਼ਰਾਂ 'ਤੇ ਹੈ। ਹਰ ਤੀਜੇ ਦਿਨ ਨਵਾਂ ਚੈਨਲ ਸੋਸ਼ਲ ਮੀਡੀਆ ਉੱਪਰ ਪੈਦਾ ਹੋ ਰਿਹਾ ਹੈ। ਇਹ ਚੈਨਲ ਹਰ ਹੀਲੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ। ਇਸੇ ਕਰਕੇ ਹਰ ਤਰ੍ਹਾਂ ਦੀ ਵੀਡੀਓ ਨੂੰ ਬਿਨਾਂ ਸੋਚੇ- ਵਿਚਾਰੇ ਦਰਸ਼ਕਾਂ ਸਾਹਮਣੇ ਪਰੋਸ ਦਿੱਤਾ ਜਾਂਦਾ ਹੈ।

ਆਮ ਲੋਕ ਲੈ ਰਹੇ ਨੇ ਗ਼ਲਤ ਜਾਣਕਾਰੀ

ਆਈਟੀ ਦੇ ਜਾਣਕਾਰ ਲੋਕ 'ਵੈੱਬ ਪੇਜ' ਬਣਾ ਕੇ ਲੱਖਾਂ ਰੁਪਏ ਦਾ ਵਪਾਰ ਕਰ ਰਹੇ ਹਨ ਪਰ ਆਮ ਲੋਕ ਇਨ੍ਹਾਂ 'ਪੇਜਾਂ' ਦੇ ਚੱਕਰ ਵਿਚ ਗ਼ਲਤ ਜਾਣਕਾਰੀ ਹਾਸਲ ਕਰ ਰਹੇ ਹਨ। ਇਨ੍ਹਾਂ ਗ਼ਲਤ ਜਾਣਕਾਰੀਆਂ ਕਰਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਕਦੇ- ਕਦੇ ਤਾਂ ਸਮਾਜ ਵਿਚ ਤਣਾਅ ਦਾ ਮਾਹੌਲ ਵੀ ਬਣ ਜਾਣ ਜਾਂਦਾ ਹੈ। ਇਨ੍ਹਾਂ ਦਾ ਮੂਲ ਕਾਰਨ ਆਪੂ ਬਣੇ ਚੈਨਲਾਂ ਦੀਆਂ ਬੇਤੁਕੀਆਂ ਖ਼ਬਰਾਂ ਹੁੰਦੀਆਂ ਹਨ। ਇਨ੍ਹਾਂ ਚੈਨਲਾਂ ਦਾ ਮੂਲ ਮਕਸਦ ਆਪਣੀ ਮਸ਼ਹੂਰੀ ਕਰਨਾ, ਪੈਸਾ ਕਮਾਉਣਾ ਤੇ ਵੱਧ ਤੋਂ ਵੱਧ ਲੋਕਾਂ ਤਕ ਆਪਣੀ ਪਹੁੰਚ ਬਣਾਉਣਾ ਹੁੰਦਾ ਹੈ। ਇੱਥੇ ਕੁਝ ਅਹਿਮ ਨੁਕਤੇ ਦਿੱਤੇ ਜਾ ਰਹੇ ਹਨ, ਜਿਸ ਨਾਲ ਅਜਿਹੇ ਲੋਕਾਂ ਨੂੰ ਠੱਲ ਪਾਈ ਜਾ ਸਕਦੀ ਹੈ।

ਇਨ੍ਹਾਂ ਨੁਕਤਿਆਂ 'ਤੇ ਚੱਲ ਕੇ ਅਜਿਹੇ ਲੋਕਾਂ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ, ਜਿਹੜੇ ਨਕਾਰਤਮਕਤਾ ਭਰਪੂਰ ਵੀਡੀਓਜ਼ ਰਾਹੀਂ ਮਕਬੂਲ ਹੋਣਾ ਚਾਹੁੰਦੇ ਹਨ, ਸੋਸ਼ਲ- ਮੀਡੀਆ ਉੱਪਰ ਸਫ਼ਲ ਹੋਣਾ ਤੇ ਪੈਸਾ ਕਮਾਉਣਾ ਚਾਹੁੰਦੇ ਹਨ।

ਫਾਲੋ ਨਾ ਕਰੋ ਗ਼ੈਰ ਜ਼ਰੂਰੀ ਚੈਨਲ

ਸਭ ਤੋਂ ਪਹਿਲਾਂ ਤਾਂ ਵਾਧੂ ਦੀਆਂ ਵੀਡੀਓਜ਼ ਨੂੰ ਵੇਖਣਾ ਬੰਦ ਕਰਨਾ ਚਾਹੀਦਾ ਹੈ। ਜਿਸ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੈ, ਉਸ ਜ਼ਰੂਰਤ ਦੇ ਮੁਤਾਬਕ ਵੀਡੀਓ ਦੀ ਭਾਲ (ਸਰਚ) ਕੀਤੀ ਜਾ ਸਕਦੀ ਹੈ। ਵਾਧੂ ਦੀਆਂ ਵੀਡੀਓਜ਼ ਨੂੰ ਬਿਨਾਂ ਵੇਖੇ ਹੀ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗ਼ੈਰ ਜ਼ਰੂਰੀ ਚੈਨਲਾਂ ਨੂੰ ਸਬਸਕਰਾਈਬ ਤੇ ਫਾਲੋ ਨਹੀਂ ਕਰਨਾ ਚਾਹੀਦਾ ਕਿਉਂਕਿ ਇਕ ਵਾਰ ਵੀਡੀਓ ਵੇਖਣ ਤੋਂ ਬਾਅਦ ਉਸ ਚੈਨਲ ਦੀ ਹਰ ਵੀਡੀਓ ਤੁਹਾਡੇ ਅਕਾਊਂਟ 'ਤੇ ਦਿਖਾਈ ਦੇਵੇਗੀ।

ਵੱਡੀ ਗਿਣਤੀ 'ਚ ਲਾਈਕ ਤੇ ਸ਼ੇਅਰ ਕਰਦੇ ਨੇ ਲੋਕ

ਅਸਲ ਵਿਚ ਭਾਰਤੀ ਤੇ ਪੰਜਾਬੀ ਲੋਕਾਂ ਦੀ ਮਨੋਬਿਰਤੀ ਹਰ ਥਾਂ ਉੱਪਰ ਨਕਾਰਤਮਕਤਾ ਨੂੰ ਭਾਲਦੀ ਹੈ। ਜਦੋਂ ਅਜਿਹੀਆਂ ਵੀਡੀਓਜ਼ ਅਪਲੋਡ ਹੁੰਦੀਆਂ ਹਨ ਤਾਂ ਲੋਕ ਆਪਣਾ ਮਨੋਰੰਜਨ ਕਰਨ ਹਿੱਤ ਅਜਿਹੀਆਂ ਵੀਡੀਓਜ਼ ਵੇਖਦੇ ਹਨ। ਜਦੋਂ ਵੀਡੀਓ ਨੂੰ ਬਹੁਤ ਲੋਕ ਵੱਡੀ ਗਿਣਤੀ 'ਚ ਦੇਖਦੇ, ਲਾਈਕ ਤੇ ਸ਼ੇਅਰ ਕਰਦੇ ਹਨ ਤਾਂ ਵੀਡੀਓ ਬਣਾਉਣ ਵਾਲੇ ਲੋਕ ਆਪਣੇ ਅਸਲ ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਕਾਮਯਾਬੀ ਲਈ ਹੀ ਅਜਿਹੀ ਵੀਡੀਓ ਬਣਾਈ ਹੁੰਦੀ ਹੈ। ਇਨ੍ਹਾਂ ਲੋਕਾਂ ਦੀ ਕਾਮਯਾਬੀ ਕਰਕੇ ਹੋਰ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਉਹ ਵੀ ਅਜਿਹੀਆਂ ਫ਼ਜ਼ੂਲ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਉੱਪਰ ਪਾਉਣ ਲੱਗਦੇ ਹਨ। ਇਸ ਕਰਕੇ ਅੱਜ 99 ਫ਼ੀਸਦੀ ਵੀਡੀਓਜ਼ ਫ਼ਜ਼ੂਲ ਹੁੰਦੀਆਂ ਹਨ, ਜਿਨ੍ਹਾਂ ਨਾਲ ਵਕਤ ਦੀ ਬਰਬਾਦੀ ਹੁੰਦੀ ਹੈ ਪਰ ਅਸੀਂ ਅਣਜਾਣਪੁਣੇ ਵਿਚ ਅਜਿਹੀਆਂ ਵੀਡੀਓਜ਼ ਨੂੰ ਸਫ਼ਲ ਕਰ ਦਿੰਦੇ ਹਾਂ।

ਹਰ ਵੀਡੀਓ 'ਤੇ ਨਾ ਕਰੋ ਕੁਮੈਂਟ

ਹਰ ਵੀਡੀਓ ਉੱਪਰ ਕੁਮੈਂਟ ਨਹੀਂ ਕਰਨਾ ਚਾਹੀਦਾ। ਹਾਂ, ਜੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਰਥਿਕ ਵੀਡੀਓ ਉੱਪਰ ਵਿਚਾਰ ਜ਼ਰੂਰ ਸਾਂਝੇ ਕਰੋ ਪਰ ਐਵੇਂ ਹਰ ਨਾਂਹ-ਪੱਖੀ ਵੀਡੀਓ ਉੱਪਰ ਕੁਮੈਂਟ ਕਰਨਾ ਫ਼ਜ਼ੂਲ ਵੀਡੀਓ ਨੂੰ ਪ੍ਰਮੋਟ ਕਰਨ ਵਾਲਾ ਕੰਮ ਹੋ ਨਿਬੜਦਾ ਹੈ। ਇਸ ਨਾਲ ਇਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਉਹ ਵੀਡੀਓ ਤੁਹਾਡੇ ਦੋਸਤਾਂ-ਮਿੱਤਰਾਂ ਨੂੰ ਵੀ ਦਿਖਾਈ ਦੇਣ ਲੱਗਦੀ ਹੈ ਤੇ ਉਨ੍ਹਾਂ ਦੇ ਦੇਖਣ ਨਾਲ ਵੀਡੀਓ ਪ੍ਰਮੋਟ ਤੇ ਸਫ਼ਲ ਹੁੰਦੀ ਜਾਂਦੀ ਹੈ। ਇਹ ਲੜੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਤੁਰਦੀ ਜਾਂਦੀ ਹੈ ਤੇ ਵੀਡੀਓ ਬਣਾਉਣ ਵਾਲਾ ਆਪਣੇ ਮਕਸਦ ਵਿਚ ਸਫ਼ਲ ਹੋ ਜਾਂਦਾ ਹੈ।

ਦੂਜੀ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਵਾਧੂ ਦੇ ਚੈਨਲਾਂ ਨੂੰ ਸਬਸਕਰਾਈਬ ਜਾਂ ਫਾਲੋ ਨਾ ਕਰੋ ਕਿਉਂਕਿ ਇਨ੍ਹਾਂ ਦੀਆਂ ਫ਼ਜ਼ੂਲ ਜਾਣਕਾਰੀਆਂ ਸਮਾਜ ਲਈ ਘਾਤਕ ਸਿੱਧ ਹੁੰਦੀਆਂ ਹਨ। ਉਪਰੋਕਤ ਨੁਕਤਿਆਂ 'ਤੇ ਚੱਲ ਕੇ ਅਸੀਂ ਬੇਲੋੜੀਆਂ ਵੀਡੀਓਜ਼ ਤੋਂ ਬਚ ਸਕਦੇ ਹਾਂ ਤੇ ਅਜਿਹੀਆਂ ਵੀਡੀਓਜ਼ ਦੇ ਅਸਲ ਮਕਸਦ ਨੂੰ ਠੱਲ ਪਾ ਸਕਦੇ ਹਾਂ ਤਾਂ ਕਿ ਭਵਿੱਖ ਵਿਚ ਅਜਿਹੀਆਂ ਗ਼ੈਰ ਜ਼ਰੂਰੀ ਵੀਡੀਓਜ਼ ਦੀ ਗਿਣਤੀ ਵਿਚ ਗਿਰਾਵਟ ਆ ਸਕੇ ਪਰ ਇਹ ਹੁੰਦਾ ਕਦੋਂ ਹੈ, ਇਹ ਅਜੇ ਭਵਿੱਖ ਦੀ ਕੁੱਖ 'ਚ ਹੈ।

ਡਾ. ਨਿਸ਼ਾਨ ਸਿੰਘ ਰਾਠੌਰ

75892- 33437

Posted By: Harjinder Sodhi