ਹਰੇਕ ਇਨਸਾਨ ਦੀ ਦਿਲੀ ਖ਼ਾਹਿਸ਼ ਹੁੰਦੀ ਹੈ ਕਿ ਜ਼ਿੰਦਗੀ ਵਿਚ ਹਰ ਕਦਮ 'ਤੇ ਕਾਮਯਾਬੀ ਉਸ ਦੇ ਪੈਰ ਚੁੰਮੇ ਅਤੇ ਖ਼ੁਸ਼ੀਆਂ ਉਸ ਦੇ ਵਿਹੜੇ ਚਹਿਕਦੀਆਂ ਰਹਿਣ। ਇੱਛਾ ਸ਼ਕਤੀ ਦੇ ਨਾਲ, ਮਿਹਨਤ ਕਰਨ ਦੇ ਬਾਵਜੂਦ ਬਹੁਤਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਅਜਿਹੇ ਵਿਅਕਤੀਆਂ ਦੀ ਜੀਵਨ-ਸ਼ੈਲੀ ਬਹੁਤ ਸਾਰੀਆਂ ਫ਼ਜ਼ੂਲ ਖ਼ਰਚੀਆਂ ਤੇ ਮਾੜੀਆਂ ਆਦਤਾਂ 'ਤੇ ਟਿਕੀ ਹੁੰਦੀ ਹੈ ਜੋ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ। ਮਾੜੀਆਂ ਤੇ ਮੰਦੀਆਂ ਆਦਤਾਂ ਨਾਲ ਮਨ ਮਾੜਾ ਅਤੇ ਮੰਦਾ ਬਣਿਆ ਰਹਿੰਦਾ ਹੈ ਜਿਸ ਦੇ ਸਿੱਟੇ ਵਜੋਂ ਨਾਂਹ-ਪੱਖੀ ਵਿਚਾਰ ਜੀਵਨ ਦਾ ਹਿੱਸਾ ਬਣਦੇ ਰਹਿੰਦੇ ਹਨ। ਵਿਅਕਤੀ ਦੀ ਸੋਚ ਨਕਾਰਾਤਮਕ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿਅਕਤੀ ਦੀ ਸੋਚ ਬਦਲਣ ਨਾਲ ਉਸ ਦੇ ਕਰਮ ਵੀ ਬਦਲ ਜਾਂਦੇ ਹਨ ਜੋ ਉਸ ਦੀ ਰਹਿਣੀ-ਬਹਿਣੀ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਹੌਲੀ-ਹੌਲੀ ਦੁੱਖ ਵਿਅਕਤੀ ਨੂੰ ਆਪਣੀ ਜਕੜ ਵਿਚ ਲੈ ਲੈਂਦੇ ਹਨ। ਜੋ ਵਿਅਕਤੀ ਇਨ੍ਹਾਂ ਦੁੱਖਾਂ ਨੂੰ ਜੀਵਨ ਦਾ ਹਿੱਸਾ ਮੰਨ ਕੇ ਇਨ੍ਹਾਂ ਅੱਗੇ ਗੋਡੇ ਨਹੀਂ ਟੇਕਦੇ ਸਗੋਂ ਇਨ੍ਹਾਂ ਨੂੰ ਤਰੱਕੀ ਦੀ ਪੌੜੀ ਬਣਾ ਲੈਂਦੇ ਹਨ ਉਨ੍ਹਾਂ ਦਾ ਇਹ ਦੁੱਖ ਕੁਝ ਨਹੀਂ ਵਿਗਾੜ ਸਕਦੇ ਪਰ ਕਮਜ਼ੋਰ ਬਿਰਤੀ ਵਾਲੇ ਲੋਕ ਇਨ੍ਹਾਂ ਨੂੰ ਆਪਣੇ ਮਨ 'ਤੇ ਲਗਾ ਲੈਂਦੇ ਹਨ। ਅਜਿਹੇ ਲੋਕਾਂ ਨੂੰ ਤਣਾਅ, ਪਰੇਸ਼ਾਨੀ ਅਤੇ ਮਾਨਸਿਕ ਪੀੜਾ ਨਾਸੂਰ ਜ਼ਖ਼ਮ ਵਾਂਗ ਤੜਫਾਉਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੇ ਘਰ ਦਾ ਮਾਹੌਲ ਵੀ ਤਣਾਅ ਅਤੇ ਖਿੱਚ-ਧੂਹ ਭਰਿਆ ਹੋ ਜਾਂਦਾ ਹੈ ਜੋ ਵਿਅਕਤੀ ਦੇ ਸਵੈ-ਭਰੋਸੇ ਨੂੰ ਹਿਲਾ ਦਿੰਦਾ ਹੈ। ਵਿਅਕਤੀ ਜੀਵਨ ਦੇ ਕਈ ਮਹੱਤਵਪੂਰਨ ਕੰਮ ਕਰ ਨਹੀਂ ਪਾਉਂਦਾ। ਜੀਵਨ 'ਚੋਂ ਖ਼ੁਸ਼ੀਆਂ ਦੇ ਪਲ ਕਿਰਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਕੋ ਤੋਰੇ ਤੁਰਦੀ ਜ਼ਿੰਦਗੀ ਬੇਸੁਆਦੀ ਹੋ ਜਾਂਦੀ ਹੈ। ਹੱਸਦੇ-ਵੱਸਦੇ ਘਰ ਤਬਾਹ ਹੋ ਜਾਂਦੇ ਹਨ ਅਤੇ ਅਜਿਹੇ ਵਿਅਕਤੀ ਆਪਣੀ ਮੰਜ਼ਿਲ ਵੱਲ ਵਧਣ ਦੀ ਥਾਂ ਡਗਮਗਾਉਣ ਲੱਗਦੇ ਹਨ।

ਦੁੱਖ ਹਰ ਵਿਅਕਤੀ ਦੇ ਜੀਵਨ ਵਿਚ ਹੁੰਦੇ ਹਨ ਪਰ ਸਾਨੂੰ ਇੰਝ ਲੱਗਣ ਲੱਗ ਪੈਂਦਾ ਹੈ ਕਿ ਇਹ ਕੇਵਲ ਸਾਡੇ ਹਿੱਸੇ ਹੀ ਆਏ ਹਨ। ਅਜਿਹੇ ਵਿਚਾਰਾਂ ਨਾਲ ਉਦਾਸੀ ਉਨ੍ਹਾਂ ਦੇ ਚਿਹਰਿਆਂ 'ਤੇ ਪੱਕਾ ਡੇਰਾ ਲਾ ਲੈਂਦੀ ਹੈ। ਉਨ੍ਹਾਂ ਨੂੰ ਕਿਸੇ ਪਾਸੇ ਤੋਂ ਵੀ ਚਾਨਣ ਦੀ ਕਿਰਨ ਦਿਖਾਈ ਨਹੀਂ ਦਿੰਦੀ। ਅਜਿਹੇ ਵਿਅਕਤੀ ਹਰ ਵੇਲੇ, ਹਰ ਕਿਸੇ ਕੋਲ ਆਪਣੇ ਦੁੱਖਾਂ ਦਾ ਹੀ ਰੋਣਾ ਰੋਂਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਦੁੱਖ ਦੂਰ ਨਹੀਂ ਹੁੰਦੇ ਬਲਕਿ ਲੋਕਾਂ ਲਈ ਮਜ਼ਾਕ ਦਾ ਪਾਤਰ ਹੀ ਬਣਦੇ ਹਨ। ਸਿਆਣੇ ਕਹਿੰਦੇ ਹਨ, 'ਜੋ ਵਿਅਕਤੀ ਹਰ ਵੇਲੇ ਦੁੱਖਾਂ ਦਾ ਰੋਣਾ ਰੋਂਦੇ ਰਹਿੰਦੇ ਹਨ, ਉਨ੍ਹਾਂ ਦੇ ਦਰਵਾਜ਼ੇ 'ਤੇ ਖੜ੍ਹੇ ਸੁੱਖ ਵੀ ਬਾਹਰੋਂ ਹੀ ਮੁੜ ਜਾਂਦੇ ਹਨ'। ਇਸ ਲਈ ਹਰ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਾ ਕਰਿਆ ਕਰੋ ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੇ ਦੁੱਖ ਸੁਣਨ ਵਾਲਾ ਤੁਹਾਡਾ ਵਿਸ਼ਵਾਸਪਾਤਰ ਹੀ ਹੋਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੁਖਦਾਈ ਵਿਚਾਰਾਂ ਨਾਲ ਕੇਵਲ ਦੁੱਖ ਹੀ ਮਿਲੇਗਾ। ਇਸ ਲਈ ਆਪਣੇ ਦੁੱਖਾਂ ਦਾ ਚਿੰਤਨ ਕਰਦੇ ਹੋਏ, ਆਪਣੇ ਵਿਚਾਰਾਂ ਵਿਚ ਤਬਦੀਲੀ ਕਰ ਲੈਣ ਨਾਲ ਜੀਵਨ ਵਿਚਲੇ ਟੇਢੇ-ਮੇਢੇ ਰਾਹਾਂ 'ਤੇ ਚੱਲਣਾ ਆਸਾਨ ਹੋ ਜਾਂਦਾ ਹੈ। ਦੁੱਖ ਸਾਡੀ ਜ਼ਿੰਦਗੀ ਦੀ ਅਹਿਮ ਸਚਾਈ ਹਨ। ਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਉਹ ਇਨ੍ਹਾਂ ਤੋਂ ਛੁਟਕਾਰਾ ਪਾ ਲੈਂਦੇ ਹਨ ਅਤੇ ਜੋ ਨਹੀਂ ਸਮਝਦੇ ਉਹ ਸਾਰੀ ਉਮਰ ਇਨ੍ਹਾਂ ਨਾਲ ਜੁੜੇ ਦਰਦਾਂ ਦੀ ਚੱਕੀ ਵਿਚ ਪਿਸਦੇ ਰਹਿੰਦੇ ਹਨ।

ਦੁੱਖ ਜ਼ਿੰਦਗੀ ਦਾ ਕਦੇ ਨਾ ਬਦਲਣ ਵਾਲਾ ਸੱਚ ਹਨ। ਇੱਛਾ ਮੁਤਾਬਕ ਨਾ ਹੋਣਾ ਤੇ ਅਣਚਾਹਿਆ ਹੋ ਜਾਣਾ ਹੀ ਦੁੱਖਾਂ ਦੀ ਅਸਲੀ ਜੜ੍ਹ ਹੈ। ਜੇ ਅਸੀਂ ਆਪਣੇ ਦੁੱਖਾਂ ਬਾਰੇ ਖੁਦ ਹੀ ਗਹੁ ਨਾਲ ਵਿਚਾਰੀਏ ਤਾਂ ਮਹਿਸੂਸ ਕਰਾਂਗੇ ਕਿ ਬਹੁਤ ਸਾਰੇ ਦੁੱਖਾਂ ਦੇ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ। ਸਾਡਾ ਸਾਰਾ ਧਿਆਨ ਕੇਵਲ ਜਿੱਤ ਵੱਲ ਹੀ ਲੱਗਾ ਹੁੰਦਾ ਹੈ ਕਿਉਂਕਿ ਬਚਪਨ ਤੋਂ ਇਕੋ ਗੱਲ ਹੀ ਸਾਡੇ ਮਨ ਵਿਚ ਬਿਠਾ ਦਿੱਤੀ ਜਾਂਦੀ ਹੈ ਕਿ ਜ਼ਿੰਦਗੀ ਵਿਚ ਜਿੱਤਣਾ ਲਾਜ਼ਮੀ ਹੈ ਜਿਸ ਕਾਰਨ ਹਾਰ ਹੋ ਜਾਣ 'ਤੇ ਅਸੀਂ ਦੁਖੀ ਹੋ ਜਾਂਦੇ ਹਾਂ। ਕਈ ਵਾਰ ਅਸੀਂ ਬੇਲੋੜੀਆਂ ਬਹਿਸਾਂ, ਖਾਹ-ਮਖਾਹ ਦੀਆਂ ਗੱਪਾਂ ਵਿਚ ਹੀ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ ਜਿਸ ਕਾਰਨ ਆਪਣੇ ਕਈ ਮਹੱਤਵਪੂਰਣ ਕੰਮ ਕਰ ਨਹੀਂ ਪਾਉਂਦੇ ਜਿਨ੍ਹਾਂ ਦਾ ਬਾਅਦ ਵਿਚ ਪਛਤਾਵਾ ਹੀ ਲੱਗਾ ਰਹਿੰਦਾ ਹੈ। ਭਵਿੱਖ ਪ੍ਰਤੀ ਲੋੜ ਤੋਂ ਵੱਧ ਚਿੰਤਾ ਅਤੇ ਬੀਤੇ ਸਮੇਂ ਨਾਲ ਲੋੜ ਤੋਂ ਵੱਧ ਆਕਰਸ਼ਣ, ਇਨ੍ਹਾਂ ਦੋਵਾਂ ਸਥਿਤੀਆਂ ਵਿਚ ਅਸੀਂ ਇੰਨਾ ਜ਼ਿਆਦਾ ਅਸੰਤੁਲਿਤ ਰਹਿੰਦੇ ਹਾਂ ਕਿ ਵਰਤਮਾਨ ਵਿਚ ਅਸਹਿਜਤਾ ਮਹਿਸੂਸ ਕਰਨ ਲੱਗਦੇ ਹਾਂ ਅਤੇ ਖ਼ੁਦ ਨੂੰ ਹੀਣ ਸਮਝਣ ਲੱਗ ਪੈਂਦੇ ਹਾਂ। ਸਾਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਜੀਵਨ ਇਕ ਵਹਾਅ ਵਾਂਗ ਉੱਪਰ-ਹੇਠਾਂ ਚੱਲਦਾ ਰਹਿੰਦਾ ਹੈ ਅਰਥਾਤ ਸੁੱਖ-ਦੁੱਖ, ਹਾਰ-ਜਿੱਤ। ਬਦਕਿਸਮਤੀ ਇਹ ਹੈ ਕਿ ਅਸੀਂ ਜੀਵਨ ਦੇ ਵਹਾਅ ਵਿਚ ਵਹਿਣ ਤੋਂ ਖ਼ੁਦ ਨੂੰ ਮਨ੍ਹਾ ਕਰ ਦਿੱਤਾ ਹੈ। ਇਹੋ ਹੀ ਸਾਡੇ ਦੁੱਖਾਂ ਦਾ ਮੁੱਖ ਕਾਰਨ ਹੈ। ਭਾਉਂਦੇ ਫਿਰਨਾ ਭੌਰੇ ਦੀ ਜ਼ਿੰਦਗੀ ਹੈ। ਉਹ ਫੁੱਲ ਕੋਲ ਜਾਂਦਾ ਹੈ, ਰਸ ਮਿਲਿਆ ਤਾਂ ਪੀ ਲਿਆ ਜੇ ਨਹੀਂ ਮਿਲਿਆ ਤਾਂ ਕੋਈ ਗਿਲ੍ਹਾ-ਸ਼ਿਕਵਾ ਨਹੀਂ। ਨਾ ਮਿਲਣ 'ਤੇ ਉਹ ਦੁੱਖ ਨਹੀਂ ਪ੍ਰਗਟਾਉਂਦਾ। ਇਸੇ ਤਰ੍ਹਾਂ ਜੇਕਰ ਮਨੁੱਖ ਵੀ ਜੀਵਨ ਰੂਪੀ ਬਾਗ਼ ਵਿਚ ਭੋਰੇ ਵਰਗੀ ਜੀਵਨ-ਸ਼ੈਲੀ ਅਪਣਾ ਲਵੇ ਤਾਂ ਕਈ ਦੁੱਖਾਂ ਦਾ ਹੱਲ ਹੋਣ ਲੱਗ ਪਵੇਗਾ।

ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਦੁੱਖ ਤਾਂ ਸੁੱਖਾਂ ਦੇ ਕਿਲ੍ਹੇ ਦੇ ਜਿੰਦਰੇ ਦੀ ਚਾਬੀ ਹਨ। ਜੇ ਇਨਸਾਨ ਦੁੱਖਾਂ ਤੇ ਸੁੱਖਾਂ ਵਿਚ ਸੰਤੁਲਿਤ ਹੋ ਕੇ ਚੱਲੇ ਤਾਂ ਹੀ ਉਹ ਜੀਵਨ ਦਾ ਅਸਲੀ ਆਨੰਦ ਲੈ ਸਕਦਾ ਹੈ।

ਇਸ ਲਈ ਦੋਸਤੋ, ਐਵੇਂ ਨਾ ਹਰ ਕਿਸੇ ਅੱਗੇ ਆਪਣੇ ਦੁੱਖਾਂ ਦਾ ਰੋਣਾ ਰੋਂਦੇ ਰਿਹਾ ਕਰੋ ਬਲਕਿ ਉਸਾਰੂ ਤੇ ਸੁਚਾਰੂ ਤਰੀਕੇ ਨਾਲ ਆਪਣੀ ਸੋਚ ਦੀ ਕਾਇਆ-ਕਲਪ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਵੇਂ-ਨਰੋਏ ਵਿਚਾਰਾਂ ਨੂੰ ਆਪਣੇ ਮਨਾਂ ਵਿਚ ਵਸਾਈਏ ਅਤੇ ਇਤਰਾਜ਼ਾਂ ਤੇ ਔਕੜਾਂ ਤੋਂ ਨਾ ਘਰਾਉਂਦੇ ਹੋਏ ਹੱਸਦੇ ਹੋਏ ਗਾਈਏ :

'ਅੋਰ ਨਹੀਂ ਬਸ ਅੋਰ ਨਹੀਂ,

ਦੁੱਖ ਕੇ ਪਿਆਲੇ ਅੋਰ ਨਹੀਂ।'

ਦੁੱਖਾਂ-ਸੁੱਖਾਂ ਦਾ ਸੁਮੇਲ ਹੈ ਜ਼ਿੰਦਗੀ

ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ ਜਿਸ ਵਿਚ ਕਦੇ ਖ਼ੁਸ਼ੀ ਅਤੇ ਕਦੇ ਗ਼ਮੀ ਪਰਤਣਾ ਜੀਵਨ ਦੇ ਰੰਗ ਹਨ। ਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਅਤੇ ਹੱਸਦੇ-ਗਾਉਂਦੇ ਹੋਏ ਆਪਣੇ ਕੰਮਾਂ ਵਿਚ ਮਗਨ ਰਹਿੰਦੇ ਹਨ ਦੁੱਖ ਉਨ੍ਹਾਂ

ਵੱਲ ਵਧਣ ਦਾ ਜੇਰਾ ਵੀ ਨਹੀਂ ਕਰਦੇ। ਇਸ ਲਈ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਸਿਆਣੇ ਕਹਿੰਦੇ ਹਨ,'ਦੁੱਖ ਤਾਂ ਸਾਨੂੰ ਚੜ੍ਹਦੀ ਕਲਾ ਅਤੇ ਜਿੱਤ ਬਾਰੇ ਸੋਚਣ ਦੀ ਹਿੰਮਤ ਬਖ਼ਸ਼ਦੇ ਹਨ। ਇਨ੍ਹਾਂ ਦੀ ਭੱਠੀ ਵਿਚ ਤਪ ਕੇ ਹੀ ਸੁੱਖ ਵੱਧ ਪ੍ਰਭਾਵਸ਼ਾਲੀ, ਆਨੰਦਦਾਇਕ ਅਤੇ ਦਿਲਚਸਪ ਮਹਿਸੂਸ ਹੋਣ ਲੱਗਦੇ ਹਨ।

- ਕੈਲਾਸ਼ ਚੰਦਰ ਸ਼ਰਮਾ

98774-66607

Posted By: Harjinder Sodhi