ਸਤਵਿੰਦਰ ਸਿੰਘ ਧੜਾਕ, ਮੋਹਾਲੀ : 26 ਅਪ੍ਰੈਲ ਦਾ ਦਿਨ ਭਾਰਤ ਹੀ ਨਹੀਂ ਸੰਸਾਰ ਦੇ ਇਤਿਹਾਸ ’ਚ ਵੱਡੇ ਸਿਆਹ ਅੱਖਰਾਂ ’ਚ ਲਿਖਿਆ ਗਿਆ ਸੀ।ਇਸ ਦਿਨ ਪ੍ਰਸਿੱਧ ਗਣਿਤ ਵਿਗਿਆਨੀ ਨਿਵਾਸ ਰਾਮਾਨੁਜਮ ਦੀ ਟੀਬੀ ਦੀ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਗਈ ਸੀ। ਉਹ ਵਿਦਿਆਰਥੀ ਜਿਹੜੇ ਗਣਿਤ ਨੂੰ ਉਕਾਅ ਦੱਸਣ ਵਾਲਾ ਵਿਸ਼ਾ ਦੱਸਦੇ ਹਨ ਉਨ੍ਹਾਂ ਲਈ ਸਵ ਰਾਮਾਨੁਜਮ ਦੇ ਜੀਵਨ ਤੋਂ ਸੇਧ ਲੈਣੀ ਬਣਦੀ ਹੈ। ਰਾਮਾਨੁਜਮ ਬਾਰੇ ਕਿਹਾ ਜਾਂਦਾ ਹੈ ਕਿ ਉਹ 11 ਸਾਲ ਦੀ ਉਮਰ ’ਚ ਸਕੂਲ ’ਚ ਪੜ੍ਹਦੇ ਸਮੇਂ ਹੀ ਕਾਲਜ ਪੱਧਰ ਦੇ ਸਵਾਲ ਹੱਲ ਕਰ ਲੈਂਦਾ ਸੀ। ਇਸੇ ਤਰ੍ਹਾਂ 13 ਸਾਲ ਦੀ ਉਮਰ ’ਚ ਉਸ ਨੇ ਆਧੁਨਿਕ ਟ੍ਰਿਗਨੋਮੈਟਰੀ ਨੂੰ ਰੱਟ ਲਿਆ ਤੇ 32 ਸਾਲ ਦੀ ਉਮਰ ਤਕ ਪੁੱਜਦਿਆਂ ਗਣਿਤ ਦੇ 3 ਹਜ਼ਾਰ 900 ਐਕਸਪੈਸ਼ਨਜ਼ ਦੀ ਖੋਜ ਕਰ ਲਈ ਸੀ। ਹਾਲਾਂਕਿ ਬਾਕੀ ਵਿਦਿਆਰਥੀਆਂ ਵਾਂਗ ਉਸ ਦਾ ਬੌਧਿਕ ਪੱਧਰ ਨਹੀਂ ਸੀ ਉਹ 3 ਸਾਲ ਦੀ ਉਮਰ ਤਕ ਬੋਲ ਹੀ ਨਹੀਂ ਸਕਿਆ ਤੇ ਮਾਤਾ ਪਿਤਾ ਨੂੰ ਇੰਝ ਲੱਗਿਆ ਸ਼ਾਇਦ ਉਨ੍ਹਾਂ ਦਾ ਪੁੱਤ ਗੂੰਗਾ ਹੈ। ਆਪਣੇ ਅਧਿਆਪਕਾਂ ਨੂੰ ਉਹ ਅਜਿਹੇ ਸਵਾਲ ਕਰਦਾ ਕਿ ਅਧਿਆਪਕ ਸੋਚਾਂ ਵਿਚ ਪੈ ਜਾਂਦੇ ਸਨ। ’ਪੰਜਾਬੀ ਜਾਗਰਣ’ ਨੇ ਉਸ ਦੇ ਜੀਵਨ ਬਾਰੇ ਖੋਜ ਕਰਕੇ ਅਧਿਆਪਕਾਂ ਨਾਲ ਗੱਲ ਕੀਤੀ ਹੈ ਜਿਨ੍ਹਾ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਤੇ ਵਿਦਿਆਰਥੀਆਂ ਨੂੰ ਰਚਨਾਤਮਿਕ ਵਿਦਿਆਰਥੀ ਜੀਵਨ ਵੱਲ ਪ੍ਰੇਰਿਤ ਕੀਤਾ ਹੈ।

ਰਾਮਾਨੁਜਮ ਦੀਆਂ ਖੋਜਾਂ ਤੇ ਤਿਆਗ ਮਾਰਗਦਰਸ਼ਕ

ਵਿਦਿਆਰਥੀ ਜਿਹੜੇ ਗ਼ਰੀਬ ਹੋਣ ਦਾ ਵਾਸਤਾ ਦੇ ਕੇ ਪੜ੍ਹਨ ਤੋਂ ਭੱਜਦੇ ਹਨ, ਉਨ੍ਹਾਂ ਲਈ ਮਹਾਨ ਰਾਮਾਨੁਜਮ ਦੀਆਂ ਖੋਜਾਂ ਤੇ ਤਿਆਗ ਮਾਰਗਦਰਸ਼ਕ ਹੈ। ਉਹ ਗਣਿਤ ਵਿਸ਼ੇ ਦਾ ਐਨਾ ਵੱਡਾ ਭਗਤ ਸੀ ਕਿ ਬਾਕੀ ਵਿਸ਼ਿਆਂ ’ਚ ਫੇਲ੍ਹ ਹੋਣ ਕਾਰਨ ਬਾਰ੍ਹਵੀਂ ਤੇ ਗਿਆਰਵੀਂ ਦੋਹਾਂ ’ਚ ਫੇਲ੍ਹ ਹੋ ਗਿਆ। ਉਸ ਨੇ ਐਨੀ ਘੱਟ ਪੜ੍ਹਾਈ ਦੇ ਬਾਵਜੂਦ ਗਣਿਤ ਲਈ ਖੋਜਾਂ ਕੀਤੀਆਂ ਜਿਹੜੀਆਂ ਅੱਜ ਵੀ ਪ੍ਰਚੱਲਿਤ ਹਨ। ਲੰਡਨ ’ਚ ਪ੍ਰੋਫੈਸਰ ’ਹਾਰਡੀ’ ਨਾਲ ਮਿਲ ਕੇ ਕੀਤੀਆਂ ਖੋਜਾਂ ਦੇ ਬਦਲੇ ਰਾਮਾਨਜੁਮ ਨੂੰ ਕੈਂਬਰਿਜ ਯੂਨੀਵਰਸਿਟੀ ਨੇ ਬੀਏ ਡਿਗਰੀ ਦਿੱਤੀ ਸੀ। ਗਣਿਤ ਵਿਸ਼ੇ ’ਚ ਉਸ ਦੀ ਖੋਜ ਕਰਕੇ ਰਾਮਨਅੰਜੁਮ ਨੂੰ ਬਾਅਦ ’ਚ ਰੋਆਇਲ ਸੁਸਾਇਟੀ ਦਾ ਫੈਲੋ ਵੀ ਬਣਾਇਆ ਗਿਆ,ਇਹ ਉਹ ਸਮਾਂ ਸੀ ਜਦੋਂ ਭਾਰਤ ਗ਼ੁਲਾਮੀ ’ਚ ਜੀ ਰਿਹਾ ਸੀ ਕਿਸੇ ਅਸਫੇਦ ਵਿਅਕਤੀ ਨੂੰ ਇਸ ਸੁਸਾਇਟੀ ਦਾ ਮੈਂਬਰ ਬਣਾਉਣਾਂ ਵੱਡੀ ਗੱਲ ਸੀ। - ਰੀਟਾ ਰਾਣੀ, ਗਣਿਤ ਅਧਿਆਪਕਾ ਸ.ਮਾਡਲ ਸਕੂਲ ਖਰੜ

ਇਮਾਨਦਾਰੀ ਤੇ ਰਚਨਾਤਮਿਕਤਾ ਭਰਿਆ ਵਿਦਿਆਰਥੀ ਜੀਵਨ ਅਤਿ ਜ਼ਰੂਰੀ

ਭਾਰਤੀ ਵਿਦਿਆਰਥੀਆਂ ਨੂੰ ਰਾਮਾਨਜੁਮ ਦੀਆਂ ਖੋਜਾਂ ਤੇ ਜੀਵਨ ’ਤੇ ਮਾਣ ਕਰਨ ਦੀ ਲੋੜ ਹੈ।ਸਾਡੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮੌਜੂਦਾ ਸਮੱਸਿਆ ਇਹ ਹੈ ਕਿ ਅਸੀਂ ਗਣਿਤ ਦੀ ਥਿਊਰੀ ਪੜ੍ਹਨੀ ਛੱਡ ਦਿੱਤੀ ਹੈ।ਵਿਦਿਆਰਥੀਆਂ ਦਾ ਵੀ ਨੰਬਰਾਂ ਲਈ ਜ਼ੋਰ ਲੱਗਿਆ ਹੋਇਆ ਹੈ ਤੇ ਰਚਨਾਤਮਿਕਤਾ ਘੱਟ ਹੋਣ ਕਾਰਨ ਖੋਜਾਂ ਹੋਣੀਆਂ ਬੰਦੀ ਹੋ ਗਈਆਂ ਹਨ। ਇਤਿਹਾਸ ਮੁਤਾਬਕ ਮਹਾਨ ਸ੍ਰੀ ਨਿਵਾਸ ਦੇ ਪਿਤਾ ਕਿਸੇ ਸਾੜ੍ਹੀ ਦੀ ਦੁਕਾਨ ’ਚ ਕਲਰਕ ਦਾ ਕੰਮ ਕਰਦਾ ਸੀ ਤੇ ਮਾਤਾ ਕਿਸੇ ਮੰਦਰ ਚ ਭਜਨ ਬੰਦਗੀ ਕਰਦੀ ਸੀ।ਘਰ ’ਚ ਗ਼ਰੀਬੀ ਦਾ ਆਲਮ ਹੋਣ ਕਾਰਨ ਉਨ੍ਹਾਂ ਨੂੰ ਮਦਰਾਸ ’ਚ ਨੌਕਰੀ ਲਈ ਭੇਜਿਆ ਪਰ ਬਾਰ੍ਹਵੀਂ ਫੇਲ੍ਹ ਹੋਣ ਕਾਰਨ ਉਸ ਨੂੰ ਨੌਕਰੀ ਨਹੀਂ ਮਿਲੀ।ਇਹ ਤੱਥ ਕਾਫ਼ੀ ਹਨ ਉਨ੍ਹਾਂ ਦੇ ਜੀਵਨ ਬਾਰੇ ਬਿਆਨ ਕਰਨ ਬਾਰੇ ਕਿ ਮਿਹਨਤ, ਕੰਮ ਪ੍ਰਤੀ ਇਮਾਨਦਾਰੀ ਤੇ ਰਚਨਾਤਮਿਕਤਾ ਭਰਿਆ ਵਿਦਿਆਰਥੀ ਜੀਵਨ ਅਤਿ ਜ਼ਰੂਰੀ ਹੈ। -ਨਵਨੀਤ ਕਦ, ਸਟੇਟ ਰਿਸੋਰਸ ਪਰਸਨ ਗਣਿਤ।

ਹਰੇਕ ਵਿਸ਼ੇ ਦੇ ਮਹਾਨ ਲੋਕਾਂ ਦਾ ਜੀਵਨ ਜ਼ਰੂਰ ਪੜ੍ਹੋ

ਸ੍ਰੀ ਨਿਵਾਸ ਰਾਮਾਨੁਜਮ ਦਾ ਨਾਂਅ ਇਤਿਹਾਸ ’ਚ ਸੁਨਿਹਰੀ ਅੱਖਰਾਂ ’ਚ ਲਿਖਿਆ ਹੋਇਆ ਹੈ। ਬੇਸ਼ੱਕ ਉਨ੍ਹਾਂ ਨੇ ਗ਼ਰੀਬੀ ਭਰਿਆ ਜੀਵਨ ਹੰਢਾਇਆ ਪਰ ਉਹ ਗਣਿਤ ਦੇ ਵਿਦਿਆਰਥੀਆਂ/ਅਧਿਆਪਕਾਂ ਨੂੰ ਵੱਡੇ ਸਰਮਾਏ ਨਾਲ ਅਮੀਰ ਕਰ ਗਏ। ਮਦਰਾਸ ਦੇ ਕੁਲੈਕਟਰ/ਗਣਿਤ ਮਾਹਰ ਵੀ ਰਾਮਾ ਸੁਆਮੀ ਅਈਅਰ ਨੇ ਉਨ੍ਹਾਂ ਦੀ ਖੋਜ ਪੂਰੀ ਕਰਨ 'ਚ ਮਦਦ ਕੀਤੀ ਤੇ ਇਸ ਦੌਰਾਨ ਉਸ ਨੂੰ 25 ਰੁਪਏ ਦੀ ਸਕਾਲਰਸ਼ਿਪ ਮਿਲਦੀ ਸੀ ਜਿਸ ਦੀ ਮਦਦ ਨਾਲ ਉਸ ਨੇ ਆਪਣੀ ਖੋਜ ’ਪ੍ਰਾਪਰਟੀਜ਼ ਆਫ਼ ਬਰਨੌਲੀ ਨੰਬਰਜ਼’ ਜਨਤਕ ਕਰ ਦਿੱਤੀ। ਮੈਂ ਵਿਦਿਆਰਥੀਆਂ ਨੂੰ ਸੁਨੇਹਾ ਦੇਣਾਂ ਚਹੁੰਦੀ ਹਾਂ ਕਿ ਵੱਡੀਆਂ ਖੋਜਾਂ ਤਾਲਾਬੰਦੀ ਦੇ ਦੌਰਾਨ ਹੋਈਆਂ ਤੇ ਅਜਿਹੇ ਮਹਾਨ ਲੋਕਾਂ ਦੇ ਜੀਵਨ-ਬਿ੍ਰਤਾਂਤ ਸਾਨੂੰ ਵੱਡੇ ਕੰਮ ਕਰਨ ਦਾ ਸੁਨੇਹਾ ਦਿੰਦੇ ਹਨ। ਗਣਿਤ ਅਧਿਆਪਕ ਹੋਣ ਦੇ ਨਾਤੇ ਮੈਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦੀ ਹਾਂ ਕਿ ਹਰੇਕ ਵਿਸ਼ੇ ਦੇ ਮਹਾਨ ਲੋਕਾਂ ਦਾ ਜੀਵਨ ਜ਼ਰੂਰ ਪੜ੍ਹਨ। - ਨੀਲਮ ਆਰਿਆਨ, ਬਲਾਕ ਮੈਂਟਰ ਸਾਇੰਸ ਖਰੜ-1

ਰਾਮਾਨੁਜਮ ਦੀਆਂ ਗਣਿਤ ਕਿਰਿਆਵਾਂ ਦੇਖ ਹੱਕੇ-ਬੱਕੇ ਰਹਿ ਗਏ ਮਾਹਿਰ

1887 ’ਚ ਜਨਮੇ ਰਾਮਾਨਜੁਮ ਦੇ ਜਨਮ ਦਿਨ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।ਸੰਘਰਸ਼ ਦੀ ਐਨੀ ਵੱਡੀ ਗਾਥਾ ਕਿਤੇ ਦੇਖਣ ਨੂੰ ਨਹੀਂ ਮਿਲਦੀ, ਗ਼ਰੀਬੀ ਨਾਲ ਲੜਦੇ-ਲੜਦੇ ਰਾਮਾਨਜੁਮ ਜਦੋਂ ਸਰਕਾਰੀ ਨੌਕਰੀ ਲਈ ਮਦਰਾਸ ਗਿਆ ਤਾਂ ਨਿਯੁਕਤੀਕਰਤਾ ਨੂੰ ਦਿਖਾਉਣ ਲਈ ਉਸ ਕੋਲ ਆਪਣਾ ਜੀਵਨ ਤੇ ਕਾਰਜ-ਬਿਓਰਾ ਤਕ ਨਹੀਂ ਸੀ।ਉਸ ਨੇ ਬੇਕਾਰ ਜਹੇ ਕਾਗਜ਼ ਦੀ ਕਾਪੀ ’ਤੇ ਗਣਿਤ ਦੀਆਂ ਗਣਨਾ ਕਿਰਿਆਵਾਂ ਹੀ ਦਿਖਾ ਦਿੱਤੀਆਂ।ਸੁਭਾਗ ਵੱਸ ਨਿਯੁਕਤੀਕਰਤਾ ਵੀ ਰਾਮਾਸੁਆਮੀ ਅਈਰ ਜੋ ਕਿ ਮਦਰਾਸ ਦੇ ਕੁਲੈਕਟਰ ਸਨ ਖੁਦ ਵੀ ਵੱਡੇ ਗਣਿਤ ਮਾਹਰ ਸਨ। ਉਹ ਰਾਮਾਨੁਜਮ ਦੀਆਂ ਗਣਿਤ ਕਿਰਿਆਵਾਂ ਦੇਖ ਕੇ ਹੱਕੇ ਬੱਕੇ ਰਹਿ ਗਏ। ਉਹ ਆਪਣੇ ਅਧਿਆਪਕਾਂ ਨੁੂੰ ਧਰਤੀ ਤੇ ਬੱਦਲਾਂ ਦੀ ਦੂਰੀ ਬਾਰੇ ਸਵਾਲ ਪੁੱਂਛਦਾ ਤੇ ਕਦੇ ਧਰਤੀ ਤੇ ਪਹਿਲਾਂ ਪੁਰਸ਼ ਜਾਂ ਔਰਤ ਦੇ ਆਉਣ ਬਾਰੇ ਵਰਗੇ ਸਵਾਲ ਪੁੱਛ ਕੇ ਹੈਰਾਨ ਕਰ ਦਿੰਦਾ। ਇਹ ਸਾਰੀਆਂ ਗੱਲਾਂ ਦੱਸਣ ਦਾ ਮਕਸਦ ਵਿਦਿਆਰਥੀਆਂ ਨੂੰ ਇਕ ਮਹਾਨ ਗਣਿਤ ਵਿਗਿਆਨੀ ਦੇ ਜੀਵਨ ਤੇ ਕਾਰਜ ਬਾਰੇ ਗਿਆਨ ਦੇਣਾਂ ਹੈ ਇਸ ਮੈਂ ਮੁੱਖ ਅਧਿਆਪਕ ਹੋਣ ਦੇ ਨਾਤੇ ਆਪਣੇ ਸਾਰੇ ਵਿਦਿਆਰਥੀਆਂ ਨੁੰ ਗਣਿਤ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਪ੍ਰੇਰਨਾ ਦਿੰਦਾ ਹਾਂ। -ਡਾ .ਸੁਰਿੰਦਰ ਕੁਮਾਰ ਜਿੰਦਲ, ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਰਡਿਆਲਾ।

Posted By: Seema Anand