ਅੱਜ ਦਾ ਸਮਾਂ ਭੱਜ ਦੌੜ ਦਾ ਹੈ ਅਤੇ ਹਰ ਇਨਸਾਨ ਵਿਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅੱਜ ਹਰ ਇਨਸਾਨ ਦੀ ਇਹ ਇੱਛਾ ਹੈ ਕਿ ਉਸ ਕੋਲ ਵੱਧ ਤੋਂ ਵੱਧ ਪਦਾਰਥਵਾਦੀ ਵਸਤਾਂ ਹੋਣ ਜਿਸ ਨਾਲ ਉਹ ਸਮਾਜ ਵਿਚ ਆਪਣਾ ਨਾਂ ਉੱਚਾ ਬਣਾ ਸਕੇ ਅਤੇ ਵੱਧ ਤੋਂ ਵੱਧ ਲੋਕ ਉਸਦਾ ਸਤਿਕਾਰ ਕਰਨ।

ਬੱਚੇ ਦੇ ਜਨਮ ਸਮੇਂ ਪਰਮਾਤਮਾ ਵੱਲੋਂ ਉਸ ਨੂੰ ਦੇਖਣ ਲਈ ਅੱਖਾਂ, ਸੁਣਨ ਲਈ ਕੰਨ, ਤੁਰਨ ਲਈ ਲੱਤਾਂ ਅਤੇ ਸਭ ਤੋਂ ਵੱਡੀ ਚੀਜ਼ ਸੋਚਣ ਲਈ ਦਿਮਾਗ਼ ਦਿੱਤਾ ਹੈ ਤਾਂ ਜੋ ਇਨਸਾਨ ਸਹੀ ਅਤੇ ਗ਼ਲਤ ਬਾਰੇ ਸੋਚ ਕੇ ਨਿਰਣਾ ਲੈ ਸਕੇ ਪ੍ਰੰਤੂ ਅੱਜ ਦਾ ਇਨਸਾਨ ਆਪਣੇ ਦਿਮਾਗ਼ ਉੱਪਰ ਲੋੜ ਤੋਂ ਵਧੇਰੇ ਵਜ਼ਨ ਪਾਈ ਬੈਠਾ ਹੈ ਅਤੇ ਲੋੜ ਤੋਂ ਵਧੇਰੇ ਸੋਚਣ ਕਰਕੇ ਆਪਣੀ ਸਿਹਤ ਖਰਾਬ ਕਰਨ 'ਤੇ ਤੁਲਿਆ ਹੋਇਆ ਹੈ।

ਜ਼ਿਆਦਾਤਰ ਇਨਸਾਨ ਉਨ੍ਹਾਂ ਚੀਜ਼ਾਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਹਨ ਜਿਨ੍ਹਾਂ ਚੀਜ਼ਾਂ ਉੱਤੇ ਇਨਸਾਨ ਦਾ ਕੋਈ ਕੰਟਰੋਲ ਹੀ ਨਹੀਂ ਹੁੰਦਾ। ਅੱਜ ਦੁਨੀਆ ਦਾ ਹਰ ਚੌਥਾ ਬੰਦਾ ਇਸ ਸੋਚਣ ਦੀ ਬਿਮਾਰੀ ਤੋਂ ਪੀੜਤ ਹੈ। ਲੋੜ ਤੋਂ ਜ਼ਿਆਦਾ ਸੋਚਣ ਵਾਲੇ ਇਨਸਾਨ ਆਪਣੀ ਮੁਸ਼ਕਿਲ ਬਾਰੇ ਸੋਚ-ਸੋਚ ਕੇ ਉਸ ਮੁਸ਼ਕਿਲ ਵਿੱਚੋਂ ਨਿਕਲਣ ਦੀ ਥਾਂ ਤੇ ਉਸ ਵਿਚ ਹੋਰ ਉਲਝ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਬਲਕਿ ਸੋਚਣ ਕਰ ਕੇ ਉਨ੍ਹਾਂ ਦੀ ਸਿਹਤ ਜ਼ਰੂਰ ਖਰਾਬ ਹੋ ਜਾਂਦੀ ਹੈ। ਜ਼ਰੂਰਤ ਤੋਂ ਵੱਧ ਸੋਚਣ ਨਾਲ ਇਨਸਾਨ ਦੇ ਵਿਚਾਰ ਨਕਾਰਾਤਮਕ ਹੋ ਜਾਂਦੇ ਹਨ। ਨਕਾਰਾਤਮਿਕ ਵਿਚਾਰਾਂ ਵਾਲੇ ਇਨਸਾਨ ਨੂੰ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਸਭ ਤੋਂ ਔਖੀ ਹੈ।

ਅਜਿਹਾ ਇਨਸਾਨ ਜ਼ਿਆਦਾਤਰ ਇਕੱਲਾ ਰਹਿਣ ਕਰਕੇ ਤਣਾਅ ਵਿਚ ਆ ਜਾਂਦਾ ਹੈ ਅਤੇ ਕਈ ਵਾਰ ਇਸ ਤਣਾਅ ਤੋਂ ਬਚਣ ਲਈ ਨਸ਼ਿਆਂ ਦਾ ਸਹਾਰਾ ਲੈਂਦਾ ਹੈ। ਇਹ ਅਟੱਲ ਸਚਾਈ ਹੈ ਕਿ ਨਸ਼ਾ ਕਦੇ ਵੀ ਕਿਸੇ ਦੀਆਂ ਪਰੇਸ਼ਾਨੀਆਂ ਨੂੰ ਹੱਲ ਨਹੀਂ ਕਰ ਸਕਦਾ ਬਲਕਿ ਤੁਹਾਨੂੰ ਆਰਥਿਕ, ਸਮਾਜਿਕ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਜ਼ਰੂਰ ਕਰ ਸਕਦਾ ਹੈ। ਨਕਾਰਾਤਮਕ ਵਿਚਾਰਾਂ ਕਾਰਨ ਜਿੱਥੇ ਸਾਡਾ ਨੁਕਸਾਨ ਹੁੰਦਾ ਹੈ ਉੱਥੇ ਸਾਡੇ ਪਰਿਵਾਰ ਨੂੰ ਇਸਦੀ ਕੀਮਤ ਚੁਕਾਉਣੀ ਪੈਂਦੀ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਲੋੜ ਤੋਂ ਜ਼ਿਆਦਾ ਸੋਚਣ ਨਾਲ ਹਾਰਮੋਨਸ ਵਿਚ ਗੜਬੜੀ ਪੈਦਾ ਹੁੰਦੀ ਹੈ ਜਿਸ ਨਾਲ ਸਾਡੇ ਦਿਲ ਅਤੇ ਦਿਮਾਗ਼ 'ਤੇ ਬੁਰਾ ਅਸਰ ਪੈਂਦਾ ਹੈ। ਮਨੋਵਿਗਿਆਨੀਆਂ ਨੇ ਵੀ ਮੰਨਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸੋਚਣ ਨਾਲ ਇਨਸਾਨ ਆਪਣੇ ਵਰਤਮਾਨ ਸਮੇਂ ਦਾ ਆਨੰਦ ਵੀ ਨਹੀਂ ਮਾਣ ਪਾਉਂਦਾ ਅਤੇ ਅਤੀਤ ਵਿਚ ਵਾਪਰੀਆਂ ਬੁਰੀਆਂ ਗੱਲਾਂ ਜਾਂ ਆਉਣ ਵਾਲੇ ਭਵਿੱਖ ਦੀ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦਾ ਹੈ ਇਸ ਨਾਲ ਉਹ ਆਪਣੇ ਮੌਜੂਦਾ ਕੰਮ 'ਤੇ ਫੋਕਸ ਨਹੀਂ ਕਰ ਪਾਉਂਦਾ ਜਿਸ ਕਾਰਨ ਉਸ ਨੂੰ ਆਪਣੇ ਕੰਮ ਵਿਚ ਵੀ ਨੁਕਸਾਨ ਉਠਾਉਣਾ ਪੈਂਦਾ ਹੈ।

ਸੋਚਣ ਦੀ ਕੋਈ ਸੀਮਾ ਨਹੀਂ

ਸੋਚਣ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਨਾ ਹੀ ਸੋਚਣ ਨਾਲ ਕੋਈ ਮਸਲਾ ਹੱਲ ਹੁੰਦਾ ਹੈ। ਇਸ ਲਈ ਕਿਸੇ ਵੀ ਗੱਲ ਉੱਪਰ ਲੋੜ ਤੋਂ ਜ਼ਿਆਦਾ ਸੋਚ ਕੇ ਆਪਣੀ ਸ਼ਕਤੀ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਜਦ ਇਨਸਾਨ ਆਪਣੀ ਮਨਚਾਹੀ ਚੀਜ਼ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਤਾਂ ਉਹ ਉਸ ਬਾਰੇ ਦਿਨ ਰਾਤ ਸੋਚਦਾ ਰਹਿੰਦਾ ਹੈ ਜਿਸ ਨਾਲ ਉਹ ਭਵਿੱਖ ਵਿਚ ਅੱਗੇ ਵਧਣ ਦੇ ਰਸਤੇ ਵੀ ਬੰਦ ਕਰਦਾ ਹੈ।

ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜੇ ਇਕ ਸਪਨਾ ਪੂਰਾ ਨਹੀਂ ਹੋਇਆ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਜ਼ਿੰਦਗੀ ਵਿਚ ਫੇਲ੍ਹ ਹੋ ਗਏ ਹੋ ਬਲਕਿ ਇਸ ਗੱਲ ਤੋਂ ਸਿੱਖਿਆ ਲੈਂਦੇ ਹੋਏ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਹਾਲ ਵਿਚ ਇਕ ਗੱਲ ਨੂੰ ਵਾਰ-ਵਾਰ ਸੋਚ ਕੇ ਮਨ ਨਹੀਂ ਖ਼ਰਾਬ ਕਰਨਾ ਚਾਹੀਦਾ। ਜੇ ਅਸੀਂ ਇਕ ਗੱਲ ਨੂੰ ਲੈ ਕੇ ਵਾਰ-ਵਾਰ ਖ਼ੁਸ਼ ਨਹੀਂ ਹੋ ਸਕਦੇ ਤਾਂ ਇਕ ਦੁੱਖ ਬਾਰੇ ਵਾਰ-ਵਾਰ ਸੋਚ ਕੇ ਆਪਣੀ ਸਿਹਤ ਕਿਉਂ ਖ਼ਰਾਬ ਕਰ ਰਹੇ ਹਾਂ?

ਵਰਤਮਾਨ ਨੂੰ ਮਾਨਣਾ

ਜ਼ਿਆਦਾਤਰ ਇਨਸਾਨ ਇਹ ਸੋਚ ਰੱਖਦੇ ਹਨ ਕਿ ਇਕ ਵਾਰ ਉਹ ਆਪਣੇ ਮਨ ਚਾਹੇ ਮੁਕਾਮ 'ਤੇ ਪਹੁੰਚ ਜਾਣ ਫਿਰ ਉਹ ਜ਼ਿੰਦਗੀ ਦਾ ਆਨੰਦ ਲੈਣਾ ਸ਼ੁਰੂ ਕਰਨਗੇ। ਆਪਣੇ ਮਨਚਾਹੇ ਮੁਕਾਮ 'ਤੇ ਪਹੁੰਚਣ ਲਈ ਕਈ ਵਾਰ ਇਨਸਾਨ ਨੂੰ ਲੋੜ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਇਸ ਸਮੇਂ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਕਾਰਨ ਆਪਣੇ ਵਰਤਮਾਨ ਨੂੰ ਜਿਉਣਾ ਭੁੱਲ ਜਾਂਦਾ ਹੈ। ਇਸ ਲਈ ਸਾਨੂੰ ਲੋੜ ਤੋਂ ਵੱਧ ਕਿਸੇ ਵੀ ਚੀਜ਼ ਬਾਰੇ ਸੋਚਣਾ ਨਹੀਂ ਚਾਹੀਦਾ ਬਲਕਿ ਜ਼ਿੰਦਗੀ ਦੇ ਹਰ ਪਲ ਨੂੰ ਮਾਨਣਾ ਚਾਹੀਦਾ ਹੈ। ਕਿਸੇ ਨੇ ਖ਼ੂਬ ਹੀ ਕਿਹਾ ਹੈ ਕਿ ਜ਼ਿੰਦਗੀ ਛੋਟੀ ਨਹੀਂ ਹੁੰਦੀ ਬਲਕਿ ਅਸੀਂ ਜਿਊੁਣਾ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ।

ਮੁਸ਼ਕਿਲਾਂ 'ਚ ਵਾਧਾ

ਸੋਚਣ ਨਾਲ ਜੇ ਕਿਸੇ ਸਮੱਸਿਆ ਦਾ ਹੱਲ ਹੋ ਜਾਂਦਾ ਤਾਂ ਦੁਨੀਆ ਦਾ ਹਰ ਇਨਸਾਨ ਸਿਰਫ਼ ਸੋਚ ਵਿਚਾਰ ਕਰ ਕੇ ਹੀ ਮੁਸ਼ਕਿਲ ਦਾ ਹੱਲ ਕਰ ਲੈਂਦਾ ਪ੍ਰੰਤੂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਾਨੂੰ ਜਿੱਥੇ ਠਰੰਮਾ ਰੱਖਣ ਦੀ ਲੋੜ ਹੁੰਦੀ ਹੈ ਉੱਥੇ ਹੀ ਸਹੀ ਸਮੇਂ 'ਤੇ ਲਿਆ ਫ਼ੈਸਲਾ ਸਾਨੂੰ ਮੁਸ਼ਕਿਲ ਵਿੱਚੋਂ ਬਾਹਰ ਲੈ ਆਉਂਦਾ ਹੈ। ਇਸ ਲਈ ਲੋੜ ਤੋਂ ਵੱਧ ਸੋਚ ਵਿਚਾਰ ਕਰਨ ਨਾਲ ਮੁਸ਼ਕਿਲਾਂ ਦਾ ਹੱਲ ਨਹੀਂ ਹੁੰਦਾ ਬਲਕਿ ਉਹ ਹੋਰ ਵੱਧ ਜਾਂਦੀਆਂ ਹਨ।

ਦੂਜਿਆਂ ਲਈ ਪਰੇਸ਼ਾਨੀ

ਹਰ ਇਨਸਾਨ ਆਪਣੇ ਘਰ ਪਰਿਵਾਰ ਵਿਚ ਰਹਿੰਦਾ ਹੈ ਅਤੇ ਜੇ ਘਰ ਦਾ ਇਕ ਮੈਂਬਰ ਕਿਸੇ ਕਾਰਨ ਸੋਚ ਵਿਚਾਰ ਕਰਦਾ ਰਹਿੰਦਾ ਹੈ ਤਾਂ ਇਸ ਨਾਲ ਪੂਰੇ ਘਰ ਦਾ ਮਾਹੌਲ ਹੀ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਇਕ ਮੈਂਬਰ ਦੇ ਅਜਿਹੇ ਵਿਵਹਾਰ ਕਾਰਨ ਬਾਕੀ ਦੇ ਮੈਂਬਰਾਂ ਤੇ ਨਕਾਰਾਤਮਕ ਅਸਰ ਪੈਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਵਹਾਰ ਕਾਰਨ ਨਾ ਤਾਂ ਆਪਣੀ ਸਿਹਤ ਖ਼ਰਾਬ ਕਰੀਏ ਅਤੇ ਨਾ ਹੀ ਦੂਜਿਆਂ ਲਈ ਪਰੇਸ਼ਾਨੀ ਦਾ ਕਾਰਨ ਬਣੀਏ।

ਅੱਜ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰ ਇਕ ਇਨਸਾਨ ਨੂੰ ਕਿਸੇ ਨਾ ਕਿਸੇ ਗੱਲ ਦੀ ਪਰੇਸ਼ਾਨੀ ਹੈ ਅਤੇ ਇਸ ਕਰਕੇ ਹੀ ਲੋਕ ਲੋੜ ਤੋਂ ਜ਼ਿਆਦਾ ਸੋਚ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ।

ਜੇ ਕਿਸੇ ਕਾਰਨ ਨਕਾਰਾਤਮਕ ਵਿਚਾਰ ਹਾਵੀ ਹੁੰਦੇ ਹਨ ਤਾਂ ਸੋਚ-ਸੋਚ ਕੇ ਸਿਹਤ ਖ਼ਰਾਬ ਕਰਨ ਨਾਲੋਂ ਚੰਗਾ ਹੈ ਕਿ ਕਿਸੇ ਨਾਲ ਗੱਲਬਾਤ ਕਰ ਕੇ ਉਸ ਪਰੇਸ਼ਾਨੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇ ਜਾਂ ਫਿਰ ਕੁਝ ਸਮਾਂ ਕਿਸੇ ਧਾਰਮਿਕ ਜਾਂ ਮਨੋਰੰਜਕ ਸਥਾਨ 'ਤੇ ਜਾ ਕੇ ਪੌਣ ਪਾਣੀ ਬਦਲ ਲੈਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੀ ਸ਼ਖ਼ਸੀਅਤ ਵਧੀਆ ਬਣਾ ਸਕਦੇ ਹਾਂ ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ੀ ਦਾ ਕਾਰਨ ਬਣ ਸਕਦੇ ਹਾਂ।

ਸਮੇਂ ਦੀ ਬਰਬਾਦੀ

ਲੋੜ ਤੋਂ ਜ਼ਿਆਦਾ ਸੋਚਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ਜਿਸ ਸਮੇਂ ਸਾਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਉਹ ਸਮਾਂ ਲੋੜ ਤੋਂ ਵੱਧ ਸੋਚਣ ਕਰਕੇ ਖ਼ਰਾਬ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਲੋਂੜੀਦੇ ਨਤੀਜੇ ਨਹੀਂ ਮਿਲ ਪਾਉਂਦੇ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਇਕ ਗੱਲ ਬਾਰੇ ਸੋਚ-ਸੋਚ ਕੇ ਆਪਣਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਬਲਕਿ ਬਿਨਾਂ ਅੱਕੇ ਥੱਕੇ ਦੁਬਾਰਾ ਮਿਹਨਤ ਕਰਨੀ ਚਾਹੀਦੀ ਹੈ। ਕਈ ਵਾਰ ਗੁੱਛੇ ਦੀ ਆਖਰੀ ਚਾਬੀ ਜਿੰਦੇ ਨੂੰ ਲੱਗਣੀ ਹੁੰਦੀ ਹੈ ਜਦਕਿ ਅਸੀਂ ਤਿੰਨ ਚਾਰ ਚਾਬੀਆਂ ਲਗਾ ਕੇ ਜਿੰਦਾ ਖੋਲ੍ਹਣ ਦੀ ਕੋਸ਼ਿਸ਼ ਕਰਨਾ ਛੱਡ ਦਿੰਦੇ ਹਾਂ।

- ਪ੍ਰਿੰਸ ਅਰੋੜਾ

98554-83000

Posted By: Harjinder Sodhi