ਜ਼ਿੰਦਗੀ ਸੰਘਰਸ਼ ਦਾ ਨਾਂ ਹੈ। ਇਨਸਾਨ ਜਨਮ ਤੋਂ ਲੈ ਕੇ ਮੌਤ ਤਕ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਦਾ ਰਹਿੰਦਾ ਹੈ। ਕਦੇ ਜਿੱਤਦਾ ਹੈ, ਕਦੇ ਹਾਰ ਜਾਂਦਾ ਹੈ। ਸਮਾਂ ਆਪਣੀ ਰਫ਼ਤਾਰ ਨਾਲ ਚਲਦਾ ਰਹਿੰਦਾ ਹੈ। ਕਈ ਲੋਕ ਆਪਣੀ ਜ਼ਿੰਦਗੀ ਵਿਚ ਕੁਝ ਪ੍ਰਾਪਤ ਕਰਨ ਦਾ ਨਿਸ਼ਾਨਾ ਮਿੱਥ ਲੈਂਦੇ ਹਨ ਤੇ ਸਫਲਤਾ ਨਾਲ ਅੱਗੇ ਵਧਦੇ ਹਨ, ਪ੍ਰੰਤੂ ਕਈ ਇਨਸਾਨ ਆਪਣੇ ਨਿਸ਼ਾਨੇ ਪ੍ਰਤੀ ਲਾਪਰਵਾਹ ਹੁੰਦੇ ਹਨ। ਅਜਿਹੇ ਆਦਮੀ ਕਦੇ ਸਫਲ ਨਹੀਂ ਹੋ ਸਕਦੇ। ਇਨਸਾਨ ਨੂੰ ਕੁਝ ਪ੍ਰਾਪਤ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।

ਪ੍ਰਸਿੱਧ ਵਿਦਵਾਨ ਜੈਰੇਸੀ ਕੋਲੀਅਰ ਮੁਤਾਬਕ ‘‘ਦਿ੍ਰੜ ਵਿਸ਼ਵਾਸ ਤੇ ਕੋਸ਼ਿਸ਼ਾਂ ਕਰਨ ਤੇ ਅਖੀਰ ਮੁਸ਼ਕਲਾਂ ਵੀ ਸ਼ਰਮਾ ਜਾਂਦੀਆਂ ਹਨ।’’ ਵਿਸ਼ਵ ਪ੍ਰਸਿੱਧ ਫਿਲਾਸਫਰ ਵਿਲੀਅਮ ਵਾਲਫੇਅਰ ਲਿਖਦਾ ਹੈ, ‘ਆਦਮੀ ਦੇ ਚਰਿੱਤਰ ਦੀ ਦੁਰਬਲਤਾ ਦਾ ਕਾਰਨ ਤੁਰੰਤ ਕੋਈ ਇਕ ਫ਼ੈਸਲਾ ਨਾ ਲੈਣਾ ਹੈ। ਆਦਮੀ ਨੂੰ ਹਰ ਕੰਮ ਪੱਕੀ ਧੁਨ ਨਾਲ ਕਰਨਾ ਚਾਹੀਦਾ ਹੈ।’ ਟੌਮ ਵਾਟਸਨ ਲਿਖਦੇ ਹਨ, ‘ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਆਪਣੀਆਂ ਹਾਰਨ ਦੀਆਂ ਗਿਣਤੀਆਂ ਨੂੰ ਦੁੱਗਣਾ ਕਰਕੇ ਗਿਣੋ। ਇਨਸਾਨ ਨੂੰ ਆਪਣੀ ਸੋਚ ਉੱਚੀ ਰੱਖਣੀ ਚਾਹੀਦੀ ਹੈ। ਪਾਜ਼ੇਟਿਵ ਸੋਚ ਰੱਖਣ ਵਾਲਾ ਆਦਮੀ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ।’ ਪ੍ਰਸਿੱਧ ਮਨੋਵਿਗਿਆਨੀ ਯੰਗ ਮੁਤਾਬਕ ਬੌਣੇ (ਛੋਟੀ ਸੋਚ ਵਾਲੇ) ਨੂੰ ਚਾਹੇ ਪਹਾੜ ਦੀ ਟੀਸੀ ’ਤੇ ਬਿਠਾ ਦੇਵੋ ਉਹ ਬੌਣਾ ਹੀ ਰਹੇਗਾ, ਮੀਨਾਰ ਨੂੰ ਚਾਹੇ ਘਾਟੀ ਵਿਚ ਥੱਲੇ ਉਤਾਰ ਦਿਉ, ਉਹ ਮੀਨਾਰ ਹੀ ਰਹੇਗਾ।

ਇਤਿਹਾਸ ਦੀਆਂ ਘਟਨਾਵਾਂ ਗਵਾਹ ਹਨ, ਇੱਥੇ ਆਦਮੀਆਂ ਨੇ ਆਪਣੇ ਇਰਾਦੇ ਕਾਰਨ ਵੱਡੇ ਤੋਂ ਵੱਡੇ ਮੈਦਾਨ ਫ਼ਤਹਿ ਕੀਤੇ ਹਨ ਤੇ ਮੁਸ਼ਕਲਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਫਰਾਂਸ ਦੇ ਮਹਾਨ ਜਰਨੈਲ਼ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਬਚਪਨ ਵਿਚ ਹੀ ਵੱਡਾ ਆਦਮੀ ਬਣਨ ਦਾ ਸੁਪਨਾ ਲਿਆ ਸੀ। ਫ਼ੌਜ ਵਿਚ ਆਮ ਸੈਨਿਕ ਤੋਂ ਤਰੱਕੀ ਕਰਦਾ-ਕਰਦਾ ਉਹ ਫਰਾਂਸ ਦਾ ਬਾਦਸ਼ਾਹ ਬਣ ਗਿਆ ਸੀ। ਨੈਪੋਲੀਅਨ ਕਿਹਾ ਕਰਦਾ ਸੀ, ਮੁਸ਼ਕਲ ਸ਼ਬਦ ਬੇਵਕੂਫਾਂ ਦੀ ਡਿਕਸ਼ਨਰੀ ਵਿਚ ਹੁੰਦਾ ਹੈ। ਆਪਣੀ ਧੁਨ ਕਾਰਨ ਹੀ ਉਸ ਨੇ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਤੇ ਕਈ ਦੇਸ਼ਾਂ ਨੂੰ ਹਾਰ ਦਿੱਤੀ। ਜਿਸ ਇਨਸਾਨ ਦਾ ਆਪਣੀ ਜ਼ਿੰਦਗੀ ਪ੍ਰਤੀ ਕੋਈ ਪੱਕਾ ਨਿਸ਼ਾਨਾ ਨਹੀਂ ਹੁੰਦਾ, ਉਹ ਜ਼ਿੰਦਗੀ ਭਰ ਡਿਕੇਡੋਲੇ ਹੀ ਖਾਂਦਾ ਰਹਿੰਦਾ ਹੈ, ਕਦੇ ਇਕ ਕੰਮ ਛੱਡ, ਦੂਜਾ ਸ਼ੁਰੂ ਕਰ ਦਿੰਦਾ ਹੈ, ਉਸ ਦੀ ਜ਼ਿੰਦਗੀ ਬਗ਼ੈਰ ਮਲਾਹ ਤੋਂ ਬੇੜੀ ਵਾਂਗ ਹੁੰਦੀ ਹੈ, ਜੋ ਲਹਿਰਾਂ ਦੇ ਬਹਾਅ ਨਾਲ ਕਦੇ ਇੱਧਰ ਕਦੇ ਉੱਧਰ ਹੁੰਦੀ ਹੈ, ਤੇ ਅਖੀਰ ਘੁੰਮਣਘੇਰੀ ਵਿਚ ਫੱਸ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਆਦਮੀ ਬਗ਼ੈਰ ਨਿਸ਼ਾਨੇ ਤੋਂ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦਾ ਤੇ ਅਖੀਰ ਆਪਣੀ ਅਸਫਲਤਾ ਦਾ ਦੋਸ਼ ਕਿਸਮਤ ’ਤੇ ਸੁੱਟ ਦਿੰਦਾ ਹੈ।

ਇਕ ਕਹਾਣੀ ਯਾਦ ਆ ਰਹੀ ਹੈ, ਇਕ ਚੋਰ ਚੋਰੀ ਕਰਦਾ ਪਕੜਿਆ ਗਿਆ, ਰਾਜੇ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਰਾਜੇ ਨੇ ਚੋਰ ਅੱਗੇ ਤਿੰਨ ਸਜ਼ਾਵਾਂ ਵਿੱਚੋਂ ਇਕ ਸਜ਼ਾ ਚੁਣਨ ਲਈ ਕਿਹਾ। ਇਕ, ਤਿੰਨ ਮਹੀਨੇ ਦੀ ਕੈਦ ਕੱਟ ਲਵੇ ਜਾਂ 50 ਗੰਢੇ ਖਾ ਲਵੇ ਜਾਂ 50 ਛਿੱਤਰ ਖਾ ਲਵੇ। ਚੋਰ ਨੇ ਜਕੋਤਕੀ ਵਿਚ 50 ਗੰਢੇ ਖਾਣ ਨੂੰ ਤਰਜੀਹ ਦਿੱਤੀ ਜਦ ਉਹ 35 ਗੰਢੇ ਖਾ ਕੇ ਅੱਕ ਗਿਆ ਤੇ 50 ਛਿੱਤਰ ਖਾਣ ਦੀ ਸਜ਼ਾ ਮੰਨ ਲਈ, ਜਦ ਉਸਦੇ 30-35 ਛਿੱਤਰ ਪਏ, ਤਾਂ ਉਹ ਉਸ ਤੋਂ ਵੀ ਡਰ-ਅੱਕ ਗਿਆ ਅਤੇ ਉਸਨੇ ਅਖੀਰ 3 ਮਹੀਨੇ ਦੀ ਸਜ਼ਾ ਹੀ ਕੱਟਣੀ ਮੰਨ ਲਈ। ਇਸ ਤਰ੍ਹਾਂ ਪੱਕੇ ਇਰਾਦੇ ਦੀ ਘਾਟ ਕਾਰਨ ਉਹ ਤਿੰਨੋਂ ਸਜ਼ਾਵਾਂ ਵੀ ਭੁਗਤ ਗਿਆ।

ਇਤਿਹਾਸ ਵਿਚ ਮੁਹੰਮਦ ਤੁਗਲਕ ਪੜ੍ਹਿਆ ਲਿਖਿਆ ਬੇਵਕੂਫ ਰਾਜਾ ਕਿਹਾ ਜਾਂਦਾ ਸੀ। ਕਾਰਨ ਮੁਹੰਮਦ ਤੁਗਲਕ ਵਿਚ ਇੱਛਾ ਸ਼ਕਤੀ ਦੀ ਘਾਟ ਸੀ, ਉਸ ਦਾ ਕੋਈ ਪੱਕਾ ਨਿਸ਼ਾਨਾ ਨਹੀਂ ਹੁੰਦਾ ਸੀ, ਜਿਸ ਕਾਰਨ ਉਹ ਫ਼ੈਸਲੇ ਪ੍ਰਤੀ ਕੋਈ ਪੱਕਾ ਇਰਾਦਾ ਨਹੀਂ ਕਰ ਸਕਿਆ। ਚਾਹੇ ਰਾਜਧਾਨੀ ਬਦਲਣ ਦਾ ਫ਼ੈਸਲਾ ਸੀ ਜਾਂ ਟੈਕਸ ਲਾਉਣ ਦਾ, ਭਾਵ ਉਹ ਹਰੇਕ ਖੇਤਰ ਵਿਚ ਅਸਫਲ ਰਿਹਾ।

ਦਿ੍ਰੜ ਸ਼ਕਤੀ ਤੇ ਹੌਸਲਾ

ਤੇਨਜਿੰਗ ਜਦ ਛੋਟਾ ਹੁੰਦਾ ਸੀ ਤਾਂ ਹਿਮਾਲਿਆ ਪਰਬਤ ਦੀ ਚੋਟੀ ’ਤੇ ਚੜ੍ਹਨ ਦੇ ਸੁਪਨੇ ਲਿਆ ਕਰਦਾ ਸੀ। ਉਹ ਆਪਣੀ ਦਿ੍ਰੜ ਸ਼ਕਤੀ ਤੇ ਹੌਸਲੇ ਸਦਕਾ ਹੀ ਉਸ ਨੇ ਸੰਸਾਰ ਦੀ ਸਭ ਤੋਂ ਉ ੱਚੀ ਚੋਟੀ ਐਵਰੇਸਟ ਚੋਟੀ (29028) ਫੁੱਟ ਉੱਚੀ ਜਿੱਤ ਲਈ ਸੀ। ਮਹਾਤਮਾ ਗਾਂਧੀ ਮੁਤਾਬਕ, ‘!ਤੁਸੀਂ ਆਪਣਾ ਇਰਾਦਾ ਪੱਕਾ ਕਰ ਕੇ ਆਪਣਾ ਕੰਮ ਸ਼ੁਰੂ ਕਰ ਦੇਵੋ, ਸਫਲਤਾ ਜ਼ਰੂਰ ਮਿਲੇਗੀ। ਆਪਣੀ ਦਿ੍ਰੜ ਸ਼ਕਤੀ ਤੇ ਪੱਕੇ ਸੰਕਲਪ ਨਾਲ ਭਾਰਤ ਵਾਸੀਆਂ ਨੂੰ ਆਪਣੇ ਮਗਰ ਲਾ ਅੰਗਰੇਜ਼ਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਕਾਂਡ ਦਾ ਬਦਲਾ ਲੈਣ ਦੀ ਸਹੰੁ ਚੱੁਕ ਲਈ ਸੀ ਤੇ ਆਪਣੇ ਕਈ ਪੱਕੇ ਇਰਾਦੇ ਕਾਰਨ ਉਸਨੇ ਕਿੰਨੇ ਸਾਲਾਂ ਬਾਅਦ ਲੰਦਨ ਵਿਚ ਜਾ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂ ਵਾਲੇ ਕਾਂਡ ਦਾ ਬਦਲਾ ਲਿਆ ਸੀ। ਪੰਜਾਬ ਦੇ ਜੰਮਪਲ ਪ੍ਰਸਿੱਧ ਮਿਲਟਰੀ ਜਰਨੈਲ ਜਨਰਲ ਜਗਜੀਤ ਸਿੰਘ ਅਰੋੜਾ ਨੇ ਆਪਣੇ ਪੱਕੇ ਇਰਾਦੇ ਤੇ ਸੂਝਬੂਝ ਨਾਲ 1971 ਦੀ ਭਾਰਤ ਪਾਕਿ ਜੰਗ ਸਮੇਂ ਪਾਕਿਸਤਾਨ ਦੀ 1 ਲੱਖ ਫ਼ੌਜ ਨੂੰ ਬੰਗਲਾ ਦੇਸ਼ ਵਿਚ ਹਾਰ ਦਿੱਤੀ ਸੀ ਤੇ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ।

-ਸਿਲਾਈ ਮਸ਼ੀਨ ਦੀ ਕਾਢ ਕੱਢਣ ਵਾਲਾ ਏਲੀਆਸ ਸੀ। ਉਸ ਦਾ ਆਰਥਿਕ ਤੌਰ ’ਤੇ ਮਾੜਾ ਹਾਲ ਸੀ ਪਰ ਉਹ ਆਪਣੇ ਦਿ੍ਰੜ ਇਰਾਦੇ ਨਾਲ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਅਖੀਰ ਸਫ਼ਲ ਹੋਇਆ। ਜੇਮਜ ਵਾਟ ਜਿਸ ਨੇ ਭਾਫ਼ ਦੇ ਇੰਜਣ ਦੀ ਕਾਢ ਕੱਢੀ ਸੀ, ਉਹ ਆਪਣੇ ਤਜਰਬੇ ਵਿਚ ਅਨੇਕਾਂ ਵਾਰ ਅਸਫਲ ਹੋਇਆ ਸੀ, ਪਰ ਆਪਣੇ ਇਰਾਦੇ ਦੀ ਪੱਕੀ ਧੁੰਨ ਕਾਰਨ ਭਾਫ਼ ਦਾ ਇੰਜਣ ਬਣਾਉਣ ਵਿਚ ਸਫ਼ਲ ਹੋਇਆ।

ਨਾ ਕਾਮਯਾਬ ਲੋਕ ਦੁਨੀਆ ਤੋਂ ਡਰ ਕੇ, ਆਪਣੇ ਫ਼ੈਸਲੇ ਬਦਲ ਲੈਂਦੇ ਹਨ ਅਤੇ ਕਾਮਯਾਬ ਲੋਕ ਆਪਣੇ ਹਿੰਮਤੀ ਫ਼ੈਸਲੇ ਨਾਲ ਪੂਰੀ ਦੁਨੀਆਂ ਹੀ ਬਦਲ ਦਿੰਦੇ ਹਨ। ਪੰਜਾਬ ਦੇ ਲੁਧਿਆਣਾ ਵਿਖੇ ਹੈਬੋਵਾਲ ਕਲਾਂ ਦੀ ਨਾਜ਼ੀਆ ਨਾਮ ਦੀ ਲੜਕੀ ਦੀਆਂ ਅੱਖਾਂ ਦੀ ਰੋਸ਼ਨੀ ਦੋ ਸਾਲ ਦੀ ਉਮਰ ’ਚ ਹੀ ਚਲੀ ਗਈ ਸੀ। ਪਰ ਲੜਕੀ ਜ਼ਿੱਦੀ, ਹਿੰਮਤੀ ਤੇ ਜਨੂੰਨੀ ਸੀ। ਉਸਨੇ ਹਿੰਮਤ ਨਹੀਂ ਹਾਰੀ, ਬਲਾਈਂਡ ਟੀਚਿੰਗ ਸਕੂਲ਼ ਵਿਚ ਦਾਖ਼ਲਾ ਲਿਆ। ਪੜ੍ਹਾਈ ਦੇ ਨਾਲ-ਨਾਲ ਉਹ ਖੇਡਾਂ ਵਿਚ ਵੀ ਬਹੁਤ ਹੁਸ਼ਿਆਰ ਸੀ।

15 ਸਾਲ ਦੀ ਉਮਰ ਵਿਚ ਇਸ ਲੜਕੀ ਨੇ ਨੈਸ਼ਨਲ ਪੱਧਰ ਦੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲਿਆ, ਦੌੜਾਂ ਵਿਚ ਪਹਿਲਾਂ 400 ਮੀਟਰ ਦੀ ਦੌੜ ਵਿਚ, ਫਿਰ 800 ਮੀਟਰ ਦੀ ਦੌੜ ਵਿਚ ਹਿੱਸਾ ਲੈ ਕੇ ਗੋਲਡ ਮੈਡਲ ਹਾਸਲ ਕੀਤਾ। ਅਜਿਹਾ ਹੀ ਇਕ ਮਿਸਾਲੀ ਜੁਝਾਰੂ ਲੜਕਾ ਹੈ ਗਿਰਦਰ ਸਿੰਘ ਰਾਂਡਾ ਜਿਸਨੇ ਆਪਣੀ ਹਿੰਮਤ ਹੌਸਲਾਂ ਤੇ ਦਿ੍ਰੜ ਇਰਾਦੇ ਨਾਲ ਆਪਣੇ ਮਾਂ-ਬਾਪ ਦਾ ਲਿਆ ਸੁਪਨਾ ਸਰਕਾਰੀ ਅਫਸਰ ਬਣ ਕੇ ਪੂਰਾ ਕੀਤਾ। ਇਹ ਲੜਕਾ ਰਾਜਸਥਾਨ ਦੇ ਛੋਟੇ ਜਿਹੇ ਪਿੰਡ ਉੱਰਖਾਂ ਦਾ ਰਹਿਣ ਵਾਲਾ ਹੈ। ਘਰ ਵਿਚ ਅੱਤ ਗ਼ਰੀਬੀ ਸੀ। ਲੇਕਿਨ ਇਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ।

ਮਾਂ-ਬਾਪ ਬਿਮਾਰ ਸਨ ਤੇ ਵੱਡਾ ਭਰਾ ਅਪੰਗ ਸੀ। ਘਰ ਵਿਚ ਕਦੀ ਰੋਟੀ ਪਕਦੀ ਸੀ ਤੇ ਕਦੇ ਨਹੀਂ। ਇਹ ਲ਼ੜਕਾ ਤਪਦੀ ਰੇਤ ਵਿਚ ਜਦ 50 ਡਿਗਰੀ ਤਾਪਮਾਨ ’ਚ ਘਰ ਤੋਂ 10 ਮੀਲ ਦੂਰ ਪੜ੍ਹਨ ਜਾਂਦਾ ਸੀ। ਫਿਰ ਵਾਪਸ ਆ ਕੇ ਇਕ ਦੁਕਾਨ ਤੇ ਭਾਂਡੇ ਮਾਂਜਦਾ ਤੇ ਹੋਰ ਨਿੱਕੇ-ਮੋਟੇ ਕੰਮ ਕਰਦਾ। ਇਸ ਦੌਰਾਨ ਹੀ ਇਸਦੇ ਘਰ ਵਿਚ 4 ਪਰਿਵਾਰਕ ਮੈਂਬਰਾਂ ਨੇ ਗ਼ਰੀਬੀ ਤੇ ਬੀਮਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ । ਪਰ ਇਹ ਬਹਾਦਰ ਲੜਕਾ ਟੁੱਟਿਆ ਨਹੀਂ। ਇਸਨੇ ਬੀ.ਏ ਤੱਕ ਪੜ੍ਹਾਈ ਕੀਤੀ। 10-12 ਕੰਪੀਟੀਸ਼ਨਾਂ ਵਿਚ ਨੌਕਰੀ ਲਈ ਹਿੱਸਾ ਲਿਆ। ਪਰ ਹਰ ਵਾਰ 1-2 ਨੰਬਰਾਂ ਪਿੱਛੇ ਫੇਲ੍ਹ ਹੋ ਜਾਂਦਾ ਸੀ। ਪਰ ਅਖੀਰ ਤੇ ਇਸਦੀ ਮਿਹਨਤ ਰੰਗ ਲਿਆਈ ਤੇ ਇਕ ਮੁਕਾਬਲੇ ਵਿਚ ਇਹ ਚੰਗਾ ਰੈਂਕ ਲੈ ਕੇ ਸਫਲ ਹੋਇਆ ਤੇ ਜ਼ਿਲ੍ਹਾ ਵਿਕਾਸ ਅਧਿਕਾਰੀ ਦੇ ਤੌਰ ’ਤੇ ਸਰਕਾਰੀ ਨੌਕਰੀ ਹਾਸਿਲ ਕੀਤੀ ਤੇ ਆਪਣੇ ਮਾਂ-ਬਾਪ ਦਾ ਸੁਪਨਾ ਸੱਚ ਕੀਤਾ। ਉਸ ਨੇ ਕਵੀ ਦੀਆਂ ਲਿਖੀਆਂ ਇਹ ਸਤਰਾਂ ਸੱਚ ਕਰ ਦਿੱਤੀਆਂ ਹਨ :

“ਡਰ ਮੁਝੇ ਵੀ ਲਗਾ ਥਾ ਲੰਮਾ ਫਾਸਲਾ ਦੇਖ ਕਰ,

ਲੇਕਿਨ ਮੈਂਂ ਬੜਤਾ ਹੀ ਗਿਆ ਰਾਸਤਾ ਦੇਖ ਕਰ, ਖੁਦ-ਬ-ਖੁਦ ਮੇਰੇ ਨਜ਼ਦੀਕ ਆਤੀ ਗਈ ਮੇਰੀ ਮੰਜ਼ਿਲ ਮੇਰਾ ਹੌਸਲਾ ਦੇਖ ਕਰ। ਜੋ ਇਨਸਾਨ ਆਪਣੀ ਜ਼ਿੰਦਗੀ ਵਿਚ ਪੱਕੇ ਇਰਾਦੇ ਨਾਲ ਕੰਮ ਸ਼ੁਰੂ ਕਰਦੇ ਹਨ, ਉਹ ਲੱਖ ਮੁਸੀਬਤਾਂ ਆ ਜਾਣ ਪਰ ਕੰਮ ਪੂਰਾ ਕਰ ਕੇ ਹੀ ਸਾਹ ਲੈਂਦੇ ਹਨ, ਪਰ ਕਈ ਇਨਸਾਨ ਆਪਣਾ ਪੱਕਾ ਇਰਾਦਾ ਨਹੀਂ ਮਿੱਥ ਸਕਦੇ ਤੇ ਹਮੇਸ਼ਾ ਅਸਫਲਤਾ ਦਾ ਮੂੰਹ ਦੇਖਦੇ ਹਨ। ਮੈਂ ਕਈ ਵਿਦਿਆਰਥੀ ਦੇਖੇ ਹਨ ਜੋ ਆਪਣੀ ਪੜ੍ਹਾਈ ਕਰਨ ਉਪਰੰਤ ਪੱਕੇ ਇਰਾਦੇ ਦੀ ਘਾਟ ਹੋਣ ਕਾਰਨ ਘੁੰਮਣਘੇਰੀ ਵਿਚ ਫਸੇ ਰਹਿੰਦੇ ਹਨ, ਕਦੇ ਕੋਈ ਵਿਸ਼ਾ ਚੁਣ ਲੈਂਦੇ ਹਨ। ਇਸ ਤਰ੍ਹਾਂ ਕਿਸੇ ਵੀ ਮੰਜ਼ਿਲ ’ਤੇ ਨਹੀਂ ਪਹੁੰਚ ਸਕੇ।

ਡਾਕਟਰ ਵਿਲੀਅਮ ਮੈਥਿਊ ਨੇ ਠੀਕ ਹੀ ਕਿਹਾ ਸੀ ਕਿ ਹਰੇਕ 10 ਵਿਅਕਤੀਆਂ ਵਿੱਚੋਂ 9 ਵਿਅਕਤੀ ਅਹਿਜੇ ਹੁੰਦੇ ਹਨ ਜੋ ਆਪਣੀਆਂ ਯੋਜਨਾਵਾਂ ਨੂੰ ਵੱਡੇ ਪੈਮਾਨੇ ’ਤੇ ਬਣਾਉਂਦੇ ਤਾਂ ਹਨ ਪ੍ਰੰਤੂ ਕਰਦੇ ਕਦੇ ਵੀ ਕੁਝ ਨਹੀ। ਇਸੇ ਕਾਰਨ ਉਹ ਜ਼ਿੰਦਗੀ ਵਿਚ ਫੇਲ੍ਹ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਦਿ੍ਰੜ ਇਰਾਦੇ ਦੀ ਕਮੀ ਹੁੰਦੀ ਹੈ। ਇਨਸਾਨ ਨੂੰ ਆਪਣੀ ਧੁਨ ਵਿਚ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕਦੀ ਵੀ ਕਿਸੇ ਕੰਮ ਤੋਂ ਆਲਸ ਨਹੀਂ ਕਰਨੀ ਚਾਹੀਦੀ। ਪ੍ਰਸਿੱਧ ਫ਼ਿਲਾਸਫ਼ਰ ਜਾਨਸਨ ਮੁਤਾਬਕ, ਜੇਕਰ ਤੁਸੀਂ ਆਲਸੀ ਹੋ ਤਾਂ ਇਕੱਲੇ ਨਾ ਰਹੋ ਅਤੇ ਜੇਕਰ ਇਕੱਲੇ ਹੋ ਤਾਂ ਆਲਸੀ ਨਾ ਰਹੋ।

ਜੇਕਰ ਤੁਸੀਂ ਕੁਝ ਪਾਉਣਾ ਚਾਹੁੰਦੇ ਹੋ ਜਾਂ ਕੁਝ ਖ਼ਾਸ ਬਣਨਾ ਚਾਹੁ ੰਦੇ ਹੋ ਤਾਂ ਤੁਹਾਨੂੰ ਆਪਣੀਆਂ ਅੱਜ ਦੀਆਂ ਖੁਸ਼ੀਆਂ, ਇੱਛਾਵਾਂ ਦਾ ਗਲਾ ਘੁੱਟਣਾ ਪੈਣਾ ਹੈ। ਪੜ੍ਹਾਈ ਦੇ ਸਮੇਂ ਵਿਚ ਸਿਰਫ਼ ਇਕ ਹੀ ਟੇਕ ਰੱਖੋ ਕਿ ਤੁਸੀਂ ਸਫਲ ਹੋਣਾ ਹੈ, ਕੁਝ ਬਣਨਾ ਹੈ। ਆਪਣੇ ਮਾਂ-ਬਾਪ ਦੀਆਂ ਕੁਰਬਾਨੀਆਂ, ਮਜਬੂਰੀਆਂ ਵੱਲ ਨਿਗ੍ਹਾ ਮਾਰੋ ਜੋ ਮੁੁਸ਼ਕਲ ਹਾਲਾਤ ’ਚ ਆਪਣੇ ਖ਼ੂੁਨ-ਪਸੀਨੇ ਦੀ ਕਮਾਈ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਲਈ ਲਗਾ ਰਹੇ ਹਨ।

ਕੀ ਤੁਹਾਡਾ ਕੋਈ ਫ਼ਰਜ਼ ਨਹੀਂ ਕਿ ਆਪਣੇ ਮਾਂ-ਬਾਪ ਦੇ ਸੁਪਨੇ ਸਾਕਾਰ ਕਰੋ। ਕਿਸੇ ਨੇ ਸੱਚ ਹੀ ਕਿਹਾ ਸੀ ਕਿ ਪਰਮਾਤਮਾ ਵੀ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖ਼ੁਦ ਕਰਦੇ ਹਨ।

ਪੱਕੇ ਇਰਾਦੇ ਨਾਲ ਕਰੋ ਸ਼ੁਰੂਆਤ

ਇਤਿਹਾਸ ਗਵਾਹ ਹੈ ਕਿ ਜ਼ਿੰਦਗੀ ਵਿਚ ਜਿਸ ਕਿਸੇ ਨੇ ਵੀ ਦਿ੍ਰੜ ਇਰਾਦੇ ਨਾਲ ਹਿੰਮਤ ਮਾਰੀ, ਉਹ ਆਪਣੇ ਕੰਮ ’ਚ ਸਫਲ ਹੋ ਕੇ ਰਿਹਾ ਹੈ। ਬਿਜਲੀ ਦੇ ਬੱਲਬ ਦੀ ਕਾਢ ਕੱਢਣ ਵਾਲਾ ਪ੍ਰਸਿੱਧ ਵਿਗਿਆਨੀ ਥਾਮਸ ਏਡੀਸਨ ਜਦ ਬਲਬ ਦੀ ਖੋਜ ਕਰ ਰਿਹਾ ਸੀ ਤਾਂ ਉਹ ਇਸ ਖੋਜ ਵਿਚ ਹਜ਼ਾਰ ਵਾਰੀ ਫੇਲ੍ਹ ਹੋਇਆ ਸੀ, ਪਰ ਆਪਣੀ ਦਿ੍ਰੜ ਸ਼ਕਤੀ ਕਾਰਨ ਉਹ ਅਖੀਰ ਇਸ ਵਿਚ ਸਫਲ ਹੋਇਆ। ਹਵਾਈ ਜਹਾਜ਼ ਬਣਾਉਣ ਦੀ ਕਾਢ ਕੱਢਣ ਵਾਲੇ ਰਾਈਟ ਭਰਾ ਜਦ ਇਸ ਖੋਜ ’ਤੇ ਕੰਮ ਕਰਦੇ ਹੁੁੰਦੇ ਸਨ ਤਾਂ ਉਨ੍ਹਾਂ ਨੂੰ ਕਿਤਨੇ ਹੀ ਸਾਲ ਲੱਗ ਗਏ। ਲੋਕ ਉਨ੍ਹਾਂ ’ਤੇ ਹੱਸਦੇ ਸਨ, ਪ੍ਰੰਤੂ ਆਪਣੇ ਧੁਨ ਵਿਚ ਪੱਕੇ ਰਾਈਟ ਭਰਾ ਅਖੀਰ ਵਿਚ ਸਫਲ ਹੋਏ। ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਉਸ ਨੂੰ ਪੂਰੀ ਵਿਚਾਰ ਕਰ ਕੇ ਪੱਕੇ ਇਰਾਦੇ ਨਾਲ ਕਰਨਾ ਚਾਹੀਦਾ ਹੈ। ਰਸਤੇ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ, ਪਰ ਉਸ ਤੋਂ ਹਾਰਨਾ ਨਹੀਂ ਚਾਹੀਦਾ।

- ਸੁਰਜੀਤ ਸਿੰਘ ਫੱਕਰ

Posted By: Harjinder Sodhi