ਸੰਸਾਰ ਦੇ ਨਕਸ਼ੇ ’ਤੇ ਪੰਜ ਆਬਾਂ ਦੀ ਧਰਤੀ ਵਜੋਂ ਮਕਬੂਲ ਖਿੱਤੇ ਪੰਜਾਬ ਦੇ ਮਾਖਿਓਂ ਮਿੱਠੇ ਪਾਣੀਆਂ ਦੇ ਕੰਢੇ ਵਿਸ਼ਵ ਦੇ ਪ੍ਰਥਮ ਗ੍ਰੰਥ ‘ਰਿਗਵੇਦ’ ਦੀ ਰਚਨਾ ਨੇ ਸੰਯੋਜਿਤ ਅਤੇ ਨਿਯਮਬੱਧ ਗਿਆਨ ਰੂਪੀ ਸਮੁੰਦਰ ਦੀ ਮੋਹੜੀ ਗੱਡੀ। ਮਨੁੱਖੀ ਜ਼ਿੰਦਗੀ ਦੇ ਆਗਮਨ ਦੇ ਨਾਲ ਹੀ ਵਿਚਾਰਾਂ ਦਾ ਆਦਾਨ-ਪ੍ਰਦਾਨ, ਭਾਸ਼ਾਈ ਸੂਤਰ, ਕਹਾਣੀਆਂ ਅਤੇ ਵਿਖਿਆਨ ਹੋਂਦ ਵਿਚ ਆਏ। ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਮਾਨਵੀ ਮਨ ਜਿੱਥੇ ਆਪਣੀ ਹੋਂਦ ਬਾਰੇ ਚੇਤੰਨ ਹੋਇਆ ਉੱਥੇ ਆਪਣੇ ਅੰਦਰ ਸਮਾਈਆਂ ਸੰਭਾਵਨਾਵਾਂ ਅਤੇ ਪ੍ਰਤਿਭਾਵਾਂ ਦੀ ਅਭਿਵਿਅਕਤੀ ਬਾਰੇ ਵੀ ਜਾਗੂਰਕ ਹੋਇਆ। ਗੁਫ਼ਾਵਾਂ ਦੀ ਮੀਨਾਕਾਰੀ ਤੋਂ ਲੈ ਕੇ ਸਾਹਿਤਕ ਰਚਨਾਤਮਿਕਤਾ ਦੇ ਜ਼ਰੀਏ ਮਨੁੱਖ ਨੇ ਆਪਣੀਆਂ ਸੁਹਜਾਤਮਿਕ-ਕਲਾਤਮਿਕ-ਸਿਰਜਣਾਤਮਿਕ ਰੁਚੀਆਂ ਨੂੰ ਪ੍ਰਗਟ ਕੀਤਾ। ਚੰਗੇ ਵਿਚਾਰ, ਸੋਚ ਤੇ ਖ਼ਿਆਲਾਤ ਦੀ ਆਜ਼ਾਦੀ ਸਦਾ ਮਨੁੱਖ ਦੇ ਅੰਗ-ਸੰਗ ਰਹੇ ਜਿਨ੍ਹਾਂ ਦਾ ਪ੍ਰਗਟਾਵਾ ਉਸ ਨੇ ਸਾਹਿਤ ਸਿਰਜਣਾ ਨਾਲ ਕੀਤਾ।

ਸੱਭਿਅਤਾ ਦਾ ਅਨਮੋਲ ਅਤੇ ਲਾਸਾਨੀ ਸਰਮਾਇਆ ਸਾਹਿਤ ਦਰਅਸਲ ਮਾਨਵੀ ਅਵਚੇਤਨ ਅਤੇ ਸਮਾਜ ਦਾ ਦਰਪਨ ਹੈ। ਕਹਾਣੀ, ਕਵਿਤਾ, ਨਾਵਲ, ਨਾਟਕ, ਵਾਰਤਕ ਆਦਿ ਸਭ ਸਾਹਿਤਕ ਰੂਪ ਸਮੇਂ-ਸਮੇਂ ਇਸ ਗੱਲ ਦੀ ਨਿਸ਼ਾਨਦੇਹੀ ਕਰਦੇ ਰਹੇ ਹਨ ਕਿ ਮਾਨਵੀ ਮਨ ਆਪਣੀ ਸੋਚ ਨੂੰ ਬੰਨ੍ਹ ਕੇ ਨਹੀਂ ਰੱਖ ਸਕਦਾ। ਬੰਨ੍ਹ ਪਾਣੀਆਂ ’ਤੇ ਮਾਰੇ ਜਾ ਸਕਦੇ ਹਨ। ਦਾਇਰੇ ਲੋਕਾਂ ਲਈ ਨਿਸ਼ਚਤ ਕੀਤੇ ਜਾ ਸਕਦੇ ਹਨ ਪਰ ਜਜ਼ਬਾਤ ਬੰਧਨਾਂ ਦੇ ਮੁਥਾਜ ਨਹੀਂ ਹੁੰਦੇ। ਭਾਵਨਾਵਾਂ, ਅਹਿਸਾਸਾਂ ਅਤੇ ਜਜ਼ਬਾਤ ਦੇ ਆਪ ਮੁਹਾਰੇ ਵਹਿਣ ਲਫ਼ਜ਼ਾਂ ਅਤੇ ਸ਼ਬਦਾਂ ਦਾ ਜੋੜਾ ਪਹਿਨ ਕੇ ਕਿਤਾਬ ਰੂਪ ਵਿਚ ਜੁਗਾਂ-ਜੁਗਾਂਤਰਾਂ ਤੋਂ ਸੰਵਰਦੇ ਰਹੇ ਹਨ।

ਪ੍ਰਭਾਵਸ਼ਾਲੀ ਦਿੱਖ, ਧਾਰਨਾਵਾਂ ਯੁਕਤ ਸਮੱਗਰੀ, ਯੋਜਨਾਬੱਧ ਤਰੀਕੇ ਨਾਲ ਤਿਆਰ ਅਤੇ ਆਕਾਰ ਤੇ ਰੂਪ ਪੱਖੋਂ ਅਤਿ ਉੱਤਮ ਕਿਤਾਬ ਹਰ ਇਕ ਲਈ ਮਨਮੋਹਕ ਹੁੰਦੀ ਹੈ। ਵਰਕਿਆਂ ਉੱਪਰ ਉਕਰੀਆਂ ਪੰਕਤੀਆਂ ਵਿਚ ਸੰਯੋਜਿਤ ਸ਼ਬਦਾਂ ਦੀ ਖ਼ੂਬਸੂਰਤੀ ਅੱਖਾਂ ਰਾਹੀਂ ਸਾਡੇ ਦਿਮਾਗ਼ ਦੇ ਦਰ ਖੋਲ੍ਹਦੀ ਹੈ। ਕਿਤਾਬ ਪਾਠਕ ਨੂੰ ਵਿਸਮਾਦੀ ਆਨੰਦ ਬਖ਼ਸ਼ਦੀ ਹੈ। ਕਾਬਿਲੇ-ਗੌਰ ਹੈ ਕਿ ਕਿਤਾਬ ਦੀ ਜ਼ਿੰਦਗੀ ਅਲਮਾਰੀ ਜਾਂ ਅੰਗੀਠੀ ’ਤੇ ਵਿਗਸਣ ਲਈ ਨਹੀਂ, ਨਾ ਹੀ ਇਸ ਨੂੰ ਰੀਚਾਰਜ ਹੋਣ ਲਈ ਕਿਸੇ ਬੈਟਰੀ ਜਾਂ ਅਪਗ੍ਰੇਡੇਸ਼ਨ ਦੀ ਲੋੜ ਹੈ। ਇਹ ਤਾਂ ਥੋੜ੍ਹਾ ਜਿਹਾ ਸਮਾਂ ਅਤੇ ਧਿਆਨ ਮੰਗਦੀ ਹੈ ਜਿਸ ਨਾਲ ਇਹ ਪਾਠਕ ਨੂੰ ਉਸ ਦੇ ਆਪੇ ਨਾਲ ਜੋੜ ਸਕੇ। ਕਿਤਾਬ ਦਾ ਮਨੋਰਥ ਮਾਨਵ ਨੂੰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਸੁਰਖ਼ਰੂ ਕਰ ਕੇ ਕੁਝ ਪਲ ਆਪਣੇ ਆਪ ਲਈ ਖ਼ੁਦ ਨਾਲ ਗੁਜ਼ਾਰਨ ਵਾਸਤੇ ਪ੍ਰੇਰਿਤ ਕਰਨਾ ਹੈ ਕਿਉਂਜੋ ਕਿਤਾਬ ਰੂਹ ਦੇ ਖੇੜੇ ਦਾ ਸਭ ਤੋਂ ਸਰਵੋਤਮ ਸੋਮਾ ਹੈ। ਇਹ ਬ੍ਰਹਿਮੰਡੀ ਸੱਚ ਹੈ ਕਿ ਕਿਸੇ ਸਮਾਜ ਵਿਚ ਕਿਤਾਬਾਂ ਪ੍ਰਤੀ ਬੇਰੁਖੀ ਨਾਲ ਕਿਤਾਬ ਸੰਸਕਿ੍ਰਤੀ ਦੀ ਮੌਤ ਨਹੀਂ ਹੁੰਦੀ ਸਗੋਂ ਅਜਿਹੇ ਵਰਤਾਰੇ ਨਾਲ ਉਸ ਸੱਭਿਅਤਾ ਦੇ ਨੇਸ਼ਤੋ ਨਾਬੂਦ ਹੋਣ ਦੀ ਪੂਰਵ ਘੋਸ਼ਣਾ ਹੁੰਦੀ ਹੈ।

ਸਾਹਿਤ ਦਾ ਮੁੱਖ ਪ੍ਰਯੋਜਨ ਸੱਤਿਅਮ, ਸ਼ਿਵਮ, ਸੁੰਦਰਮ ਹੈ। ਜ਼ਿੰਦਗੀ ਦੇ ਯਥਾਰਥ ਅਤੇ ਤਲਖ਼ ਹਕੀਕਤਾਂ ਦੇ ਸਨਮੁਖ ਹੋਣ ਲਈ, ਸਹਿਜ ਅਤੇ ਸੁਹਜ ਨਾਲ ਜਿਊਣ ਲਈ, ਸਮਾਜ ਪ੍ਰਤੀ ਆਪਣੀ ਉਸਾਰੂ ਸੋਚ ਅਤੇ ਦੂਰ-ਅੰਦੇਸ਼ੀ ਨੂੰ ਲੋਕ-ਮਨਾਂ ਤਕ ਪਹੁੰਚਾਉਣ ਲਈ, ਜ਼ਿੰਦਗੀ ਦੇ ਸਦੀਵੀ ਰਸ ਮਾਨਣ ਲਈ ਸ਼ਬਦਾਂ ਦੇ ਦਰਿਆ ਵਿਚ ਗੋਤਾ ਲਾਉਣਾ ਲਾਜ਼ਮੀ ਹੈ। ਪ੍ਰਭਾਵਸ਼ਾਲੀ ਅਤੇ ਖ਼ੂਬਸੂਰਤ ਲਫ਼ਜ਼ਾਂ ਨਾਲ ਸਹੇਜੀ ਲਿਖਤ ਜਿੱਥੇ ਸਾਡਾ ਮਾਰਗ ਦਰਸ਼ਨ ਕਰਦੀ ਹੈ ਉੱਥੇ ਸਾਡੀ ਸੋਚਣ ਸ਼ਕਤੀ ਨੂੰ ਸਕਾਰਾਤਮਕ ਬਣਾਉਂਦੇ ਹੋਏ ਇਸ ਨੂੰ ਖ਼ਿਤਜੀ ਵਿਸਥਾਰ ਪ੍ਰਦਾਨ ਕਰਦੀ ਹੈ। ਕਿਤਾਬ ਸਾਡੇ ਲਈ ਗਿਆਨ ਦੇ ਦਰਵਾਜ਼ੇ ਖੋਲ੍ਹਦੀ ਹੈ। ਬੌਧਿਕ ਵਿਕਾਸ ਦੇ ਨਾਲ-ਨਾਲ ਮਨੁੱਖ ਦਾ ਆਚਰਨ ਅਤੇ ਕਾਰਜ ਸ਼ਕਤੀ ਵੀ ਹੋਰ ਬੁਲੰਦ ਹੋਣ ਲਈ ਉਤਸ਼ਾਹਿਤ ਹੁੰਦੇ ਹਨ। ਦਿਮਾਗ਼ ਦੀਆਂ ਬਰੂਹਾਂ ਉਤੇ ਦਸਤਕ ਦੇ ਕੇ ਕਿਤਾਬ ਸਾਡੀ ਮਾਨਸਿਕਤਾ ਨੂੰ ਸਹੀ ਸੇਧ ਪ੍ਰਦਾਨ ਕਰ ਕੇ ਪ੍ਰਫੁਲਤ ਅਤੇ ਵਿਸਤਿ੍ਰਤ ਕਰਦੀ ਹੈ। ਕਿਤਾਬ ਜਿੱਥੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ ਉੱਥੇ ਦੱਬੇ-ਕੁਚਲੇ ਅਤੇ ਪੀੜਿਤ ਵਰਗ ਲਈ ਮਨੁੱਖੀ ਮਨ ਵਿਚ ਸੰਵੇਦਨਾ ਵੀ ਜਗਾਉਂਦੀ ਹੈ।

ਅਕਸਰ ਅਸੀਂ ਇਹ ਸੁਣਦੇ ਅਤੇ ਕਹਿੰਦੇ ਹਾਂ ਕਿ ਬਾਲ-ਮਨ ਕੋਰਾ ਕਾਗਜ਼ ਹੁੰਦਾ ਹੈ। ਉਸ ਉੱਪਰ ਜਿਹੋ ਜਿਹਾ ਰੰਗ ਮਾਪੇ ਅਤੇ ਅਧਿਆਪਕ ਚੜ੍ਹਾ ਦਿੰਦੇ ਹਨ, ਬੱਚੇ ਦਾ ਵਿਵਹਾਰ ਅਤੇ ਜ਼ਿੰਦਗੀ ਉਸੇ ਤਰ੍ਹਾਂ ਦੇ ਹੀ ਹੁੰਦੇ ਹਨ। ਇਸ ਲੋਕ ਧਾਰਨਾ ਨੂੰ ਬਦਲਣ ਦਾ ਇਕੋ ਇਕ ਅਤਿਅੰਤ ਪ੍ਰਭਾਵਸ਼ਾਲੀ ਮਾਧਿਅਮ ਕਿਤਾਬ ਹੈ। ਚੰਗੀ ਲਿਖਤ ਨੂੰ ਇਕਾਗਰਤਾ ਨਾਲ ਪੜ੍ਹਨ ਅਤੇ ਉਸ ਨੂੰ ਜ਼ਿਹਨ ਵਿਚ ਵਸਾਉਣ ਨਾਲ ਜਿੱਥੇ ਦੁਬਿਧਾ ਦੇ ਹਨੇਰੇ ਵਿਚ ਫਸੀ ਜ਼ਿੰਦਗੀ ਨੂੰ ਰੌਸ਼ਨੀ ਦੀ ਨਵੀਂ ਕਿਰਨ ਮਿਲਦੀ ਹੈ, ਮਨ ਨੂੰ ਸਕੂਨ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਥੇ ਦਿਮਾਗ਼ ਵਿਚ ਫੈਲੀ ਨਕਾਰਾਤਮਕ ਸੋਚ, ਅਸ਼ਾਂਤੀ ਅਤੇ ਬੁਰੇ ਖ਼ਿਆਲਾਂ ਦੇ ਭਵੰਡਰਾਂ ਵਿੱਚੋਂ ਨਿਕਲ ਕੇ ਮਨੁੱਖੀ ਮਨ ਸਹਿਜ ਆਨੰਦ ਦੀ ਪ੍ਰਾਪਤੀ ਨਾਲ ਅਡੋਲ ਅਵਸਥਾ ਵਿਚ ਆ ਜਾਂਦਾ ਹੈ। ਸ਼ਬਦ ਸ਼ਕਤੀ ਉਸ ਦੇ ਵਿਸ਼ਵਾਸ ਨੂੰ ਹੋਰ ਦਿ੍ਰੜ ਅਤੇ ਪ੍ਰਪੱਕ ਬਣਾਉਂਦੀ ਹੈ।

ਖ਼ੁਦ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਤਿੱਖੀਆਂ ਤਬਦੀਲੀਆਂ ਦੇ ਦੌਰ ਵਿਚ ਵਿਕਾਸ ਦੀਆਂ ਲੀਹਾਂ ’ਤੇ ਚੱਲਣ ਦੀ ਸੇਧ, ਆਪਣੇ ਵਿਚਾਰਾਂ ਅਤੇ ਸੋਚਣ ਸ਼ਕਤੀ ਨੂੰ ਆਲਮੀ ਪਰਿਪੇਖ ਵਿਚ ਖਰਾ ਬਣਾਉਣ ਦਾ ਇਕਮਾਤਰ ਸਾਧਨ ਚੰਗੀ ਕਿਤਾਬ ਨਾਲ ਸਾਂਝ ਪਾਉਣਾ ਹੀ ਹੈ। ਚੰਗੀ ਲਿਖਤ ਜਿੱਥੇ ਲਫ਼ਜ਼ਾਂ ਨਾਲ ਖੇਡਣ ਦੀ ਜਾਂਚ ਸਿਖਾਉਂਦੀ ਹੈ ਉੱਥੇ ਸਾਡੀ ਸੋਚ ਅਤੇ ਸੰਵਾਦ ਨੂੰ ਪ੍ਰਫੁਲਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੇਸ਼ ਕਰਨ ਦਾ ਢੰਗ ਵੀ ਸਿਖਾਉਂਦੀ ਹੈ। ਚੰਗਾ ਲੇਖਕ ਬਣਨ ਤੋਂ ਪਹਿਲਾਂ ਚੰਗਾ ਪਾਠਕ ਬਣਨਾ ਅਤਿ ਜ਼ਰੂਰੀ ਹੈ। ਇਕ ਚੰਗਾ ਪਾਠਕ ਜ਼ਿੰਦਗੀ ਦੇ ਸਫ਼ਰ ਵਿਚ ਕਦੇ ਮੁਸੀਬਤਾਂ ਤੋਂ ਘਬਰਾਉਂਦਾ ਨਹੀਂ ਸਗੋਂ ਆਪਣੇ ਉੱਚੇ ਮਨੋਬਲ ਅਤੇ ਗਿਆਨ ਨਾਲ ਜੀਵਨ ਦੇ ਵਹਿਣ ਨੂੰ ਸਾਰਥਿਕ ਦਿਸ਼ਾ ਵੱਲ ਲੈ ਜਾਂਦਾ ਹੈ। ਕਿਉਂ ਜੋ ਉੱਚ ਦਰਜੇ ਦਾ ਸਾਹਿਤ ਪੜ੍ਹਨ ਨਾਲ ਮਾਨਸਿਕਤਾ ਅਤੇ ਸੋਚ ਸੌੜੀ ਨਹੀਂ ਹੋ ਸਕਦੀ ਬਲਕਿ ਪ੍ਰੌੜ, ਗੰਭੀਰ ਅਤੇ ਵਿਦਵਤਾ ਭਰਪੂਰ ਹੋ ਜਾਂਦੀ ਹੈ। ਕਿਤਾਬਾਂ ਸੰਸਾਰ ਦੀ ਸੁਪਨਮਈ ਸੈਰ ਵੀ ਕਰਵਾਉਂਦੀਆਂ ਹਨ ਅਤੇ ਤੁਲਨਾਤਮਿਕ ਅਧਿਐਨ ਲਈ ਅਵਸਰ ਵੀ ਪ੍ਰਦਾਨ ਕਰਦੀਆਂ ਹਨ।

ਵਕਤ ਦੀ ਸਿਤਮ ਜ਼ਰੀਫੀ ਹੈ ਕਿ ਕਿਤਾਬ ਅਤੇ ਰਬਾਬ ਦੀ ਜਨਮ ਅਤੇ ਕਰਮ ਭੂਮੀ ਪੰਜਾਬ ਵਿਚ ਨੈਤਿਕ ਸਿੱਖਿਆ ਵਿਚ ਦਿਨ-ਬ-ਦਿਨ ਆ ਰਹੇ ਨਿਘਾਰਾਂ ਕਰਕੇ ਕਿਤਾਬ ਅਤੇ ਰਬਾਬ ਦੀ ਥਾਂ ਸ਼ਰਾਬ ਅਤੇ ਕਬਾਬ ਦਾ ਸੱਭਿਆਚਾਰ ਭਾਰੂ ਹੋ ਰਿਹਾ ਹੈ।

ਸਿੱਖਿਆ ਦੇ ਨਿੱਜੀਕਰਨ ਦੇ ਅਮਲ ਤਹਿਤ ਕਾਰਪੋਰੇਟ ਕਲਚਰ ਅਧੀਨ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਵਿਚ ਕਿਤਾਬ ਘਰ ਮਹਿਜ਼ ਖਾਨਾਪੂਰਤੀ ਬਣਦੇ ਜਾ ਰਹੇ ਹਨ। ਲਾਇਬ੍ਰੇਰੀਆਂ ਵਿੱਚੋਂ ਮਨਫੀ ਹੁੰਦੀ ਜਾ ਰਹੀ ਅਧਿਆਪਕਾਂ ਦੀ ਗਿਣਤੀ ਸਮਕਾਲੀ ਵਿਦਿਆਰਥੀਆਂ ਲਈ ਕਿਸ ਪੜ੍ਹੇ ਲਿਖੇ ਅਤੇ ਅਗਾਂਹਵਧੂ ਸਮਾਜ ਦੀ ਨਿਸ਼ਾਨਦੇਹੀ ਕਰ ਰਹੀ ਹੈ? ਇਹ ਇਕ ਗੰਭੀਰ ਖੋਜ ਦਾ ਵਿਸ਼ਾ ਹੈ।

ਸਕੂਲੀ ਸਿੱਖਿਆ ਦੇ ਖੇਤਰ ਵਿਚ ਧੜਾ-ਧੜ ਖੁੱਲ੍ਹ ਰਹੇ ਅੰਤਰ-ਰਾਸ਼ਟਰੀ ਸਕੂਲਾਂ ਵਿਚ ਕਿਤਾਬ ਵਿਹੂਣੀ ਪੜ੍ਹਾਈ ਦਾ ਸੱਭਿਆਚਾਰ ਪ੍ਰਚੱਲਿਤ ਹੋ ਰਿਹਾ ਹੈ। ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਸਮੱਗਰੀ ਆਨਲਾਈਨ ਹੀ ਉਪਲੱਬਧ ਕਰਵਾਈ ਜਾਂਦੀ ਹੈ। ਸੋ ਬਚਪਨ ਵਿਚ ਹੀ ਬੱਚਿਆਂ ਦਾ ਕਿਤਾਬ ਨਾਲੋਂ ਤੋੜ-ਵਿਛੋੜਾ ਅਨੇਕਾਂ ਉੱਤਰ ਰਹਿਤ ਪ੍ਰਸ਼ਨਾਂ ਵੱਲ ਸੰਕੇਤ ਕਰਦਾ ਹੈ।

ਕਿਤਾਬ ਕਦੇ ਵੀ ਚੰਗੀ ਜਾਂ ਮਾੜੀ ਨਹੀਂ ਹੁੰਦੀ। ਕਿਤਾਬ ਲੇਖਕ ਦੀ ਸੋਚ ਅਤੇ ਮਾਨਸਿਕਤਾ ਦੀ ਨਿਸ਼ਾਨਦੇਹੀ ਕਰਦੀ ਹੈ। ਪਾਠਕ ਨੇ ਆਪਣੀ ਸੋਚ, ਸਮਝ ਅਤੇ ਨਜ਼ਰੀਏ ਨਾਲ ਉਸ ਵਿਚ ਪੇਸ਼ ਭਾਵਾਂ ਦੀ ਗਹਿਰਾਈ ਨੂੰ ਨਾਪਣਾ ਅਤੇ ਵਾਚਣਾ ਹੁੰਦਾ ਹੈ। ਫੁਰਸਤ ਦੇ ਪਲਾਂ ਵਿਚ ਕਿਤਾਬ ਦੇ ਸਾਥ ਤੋਂ ਵੱਡੀ ਕੋਈ ਨਿਆਮਤ ਨਹੀਂ। ਹੱਥ ਵਿਚ ਫੜੀ ਕਿਤਾਬ ਤੁਹਾਡੀ ਅੰਦਰੂਨੀ ਸੁੰਦਰਤਾ ਦੀ ਅਭਿਵਿਅਕਤੀ ਕਰਦੀ ਹੈ। ਜਿਵੇਂ ਜੀਆਂ ਤੋਂ ਬਿਨਾਂ ਘਰ ਮਕਾਨ ਬਣ ਜਾਂਦੇ ਹਨ। ਉਸੇ ਤਰ੍ਹਾਂ ਹੀ ਕਿਤਾਬਾਂ ਤੋਂ ਬਿਨਾਂ ਘਰ ਅਧੂਰੇ ਅਤੇ ਅਦਬੀ ਤਹਿਜ਼ੀਬ ਤੋਂ ਸੱਖਣੇ ਹੋ ਜਾਂਦੇ ਹਨ। ਉਨ੍ਹਾਂ ਪਰਿਵਾਰਾਂ ਵਿਚ ਖ਼ੁਸ਼ੀ ਦੀਆਂ ਸੰਦਲੀ ਪੈੜਾਂ ਨਹੀਂ ਪੈਂਦੀਆਂ।

ਉੱਤਮ ਤੇ ਪ੍ਰਭਾਵਸ਼ਾਲੀ ਮਾਰਗ

ਅਜੋਕੇ ਅਤਿ ਆਧੁਨਿਕ ਦੌਰ ਵਿਚ ਪੈਸਾ ਕਮਾਉਣ ਦੀ ਮਸ਼ੀਨ ਬਣ ਚੁੱਕੇ ਮਹਾਂ-ਮਾਨਵ ਦੀ ਜ਼ਿੰਦਗੀ ਵਿਚ ਏਨੀ ਕਾਹਲ ਹੈ ਕਿ ਉਹ ਦੋ ਪਲ ਸਕੂਨ ਨਾਲ ਆਪਣੇ ਪਰਿਵਾਰ ਵਿਚ ਬੈਠਣ ਦੀ ਬਜਾਇ ਅਲਟਰਾ ਮਾਡਰਨ ਅਖੌਤੀ ਸਮਾਰਟ ਬਿਜਲਈ ਯੰਤਰਾਂ ਅਤੇ ਐਪਸ ਵਿਚ ਗੁੰਮਸ਼ੁਦਾ ਜ਼ਿੰਦਗੀ ਬਤੀਤ ਕਰ ਰਿਹਾ ਹੈ। ਗਾਹੇ-ਵਗਾਹੇ ਰਿਸ਼ਤੇ-ਨਾਤੇ ਉਸ ਨੂੰ ਬੋਝ ਪ੍ਰਤੀਤ ਹੁੰਦੇ ਹਨ। ਉਸ ਦੇ ਹਰ ਕੰਮ ਵਿਚ ਸੁਆਰਥ ਭਾਰੂ ਹੁੰਦਾ ਹੈ। ਇਹੀ ਸੁਆਰਥ ਅਤੇ ਕਾਹਲ ਮਨੁੱਖ ਨੂੰ ਜੀਵਨ ਦੇ ਅਸਲ ਸਦੀਵੀ ਰਸ ਅਤੇ ਚਿਰੰਜੀਵੀ ਬੌਧਿਕ ਵਿਕਾਸ ਦੀ ਕੁੰਜੀ ਕਿਤਾਬ ਤੋਂ ਦੂਰ ਕਰ ਰਹੇ ਹਨ। ਬਚਪਨ ਵਿਚ ਬੱਚੇ ਨੂੰ ਸਹੀ ਦਿਸ਼ਾ-ਨਿਰਦੇਸ਼ ਦੇਣ ਲਈ ਪਰਿਵਾਰ ਅਤੇ ਅਧਿਆਪਕ ਹੁੰਦੇ ਹਨ। ਲੇਕਿਨ ਪੂਰੀ ਉਮਰ ਜ਼ਿੰਦਗੀ ਨੂੰ ਭਟਕਣ ਤੋਂ ਬਚਾਉਣ ਲਈ, ਸਮੇਂ ਅਨੁਸਾਰ ਗ਼ਲਤ ਅਤੇ ਸਹੀ ਦੀ ਪਰਖ-ਪਛਾਣ ਲਈ, ਵਿਸ਼ਵ ਪੱਧਰੀ ਸੋਚ, ਸਮਝ ਤੇ ਗਿਆਨ ਲਈ, ਅਣਸੁਖਾਵੇਂ ਪਲਾਂ ਨੂੰ ਸੁਖਦ ਬਣਾਉਣ ਲਈ ਅਤੇ ਵਿਸਮਾਦੀ ਪੂੰਜੀ ਦੀ ਪ੍ਰਾਪਤੀ ਲਈ ਸਭ ਤੋਂ ਉੱਤਮ ਅਤੇ ਪ੍ਰਭਾਵਸ਼ਾਲੀ ਮਾਰਗ ਕਿਤਾਬਾਂ ਦਾ ਸੰਗ ਹੈ ਜੋ ਸਾਨੂੰ ਰੂਹਾਨੀ ਆਨੰਦ ਪ੍ਰਦਾਨ ਕਰਨ ਦੇ ਨਾਲ-ਨਾਲ ਸਹੀ ਮਾਰਗ-ਦਰਸ਼ਨ ਵੀ ਕਰਦੀਆਂ ਹਨ।

ਆਦਮੀ ਤੋਂ ਇਨਸਾਨ ਤਕ ਦਾ ਸਫ਼ਰ

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆਂ ਸਾਥੀ ਹਨ। ਜੋ ਸਿਰਫ਼ ਸਿਖਾਉਂਦੀਆਂ, ਸਮਝਾਉਂਦੀਆਂ ਅਤੇ ਸਹੀ ਦਿਸ਼ਾ ਦਰਸਾਉਂਦੀਆਂ ਹਨ। ਜ਼ਿੰਦਗੀ ਦੇ ਉਦਾਸ ਪਲਾਂ ਨੂੰ ਖ਼ੁਸ਼ੀ ਅਤੇ ਖੇੜੇ ਦਾ ਹੁਲਾਰਾ ਦਿੰਦੀਆਂ ਹਨ ਅਤੇ ਬਦਲੇ ਵਿਚ ਕੁਝ ਵੀ ਨਹੀਂ ਚਾਹੁੰਦੀਆਂ। ਕਿਤਾਬ ਅਤੇ ਪ੍ਰਕਿਰਤੀ ਨਾਲ ਮਨੁੱਖ ਦਾ ਰਿਸ਼ਤਾ ਪਾਕੀਜ਼ਾ, ਸੁਖਦ ਅਤੇ ਨਿਰਸੁਆਰਥ ਹੈ। ਕਿਉਂ ਜੋ ਇਹ ਲਾਸਾਨੀ ਦਾਤਾਂ ਮਾਨਵਤਾ ਲਈ ਕੁਦਰਤ ਦੀ ਅਨਮੋਲ ਦੇਣ ਹਨ। ਇਨ੍ਹਾਂ ਵਿੱਚੋਂ ਇਕ ਨਾਲ ਵੀ ਤੋੜ ਵਿਛੋੜਾ ਮਨੁੱਖ ਨੂੰ ਦੁਖਦ ਅਹਿਸਾਸਾਂ ਦੇ ਸਨਮੁਖ ਲੈ ਜਾਂਦਾ ਹੈ ਅਤੇ ਜੇ ਬਦਕਿਸਮਤੀ ਨਾਲ ਦੋਨਾਂ ਤੋਂ ਹੀ ਮਨੁੱਖ ਮੂੰਹ ਫੇਰ ਲਵੇ ਤਾਂ ਉਸ ਦੇ ਹਿੱਸੇ ਅਸਹਿ ਪੀੜਾ, ਖੰਡਿਤ ਅਸਤਿਤਵ, ਦੁਸ਼ਵਾਰੀਆਂ ਅਤੇ ਹੈਵਾਨੀਅਤ ਹੀ ਰਹਿ ਜਾਂਦੀ ਹੈ। ਕੁਦਰਤ ਅਤੇ ਕਿਤਾਬਾਂ ਸਾਨੂੰ ਜੀਵਨ-ਜਾਚ ਤੇ ਅਨੁਸ਼ਾਸ਼ਨ ਸਿਖਾਉਂਦੀਆਂ ਹਨ। ਸਾਰ ਤੱਤ ’ਚ ਆਦਮੀ ਤੋਂ ਇਨਸਾਨ ਤਕ ਦਾ ਸਫ਼ਰ ਕੁਦਰਤ ਅਤੇ ਕਿਤਾਬ ਤੋਂ ਬਿਨਾਂ ਅਸੰਭਵ ਹੈ।

ਆਓ ਇਸ ਅਧੂਰੇਪਣ ਨੂੰ ਕਿਤਾਬਾਂ ਦੇ ਅੰਗ-ਸੰਗ ਰਹਿ ਕੇ ਦੂਰ ਕਰੀਏ ਅਤੇ ਜ਼ਿੰਦਗੀ ਦੇ ਵਿਸਮਾਦ ਦੀ ਸੁਗੰਧ ਨੂੰ ਮਾਣੀਏ।

- ਡਾ. ਅਮਨਦੀਪ ਕੌਰ

Posted By: Harjinder Sodhi