ਜਿੱਥੇ ਪੂਰੇ ਦੇਸ਼ ਵਿਚ ਤਾਲਾਬੰਦੀ ਦਾ ਮੁੱਖ ਮਕਸਦ ਕੋਵਿਡ-19 ਵਰਗੀ ਲਾਇਲਾਜ ਬਿਮਾਰੀ ਤੋਂ ਨਿਜਾਤ ਪਾਉਣਾ ਹੈ ਪਰ ਉੱਥੇ ਹੀ ਇਸ ਸਮੇਂ ਦੌਰਾਨ ਬੱਚਿਆਂ 'ਚ ਮੋਬਾਈਲ ਗੇਮਿੰਗ ਦੇ ਮਾਰੂ ਪ੍ਰਭਾਵ ਦੀਆਂ ਘਟਨਾਵਾਂ 'ਚ ਵੀ ਕਾਫੀ ਹੱਦ ਤਕ ਵਾਧਾ ਹੋਇਆ ਹੈ। ਘਰਾਂ ਵਿਚ ਤਾਲਾਬੰਦੀ ਦੌਰਾਨ ਮਜਬੂਰਨ ਕੈਦ ਬੈਠੇ ਬੱਚੇ ਆਪਣੇ ਵਿਹਲੇ ਸਮੇਂ ਦਾ ਪ੍ਰਯੋਗ ਮੋਬਾਈਲ ਵਿਚ ਸਟੋਰ ਵੱਖ-ਵੱਖ ਚੁਣੌਤੀਪੂਰਨ ਗੇਮਾਂ ਨਾਲ ਕਰ ਰਹੇ ਹਨ ਪਰ ਸਿੱਟੇ ਵਜੋਂ ਇਹ ਗੇਮਾਂ ਬੱਚਿਆਂ ਵਿਚ ਮਾਨਸਿਕ ਤਣਾਅ ਪੈਦਾ ਕਰਦੀਆਂ ਹਨ, ਜਿਸ ਨਾਲ ਬੱਚੇ ਦੇ ਸੁਭਾਅ ਵਿਚ ਚਿੜਚਿੜਾਪਣ ਤੇ ਗੁੱਸੇ ਵਰਗੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਬੱਚਿਆਂ ਦੀ ਸਮੇਂ ਸਿਰ ਖਾਣ-ਪੀਣ 'ਚ ਰੁਚੀ ਘਟ ਜਾਂਦੀ ਹੈ ਅਤੇ ਬੱਚਿਆਂ ਵਿਚ ਬੌਧਿਕ ਵਿਕਾਸ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹ ਗੇਮਾਂ ਬੱਚਿਆਂ ਦੇ ਦਿਮਾਗ 'ਤੇ ਇਸ ਕਦਰ ਕਾਬਜ਼ ਹੋ ਜਾਂਦੀਆਂ ਹਨ ਕਿ ਉਨ੍ਹਾਂ ਦਾ ਹੋਰ ਕਿਸੇ ਕੰਮ ਜਾਂ ਪੜ੍ਹਾਈ ਵੱਲ ਧਿਆਨ ਨਹੀਂ ਜਾਂਦਾ ਅਤੇ ਉਹ ਗੇਮ ਵਿਚ ਏਨੇ ਮਗਨ ਹੋ ਜਾਂਦੇ ਹਨ ਕਿ ਆਪਣੇ ਮਾਤਾ-ਪਿਤਾ ਦੀ ਦਖ਼ਲਅੰਦਾਜ਼ੀ ਵੀ ਬਰਦਾਸ਼ਤ ਨਹੀਂ ਕਰਦੇ। ਇਸ ਸਮੇਂ ਦੌਰਾਨ ਬੱਚਿਆਂ ਵਿਚ ਇਕ ਹਰਮਨ ਪਿਆਰੀ ਗੇਮ ਪਬਜੀ ਦਾ ਬੋਲਬਾਲਾ ਹੈ, ਜਿਸ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ ਅਤੇ ਇਸ ਦਾ ਰੁਝਾਨ ਬੱਚਿਆਂ ਵਿਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਹ ਇਕ ਚੁਣੌਤੀਪੂਰਨ ਗੇਮ ਹੈ, ਜੋ ਕਿ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਖ਼ਤਰਨਾਕ ਟਾਸਕ ਦਿੰਦੀ ਹੈ, ਜਿਸ ਨਾਲ ਬੱਚੇ 'ਤੇ ਇਨ੍ਹਾਂ ਦੇ ਮਾਰੂ ਪ੍ਰਭਾਵ ਪੈਂਦੇ ਹਨ।

ਕੁਝ ਬੱਚੇ ਮਾਨਸਿਕ ਤੌਰ 'ਤੇ ਏਨੇ ਕਮਜ਼ੋਰ ਹੁੰਦੇ ਹਨ ਕਿ ਉਹ ਇਨ੍ਹਾਂ ਟਾਰਗੇਟ ਨੂੰ ਪੂਰਾ ਕਰਦਿਆਂ-ਕਰਦਿਆਂ ਹੀ ਆਪਣੀ ਕੀਮਤੀ ਜਾਨ ਗੁਆ ਬੈਠਦੇ ਹਨ ਜਾਂ ਕੁਝ ਖ਼ੁਦਕੁਸ਼ੀ ਵਰਗੇ ਫ਼ੈਸਲੇ ਵੀ ਲੈ ਲੈਂਦੇ ਹਨ। ਇਸ ਲਾਪਰਵਾਹੀ ਪਿੱਛੇ ਦੋਸ਼ੀ ਮਾਤਾ-ਪਿਤਾ ਹਨ, ਜੋ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤੇ ਉਹ ਆਪਣੇ ਬੱਚਿਆਂ ਦੇ ਲਾਡ-ਪਿਆਰ ਕਾਰਨ ਉਨ੍ਹਾਂ ਦੀ ਜ਼ਿੱਦ ਅੱਗੇ ਮਜਬੂਰਨ ਝੁਕ ਜਾਂਦੇ ਹਨ ਪਰ ਹੁਣ ਮਾਤਾ-ਪਿਤਾ ਨੂੰ ਮੋਬਾਈਲ ਗੇਮਿੰਗ ਦੇ ਘਾਤਕ ਨਤੀਜਿਆਂ ਤੋਂ ਜਾਗਰੂਕ ਹੋਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਬੱਚਿਆਂ ਦੀ ਇਸ ਆਦਤ ਨੂੰ ਘੱਟ ਕਰਨ ਵੱਲ ਧਿਆਨ ਦੇਣ ਤੇ ਇਸ ਮੋਬਾਈਲ ਗੇਮਿੰਗ ਦੇ ਵਧਦੇ ਰੁਝਾਨ ਤੋਂ ਛੁਟਕਾਰਾ ਦਿਵਾਉਣ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ, ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਅਤੇ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਨਾਲ ਸਬੰਧਤ ਖੇਡਾਂ ਤੋਂ ਜਾਣੂ ਕਰਵਾਉਣ, ਜਿਸ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇ।

ਬੱਚਿਆਂ ਦਾ ਧਿਆਨ ਅਖ਼ਬਾਰ ਪੜ੍ਹਨ, ਗਿਆਨ ਅਤੇ ਮਨੋਰੰਜਨ ਭਰਪੂਰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ, ਜਿਸ ਨਾਲ ਉਹ ਆਪਣੇ ਅਗਲੇਰੇ ਭਵਿੱਖ ਦੀ ਤਿਆਰੀ ਕਰ ਸਕਣ ਅਤੇ ਤੰਦਰੁਸਤ ਰਹਿ ਸਕਣ।

ਗੁਰਸੇਵਕ ਰੰਧਾਵਾ 94636-80877

Posted By: Harjinder Sodhi