ਨਵੀਂ ਦਿੱਲੀ, ਜੇਐਨਐਨ : ਬਾਲ ਦਿਵਸ 2021 ਭਾਰਤ 'ਚ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਭਾਰਤ 'ਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ ਤੇ ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਕਹਿ ਕੇ ਬੁਲਾਉਂਦੇ ਸਨ। ਬਾਲ ਦਿਵਸ ਭਾਰਤ ਦਾ ਇਕ ਰਾਸ਼ਟਰੀ ਤਿਉਹਾਰ ਹੈ ਜੋ ਬੱਚਿਆਂ ਨੂੰ ਸਮਰਪਿਤ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਸੀ। ਜਿਸ ਨੂੰ ਬੱਚਿਆਂ 'ਚ ਚਾਚਾ ਨਹਿਰੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਰਾਸ਼ਟਰ ਦੀ ਅਸਲ ਤਾਕਤ ਤੇ ਸਮਾਜ ਦੀ ਨੀਂਹ ਮੰਨਦੇ ਸਨ। ਅਜਿਹੇ 'ਚ ਆਓ ਜਾਣਦੇ ਹਾਂ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ..

ਬਾਲ ਦਿਵਸ ਦਾ ਇਤਿਹਾਸ

ਬਾਲ ਦਿਵਸ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਮਿਤੀਆਂ ਨੂੰ ਮਨਾਇਆ ਜਾਂਦਾ ਹੈ। ਭਾਰਤ 'ਚ ਬਾਲ ਦਿਵਸ 1964 'ਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਮਨਾਇਆ ਜਾਣ ਲੱਗਾ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਹਿਰੂ ਦੇ ਜਨਮ ਦਿਨ 'ਤੇ ਬਾਲ ਦਿਵਸ ਮਨਾਇਆ ਜਾਵੇਗਾ। ਭਾਵੇ ਬਾਲ ਦਿਵਸ ਸਾਲ 1925 ਤੋਂ ਮਨਾਇਆ ਜਾਂਦਾ ਸੀ ਪਰ ਸੰਯੁਕਤ ਰਾਸ਼ਟਰ ਨੇ 20 ਨਵੰਬਰ 1954 ਨੂੰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।

ਬਾਲ ਦਿਵਸ ਦੀ ਮਹੱਤਤਾ

ਬਾਲ ਦਿਵਸ 'ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਇਹ ਦਿਨ ਬੱਚਿਆਂ ਦੇ ਅਧਿਕਾਰਾਂ, ਉਨ੍ਹਾਂ ਦੀ ਦੇਖਭਾਲ ਅਤੇ ਸਿੱਖਿਆ ਬਾਰੇ ਗੱਲ ਕਰਨ ਲਈ ਕੀਤਾ ਜਾਂਦਾ ਹੈ। ਚਾਚਾ ਨਹਿਰੂ ਨੇ ਕਿਹਾ ਸੀ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਾਰਤ ਬਣਾਉਣਗੇ। ਜਿਸ ਤਰ੍ਹਾਂ ਅਸੀਂ ਉਨ੍ਹਾਂ ਦੀ ਦੇਖਭਾਲ ਕਰਦੇ ਹਾਂ, ਉਹ ਦੇਸ਼ ਦਾ ਭਵਿੱਖ ਤੈਅ ਕਰੇਗਾ।

Posted By: Ravneet Kaur