ਅਜੋਕੇ ਸਮੇਂ 'ਚ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਸੰਤੁਲਨ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ। ਅੱਜਕੱਲ੍ਹ ਸਾਡੇ ਸਮਾਜ ਵਿਚ ਕੁਝ ਅਜਿਹੀਆਂ ਸਮੱਸਿਆਵਾਂ ਬਹੁਤ ਵਧ ਰਹੀਆਂ ਹਨ , ਜਿਨ੍ਹਾਂ ਦਾ ਹੱਲ ਲੱਭਣ ਦੀ ਥਾਂ ਉਨ੍ਹਾਂ 'ਤੇ ਪਰਦਾ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਕੁਰੀਤੀਆਂ ਨੂੰ ਹੋਰ ਵੀ ਪਹਿਲ ਮਿਲਦੀ ਹੈ। ਅਜਿਹੀ ਇਕ ਸਮੱਸਿਆ ਹੈ ਬੱਚਿਆਂ ਦਾ ਵਧ ਰਿਹਾ ਸ਼ੋਸ਼ਣ।

ਵਿਸ਼ਵ ਸਿਹਤ ਸੰਸਥਾ ਮੁਤਾਬਕ ਸੰਸਾਰ ਭਰ ਵਿਚ 1 ਬਿਲੀਅਨ ਬੱਚੇ 2-17 ਸਾਲ ਦੀ ਉਮਰ ਵਿਚ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਇਸ ਰਿਪੋਰਟ ਮੁਤਾਬਕ 4 'ਚੋਂ 1 ਬੱਚਾ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਭਾਰਤ ਵਿਚ ਹਰ ਸਾਲ 700 ਮਿਲੀਅਨ ਬੱਚੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਸ ਸਰਵੇ ਮੁਤਾਬਕ 51 ਫ਼ੀਸਦੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਹੋਇਆ। ਇਸ ਕਾਰਨ ਬੱਚੇ 'ਚ ਹੀਣਤਾ, ਪਛਤਾਵਾ, ਸ਼ਰਮ ਤੇ ਬੇਭਰੋਸਗੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਤੇ ਕਈ ਵਾਰ ਉਹ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਜ਼ਿਆਦਾਤਰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।

ਜੇ ਅਸੀਂ ਸਮਝਦੇ ਹਾਂ ਕਿ ਸਾਡੇ ਬੱਚੇ ਘਰ ਜਾਂ ਸਕੂਲ ਵਿਚ ਸੁਰੱਖਿਅਤ ਹਨ ਤਾਂ ਇਹ ਸਾਡਾ ਵਹਿਮ ਹੈ ਕਿਉਂਕਿ ਜ਼ਿਆਦਾਤਰ ਸ਼ੋਸ਼ਣ ਕਰਨ ਵਾਲੇ ਵਿਅਕਤੀ ਸਾਡੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਜਾਂ ਮਿੱਤਰਾਂ 'ਚੋਂ ਹੀ ਹੁੰਦੇ ਹਨ, ਜਿਨ੍ਹਾਂ ਉੱਪਰ ਕਈ ਵਾਰ ਅਸੀਂ ਜ਼ਿਆਦਾ ਭਰੋਸਾ ਕਰਦੇ ਹਾਂ। ਸ਼ੋਸ਼ਣ ਕਰਨ ਵਾਲਾ ਵਿਅਕਤੀ ਕਦੇ ਇਸ ਗੱਲ ਦਾ ਪਛਤਾਵਾ ਨਹੀਂ ਕਰਦਾ ਕਿ ਉਸ ਨੇ ਕੁਝ ਗ਼ਲਤ ਵੀ ਕੀਤਾ ਹੈ। ਦਰਅਸਲ ਅਜਿਹੇ ਮਨੁੱਖ ਮਾਨਸਿਕ ਤੌਰ 'ਤੇ ਵੀ ਬਿਮਾਰ ਹੁੰਦੇ ਹਨ। ਇਹ ਬੱਚਿਆਂ ਨੂੰ ਭੇਚਲ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਦੇ ਹਨ।

ਅਸੀਂ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਤੇ ਸਨਮਾਨ ਕਰਨਾ ਸਿਖਾਉਂਦੇ ਹਾਂ ਪਰ ਸਾਨੂੰ ਵੱਡਿਆਂ ਦੇ ਵਿਵਹਾਰ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੀ ਉਮਰ ਦਾ। ਜੇ ਵੱਡਿਆਂ ਦਾ ਵਿਵਹਾਰ ਬੱਚਿਆਂ ਲਈ ਵਧੀਆ ਨਹੀਂ ਹੈ ਤਾਂ ਬੱਚਿਆਂ ਨੂੰ ਉਨ੍ਹਾਂ ਪ੍ਰਤੀ ਸ਼ਿਕਾਇਤ ਕਰਨੀ ਚਾਹੀਦੀ ਹੈ ਤੇ ਆਪਣੇ ਮਾਂ- ਬਾਪ ਨੂੰ ਦੱਸਣਾ ਚਾਹੀਦਾ ਹੈ। ਇਸ ਸਮੱਸਿਆ ਦੇ ਹੱਲ ਵਿਚ ਮਾਂ -ਬਾਪ ਤੇ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਵੱਲੋਂ ਬੱਚਿਆਂ ਨੂੰ ਸਰੀਰ ਦੀ ਸਹੀ ਤੇ ਗ਼ਲਤ ਜਗ੍ਹਾ ਦੇ ਸਪਰਸ਼ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਜੇ ਕਿਸੇ ਬੱਚੇ ਨਾਲ ਕੁਝ ਵੀ ਗ਼ਲਤ ਹੋਵੇ ਤਾਂ ਉਸ ਨੂੰ ਆਪਣੇ ਮਾਂ-ਬਾਪ ਜਾਂ ਅਧਿਆਪਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਮਾਤਾ-ਪਿਤਾ ਦੀ ਜਾਣਕਾਰੀ ਤੇ ਪਰਿਵਾਰਿਕ ਮਾਹੌਲ ਬਹੁਤ ਯੋਗਦਾਨ ਪਾਉਂਦਾ ਹੈ। ਅਧਿਆਪਕਾਂ ਨੂੰ ਵੀ ਇਸ ਪ੍ਰਤੀ ਕਾਊਂਸਲਿੰਗ ਤੇ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤੇ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਸਹੀ ਸਬਕ ਸਿਖਾਇਆ ਜਾ ਸਕੇ।

ਮਾਤਾ -ਪਿਤਾ ਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਇਸ ਵਿਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੇ ਕੋਈ ਗ਼ਲਤ ਕੰਮ ਕੀਤਾ ਹੈ ਸਗੋਂ ਉਹ ਮਹਾਨ ਤੇ ਦ੍ਰਿੜ੍ਹ ਇਰਾਦੇ ਵਾਲੇ ਬੱਚੇ ਹਨ ,ਜਿਨ੍ਹਾਂ ਨੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਬੜੀਬਹਾਦਰੀ ਨਾਲ ਕਰ ਕੇ ਆਪਣੀ ਜ਼ਿੰਦਗੀ ਵਿਚ ਅੱਗੇ ਵਧੇ ਹਨ ਤਾਂ ਜੋ ਉਹ ਭਵਿੱਖ ਵਿਚ ਮਾਨਸਿਕ ਤੌਰ 'ਤੇ ਜ਼ਿਆਦਾ ਤਕੜੇ ਹੋ ਕੇ ਆਪਣੀ ਜ਼ਿੰਦਗੀ ਦੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਤੇ ਸਮਾਜ ਸੁਧਾਰ ਵਿਚ ਅਹਿਮ ਯੋਗਦਾਨ ਪਾ ਸਕਣ।

-ਸਿਮਰਜੀਤ ਕੌਰ ਮੂੰਗੋ

Posted By: Harjinder Sodhi