ਮਨੁੱਖ ਦੀਆਂ ਤਰਜੀਹਾਂ ਬਦਲ ਚੁੱਕੀਆਂ ਹਨ। ਇਨ੍ਹਾਂ ਬਦਲੀਆਂ ਹੋਈਆਂ ਤਰਜੀਹਾਂ ਨੇ ਉਸ ਦੀ ਜ਼ਿੰਦਗੀ ਵਿਚ ਅਫਰਾ-ਤਫਰੀ ਮਚਾਈ ਹੋਈ ਹੈ। ਅਜਿਹੇ ਵਿਚ ਮਨੁੱਖ ਖ਼ੁਸ਼ ਤਾਂ ਹੋਣਾ ਲੋਚਦਾ ਹੈ ਪਰ ਚਾਹੁਣ ਦੇ ਬਾਵਜੂਦ ਖ਼ੁਸ਼ੀ ਨਹੀਂ ਮਿਲਦੀ। ਮਸ਼ੀਨ ਬਣੇ ਮਨੁੱਖ ਦੇ ਚਿਹਰੇ 'ਤੇ ਹਾਸੇ ਕਿੱਦਾਂ ਆ ਜਾਣ? ਉਹ ਸਮਾਜ ਨਾਲੋਂ, ਆਪਣਿਆਂ ਨਾਲੋਂ ਟੁੱਟ ਚੁੱਕਾ ਹੈ। ਅਸਲੀਅਤ ਤਾਂ ਇਹ ਕਿ ਮੌਜੂਦਾ ਦੌਰ ਦਾ ਮਨੁੱਖ ਆਭਾਸੀ ਦੁਨੀਆ ਵਿਚ ਗੁਆਚਾ ਹੋਇਆ ਹੈ। ਉਸ ਲਈ ਉਸ ਦੇ ਖ਼ੁਸ਼ੀ ਦੇ ਮਾਅਨੇ ਬਦਲ ਚੁੱਕੇ ਹਨ। ਉਹ ਬਹੁਤ ਕੁਝ ਤਕਨੀਕ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਹੁਤ ਸਾਰਾ ਧਨ ਕਮਾਉਣ ਅਤੇ ਜਿਊਣ ਦੇ ਸਾਧਨ ਇਕੱਠੇ ਕਰਨ ਨੂੰ ਹੀ ਉਹ ਖ਼ੁਸ਼ੀ ਦਾ ਸਾਧਨ ਸਮਝਦਾ ਹੈ। ਉਹ 'ਕਰ ਲਓ ਦੁਨੀਆ ਮੁੱਠੀ ਮੇਂ' ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝੀ ਬੈਠਾ ਹੈ। ਆਰਥਿਕ ਖ਼ੁਸ਼ਹਾਲੀ ਦੇ ਬਾਵਜੂਦ ਕੋਈ ਘਾਟ ਹੈ, ਜਿਸ ਦੀ ਪੂਰਤੀ ਨਹੀਂ ਹੋ ਰਹੀ ਹੈ। ਧੁਰ ਅੰਦਰ ਨੂੰ ਪਤਾ ਹੁੰਦਾ ਹੈ ਕਿ ਉਹ ਸਾਰੀ ਉਮਰ ਗ਼ਲਤ ਦਿਸ਼ਾ ਵਿਚ ਹੀ ਨੱਠਦਾ ਰਿਹਾ। ਇਹੀ ਕਾਰਨ ਹੈ ਕਿ ਦੁਨੀਆ ਦੇ ਜ਼ਿਆਦਾਤਰ ਧਨੀ ਲੋਕ ਵੀ ਗੰਭੀਰ ਡਿਪਰੈਸ਼ਨ ਦੇ ਸ਼ਿਕਾਰ ਪਾਏ ਗਏ ਹਨ। ਇਸ ਨੁਕਤੇ ਨੂੰ ਸਭ ਤੋਂ ਪਹਿਲਾਂ ਸਮਝਿਆ ਭਾਰਤ ਦੇ ਲਾਗਲੇ ਛੋਟੇ ਜਿਹੇ ਦੇਸ਼ ਭੂਟਾਨ ਨੇ। ਭੂਟਾਨ ਇਕ ਅਜਿਹਾ ਦੇਸ਼ ਹੈ, ਜਿਹੜਾ 1970 ਤੋਂ ਹੀ ਰਾਸ਼ਟਰੀ ਆਮਦਨ ਦੇ ਮੁਕਾਬਲੇ ਰਾਸ਼ਟਰ ਦੀ ਖ਼ੁਸ਼ਹਾਲੀ ਨੂੰ ਤਰਜੀਹ ਦਿੰਦਾ ਆਇਆ ਹੈ।

ਲੋਕਾਂ ਦੇ ਚਿਹਰਿਆਂ 'ਤੇ ਹਾਸੇ, ਖ਼ੁਸ਼ੀਆਂ-ਖੇੜੇ ਲਿਆਉਣ ਦੇ ਮਕਸਦ ਨਾਲ ਹੀ ਇੰਟਰਨੈਸ਼ਨਲ ਡੇਅ ਆਫ ਹੈਪੀਨੈੱਸ ਭਾਵ ਕੌਮਾਂਤਰੀ ਖ਼ੁਸ਼ੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਪੂਰਾ ਸਿਹਰਾ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹੇ ਜੇਮੀ ਇਲੀਅਨ ਨੂੰ ਜਾਂਦਾ ਹੈ। ਅਸਲ ਵਿਚ ਤਾਂ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਦੇ ਜੀਵਨ ਨਜ਼ਰੀਏ ਵਿਚ ਤਬਦੀਲੀ ਕਰਨਾ ਹੈ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ਼ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਖ਼ੁਸ਼ੀ ਨੂੰ ਵਧਾਉਣਾ ਵੀ ਅਹਿਮ ਹੈ। ਜ਼ਾਹਿਰ ਹੈ 20 ਮਾਰਚ ਖ਼ੁਸ਼ ਰਹਿਣ ਦਾ ਦਿਨ ਹੈ। ਹਾਲਾਂਕਿ ਖ਼ੁਸ਼ ਰਹਿਣ ਦਾ ਕੋਈ ਇਕ ਦਿਨ ਨਹੀਂ ਹੋ ਸਕਦਾ ਪਰ ਸਮਾਜ ਵਿਚ ਖ਼ੁਸ਼ਹਾਲੀ ਕਿੰਨੀ ਜ਼ਰੂਰੀ ਹੈ, ਇਹ ਦਿਨ ਇਸੇ ਦੀ ਯਾਦ ਦਿਵਾਉਂਦਾ ਹੈ। ਸਾਲ 2013 ਤੋਂ ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਵਸ ਨੂੰ ਮਨਾਉਂਦਾ ਆ ਰਿਹਾ ਹੈ।

ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 12 ਜੁਲਾਈ 2012 ਨੂੰ ਆਪਣੇ ਇਕ ਮਤੇ ਤਹਿਤ ਹਰ ਸਾਲ 20 ਮਾਰਚ ਨੂੰ 'ਇੰਟਰਨੈਸ਼ਨਲ ਡੇਅ ਆਫ ਹੈਪੀਨੈੱਸ' ਮਨਾਉਣ ਦਾ ਐਲਾਨ ਕੀਤਾ। ਇਹ ਮਤਾ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹੇ ਜੇਮੀ ਇਲੀਅਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ। ਉਨ੍ਹਾਂ ਹੀ ਇਸ ਦਿਵਸ ਦਾ ਸੰਕਲਪ ਅਤੇ ਰੂਪਰੇਖਾ ਬਣਾਈ। ਜੇਮੀ ਨੇ ਜਦੋਂ ਇਹ ਦਿਨ ਮਨਾਉਣ ਦਾ ਵਿਚਾਰ ਦਿੱਤਾ ਤਾਂ ਉਦੋਂ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਤੱਤਕਾਲੀ ਮੁਖੀ ਬਾਨ ਕੀ ਮੂਨ ਦਾ ਭਰਪੂਰ ਸਮਰਥਨ ਮਿਲਿਆ। ਇਹੀ ਨਹੀਂ ਯੂਐੱਨ ਦੇ ਸਾਰੇ 193 ਦੇਸ਼ਾਂ ਨੇ ਇਸ ਮਤੇ ਨੂੰ ਸਵੀਕਾਰ ਕੀਤਾ। ਇਸ ਪ੍ਰਸਤਾਵ ਨੂੰ ਭੂਟਾਨ ਨੇ ਪੇਸ਼ ਕੀਤਾ।

ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਖ਼ੁਸ਼ੀ ਕੀ ਹੈ? ਕੀ ਜ਼ਿਆਦਾ ਧਨ ਇਕੱਠਾ ਕਰਨ ਨਾਲ ਖ਼ੁਸ਼ੀ ਮਿਲ ਸਕਦੀ ਹੈ? ਕੀ ਸੰਨਿਆਸੀ ਬਣਨ ਨਾਲ ਖ਼ੁਸ਼ੀ ਮਿਲ ਸਕਦੀ ਹੈ? ਤਾਂ ਫਿਰ ਕਿੱਥੋਂ ਆਉਂਦੀ ਹੈ ਖ਼ੁਸ਼ੀ? ਸਹੀ ਗੱਲ ਤਾਂ ਇਹ ਹੈ ਕਿ ਖ਼ੁਸ਼ੀ ਅੰਦਰ ਤੋਂ ਆਉਂਦੀ ਹੈ। ਖ਼ੁਸ਼ ਰਹਿਣ ਤੇ ਰੱਖਣ ਵਿਚ ਖ਼ੁਸ਼ੀ ਮਿਲਦੀ ਹੈ। ਹਰ ਕਿਸੇ ਲਈ ਖ਼ੁਸ਼ੀ ਦੇ ਵੱਖ-ਵੱਖ ਮਾਅਨੇ ਹਨ। ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਹੋਵੇ, ਫਿਰ ਭਾਵਨਾਤਮਕ ਸੁਪਨੇ ਪੂਰੇ ਹੋਣ, ਸਿਹਤਮੰਦ ਰਹਿਣਾ ਅਤੇ ਫਿਰ ਦੁਨੀਆ ਵਿਚ ਆਉਣ ਦਾ ਅਰਥ ਪਛਾਨਣਾ, ਇਹ ਖ਼ੁਸ਼ੀ ਹੈ। ਖ਼ੁਸ਼ੀ ਪ੍ਰਾਪਤ ਕਰਨੀ ਹੈ ਤਾਂ ਅੰਦਰੋਂ ਖ਼ੁਸ਼ ਹੋਵੋ।

ਸਾਨੂੰ ਜੋ ਕੰਮ ਕਰਨ ਵਿਚ ਖ਼ੁਸ਼ੀ ਮਿਲੇ, ਉਸਨੂੰ ਕਰਨਾ ਚਾਹੀਦਾ। ਜਦੋਂ ਅਸੀਂ ਬਿਨਾਂ ਕਿਸੇ ਗੱਲ ਦੇ ਹੱਸਦੇ ਹਾਂ ਜਾਂ ਫਿਰ ਸਾਡੇ ਆਲੇ-ਦੁਆਲੇ ਦੇ ਲੋਕ ਖ਼ੁਸ਼ ਹੁੰਦੇ ਹਨ ਅਤੇ ਹੱਸਣ ਲੱਗਦੇ ਹਨ ਤਾਂ ਫਿਰ ਇਹ ਖ਼ੁਸ਼ੀ ਸਾਡੇ ਅੰਦਰ ਵੀ ਆਉਂਦੀ ਹੈ। ਦੇਖਿਆ ਜਾਵੇ ਤਾਂ ਖ਼ੁਸ਼ੀ ਇਨਫੈਕਸ਼ਨ ਦੀ ਤਰ੍ਹਾਂ ਹੈ। ਇਸ ਲਈ ਖ਼ੁਸ਼ ਰਹਿਣਾ ਹੈ ਤਾਂ ਦੋਸਤਾਂ ਦਾ ਹੋਣਾ ਜ਼ਰੂਰੀ ਹੈ। ਦੋਸਤਾਂ ਨਾਲ ਨਿਰੰਤਰ ਮਿਲਣ ਨਾਲ ਤੁਹਾਡੇ ਜੀਵਨ ਵਿਚ ਨਿਸ਼ਚਿਤ ਰੂਪ ਨਾਲ ਤਬਦੀਲੀ ਆਵੇਗੀ। ਸਭ ਤੋਂ ਵੱਡੀ ਗੱਲ ਹੈ ਕਿ ਖ਼ੁਦ ਦੀ ਜ਼ਰੂਰਤ ਨੂੰ ਪਛਾਣੋ। ਦੋ ਵਿਅਕਤੀ ਸੰਸਾਰ ਵਿਚ ਇਕੋ ਜਿਹੇ ਨਹੀਂ ਹੋ ਸਕਦੇ ਹਨ। ਸਾਰਿਆਂ ਦੀ ਸ਼ਖ਼ਸੀਅਤ ਵੱਖ-ਵੱਖ ਹੁੰਦੀ ਹੈ। ਇਸ ਲਈ ਦੂਜਿਆਂ ਨਾਲ ਤੁਲਨਾ ਨਾ ਕਰੋ, ਤੁਲਨਾ ਕਰਨ ਨਾਲ ਹੀਣ ਭਾਵਨਾ ਵਿਕਸਿਤ ਹੁੰਦੀ ਹੈ। ਜੋ ਲੋਕ ਇਸ ਦੇ ਜਾਲ ਵਿਚ ਫਸ ਜਾਂਦੇ ਹਨ ਅਤੇ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ, ਤਾਂ ਖ਼ੁਸ਼ੀ ਨਹੀਂ ਮਿਲ ਸਕਦੀ ਹੈ। ਜਿਸ ਨੂੰ ਨੀਂਦ ਚੰਗੀ ਆ ਰਹੀ ਹੈ, ਜੋ ਕੰਮ ਆਪਣੀ ਤਰੀਕੇ ਨਾਲ ਕਰ ਰਿਹਾ ਹੈ, ਸਮਾਜਿਕ ਸਬੰਧ ਠੀਕ ਹਨ ਤਾਂ ਖ਼ੁਸ਼ ਹੈ।

ਕਈ ਵਾਰ ਤਾਂ ਅਸੀਂ ਇਹ ਵੀ ਨਹੀਂ ਜਾਣਦੇ ਹੁੰਦੇ ਕਿ ਅਸਲ ਵਿਚ ਸਾਨੂੰ ਚਾਹੀਦਾ ਕੀ ਹੈ? ਬਸ ਕੋਈ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ, ਜਿਸ ਕਾਰਨ ਅਸੀਂ ਜ਼ਿੰਦਗੀ ਦਾ ਭਰਪੂਰ ਆਨੰਦ ਨਹੀਂ ਲੈਂਦੇ। ਸਭ ਕੁਝ ਹੁੰਦੇ ਹੋਏ ਵੀ ਮਨ ਉਦਾਸ ਰਹਿੰਦਾ ਹੈ। ਆਖਰ ਕੀ ਕਾਰਨ ਹੈ ਕਿ ਅਸੀਂ ਖ਼ੁਸ਼ੀ ਤੋਂ ਦੂਰ ਹਾਂ? ਕਿਉਂ ਮਨ ਵਿਚ ਬੇਚੈਨੀ ਰਹਿੰਦੀ ਹੈ? ਮਨ ਵਿਚ ਇਕ ਅਜੀਬ ਜਿਹੀ ਘਾਟ ਕਿਉਂ ਰੜਕਦੀ ਰਹਿੰਦੀ ਹੈ, ਜਿਵੇਂ ਕੁਝ ਖ਼ਾਸ ਗਵਾਚ ਗਿਆ ਹੋਵੇ। ਆਖ਼ਰ ਕੀ ਵਜ੍ਹਾ ਹੈ? ਕਿਤੇ ਗੱਲ ਸਿਰਫ਼ ਏਨੀ ਤਾਂ ਨਹੀਂ ਕਿ ਸਾਨੂੰ ਸ਼ਿਕਾਇਤ ਕਰਨ ਦੀ ਆਦਤ ਪੈ ਗਈ ਹੈ? ਕੋਈ ਨਾ ਕੋਈ ਗੁੱਥੀ ਉਲਝਾਉਣ-ਸੁਲਝਾਉਣ ਬਿਨਾਂ ਚੈਨ ਨਹੀਂ ਆਉਂਦਾ। ਜੋ ਕੋਲ ਹੈ, ਉਸ ਦੀ ਕਦਰ ਨਹੀਂ, ਜੋ ਨਹੀਂ ਹੈ ਉਸ ਲਈ ਤੜਪਦੇ ਰਹਿੰਦੇ ਹਾਂ।

ਮਹਾਤਮਾ ਬੁੱਧ ਕਹਿੰਦੇ ਹਨ ਕਿ ਜੇ ਸਾਨੂੰ ਇਹ ਗਿਆਨ ਹੋ ਜਾਵੇ ਕਿ ਜਿਊਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ। ਭੀੜ ਚਾਹੇ ਜਿੰਨੀ ਮਰਜ਼ੀ ਜਮ੍ਹਾਂ ਕਰ ਲਓ ਆਪਣੇ ਆਲੇ-ਦੁਆਲੇ, ਆਖ਼ਰ ਤਾਂ ਸਾਥ ਨਿਭਾਉਣ ਵਾਲੇ ਦੋ-ਚਾਰ ਹੀ ਹੁੰਦੇ ਹਨ ਪਰ ਇਨ੍ਹਾਂ ਰਿਸ਼ਤਿਆਂ ਦੀ ਕਦਰ ਘੱਟ ਹੁੰਦੀ ਜਾ ਰਹੀ ਹੈ। ਚੀਜ਼ਾਂ ਨਾਲ ਬਿਨਾਂ ਵਜ੍ਹਾ ਦਾ ਮੋਹ ਰੱਖਦੇ ਹਾਂ, ਇਹ ਜਾਣਦੇ ਹੋਏ ਵੀ ਕਿ ਇਨ੍ਹਾਂ ਵਿੱਚੋਂ ਕੁਝ ਵੀ ਸਾਡੇ ਨਾਲ ਨਹੀਂ ਜਾਣਾ। ਤਾਂ ਫਿਰ ਕਿਸ ਗੱਲ ਦੀ ਹਫੜਾ-ਦਫੜੀ? ਕਿਸ ਗੱਲ ਦਾ ਝਗੜਾ? ਅਸੀਂ ਚਾਹੁੰਦੇ ਤਾਂ ਸਾਰੇ ਖ਼ੁਸ਼ ਰਹਿਣਾ ਹਾਂ ਪਰ ਉਸ ਨੂੰ ਲੱਭ ਗ਼ਲਤ ਜਗ੍ਹਾ ਰਹੇ ਹੁੰਦੇ ਹਾਂ। ਖ਼ੁਸ਼ੀ ਵੰਡਣ ਨਾਲ ਵੱਧਦੀ ਹੈ ਤਾਂ ਕਿਉਂ ਨਾ ਇਸ ਨੂੰ ਵੰਡਿਆ ਜਾਵੇ। ਕਿਸੇ ਨੂੰ ਛੋਟੀ ਜਿਹੀ ਖ਼ੁਸ਼ੀ ਦੇਣ ਨਾਲ ਸਾਡੇ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ, ਕਿੰਨਾ ਆਨੰਦ ਮਿਲਦਾ, ਇਸਦਾ ਕਈ ਵਾਰ ਅੰਦਾਜ਼ਾ ਲਾਉਣਾ ਵੀ ਔਖਾ ਹੋ ਜਾਂਦਾ ਹੈ। ਆਪਣੀ ਖ਼ੁਸ਼ੀ ਵਿਚ ਦੂਜਿਆਂ ਨੂੰ ਸ਼ਾਮਲ ਕਰੋ ਅਤੇ ਖ਼ੁਦ ਦੂਜਿਆਂ ਦੀ ਖ਼ੁਸ਼ੀ ਵਿਚ ਦਿਲ ਨਾਲ ਸ਼ਾਮਲ ਹੋ ਜਾਵੋ। ਇਹੀ ਛੋਟੀਆਂ-ਛੋਟੀਆਂ ਖ਼ੁਸ਼ੀਆਂ ਸਾਡੇ ਜੀਵਨ ਦਾ ਅੰਗ ਹਨ, ਇਨ੍ਹਾਂ ਨੂੰ ਐਵੇਂ ਹੀ ਜਾਣ ਨਹੀਂ ਦੇਣਾ ਚਾਹੀਦਾ। ਸਾਨੂੰ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਆਪਣਿਆਂ ਨਾਲ ਵੰਡਣੀਆਂ ਚਾਹੀਦੀਆਂ ਹਨ। ਛੋਟੀ ਤੋਂ ਛੋਟੀ

ਗੱਲ ਵਿੱਚੋਂ ਵੀ ਖ਼ੁਸ਼ੀ ਲੱਭੀ ਜਾ ਸਕਦੀ ਹੈ। ਲਾਲਾ ਹਰਦਿਆਲ ਆਪਣੀ ਕਿਤਾਬ 'ਸਵੈ ਵਿਕਾਸ ਦਾ ਮਾਰਗ' ਵਿਚ ਕਹਿੰਦੇ ਹਨ ਕਿ ਚਾਰੇ ਪਾਸੇ ਨਜ਼ਰ ਦੌੜਾ ਕੇ ਦੇਖੋ। ਇਹ ਖੁੱਲ੍ਹਾ ਆਕਾਸ਼, ਇਹ ਧਰਤੀ, ਇਹ ਪੇੜ-ਪੌਦੇ ਕਿੰਨੇ ਸੁੰਦਰ ਦਿਖਾਈ ਦਿੰਦੇ ਹਨ। ਮਨ ਨੂੰ ਸਕੂਨ ਦੇਣ ਵਾਲੇ ਹਨ। ਰਾਤ ਨੂੰ ਛੱਤ 'ਤੇ ਜਾ ਕੇ ਚੰਦ ਤਾਰਿਆਂ ਨੂੰ ਦੇਖੋ।

ਭੀੜ-ਭਾੜ ਭਰੀ ਜ਼ਿੰਦਗੀ ਤੋਂ ਬਿਲਕੁੱਲ ਵੱਖ ਲੱਗੇਗਾ ਤੁਹਾਨੂੰ। ਜੇ ਡੂੰਘਾਈ ਨਾਲ ਦੇਖੋਗੇ ਤਾਂ ਨਜ਼ਰਾਂ ਨਹੀਂ ਹਟਾ ਸਕੋਗੇ। ਅਜਿਹਾ ਲੱਗੇਗਾ ਕਿ ਲੰਬੇ ਸਮੇਂ ਬਾਅਦ ਖ਼ੁਦ ਨੂੰ ਮਿਲੇ ਹੋ। ਕੁਦਰਤ ਨਾਲ ਮਿਲ ਕੇ ਜਿਹੜਾ ਆਨੰਦ ਮਿਲਦਾ ਹੈ, ਉਹ ਸ਼ਾਇਦ ਹੋਰ ਕਿਤੇ ਨਹੀਂ। ਜੀਵਨ ਜਿਊਣ ਦਾ ਇਕ ਢੰਗ ਹੋਣਾ ਚਾਹੀਦਾ, ਇਕ ਰੰਗ ਹੋਣਾ ਚਾਹੀਦਾ। ਬੇਰੰਗ ਜ਼ਿੰਦਗੀ ਜਿਊਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਹਰ ਗੱਲ ਵਿਚ ਹਾਸਾ ਤੇ ਖ਼ੁਸ਼ੀ ਹੈ। ਅੰਤਰ ਸਿਰਫ਼ ਸਾਡੇ ਸੋਚਣ ਅਤੇ ਸਮਝਣ ਦਾ ਹੈ। ਜੇ ਅਸੀਂ ਯਤਨ ਕਰੀਏ ਤਾਂ ਸਾਡੇ ਚਾਰੇ ਪਾਸੇ ਖਿਲਰੀਆਂ ਖ਼ੁਸ਼ੀਆਂ ਇਕੱਠੀਆਂ ਕਰ ਸਕਦੇ ਹਾਂ। ਇਸ ਸਭ ਵਿਚ ਸਾਰਿਆਂ ਨੂੰ ਆਪਣਾ ਬਣਾਉਂਦੇ ਚਲੋ।

ਅਸਲ ਵਿਚ ਤਾਂ ਮਨੁੱਖ ਸਾਰੇ ਕੰਮ ਹੀ ਖ਼ੁਸ਼ੀ ਵਾਸਤੇ ਕਰਦਾ ਹੈ ਪਰ ਹੌਲ਼ੀ-ਹੌਲ਼ੀ ਆਪਣਾ ਟੀਚਾ ਹੀ ਭੁੱਲ ਜਾਂਦਾ ਹੈ ਅਤੇ ਹੋਰ ਹੀ ਝਮੇਲਿਆਂ ਵਿਚ ਫਸ ਜਾਂਦਾ ਹੈ। ਮਨ ਤੋਂ ਕਿਵੇਂ ਖ਼ੁਸ਼ ਹੋਣਾ ਹੈ, ਇਸ ਨੂੰ ਸਮਝਣਾ ਪਵੇਗਾ। ਆਪਣੇ ਟੀਚੇ ਤੋਂ ਭਟਕਣਾ ਨਹੀਂ ਪਵੇਗਾ। ਇਹ ਖ਼ੁਸ਼ ਰਹਿਣਾ ਦਾ ਉੱਤਮ ਸਰੋਤ ਹੈ। ਬੱਚੇ ਕੁਦਰਤੀ ਤੌਰ 'ਤੇ ਖ਼ੁਸ਼ ਰਹਿੰਦੇ ਹਨ। ਜੇ ਮਨੁੱਖ ਆਪਣੇ ਬਚਪਨ ਨੂੰ ਨਾ ਭੁੱਲੇ ਅਤੇ ਬਚਪਨ ਨੂੰ ਆਪਣੇ ਆਪ ਵਿਚ ਜ਼ਿੰਦਾ ਰੱਖੇ ਤਾਂ ਖ਼ੁਸ਼ੀ ਹਾਸਲ ਹੋ ਸਕਦੀ ਹੈ।

ਖ਼ੁਦ ਦੀ ਸਿਹਤ ਦਾ ਖ਼ਿਆਲ ਰੱਖਣ ਵਾਲਾ ਵਿਅਕਤੀ ਵੀ ਖ਼ੁਸ਼ਮਿਜ਼ਾਜ ਹੁੰਦਾ ਹੈ। ਤੰਦਰੁਸਤੀ ਵਾਸਤੇ ਕਸਰਤ, ਸੈਰ, ਯੋਗਾ, ਮੈਡੀਟੇਸ਼ਨ ਕਰਨ ਨਾਲ ਜਿਹੜੀ ਖ਼ੁਸ਼ੀ ਹਾਸਲ ਹੁੰਦੀ ਹੈ ਉਹ ਧੁਰ ਅੰਦਰ ਨੂੰ ਪ੍ਰਸੰਨਚਿਤ ਕਰ ਦਿੰਦੀ ਹੈ। ਤਾਜ਼ਾ ਖੋਜਾਂ ਵਿਚ ਇਸਦਾ ਪ੍ਰਗਟਾਵਾ ਹੈ। ਖ਼ੁਸ਼ੀ ਸਾਰਿਆਂ ਨਾਲ ਸਾਂਝੀ ਕਰਨ ਵਿਚ ਵੱਧਦੀ ਹੈ। ਘਰਾਂ ਵਿਚ ਹੋਣ ਵਾਲੇ ਵਿਆਹ, ਪਾਰਟੀਆਂ, ਦਿਨ-ਤਿਉਹਾਰ ਖ਼ੁਸ਼ੀਆਂ ਦਾ ਪ੍ਰਗਟਾਵਾ ਹਨ, ਇਨ੍ਹਾਂ ਵਿਚ ਪੂਰੀ ਸ਼ਿੱਦਤ ਨਾਲ ਭਾਗ ਲੈਣਾ ਚਾਹੀਦਾ ਹੈ। ਤਾਂ ਫਿਰ ਆਓ, ਕੌਮਾਂਤਰੀ ਖ਼ੁਸ਼ੀ ਦਿਹਾੜਾ ਵੀ ਓਨੀ ਹੀ ਸ਼ਿੱਦਤ ਨਾਲ ਆਪਣੇ ਦੋਸਤਾਂ-ਪਰਿਵਾਰਾਂ ਨਾਲ ਰਲ਼-ਮਿਲ ਕੇ ਮਨਾਈਏ।

- ਪਵਨ ਉੱਪਲ

98154-81021

(ਲੇਖਕ ਸੇਵਾ ਮੁਕਤ ਆਈਪੀਐੱਸ ਅਧਿਕਾਰੀ ਹੈ।)

Posted By: Harjinder Sodhi