ਬੜਾ ਪਿਆਰਾ ਲਗਦਾ ਅਸਲ ਵਿਚ ਆਪਣਾ ਉਹ ਹਿੱਸਾ.... ਲਗਦੈ ਕਿ ਮਰ ਜਾਵਾਂਗੇ ਸ਼ਾਇਦ ਉਸ ਦੇ ਬਾਝੋਂ। ਇਹ ਜਾਣਦਿਆਂ ਵੀ ਇਹ ਗ਼ੈਰ ਲੋੜੀਂਦਾ, ਘਾਤਕ ਤੇ ਬਹੁਤ ਜ਼ਹਿਰੀ ਏ। ਸਾਡੇ ਨਾਲ ਜੁੜਿਆ ਫਾਲਤੂ ਬੋਝ ਏ। ਅਸੀਂ ਫਿਰ ਵੀ ਉਸ ਨੂੰ ਪਿਆਰਦੇ ਹਾਂ ਤੇ ਲਗਾਤਾਰ ਵਧਾਉਂਦੇ ਰਹਿੰਦੇ ਹਾਂ ਅਤੇ ਫਿਰ ਉਹੀ ਇਕ ਦਿਨ ਸਾਨੂੰ ਲੈ ਡੁੱਬਦੈ। ਪਰ ਕੁੱਝ ਕੁ ਉਹ ਸੂਰਮੇ ਜਿਹੜੇ ਆਪਣੇ ਨੁਕੀਲੇ, ਤਿੱਖੇ ਅਤੇ ਫਾਲਤੂ ਹਿੱਸੇ ਨੂੰ ਆਪਣੇ ਤੋਂ ਝਾੜ-ਛਿੱਲ ਕੇ, ਕਸ਼ਟ ਸਹਾਰ ਕੇ ਅੱਗੇ ਲੰਘ ਜਾਂਦੇ ਹਨ ਉਹ ਬਹੁਤ ਸੁਰਖ਼ਰੂ ਤੇ ਆਰਾਮਦਾਇਕ ਹੋ ਜਾਂਦੇ ਹਨ। ਨਿਰੇ ਸਹਿਜ ਤੇ ਤਰਾਸ਼ੀਆਂ ਗੋਲਾਈਆਂ ਵਾਲੇ ਨੂਰਾਨੀ ਤੇ ਖ਼ੂਬਸੂਰਤ ਰੂਹ ਵਾਲੇ। ਪਹਾੜ 'ਤੇ ਚੜ੍ਹਦਿਆਂ-ਚੜ੍ਹਦਿਆ ਜਦੋਂ ਆਪਣਾ ਨਾਲ ਚੁੱਕਿਆ ਸਭ ਸਾਮਾਨ ਹੌਲੀ-ਹੌਲੀ ਬੋਝ ਲੱਗਣ ਤੇ ਛੱਡ ਦੇਣ ਤੋਂ ਬਾਅਦ ... ਫਿਰ ਕੁੱਝ ਦੇਰ ਹੋਰ ਉੱਪਰ ਚੜ੍ਹਨ ਤੋਂ ਬਾਅਦ ਹੀ ਇਹ ਪਤਾ ਲਗਦੈ ਕਿ ਅਸੀਂ ਆਪਣੇ ਹੀ ਜਿਸਮ ਦੇ ਵੀ ਬੋਝ ਨੂੰ ਨਿਰੰਤਰ ਢੋਅ ਰਹੇ ਹਾਂ ਤੇ ਇਹ ਕਿੰਨਾ ਔਖਾ ਏ। ਉਹ ਜੋ ਮਹਿਸੂਸ ਕਰਦੀ ਹੈ ਕਿ ਜਿਸਮ ਮੇਰੇ ਤੋਂ ਵੱਖਰਾ ਏ, ਮੈਂ ਜਿਸਮ ਨਹੀਂ, ਉਹ ਹੈ ਚੇਤਨਤਾ।

ਜਦੋਂ ਜਿਸਮ ਤੋਂ ਵੱਖਰਤਾ ਦਿਸ ਜਾਵੇ ਤਾਂ ਜਿਸਮ ਨਾਲ ਜੁੜੇ ਸਵਾਦ ਵੀ ਵੱਖਰੇ ਅਤੇ ਪਰੇ ਹੋ ਜਾਂਦੇ ਨੇ। ਤਦੇ ਹੀ ਉਨ੍ਹਾਂ ਦੀ ਪਕੜ ਤੋਂ ਛੁੱਟ ਜਾਇਆ ਕਰੀਦਾ ਏ। ਨਹੀਂ ਤਾਂ ਇਹ ਸੰਭਵ ਨਹੀਂ।

ਅਧਿਆਤਮ ਦੇ ਰਾਹ 'ਤੇ ਚੱਲਦਿਆਂ ਅਭਿਆਸ ਕਰ ਕਰ ਕੇ ਜਿਉਂ-ਜਿਉਂ ਅਸੀਂ ਸੂਖ਼ਮ ਹੁੰਦੇ ਜਾਂਦੇ ਹਾਂ, ਤਾਂ ਇਹੀ ਪਾਉਂਦੇ ਹਾਂ ਕਿ 'ਅਸਲ ਵਿਚ ਅਸੀਂ ਪਦਾਰਥ ਹੀ ਨਹੀਂ ਸਗੋਂ ਆਪਣੇ ਸੁਭਾਅ ਵਿਚ ਵੀ ਬਹੁਤ ਸਾਰਾ ਕੁਝ ਫਾਲਤੂ ਢੋਅ ਰਹੇ ਆਂ।'

ਇਹੀ ਉਹ ਸਮਾਂ ਹੁੰਦਾ ਏ ਜਦੋਂ ਅਸੀਂ ਅਸਲੀ ਲੜਾਈ ਦੀ ਅਤੇ ਆਤਮਿਕ ਚੜ੍ਹਾਈ ਦੀ ਸ਼ੁਰੂਆਤ ਕਰਦੇ ਹਾਂ। ਇਹ ਲੜਾਈ ਦੁਨੀਆ ਦੀ ਕਿਸੇ ਵੀ ਜੰਗ ਤੋਂ ਕਿੰਨੀ ਜ਼ਿਆਦਾ ਵੱਡੀ ਅਤੇ ਔਖੀ ਹੁੰਦੀ ਏ ਇਹ ਸਿਰਫ਼ ਲੜਨ ਵਾਲਾ ਹੀ ਜਾਣਦਾ ਹੈ ਕਿਉਂਕਿ ਇਹ ਲੜਾਈ ਆਪਣੇ ਆਪ ਨਾਲ ਹੁੰਦੀ ਹੈ ਅਤੇ ਆਪਣੇ ਆਪ ਨੂੰ ਹਮੇਸ਼ਾ ਠੀਕ ਸਾਬਿਤ ਕਰਨ ਅਤੇ ਮਾਫ਼ ਕਰਨ ਦੀ ਜਨਮਾਂ ਪੁਰਾਣੀ ਆਦਤ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਏ।

ਇਹੀ ਉਹ ਅੰਤਿਮ ਲੜਾਈ ਹੁੰਦੀ ਏ ਜਿਸ ਤੋਂ ਬਾਅਦ ਕੋਈ ਹੋਰ ਲੜਾਈ ਲੜਨ ਦੀ ਲੋੜ ਨਹੀਂ ਰਹਿੰਦੀ ਤੇ ਆਉਣਾ ਸਫਲ ਹੋ ਜਾਂਦੈ। ਆਪਣੇ ਆਪ ਲਈ ਬੇਰਹਿਮ ਹੋਣਾ ਕਿੰਨਾ ਰਹਿਮਦਾਇਕ ਹੁੰਦੈ ਇਹ ਆਪਣੇ 'ਚੋਂ ਫਾਲਤੂ ਖੁਰਦਰੇ ਅਤੇ ਨੁਕੀਲੇ ਸਿਰੇ ਝਾੜਨ ਤੋਂ ਬਾਅਦ ਹੀ ਪਤਾ ਲਗਦੈ।

- ਤੇਜਿੰਦਰ ਸ਼ਰਮਾ

Posted By: Harjinder Sodhi