ਕਿਸੇ ਵੀ ਵਪਾਰ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਪੈਕੇਜਿੰਗ ਕਿੰਨੀ ਵਧੀਆ ਹੈ। ਪੈਕੇਜਿੰਗ ਨਾ ਕੇਵਲ ਕਿਸੇ ਵਪਾਰ ਦੀ ਟ੍ਰੇਸਿੰਗ ਅਤੇ ਟ੍ਰੈਕਿੰਗ ਦਾ ਜ਼ਰੀਆ ਹੈ, ਬਲਿਕ ਇਹ ਕਿਸੇ ਵੀ ਕੀਮਤੀ ਸਮਗਰੀ ਦੀ ਨਕਲ ਰੋਕਣ ਲਈ ਵੀ ਜ਼ਰੂਰੀ ਹੈ। ਪੈਕੇਜਿੰਗ ਸਿਰਫ਼ ਕਿਸੇ ਉਤਪਾਦ ਨੂੰ ਪੈਕ ਕਰਨ ਨਾਲ ਸਬੰਧਤ ਨਹੀਂ ਹੈ। ਇਹ ਗਾਹਕਾਂ ਨੂੰ ਆਕਰਸ਼ਿਤ ਕਰਨ, ਉਤਪਾਦ ਦਾ ਬ੍ਰਾਂਡ ਬਣਾਉਣ ਤੇ ਉਸ ਨੂੰ ਸੁਰੱਖਿਅਤ ਰੱਖਣ ਨਾਲ ਵੀ ਸਬੰਧਤ ਹੈ। ਦੁਨੀਆ ਭਰ 'ਚ ਪੈਕੇਜਿੰਗ ਪੇਸ਼ੇਵਰਾਂ ਦੀ ਭਾਰੀ ਮੰਗ ਹੈ। ਸਾਇੰਸ ਦੀ ਕਿਸੇ ਵੀ ਸਟ੍ਰੀਮ ਜਾਂ ਇੰਜੀਨਅਰਿੰਗ ਐਂਡ ਤਕਨਾਲੋਜੀ 'ਚ ਗ੍ਰੈਜੂਏਟ ਪੈਕੇਜਿੰਗ ਨੂੰ ਕਰੀਅਰ ਵਜੋਂ ਚੁਣ ਸਕਦੇ ਹਨ।

ਸੰਭਾਵਨਾਵਾਂ

ਦੇਸ਼ ਭਰ 'ਚ 35,000 ਤੋਂ ਜ਼ਿਆਦਾ ਪੈਕੇਜਿੰਗ ਯੂਨਿਟ ਹਨ। ਜ਼ਿਆਦਾਤਰ ਪੈਕੇਜਿੰਗ ਯੂਨਿਟਾਂ 'ਚ ਮੁਹਾਰਤ ਪ੍ਰਾਪਤ ਪੇਸ਼ੇਵਰਾਂ ਦੀ ਘਾਟ ਹੈ। ਇਨ੍ਹਾਂ ਨੂੰ ਹਰ ਸਾਲ ਔਸਤਨ 3,000 ਪੈਕੇਜਿੰਗ ਪੇਸ਼ੇਵਰਾਂ ਦੀ ਜ਼ਰੂਰਤ ਹੁੰਦੀ ਹੈ। ਦੁਨੀਆ ਭਰ 'ਚ ਪੈਕੇਜਿੰਗ ਪੇਸ਼ੇਵਰਾਂ ਦੀ ਭਾਰੀ ਮੰਗ ਹੈ। ਵਿਸ਼ਵ ਪੈਕੇਜਿੰਗ ਮਾਰਕੀਟ 'ਚ ਬੀਤੇ ਸਾਲ 975 ਬਿਲੀਅਨ ਅਮਰੀਕੀ ਡਾਲਰ ਪਹੁੰਚਣ ਤੇ ਚਾਰ ਫ਼ੀਸਦੀ ਦੀ ਸਾਲਾਨਾ ਦਰ ਨਾਲ ਵਾਧਾ ਹੋਣ ਦਾ ਅਨੁਮਾਨ ਲਾਇਆ ਗਿਆ। ਭਾਰਤੀ ਪੈਕੇਜਿੰਗ ਸਨਅਤ ਦੀ ਸਾਲਾਨਾ ਦਰ 15 ਫ਼ੀਸਦੀ ਤੋਂ ਜ਼ਿਆਦਾ ਹੈ। ਪੈਕੇਜਿੰਗ 'ਚ ਕਈ ਤਰ੍ਹਾਂ ਦੇ ਰੁਝਾਨ ਹਨ, ਜਿਵੇਂ ਰਿਜਿਡ ਮੈਟਲ ਪੈਕੇਜਿੰਗ, ਗਲਾਸ ਪੈਕੇਜਿੰਗ, ਪੇਪਰ ਪੈਕੇਜਿੰਗ, ਪੇਪਰ ਬੋਰਡ ਪੈਕੇਜਿੰਗ, ਪੈਕੇਜਿੰਗ ਪ੍ਰਿੰਟਿੰਗ ਆਦਿ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ ਅਨੁਸਾਰ ਭਾਰਤੀ ਪੈਕੇਜਿੰਗ ਇੰਡਸਟਰੀ 'ਚ ਵਰਤਮਾਨ ਸਮੇਂ ਰਿਜਿਡ ਪੈਕੇਜਿੰਗ ਪ੍ਰੋਡਕਟ ਦੀ 80 ਫ਼ੀਸਦੀ ਹਿੱਸੇਦਾਰੀ ਹੈ, ਉੱਥੇ ਹੀ ਭਾਰਤ 'ਚ ਫਲੈਕਸੀਬਲ ਪੈਕੇਜਿੰਗ ਇੰਡਸਟਰੀ ਦਾ ਇਕ ਸਮੂਹ ਇਕ ਬਿਲੀਅਨ ਅਮਰੀਕੀ ਡਾਲਰ ਹੈ। ਖ਼ੁਰਾਕੀ ਪਦਾਰਥਾਂ 'ਤੇ ਆਧਾਰਤ ਸਨਅਤ ਲਈ ਫਲੈਕਸੀਬਲ ਪੈਕੇਜਿੰਗ ਦੀ ਖਪਤ 38 ਫ਼ੀਸਦੀ ਹੈ।

ਕੰਮ ਦੇ ਮੌਕੇ

ਪੈਕੇਜਿੰਗ ਦੇ ਖੇਤਰ 'ਚ ਪੈਕਿੰਗ ਦੇ ਮਟੀਰੀਅਲ ਅਤੇ ਤਕਨੀਕ ਦਾ ਗਿਆਨ ਰੱਖਣ ਵਾਲੇ ਪੈਕੇਜਿੰਗ ਹੁਨਮਰਮੰਦ ਪੇਸ਼ੇਵਰਾਂ ਦੀ ਬਹੁਤ ਮੰਗ ਹੈ। ਪੈਕੇਜਿੰਗ ਪ੍ਰੋਫੈਸ਼ਨਲ ਲਈ ਮੈਟੀਰੀਅਲ ਮੈਨੇਜਮੈਂਟ, ਸਟੋਰ, ਸਪਲਾਈਚੇਨ ਮੈਨੇਜਮੈਂਟ, ਕਨਵਰਟਰ ਆਦਿ ਖੇਤਰਾਂ 'ਚ ਨੌਕਰੀ ਦੀਆਂ ਬਿਹਤਰੀਨ ਸੰਭਾਵਨਾਵਾਂ ਮੌਜੂਦ ਹਨ। ਫੂਡ ਪ੍ਰੋਸੈਸਿੰਗ ਇੰਡਸਟਰੀ, ਇਲੈਕਟ੍ਰੀਕਲ, ਕੈਮੀਕਲ, ਇਲੈਕਟ੍ਰਾਨਿਕਸ, ਰੋਬੋਟਿਕਸ ਆਦਿ ਖੇਤਰਾਂ 'ਚ ਪੈਕਿੰਗ ਦਾ ਵੱਖਰਾ ਡਵੀਜ਼ਨ ਹੁੰਦਾ ਹੈ, ਜਿਸ 'ਚ ਪੈਕਿੰਗ ਦਾ ਕੋਰਸ ਕਰਨ ਵਾਲੇ ਨੌਕਰੀ ਕਰ ਸਕਦੇ ਹਨ। ਇਸ ਖੇਤਰ 'ਚ ਕਰੀਅਰ ਦਾ ਵਿਕਾਸ ਪੈਕੇਜਿੰਗ ਦੇ ਹੁਨਰ ਅਤੇ ਸਮਰਥਾ 'ਤੇ ਨਿਰਭਰ ਹੁੰਦਾ ਹੈ। ਪੈਕੇਜਿੰਗ ਪ੍ਰੋਫੈਸ਼ਨਲ ਲਈ ਪੈਕੇਜਿੰਗ ਕੰਪਨੀਆਂ 'ਚ ਪ੍ਰੋਡਕਸ਼ਨ ਤੇ ਮਾਰਕੀਟਿੰਗ ਨਾਲ ਸਬੰਧਤ ਨੌਕਰੀ ਵੀ ਵਧੀਆ ਤਨਖਾਹ 'ਤੇ ਮਿਲ ਜਾਂਦੀ ਹੈ।

ਪੈਕੇਜਿੰਗ 'ਚ ਪੀਜੀ ਡਿਪਲੋਮਾ

ਇੰਡੀਅਨ ਇੰਸਟੀਚਿਊਟ ਆਫ ਪੈਕੇਜਿੰਗ (ਆਈਆਈਪੀ) ਮੁੰਬਈ ਨੇ ਵਿੱਦਿਅਕ ਸੈਸ਼ਨ 2019-2021 'ਚ ਦੋ ਸਾਲਾ ਪੋਸਟ ਗ੍ਰੈਜੂਏਟ ਡਿਪੋਲਮਾ ਇਨ ਪੈਕੇਜਿੰਗ ਪ੍ਰੋਗਰਾਮ 'ਚ ਦਾਖ਼ਲੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਾਰ ਮੁੰਬਈ ਇੰਸਟੀਚਿਊਟ 'ਚ 280, ਦਿੱਲੀ ਸੈਂਟਰ 'ਚ 100, ਕੋਲਕਾਤਾ 80 ਤੇ ਹੈਦਰਾਬਦ ਸੈਂਟਰ 'ਚ 40 ਸੀਟਾਂ ਹਨ। ਜੇ ਤੁਸੀਂ ਇਸ ਖੇਤਰ 'ਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਕੋਰਸ ਤੁਹਾਡੇ ਲਈ ਅੱਗੇ ਵਧਣ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ।

ਦਾਖ਼ਲਾ

ਕੋਰਸ 'ਚ ਦਾਖ਼ਲਾ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ 'ਚ ਪ੍ਰਾਪਤ ਅੰਕਾਂ, ਲਿਖਤੀ ਪ੍ਰੀਖਿਆ ਤੇ ਇੰਟਰਵਿਊ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਮਿਲੇਗਾ। ਪ੍ਰੀਖਿਆ 'ਚ ਫਿਜ਼ਿਕਸ, ਕਮਿਸਟਰੀ, ਮੈਥੇਮੈਟਿਕਸ ਤੇ ਇੰਜੀਨੀਅਰਿੰਗ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।

ਮੁੱਖ ਸੰਸਥਾਵਾਂ ਤੇ ਕੋਰਸ

- ਇੰਡੀਅਨ ਇੰਸਟੀਚਿਊਟ ਆਫ ਪੈਕੇਜਿੰਗ, ਮੁੰਬਈ।

ਪੈਕੇਜਿੰਗ 'ਚ ਦੋ ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ, ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ।

- ਐੱਸਆਈਈਐੱਸ ਸਕੂਲ ਆਫ ਪੈਕੇਜਿੰਗ, ਨਵੀਂ ਮੁੰਬਈ।

ਪੈਕੇਜਿੰਗ ਸਾਇੰਸ ਐਂਡ ਤਕਨਾਲੋਜੀ 'ਚ ਦੋ ਸਾਲਾ ਪੋਸਟ ਗ੍ਰੈਜੂਏਟ ਪ੍ਰੋਗਰਾਮ, ਪੈਕੇਜਿੰਗ ਤਕਨਾਲੋਜੀ 'ਚ ਇਕ ਸਾਲਾ ਗ੍ਰੈਜੂਏਟ ਡਿਪਲੋਮਾ, ਇੰਡਸਟਰੀ ਓਰੀਐਂਟਿਡ ਸ਼ਾਰਟ ਟਰਮ ਕੋਰਸਿਜ਼।

- ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ, ਰੁੜਕੀ।

ਪੈਕੇਜਿੰਗ ਤਕਨਾਲੋਜੀ 'ਚ ਦੋ ਸਾਲਾ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ।

- ਗਵਰਮੈਂਟ ਪੌਲੀਟੈਕਨਿਕ, ਨਾਗਪੁਰ।

ਪੈਕੇਜਿੰਗ ਤਕਨਾਲੋਜੀ 'ਚ ਤਿੰਨ ਸਾਲਾ ਡਿਪਲੋਮਾ।

Posted By: Harjinder Sodhi