ਤਕਨਾਲੋਜੀ ਅਤੇ ਸੋਸ਼ਲ ਮੀਡੀਆ ਨੇ ਜਰਨਲਿਜ਼ਮ ਨੂੰ ਬੇਹੱਦ ਤੇਜ਼ ਕਰ ਦਿੱਤਾ ਹੈ। ਅਜਿਹੇ 'ਚ ਪੱਤਰਕਾਰੀ ਦੀ ਸਮਝ ਰੱਖਣ ਦੇ ਨਾਲ-ਨਾਲ ਤਕਨੀਕ ਅਤੇ ਸੋਸ਼ਲ ਮੀਡੀਆ ਬਾਰੇ ਜਾਣਕਾਰੀ ਰੱਖਣ ਵਾਲੇ ਪੱਤਰਕਾਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਜੇ ਤੁਸੀਂ ਵੀ ਡਿਜੀਟਲ ਮੀਡੀਆ ਦੇ ਖੇਤਰ 'ਚ ਆਪਣੀ ਪਛਾਣ ਬਣਾਉਣੀ ਚਾਹੁੰਦੇ ਹੋ ਤਾਂ ਖ਼ੁਦ ਨੂੰ ਹਰ ਸਮੇਂ ਤੇ ਹਰ ਪੱਧਰ 'ਤੇ ਅਪਡੇਟ ਰੱਖਣਾ ਪਵੇਗਾ...

ਅਜੋਕੇ ਸਮੇਂ ਦੇਸ਼-ਦੁਨੀਆ ਦੀਆਂ ਖ਼ਬਰਾਂ ਨਾਲ ਅਪਡੇਟ ਰਹਿਣ ਲਈ ਲੋਕਾਂ ਨੂੰ ਅਖ਼ਬਾਰਾਂ ਤੋਂ ਇਲਾਵਾ ਕਈ ਸਾਧਨ ਮਿਲ ਗਏ ਹਨ। ਹੁਣ ਇੰਟਰਨੈੱਟ, ਨਿਊਜ਼ ਐਪ 'ਤੇ ਇਕ ਕਲਿੱਕ ਨਾਲ ਦੇਸ਼, ਦੁਨੀਆ, ਖੇਡਾਂ, ਬਿਜ਼ਨਸ, ਮਨੋਰੰਜਨ, ਕ੍ਰਾਈਮ, ਲਾਈਫ ਸਟਾਈਲ ਨਾਲ ਜੁੜੀਆਂ ਖ਼ਬਰਾਂ, ਵੀਡਓ, ਫੋਟੋਆਂ ਤੇ ਲਾਈਵ ਟੀਵੀ ਦਾ ਲੁਤਫ਼ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਕਿਤੇ ਵੀ ਬੈਠੇ ਲੈ ਸਕਦੇ ਹੋ। ਨਿਊਜ਼ ਵੈੱਬਸਾਈਟ 'ਤੇ ਇਹ ਖ਼ਬਰਾਂ ਦੇਖ-ਪੜ੍ਹ ਸਕਦੇ ਹੋ।

ਅਸਲ 'ਚ ਇਹ ਸਭ ਡਿਜੀਟਲ ਮੀਡੀਆ ਦਾ ਕਮਾਲ ਹੈ। ਇਸ ਨੂੰ ਵੈੱਬ ਜਰਨਲਿਜ਼ਮ, ਨਿਊ ਮੀਡੀਆ ਜਾਂ ਆਨਲਾਈਨ ਮੀਡੀਆ ਵੀ ਕਿਹਾ ਜਾਂਦਾ ਹੈ। ਇੰਟਰਨੈੱਟ ਅਤੇ ਸਮਾਰਟਫੋਨ ਆਉਣ ਨਾਲ ਖ਼ਬਰਾਂ ਨੂੰ ਦੇਖਣ-ਪੜ੍ਹਨ ਲਈ ਅੱਜ-ਕੱਲ੍ਹ ਇਹ ਤੇਜ਼ੀ ਨਾਲ ਲੋਕਾਂ ਦਾ ਪਸੰਦੀਦਾ ਮਾਧਿਅਮ ਬਣ ਰਿਹਾ ਹੈ, ਜਿੱਥੇ ਤੁਸੀਂ ਆਪਣੀ ਸਹੂਲਤ ਮੁਤਾਬਿਕ ਬੈਠੇ-ਬੈਠੇ ਹੀ ਕੋਈ ਵੀ ਅਖ਼ਬਾਰ ਦੇਖ ਤੇ ਪੜ੍ਹ ਸਕਦੇ ਹੋ, ਜੋ ਦੁਨੀਆ ਭਰ 'ਚੋਂ ਕਿਤਿਓਂ ਵੀ ਪ੍ਰਕਾਸ਼ਿਤ ਹੁੰਦੀ ਹੋਵੇ ਤੇ ਕਿਸੇ ਵੀ ਭਾਸ਼ਾ 'ਚ ਹੋਵੇ।

ਇੰਡਸਟਰੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲਾ ਦੌਰ ਨਿਊ ਏਜ਼ ਮੀਡੀਆ ਦਾ ਹੀ ਹੈ, ਕਿਉਂਕਿ ਜਿਵੇਂ-ਜਿਵੇਂ ਦੇਸ਼ 'ਚ ਇੰਟਰਨੈੱਟ ਤਕ ਲੋਕਾਂ ਦੀ ਪਹੁੰਚ ਵਧ ਰਹੀ ਹੈ, ਇਸੇ ਤਰ੍ਹਾਂ ਇਹ ਖੇਤਰ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵੈੱਬ ਪੋਰਟਲ ਤੋਂ ਅੱਗੇ ਵਧਦਿਆਂ ਹੁਣ ਵ੍ਹਟਸਐਪ, ਫੇਸਬੁੱਕ, ਟਵਿੱਟਰ 'ਤੇ ਖ਼ਬਰਾਂ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ। ਮੀਡੀਆ ਸੰਸਥਾਵਾਂ ਵੀ ਹੁਣ ਮੁਕਾਬਲੇ ਦੀ ਦੌੜ 'ਚ ਅੱਗੇ ਰਹਿਣ ਲਈ ਵ੍ਹਟਸਐਪ ਵਰਜ਼ਨ ਤਕ ਕੱਢ ਰਹੀਆਂ ਹਨ। ਅਜਿਹੇ 'ਚ ਹੁਣ ਹੁਨਰਮੰਦ ਪੱਤਰਕਾਰਾਂ ਦੀ ਮੰਗ ਵਧ ਰਹੀ ਹੈ, ਜੋ ਰੋਚਕ ਤਰੀਕੇ ਨਾਲ ਆਪਣੀ ਗੱਲ ਜਲਦੀ ਲੋਕਾਂ ਤਕ ਪਹੁੰਚਾ ਸਕਣ।

ਸੰਭਾਵਨਾਵਾਂ

ਦੇਸ਼ 'ਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਜ਼ ਵਧ ਰਹੇ ਹਨ। ਅਨੁਮਾਨ ਹੈ ਕਿ 2021 ਤਕ ਭਾਰਤ 'ਚ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ 65 ਕਰੋੜ ਹੋ ਜਾਵੇਗੀ। ਹਾਲ ਹੀ 'ਚ ਇੰਡੀਆ ਡਿਜੀਟਲ ਨਿਊਜ਼ ਰਿਪੋਰਟ 2019 ਵੱਲੋਂ ਕਰਵਾਏ ਗਏ ਇਕ ਸਰਵੇ ਅਨੁਸਾਰ ਕਰੀਬ 68 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਉਹ ਆਨਲਾਈਨ ਖ਼ਬਰਾਂ ਲਈ ਸਭ ਤੋਂ ਜ਼ਿਆਦਾ ਸਮਾਰਟਫੋਨ ਇਸਤੇਮਾਲ ਕਰਦੇ ਹਨ। 35 ਸਾਲ ਤੋਂ ਘੱਟ ਉਮਰ ਵਾਲੇ ਜ਼ਿਆਦਾਤਰ ਯੂਜ਼ਰਜ਼ ਆਨਲਾਈਨ ਨਿਊਜ਼ ਲਈ ਖ਼ਾਸ ਤੌਰ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਇਹੀ ਕਾਰਨ ਹੈ ਕਿ ਰਵਾਇਤੀ ਖੇਤਰਾਂ ਤੋਂ ਇਲਾਵਾ ਡਿਜੀਟਲ ਮੀਡੀਆ ਦੇ ਖੇਤਰ 'ਚ ਰੁਚੀ ਰੱਖਣ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ।

ਨੌਕਰੀ ਦੇ ਮੌਕੇ

ਇੰਡੀਆ ਬ੍ਰਾਂਡ ਇਕਵਿਟੀ ਫਾਊਂਡੇਸ਼ਨ ਦੇ ਇਕ ਸਰਵੇ ਮੁਤਾਬਿਕ ਸਾਲ 2020 ਤਕ ਦੇਸ਼ 'ਚ ਡਿਜੀਟਲ ਐਡ ਮਾਰਕੀਟ ਕਰੀਬ 33.5 ਫ਼ੀਸਦੀ ਦੀ ਦਰ ਨਾਲ ਅੱਗੇ ਵਧਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਅੱਜ ਕੋਈ ਵੀ ਵੱਡੀ ਅਖ਼ਬਾਰ ਹੋਵੇ ਜਾਂ ਨਿਊਜ਼ ਚੈਨਲ, ਉਨ੍ਹਾਂ ਦੇ ਆਪਣੇ ਵੈੱਬ ਆਡੀਸ਼ਨ ਹਨ ਅਤੇ ਮੋਬਾਈਲ ਐਪਸ ਹਨ। ਅਜਿਹੀਆਂ ਥਾਵਾਂ 'ਤੇ ਰਿਪੋਰਟਿੰਗ, ਕਾਪੀ ਰਾਈਟਿੰਗ, ਐਂਕਰਿੰਗ, ਵਾਇਸ ਓਵਰ ਅਤੇ ਪ੍ਰੋਡਕਸ਼ਨ ਲਈ ਹੁਨਰਮੰਦ ਪੱਤਰਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ ਕਈ ਨਿਊਜ਼ ਪੋਰਟਲਜ਼ ਵੀ ਹਨ, ਜਿਨ੍ਹਾਂ ਕੋਲ ਆਪਣਾ ਕੋਈ ਅਖ਼ਬਾਰ ਜਾਂ ਨਿਊਜ਼ ਚੈਨਲ ਨਹੀਂ ਹੈ। ਅਜਿਹੀਆਂ ਥਾਵਾਂ 'ਤੇ ਖ਼ਬਰਾਂ ਦੀ ਕਵਰੇਜ ਲਈ ਪੱਤਰਕਾਰਾਂ ਦੇ ਨਾਲ-ਨਾਲ ਕਾਪੀ ਐਡੀਟਰ ਸਮੇਤ ਹੋਰ ਸਟਾਫ਼ ਦੀ ਹਰ ਸਮੇਂ ਜ਼ਰੂਰਤ ਰਹਿੰਦੀ ਹੈ। ਡਾਟਕਾਮ 'ਚ ਜਰਨਲਿਸਟ ਤੋਂ ਇਲਾਵਾ ਗ੍ਰਾਫਿਕ ਡਿਜ਼ਾਈਨਰ, ਵੈੱਬ ਡਿਵੈਲਪਰਜ਼, ਐੱਸਈਓ ਮੈਨੇਜਰਜ਼ ਲਈ ਵੀ ਵੱਡੀ ਗਿਣਤੀ 'ਚ ਨੌਕਰੀਆਂ ਦੇ ਮੌਕੇ ਹਨ।

ਤਨਖ਼ਾਹ

ਕਿਸੇ ਵੀ ਆਨਲਾਈਨ ਮੀਡੀਆ ਕੰਪਨੀ 'ਚ ਨੌਜਵਾਨਾਂ ਨੂੰ ਸ਼ੁਰੂਆਤ 'ਚ ਕਰੀਬ 25-30 ਹਜ਼ਾਰ ਰੁਪਏ ਤਨਖ਼ਾਹ ਆਸਾਨੀ ਨਾਲ ਮਿਲ ਜਾਂਦੀ ਹੈ।

ਰਵਾਇਤੀ ਬਦਲ

ਤਕਨੀਕ ਦੇ ਨਾਲ-ਨਾਲ ਪੱਤਰਕਾਰੀ ਦੀ ਸਮਝ ਰੱਖਣ ਵਾਲਿਆਂ ਦੀ ਜ਼ਰੂਰਤ ਡਿਜੀਟਲ ਮੀਡੀਆ ਦੇ ਨਾਲ-ਨਾਲ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ 'ਚ ਵੀ ਲਗਾਤਾਰ ਵਧ ਰਹੀ ਹੈ।

ਪ੍ਰਿੰਟ ਜਰਨਲਿਜ਼ਮ : ਇਹ ਪੱਤਰਕਾਰਤਾ ਦਾ ਸਭ ਤੋਂ ਪੁਰਾਣਾ ਖੇਤਰ ਹੈ, ਜੋ ਖ਼ਬਰਾਂ ਦੀ ਸੱਚਾਈ ਅਤੇ ਡੂੰਘਾਈ ਤਕ ਜਾਣ ਕਰਕੇ ਅਜੇ ਵੀ ਪਸੰਦੀਦਾ ਹੈ। ਇੰਡੀਅਨ ਰੀਡਰਸ਼ਿਪ ਸਰਵੇ ਮੁਤਾਬਿਕ ਦੇਸ਼ 'ਚ ਅੱਜ ਵੀ ਟਾਪ-10 'ਚ ਹਿੰਦੀ, ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਅਖ਼ਬਾਰਾਂ ਹੀ ਹਨ। ਪ੍ਰਿੰਟ ਜਰਨਲਿਜ਼ਮ 'ਚ ਪੱਤਰਕਾਰ, ਸਬ : ਐਡੀਟਰ, ਬਿਜ਼ਨਸ ਡੈਸਕ, ਸਮਾਚਾਰ/ਫੀਚਰ ਸੰਪਾਦਕ ਦੇ ਰੂਪ 'ਚ ਨੌਕਰੀ ਦੇ ਮੌਕੇ ਮਿਲ ਸਕਦੇ ਹਨ।

ਇਲੈਕਟ੍ਰਾਨਿਕ ਜਰਨਲਿਜ਼ਮ : ਅੱਜ ਇਹ ਵਿਜ਼ੁਅਲ ਸਮਾਚਾਰ ਮਾਧਿਅਮ ਦੇ ਤੌਰ 'ਤੇ ਪੱਤਰਕਾਰਤਾ ਦਾ ਸਭ ਤੋਂ ਵੱਡਾ ਪਲੈਟਫਾਰਮ ਬਣ ਚੁੱਕਾ ਹੈ। ਨਿਊਜ਼ ਚੈਨਲਜ਼ 'ਚ ਇਹ ਸ਼ੁਰੂ ਤੋਂ ਹੀ ਕਾਫ਼ੀ ਪਸੰਦੀਦਾ ਰਿਹਾ ਹੈ। ਇਥੇ ਟੀਵੀ ਰਿਪੋਰਟਰ, ਐਂਕਰ, ਪ੍ਰੋਡਿਊਸਰ, ਵਾਇਸ ਓਵਰ ਅਤੇ ਕਾਪੀ ਐਡੀਟਰ ਦੇ ਤੌਰ 'ਤੇ ਕਰੀਅਰ ਬਣਾਇਆ ਜਾ ਸਕਦਾ ਹੈ।

ਪਬਲਿਕ ਰਿਲੇਸ਼ਨ : ਇਹ ਖੇਤਰ ਪੱਤਰਕਾਰੀ ਤੋਂ ਥੋੜ੍ਹਾ ਹਟ ਕੇ ਹੈ। ਪੱਤਰਕਾਰਤਾ ਦੀ ਪੜ੍ਹਾਈ ਦੌਰਾਨ ਇਸ ਨੂੰ ਵੀ ਪੜ੍ਹਾਇਆ ਜਾਂਦਾ ਹੈ। ਇਹ ਖੇਤਰ ਉਨ੍ਹਾਂ ਲਈ ਹੈ, ਜੋ ਕੰਪਨੀਆਂ ਦੇ ਪਬਲਿਕ ਰਿਲੇਸ਼ਨ, ਈਵੈਂਟ ਮੈਨੇਜਮੈਂਟ ਜਾਂ ਫਿਰ ਇਸ਼ਤਿਹਾਰੀ ਕੰਪਨੀਆਂ ਲਈ ਕੰਮ ਕਰਨਾ ਚਾਹੁੰਦੇ ਹਨ। ਇਹ ਖੇਤਰ ਨੌਜਵਾਨਾਂ 'ਚ ਕਾਫ਼ੀ ਪੰਸਦੀਦਾ ਹੈ, ਜਿਸ 'ਚ ਪੈਸਾ ਤੇ ਗਲੈਮਰ ਦੋਵੇਂ ਹੀ ਹਨ।

ਆਨਲਾਈਨ ਕੰਮਕਾਜ : ਡਿਜੀਟਲ ਪੱਤਰਕਾਰ ਹਰ ਡਿਜੀਟਲ ਪਲੈਟਫਾਰਮ ਬਾਰੇ ਜਾਣਕਾਰੀ ਰੱਖਦੇ ਹਨ। ਸੋਸ਼ਲ ਮੀਡੀਆ ਅਤੇ ਇਸ ਦੀ ਵਰਤੋਂ ਬਾਰੇ ਵੀ ਬਾਖ਼ੂਬੀ ਜਾਣਦੇ ਹਨ। ਇਹ ਮੋਬਾਈਲ ਨਾਲ ਫੋਟੋਆਂ ਖਿੱਚਣਾ, ਵੀਡੀਓ ਬਣਾਉਣਾ, ਮੋਬਾਈਲ 'ਤੇ ਆਡਿਟ ਕਰਨਾ, ਫੇਸਬੁੱਕ 'ਤੇ ਲਾਈਵ ਆਦਿ ਦੇ ਸਮਰੱਥ ਹੁੰਦੇ ਹਨ। ਆਨਲਾਇਨ ਪੱਤਰਕਾਰਤਾ ਦੀ ਪੂਰੀ ਬੁਨਿਆਦ ਹੀ ਇੰਟਰਨੈੱਟ 'ਤੇ ਟਿਕੀ ਹੈ।

ਕੋਰਸ ਤੇ ਯੋਗਤਾ

ਡਿਜੀਟਲ ਕੰਟੈਂਟ ਲਿਖਣ ਵਾਲਿਆਂ ਦੀ ਵਧਦੀ ਮੰਗ ਨੂੰ ਦੇਖਦਿਆਂ ਕਈ ਸੰਸਥਾਵਾਂ ਵੱਲੋਂ ਹੁਣ ਅਲੱਗ ਤੋਂ ਵੀ ਡਿਜੀਟਲ ਮੀਡੀਆ 'ਚ ਪੀਜੀ ਡਿਪਲੋਮਾ ਅਤੇ ਬੈਚਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹੇ ਕੋਰਸ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ਨੂੰ ਬੀਜੇਐੱਮਸੀ ਤਹਿਤ ਨਿਊ ਮੀਡੀਆ, ਆਨਲਾਈਨ ਮੀਡੀਆ, ਸਾਈਬਰ ਮੀਡੀਆ ਜਿਹੇ ਵਿਸ਼ਿਆਂ ਦੀ ਵੱਖਰੇ ਤੌਰ 'ਤੇ ਪੜ੍ਹਾਈ ਕਰਵਾਈ ਜਾਣ ਲੱਗੀ ਹੈ, ਜਿਥੇ ਉਨ੍ਹਾਂ ਨੂੰ ਪੱਤਰਕਾਰੀ ਦੀ ਸ਼ੁਰੂਆਤ ਤੋਂ ਇਲਾਵਾ ਕੰਪਿਊਟਰ 'ਤੇ ਵੱਖ-ਵੱਖ ਸਾਫਟਵੇਅਰਾਂ ਦੀ ਵਰਤੋਂ ਅਤੇ ਸੂਚਨਾ ਪ੍ਰਸਾਰਣ ਦੇ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਲਈ ਵਿੱਦਿਅਕ ਯੋਗਤਾ ਅਲੱਗ-ਅਲੱਗ ਹੈ। ਡਿਗਰੀ ਕੋਰਸ ਲਈ ਵਿਦਿਆਰਥੀ ਕਿਸੇ ਵੀ ਸਟ੍ਰੀਮ 'ਚ 12ਵੀਂ ਪਾਸ ਹੋਣਾ ਜ਼ਰੂਰੀ ਹੈ, ਜਦੋਂਕਿ ਪੀਜੀ ਡਿਪਲੋਮਾ ਕੋਰਸ ਲਈ ਘੱਟੋ ਘੱਟ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਕੋਰਸ 'ਚ ਅੱਗਿਓਂ ਮਾਸਟਰ ਡਿਗਰੀ ਵੀ ਕਰ ਸਕਦੇ ਹੋ।

ਮੋਬਾਈਲ ਜਰਨਲਿਜ਼ਮ ਹੈ ਭਵਿੱਖ ਦੀ ਪੱਤਰਕਾਰੀ

ਆਨਲਾਈਨ ਮੀਡੀਆ ਦੇ ਉਭਰਨ ਤੋਂ ਬਾਅਦ ਪਿਛਲੇ ਕੁਝ ਸਾਲਾਂ 'ਚ ਸਮਾਰਟਫੋਨ ਨੇ ਮੋਬਾਈਲ ਜਰਨਲਿਜ਼ਮ ਲਈ ਮੌਕੇ ਖੋਲ੍ਹ ਦਿੱਤੇ ਹਨ। ਵਧੀਆ ਕੁਆਲਟੀ ਦੇ ਕੈਮਰੇ ਵਾਲੇ ਸਮਾਰਟ ਮੋਬਾਈਲ ਅਤੇ ਆਡੀਟਿੰਗ ਐਪਸ ਦੀ ਜਾਣਕਾਰੀ ਰੱਖਣ ਵਾਲੇ ਹੁਨਰਮੰਦ ਨੌਜਵਾਨਾਂ ਲਈ ਇਹ ਇਕ ਨਵੇਂ ਪਲੈਟਫਾਰਮ ਦੇ ਤੌਰ 'ਤੇ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ। ਮੋਬਾਈਲ ਜਰਨਲਿਜ਼ਮ ਨੂੰ ਸੰਖੇਪ 'ਚ 'ਮੋਜੋ' ਵੀ ਕਹਿੰਦੇ ਹਨ, ਜਿੱਥੇ ਪੱਤਰਕਾਰ ਵੱਲੋਂ ਖ਼ਬਰਾਂ ਇਕੱਠੀਆਂ ਕਰਨ ਤੋਂ ਲੈ ਕੇ ਫੋਟੋ ਖਿੱਚਣ, ਵੀਡੀਓ ਬਣਾਉਣ ਅਤੇ ਉਸ ਦੀ ਆਡੀਟਿੰਗ ਆਦਿ ਲਈ ਸਮਾਰਟਫੋਨ ਜਿਹੇ ਇਲੈਕਟ੍ਰਾਨਿਕ ਡਿਵਾਈਸ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਲੈਕਟ੍ਰਾਨਿਕ, ਪ੍ਰਿੰਟ ਮੀਡੀਆ ਤੋਂ ਇਲਾਵਾ ਆਨਲਾਈਨ ਪੋਰਟਲ 'ਚ ਵੀ ਮੋਜੋ ਲਈ ਕਾਫ਼ੀ ਸੰਭਾਵਨਾਵਾਂ ਹਨ।

ਮੁੱਖ ਸੰਸਥਾਵਾਂ

- ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ।

www.iimc.nic.in

- ਮਾਖਨਲਾਲ ਚਤੁਰਵੇਦੀ ਨੈਸ਼ਨਲ ਯੂਨੀਵਰਸਿਟੀ ਆਫ ਜਰਨਲਿਜ਼ਮ, ਭੋਪਾਲ/ਨੋਇਡਾ।

www.mcu.ac.in

- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ।

www.ignou.ac.in

- ਐੱਨਆਰਏਆਈ ਸਕੂਲ ਆਫ ਮਾਸ ਕਮਿਊਨੀਕੇਸ਼ਨ, ਦਿੱਲੀ।

www.nraimc.com

-ਐਡਿਟ ਵਰਕਸ ਸਕੂਲ ਆਫ ਮਾਸ ਕਮਿਊਨੀਕੇਸ਼ਨ, ਨੋਇਡਾ।

www.editworks.co.in

Posted By: Harjinder Sodhi